

ਖੇਰੂੰ-ਖੇਰੂੰ ਹੂੰਦੀ ਨਜ਼ਰ ਆ ਰਹੀ ‘ਤੱਤ ਗੁਰਮਤਿ ਲਹਿਰ’ ਨੂੰ ਕਿਵੇਂ ਸੰਭਾਲਿਆ ਜਾਵੇ?
- ਤੱਤ ਗੁਰਮਤਿ ਪਰਵਾਰ -
Email :
tatgurmat@gmail.com
ਤੱਤ ਗੁਰਮਤਿ ਲਹਿਰ ਕੀ ਹੈ?
ਪਹਿਲਾਂ ਇਹ ਸਮਝ ਲਈਏ ਕਿ ‘ਗੁਰਮਤਿ’ ਕੀ ਹੈ? ਸਾਦੇ ਅਤੇ ਸਪਸ਼ਟ ਲਫਜ਼ਾਂ ਵਿਚ ‘ਗੁਰਮਤਿ’ ਉਹ ਨਿਰੋਲ ਮਨੁੱਖਤਾਵਾਦੀ ਫਲਸਫਾ ਹੈ ਜਿਸ ਦਾ ਮੂਲ ਵਿਚਾਰਧਾਰਕ ਸੋਮਾ ‘ਗੁਰੂ ਗ੍ਰੰਥ ਸਾਹਿਬ ਜੀ’ ਹਨ। ਦਸ ਨਾਨਕ ਜਾਮਿਆਂ ਨੇ ਇਸ ਫਲਸਫੇ ਨੂੰ ਪ੍ਰਗਟ ਕੀਤਾ ਅਤੇ ਸਮਾਜ ਨੂੰ ਗੁਰਮਤਿ ਆਧਾਰਿਤ ਜੀਵਨ ਜਾਚ ਦ੍ਰਿਦ੍ਰੜ੍ਹ ਕਰਾਈ।
ਹੁਣ ਜਾਣਦੇ ਹਾਂ ਕਿ ‘ਤੱਤ ਗੁਰਮਤਿ’ ਕੀ ਹੈ? ਗੁਰਮਤਿ ਦੇ ਇਸ ਫਲਸਫੇ ਨੂੰ, ਮਨੁੱਖਤਾ ਵਿਚ ਵਿਤਕਰੇ ਅਤੇ ਅੰਧਵਿਸ਼ਵਾਸ ਆਦਿ ਪੈਦਾ ਕਰਕੇ ਸਮਾਜ ਦੀ ਲੁਟ-ਖਸੁਟ ਕਰਨ ਵਾਲੀ ਬ੍ਰਾਹਮਨਵਾਦੀ ਤਾਕਤਾਂ ਨੇ, ਅਪਣੇ ਲਈ ਚੁਣੌਤੀ ਵਾਂਗੂ ਲਿਆ। ਪੁਜਾਰੀ ਸ਼੍ਰੇਣੀ (ਬ੍ਰਾਹਮਨ, ਮੌਲਾਨੇ ਆਦਿ) ਵੀ ਇਸ ਦੇ ਖਿਲਾਫ ਹੋ ਗਈ। ਸੋ ਪੁਜਾਰੀਵਾਦੀ, ਬ੍ਰਾਹਮਨਵਾਦੀ ਤਾਕਤਾਂ ਨੇ ਗੁਰਮੱਤਿ ਰੂਪੀ ਸੂਰਜ ਦੇ ਪ੍ਰਕਾਸ਼ ਨੂੰ ਧੁੰਧਲਾ ਕਰਨ ਖਾਤਿਰ ਨਾਲੋਂ ਨਾਲੋਂ ਜਤਨ ਸ਼ੁਰੂ ਕਰ ਦਿਤੇ।ਸੰਨ 1708 ਤੱਕ ਤਾਂ ਇਨ੍ਹਾਂ ਨੂੰ ਸਫਲਤਾ ਘੱਟ ਹੀ ਮਿਲੀ। ਪਰ ਉਸ ਤੋਂ ਬਾਅਦ ਅਨੇਕਾਂ ਕਾਰਨਾਂ ਕਰਕੇ ਇਨ੍ਹਾਂ ਤਾਕਤਾਂ ਨੂੰ ਸਫਲਤਾ ਮਿਲਦੀ ਹੀ ਚਲੀ ਗਈ। ਪਿਛਲੇ 250-275 ਸਾਲਾਂ ਵਿਚ ਇਨ੍ਹਾਂ ਨੇ ਗੁਰਮਤਿ ਰੂਪੀ ਸੂਰਜ ਦੇ ਪ੍ਰਕਾਸ਼ ਨੂੰ ਬੇਸ਼ਕ ਧੁੰਧਲਾ ਕਰ ਕੇ ਰੱਖ ਦਿਤਾ ਹੈ। ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਬ੍ਰਾਹਮਨਵਾਦੀ ਵਿਆਖਿਆ ਪ੍ਰਚਾਰ ਕੇ, ਇਸ ਦੇ ਮੁਕਾਬਲੇ ਬ੍ਰਾਹਮਨਵਾਦੀ ਅੰਸ਼ਾਂ ਨਾਲ ਭਰਪੂਰ ਗ੍ਰੰਥਾਂ (ਬਚਿਤ੍ਰ ਨਾਟਕ, ਜਨਮਸਾਖੀਆਂ, ਗੁਰਬਿਲਾਸ, ਸੂਰਜ ਪ੍ਰਕਾਸ਼ ਆਦਿ) ਨੂੰ ਉਭਾਰ ਕੇ ਨਿਰੋਲ ਗੁਰਮਤਿ ਨੂੰ ਪਿੱਛੇ ਧਕੇਲ ਦਿਤਾ ਗਿਆ। ਨਤੀਜਾ ਸਿੱਖ ਸਮਾਜ ਦੀ ਜੀਵਨ ਜਾਚ ਵਿਚੋਂ ਗੁਰਮਤਿ ਦੀ ਖੁਸ਼ਬੂ ਅਲੋਪ ਹੋ ਗਈ। ਪਰ ਹਰ ਤਰਾਂ ਦਾ ਸਿੱਖ ਸਾਹਿਤ ਲਿਖਣ ਤੇ ਪ੍ਰਚਾਰਨ ਵਾਲੇ ਇਹੀ ਦਾਅਵਾ ਕਰਦੇ ਕਿ ਅਸੀਂ ‘ਗੁਰਮੱਤਿ’ ਦਾ ਹੀ ਪ੍ਰਚਾਰ ਕਰ ਰਹੇ ਹਾਂ। ਭਾਵ ਅਸਲੀ ਗੁਰਮੱਤਿ ਲਗਭਗ ਅਲੋਪ ਹੋ ਗਈ ਸੀ। ਜੋ ਗੁਰਮਤਿ ਪੇਸ਼ ਕੀਤੀ ਜਾ ਰਹੀ ਸੀ, ਉਹ ਪੁਜਾਰੀਵਾਦੀ, ਬ੍ਰਾਹਮਨਵਾਦੀ ਪੁੱਠ ਨਾਲ ਭਰਪੂਰ ਸੀ।
ਸੋ ‘ਗੁਰਮੱਤਿ’ ਨੂੰ ਇਸਦੇ ਅਸਲੀ ਅਤੇ ਖਰੇ ਰੂਪ ਵਿਚ ਸਾਹਮਣੇ ਲਿਆਉਣ ਲਈ ਇਸ ਤੋਂ ਬ੍ਰਾਹਮਣਵਾਦੀ ਪੁੱਠ ਉਤਾਰਨੀ ਜ਼ਰੂਰੀ ਸੀ। ਸੋ ਇਸੀ ਕੋਸ਼ਿਸ਼ ਦੌਰਾਣ ‘ਤੱਤ (ਸਹੀ) ਗੁਰਮਤਿ’ ਲਫਜ਼ ਸਾਹਮਣੇ ਆਇਆ। ‘ਤੱਤ ਗੁਰਮਤਿ ਲਹਿਰ’ ਤੋਂ ਭਾਵ ਉਹਨਾਂ ਸਾਂਝੇ ਜਤਨਾਂ ਤੋਂ ਹੈ, ਜੋ ਗੁਰਮਤਿ ਨੁੰ ਇਸਦੇ ਖਰੇ ਅਤੇ ਸਪਸ਼ਟ ਰੂਪ ਵਿਚ ਸਾਹਮਣੇ ਲਿਆਉਣ ਲਈ ਸਮੇਂ ਸਮੇਂ ਤੇ ਕੀਤੇ ਗਏ।ਤੱਤ ਗੁਰਮਤਿ ਦੇ ਖੇਤਰ ਵਿਚ ਕੰਮ ਕਈਂ ਪੜਾਵਾਂ ਤੇ ਹੋਇਆ। ਆਉ ਪਹਿਲਾਂ ਮੁੱਖ ਪੜਾਵਾਂ ਨੂੰ ਸੰਖੇਪ ਵਿਚ ਵਿਚਾਰ ਲੈਂਦੇ ਹਾਂ।
ਤੱਤ ਗੁਰਮਤਿ ਦੇ ਮੁੱਖ ਪੜਾਅ :
ਤੱਤ ਗੁਰਮਤਿ ਦੀ ਗੱਲ ਮੌਜੂਦਾ ਸਮੇਂ ਵਿਚ ਹੀ ਸ਼ੁਰੂ ਨਹੀਂ ਹੋਈ ਬਲਕਿ ਇਹ ਸਮੇਂ ਦੇ ਨਾਲ ਨਾਲ ਤੁਰਦੀ ਰਹੀ ਹੈ। ਪਰ ਅਫਸੋਸ ਹਰ ਪੜਾਅ ਤੇ ਕਈਂ ਕਾਰਨਾਂ ਕਰਕੇ ਕੁਝ ਕੰਮ ਹੋਣ ਤੋਂ ਬਾਅਦ ਹੀ ਇਹ ਰਾਹ ਤੋਂ ਭਟਕ ਗਈ। ਸੰਖੇਪ ਵਿਚ ਇਹ ਪੜਾਅ ਵਿਚਾਰ ਲੈਂਦੇ ਹਾਂ।
1) ਨਿਰੰਕਾਰੀ ਲਹਿਰ : ‘ਤੱਤ ਗੁਰਮਤਿ’ ਦੇ ਖੇਤਰ ਵਿਚ ਪਹਿਲਾ ਵੱਡਾ ਜਤਨ ਬਾਬਾ ਦਿਆਲ ਜੀ ਨੇ ‘ਨਿਰੰਕਾਰੀ ਲਹਿਰ’ ਦੇ ਰੂਪ ਵਿਚ ਕੀਤਾ। ਪਰ ਅਫਸੋਸ ਕੁਝ ਸਮਾਂ ਬਾਅਦ ਹੀ ਇਹ ਲਹਿਰ ਕਈਂ ਕਾਰਨਾਂ ਕੇ ਰਾਹ ਤੋਂ ਭਟਕ ਗਈ। ਇਸਦੇ ਬਾਅਦ ਦੇ ਆਗੂ ਬਾਬਾ ਦਿਆਲ ਜੀ ਅਤੇ ਅਪਣੇ ਆਪ ਨੂੰ ‘ਸਤਿਗੁਰੂ’ ਪ੍ਰਚਾਰਨ ਰੂਪੀ ‘ਸਿਧਾਂਤਕ ਖੁਦਕੁਸ਼ੀ’ ਦੇ ਰਾਹ ਪੈ ਗਏ। ਨਤੀਜਾ ਇਤਨੀ ਵਧੀਆ ਸ਼ੁਰੂ ਹੋਈ ਲਹਿਰ ਇਹ ‘ਦੇਹਧਾਰੀ ਗੁਰੂਡੰਮ’ ਦੇ ਨਾਲੇ ਦਾ ਰੂਪ ਧਾਰਨ ਕਰਕੇ ‘ਬ੍ਰਾਹਮਣਵਾਦ’ ਦੇ ਦਰਿਆ ਵਿਚ ਜ਼ਜ਼ਬ ਹੋ ਗਈ।
2) ਸਿੰਘ ਸਭਾ ਲਹਿਰ : ਤੱਤ ਗੁਰਮਤਿ ਦੇ ਖੇਤਰ ਵਿਚ ਦੁਜਾ ਵੱਡਾ ਪੜਾਅ ‘ਸਿੰਘ ਸਭਾ ਲਹਿਰ’ ਦਾ ਹੈ। ਇਸ ਲਹਿਰ ਵੇਲੇ ਤੱਤ ਗੁਰਮਤਿ ਦੇ ਖੇਤਰ ਵਿਚ ਕਾਫੀ ਕੰਮ ਹੋਇਆ ਤੇ ਕੌਮ ਵਿਚ ਜਾਗ੍ਰਿਤੀ ਵੀ ਬਹੁਤ ਆਈ। ਸਫਲਤਾ ਇਥੋਂ ਤੱਕ ਵੀ ਮਿਲੀ ਕਿ ਜ਼ਿਆਦਾਤਰ ਗੁਰਧਾਮ ਭ੍ਰਿਸ਼ਟ ਮਹੰਤਾਂ ਤੋਂ ਆਜ਼ਾਦ ਕਰਵਾ ਲਏ ਗਏ। ਇਸ ਲਹਿਰ ਵਿਚ ਮੁੱਖ ਯੋਗਦਾਨ ਗਿਆਨੀ ਦਿੱਤ ਸਿੰਘ ਜੀ, ਪ੍ਰੋ. ਗੁਰਮੁੱਖ ਸਿੰਘ ਜੀ, ਕਾਨ ਸਿੰਘ ਜੀ ਨਾਭਾ, ਕਰਮ ਸਿੰਘ ਹਿਸਟੋਰੀਅਨ ਤੇ ਹੋਰਾਂ ਦਾ ਰਿਹਾ। ਪਰ 1920 ਤੋਂ ਬਾਅਦ ਮੋਢੀਆਂ ਦੇ ਦੇਹਾਂਤ, ਅੰਗਰੇਜ਼ ਅਤੇ ਬ੍ਰਾਹਮਨਵਾਦੀਆਂ ਦੀ ਚਾਲਾਂ ਕਾਰਨ ਇਹ ਲਹਿਰ ਚੌਣਾਂ ਰਾਹੀਂ ਚੁਣੀ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਰਾਹੀਂ ਪਤਨ ਵੱਲ ਜਾਣੀ ਸ਼ੁਰੂੁ ਹੋ ਗਈ ਅਤੇ ਅੰਤ ਵਿਲੁਪਤ ਹੋ ਗਈ। ਇਸੇ ਦੌਰਾਨ ‘ਪੰਚ ਖਾਲਸਾ ਦੀਵਾਨ ਭਦੌੜ’ ਨੇ ਵੀ ਕੁਝ ਕੰਮ ਕੀਤਾ ਪਰ ਕਈ ਕਾਰਨਾਂ ਕਰਕੇ ਉਹਨਾਂ ਦਾ ਪ੍ਰਭਾਵ ਘੱਟ ਹੀ ਪਿਆ।
3) ਮਿਸ਼ਨਰੀ ਲਹਿਰ : ਤੱਤ ਗੁਰਮਤਿ ਦਾ ਇਕ ਅਮੁਲਾ ਪੜਾਅ ਮਿਸ਼ਨਰੀ ਲਹਿਰ ਵੀ ਹੈ। ਇਸ ਲਹਿਰ ਵਿਚ ਬਹੁਤ ਵੱਡਾ ਯੋਗਦਾਨ ਪ੍ਰੋ. (ਡਾ.) ਸਾਹਿਬ ਸਿੰਘ ਜੀ ਰਚਿਤ ‘ਗੁਰੂ ਗ੍ਰੰਥ ਸਾਹਿਬ ਦਰਪਣ’ ਦਾ ਰਿਹਾ। ਇਸ ਦਰਪਣ ਵਿਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਰਦਾਈ (ਬ੍ਰਾਹਮਣਵਾਦੀ) ਵਿਆਖਿਆ ਨੂੰ ਪਹਿਲੀ ਵਾਰ ਕੁਝ ਠੱਲ ਪਾਈ। ਇਸ ਲਹਿਰ ਦੀ ਸ਼ੁਰੂਆਤ 1955 ਦੇ ਆਸ ਪਾਸ ਦਿਲੀ ਤੋਂ ਹੋਈ।ਮਿਸ਼ਨਰੀ ਲਹਿਰ ਨੇ ਆਮ ਸਿੱਖ ਸਮਾਜ ਵਿਚ ਜਾਗ੍ਰਿਤੀ ਲਈ ਜ਼ਮੀਨ ਤਿਆਰ ਕਰਨ ਲਈ, ਲਿਟਰੇਚਰ ਤੇ ਪ੍ਰਚਾਰ ਰਾਹੀਂ, ਵਧੀਆ ਕੰਮ ਕੀਤਾ।ਇਨ੍ਹਾਂ ਨੇ ਗੁਰਮਤਿ ਸਿਧਾਂਤਾਂ ਨੂੰ ਨਿਖੇੜ ਕੇ ਪੇਸ਼ ਕਰਨ ਦਾ ਕੁਝ ਕੰਮ ਵੀ ਕੀਤਾ। ਪਰ ਦੋ-ਤਿੰਨ ਕਾਰਨਾਂ ਕਰਕੇ ਇਸ ਲਹਿਰ ਦਾ ਵਿਕਾਸ ਵੀ ਰੁਕ ਗਿਆ। ਇਹ ਦੇ ਮੁੱਖ ਕਾਰਨ ਸਨ :
(ੳ) ਪ੍ਰੋ. ਸਾਹਿਬ ਸਿੰਘ ਜੀ ਦੇ ਟੀਕੇ ਨੂੰ ਹੀ ਅੰਤਿਮ ਮੰਨਣਾ।
(ਅ) ਸਿੱਖ ਰਹਿਤ ਮਰਿਯਾਦਾ ਦੇ ਗੁਰਮਤਿ ਸਿਧਾਂਤ ਵਿਰੋਧੀ ਨੁਕਤਿਆਂ ਦੇ ਵੀ ਅੱਖਰ-ਅੱਖਰ ਨੂੰ ਸਹੀ ਮੰਨ ਕੇ ਉਸ ਦੀ ਪਾਲਨਾ ਕਰਨ ਦੀ ਬੇਲੋੜੀ ਤੇ ਸਿਧਾਂਤ ਵਿਰੋਧੀ ਜ਼ਿਦ।
(ੲ) ਸਿੱਖ ਪੁਜਾਰੀਵਾਦੀ ਤਾਕਤਾਂ ਪ੍ਰਤੀ ਸਿਧਾਂਤਕ ਦੀ ਥਾਂ ਸਮਝੌਤਾਵਾਦੀ ਪਹੂੰਚ।
ਬੇਸ਼ਕ ਮਿਸ਼ਨਰੀ ਲਹਿਰ (ਕਾਲਜ) ਹੁਣ ਵੀ ਚਲ ਰਹੀ ਹੈ ਪਰ ਉਪਰੋਕਤ ਕਾਰਨਾਂ ਕਰਕੇ ਇਸਦਾ ‘ਸਿਧਾਂਤਕ ਵਿਕਾਸ’ ਰੁਕ ਗਿਆ। ਪਰ ਇਸ ਨੇ ਅਗਲੇ ਪੜਾਅ ਲਈ ਕੁਝ ਜ਼ਮੀਨ ਜ਼ਰੂਰ ਤਿਆਰ ਕਰ ਦਿਤੀ।
4. ਚੌਥਾ ਪੜਾਅ (ਮੌਜੂਦਾ ਤੱਤ ਗੁਰਮਤਿ ਲਹਿਰ) : ਤੱਤ ਗੁਰਮਤਿ ਦਾ ਸਿਖਰਲਾ ਪੜਾਅ ਮੌਜੂਦਾ ਸਮੇਂ ਵਿਚ ਚਲ ਰਹੀ ‘ਤੱਤ ਗੁਰਮਤਿ ਲਹਿਰ’ ਹੈ। ਇਸ ਦੀ ਸ਼ੁਰੂਆਤ ਦੇ ਬੀਜ 1970 ਦੇ ਆਸਪਾਸ ਗਿਆਨੀ ਭਾਗ ਸਿੰਘ ਜੀ ਅੰਬਾਲਾ ਤੇ ਉਹਨਾਂ ਦੇ ਸਾਥੀਆਂ ਨੇ ਬੋਏ। ਇਸ ਲਹਿਰ ਨਾਲ ਮਿਸ਼ਨਰੀ ਲਹਿਰ ਦੇ ਕੁਝ ਉਹ ਮੋਢੀ ਵੀ ਜੁੜ ਗਏ ਜਿਹੜੇ ਮਿਸ਼ਨਰੀ ਲਹਿਰ ਦੀ ‘ਸਿਧਾਂਤਕ ਖੜੋਤ’ ਨੂੰ ਮਹਿਸੂਸ ਕਰਦੇ ਹੋਏ ਇਸ ਤੋਂ ਕਿਨਾਰਾ ਕਰ ਗਏ। ਤੱਤ ਗੁਰਮਤਿ ਦੇ ਇਸ ਪੜਾਅ ਨੇ ਜ਼ੋਰ ਉਦੋਂ ਫੜਿਆ ਜਦੋਂ ਕੈਨੇਡਾ ਵਾਸੀ ਵਿਦਵਾਨ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੀ ਪੁਸਤਕ ਲੜੀ ‘ਬਿਪਰਨ ਦੀ ਰੀਤ ਤੌਂ ਸੱਚ ਦਾ ਮਾਰਗ’ ਮਾਰਕਿਟ ਵਿਚ ਆਈ। ਇਸ ਲਹਿਰ ਨੂੰ ਪੱਕੇ ਪੈਰੀਂ ਕਰਨ ਦੇ ਜਤਨਾਂ ਵਿਚ ਕਾਫੀ ਯੋਗਦਾਨ ਚੰਡੀਗੜ ਤੋਂ ਛਪਦੇ ਮਾਸਿਕ ਪੰਥਕ ਪਰਚੇ ‘ਸਪੋਕਸਮੈਨ’ ਦਾ ਵੀ ਰਿਹਾ। ਇਸ ਲਹਿਰ ਦਾ ਇਕ ਸਿਖਰ ਅਕਤੂਬਰ 2003 ਦੀ ‘ਵਿਸ਼ਵ ਸਿੱਖ ਕਨਵੈਨਸ਼ਨ’ ਸੀ। ਉਸ ਤੋਂ ਬਾਅਦ ਅਨੇਕਾਂ ਕਾਰਨਾਂ (ਜਿਹਨਾਂ ਦੀ ਪੜਚੋਲ ਅੱਗੇ ਕੀਤੀ ਜਾਵੇਗੀ) ਇਹ ਲਹਿਰ ਖੇਰੂੰ-ਖੇਰੂੰ ਹੁੰਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕੇ ਕੁਝ ਪ੍ਰਾਪਤ ਕਰਨ ਪਹਿਲਾਂ ਹੀ ਇਸ ਦਾ ਪਤਨ ਹੋ ਜਾਏ, ਆਉ ਸਵੈ-ਪੜਚੋਲ ਰਾਹੀਂ ਸੁਧਾਰ ਦੀ ਕੋਸ਼ਿਸ਼ ਕਰੀਏ।
ਕਾਰਨ : ਵੈਸੇ ਤਾਂ ਖੇਰੂੰ-ਖੇਰੂੰ ਹੁੰਦੀ ਲਗ ਰਹੀ ਇਸ ਲਹਿਰ ਦੇ ਕਾਰਨ ਬਹੁ-ਆਯਾਮੀ ਹਨ। ਪਰ ਜਿਹੜੇ ਮੁੱਖ ਕਾਰਨ ਨੇ ਉਹ ਹਨ :
(ੳ) ਨਿਜੀ ਹਉਮੈ
(ਅ) ਜਵਾਬਦੇਹੀ ਤੇ ਪਾਰਦਰਸ਼ਿਤਾ ਦੀ ਕਮੀ
ਆਉ ਇਨ੍ਹਾਂ ਕਾਰਨਾਂ ਦੀ ਥੋੜੀ ਵਿਸਤਾਰ ਨਾਲ ਪੜਚੋਲ ਕੁਝ ਸੱਚੀਆਂ ਉਦਾਹਰਨਾਂ ਲੈ ਕੇ ਕਰਦੇ ਹਾਂ ਤਾਂ ਕਿ ਵਧੇਰੇ ਸਪਸ਼ਟਤਾ ਹੋ ਸਕੇ। ਜਿਹਨਾਂ ਸੰਸਥਾਵਾਂ ਜਾਂ ਵਿਅਕਤੀਆਂ ਦਾ ਨਾਂ ਇਨ੍ਹਾਂ ਉਦਾਹਰਨਾਂ ਵਿਚ ਆਏਗਾ, ਉਹਨਾਂ ਤੋਂ ਅਸੀਂ ਪਹਿਲਾਂ ਹੀ ਖਿਮਾਂ ਮੰਗ ਲੈਂਦੇ ਹਾਂ, ਤਾਂ ਕਿ ਉਹ ਗਲਤ ਪ੍ਰਭਾਵ ਨਾ ਲੈਣ। ਇਸ ਸਵੈ-ਪੜਚੋਲ ਦਾ ਮਕਸਦ ਕਿਸੇ ਦੀ ਲੱਤਾਂ ਖਿੱਚਨਾ ਨਹੀਂ, ਬਲਕਿ ‘ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ’’(ਪੰਨਾ 1378) ਅਨੁਸਾਰ ਅਪਨੀਆਂ ਗਲਤੀਆਂ ਬਾਰੇ ਜਾਨਣਾ ਹੈ, ਤਾਂ ਕਿ ਭਵਿੱਖ ਵਿਚ ਉਹ ਗਲਤੀਆਂ ਨਾ ਦੁਹਰਾਈਏ ।
(ੳ) ਨਿੱਜੀ ਹਉਮੈ : ਇਸ ਵਿਚ ਕੋਈ ਦੋ ਰਾਵਾਂ ਨਹੀ ਕਿ ਕੋਈ ਵੀ ਇੰਸਾਨ ਪੂਰਾ ਨਹੀਂ। ਇਸਦੇ ਅਧੂਰੇਪਨ ਦਾ ਵੱਡਾ ਕਾਰਨ ‘ਹੰਕਾਰ’ (ਕਿਸੇ ਵੀ ਰੂਪ ਵਿਚ ਹੋ ਸਕਦਾ ਹੈ) ਹੀ ਹੈ। ਹਰ ਇੰਸਾਨ ਵਿਚ ਹੰਕਾਰ (ਓਗੋ) ਦਾ ਅੰਸ਼ (ਥੋੜਾ ਜਾਂ ਬਹੁਤ) ਮਿਲਦਾ ਹੈ। ਤੱਤ ਗੁਰਮਤਿ ਨਾਲ ਜੁੜੇ ਵਿਅਕਤੀ ਵੀ ਇਸ ਤੋਂ ਅਛੂਤੇ ਨਹੀਂ। ਬੇਸ਼ਕ ਉਹ ਨਿਸ਼ਕਾਮ ਹਨ ਪਰ ‘ਓਗੋ’ ਕਾਰਨ ਲਹਿਰ ਨੂੰ ਨੁਕਸਾਨ ਪਹੁੰਚਾਨ ਵਿਚ ਲਗਭਗ ਸਾਡੇ ਸਾਰਿਆਂ ਦਾ ਹੱਥ ਹੈ। ਜੇ ਹੰਕਾਰ ਨੂੰ ਖਤਮ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਇਸ ਨੂੰ ਇਕ ਹੱਦ ਤੋਂ ਵੱਧ ਅੱਗੇ ਨਹੀਂ ਵੱਧਣ ਦਿਤਾ ਜਾਨਾ ਚਾਹੀਦਾ। 2003 ਦੀ ਵਿਸ਼ਵ ਸਿੱਖ ਕਨਵੇਨਸ਼ਨ ਦੇ ਆਸ ਪਾਸ ਦਾ ਸਮਾਂ ਇਸਦਾ ਬਹੁਤ ਢੁਕਵਾਂ ਉਦਾਹਰਨ ਹੈ। ਇਸ ਸਮੇਂ ਤੱਕ ਲਗਭਗ ਮੌਜੂਦਾ ਤੱਤ ਗੁਰਮਤਿ ਲਹਿਰ ਨਾਲ ਜੁੜੇ ਸਾਰੇ ਵਿਅਕਤੀ ਇਕੱਠੇ ਸਨ। ਪਰ ਇਸ ਕਨਵੈਨਸ਼ਨ ਤੋਂ ਇਕ ਸਾਲ ਦੇ ਅੰਦਰ-ਅੰਦਰ (ਦੂਜੀ ਕਨਵੈਨਸ਼ਨ) ਤੱਕ ਉਹ ਪੂਰੀ ਤਰਾਂ ਖੇਰੂੰ-ਖੇਰੂੰ ਹੋ ਕੇ ਦੋ ਗੁਟਾਂ (ਜੋਗਿੰਦਰ ਸਿੰਘ ਜੀ ਸਪੋਕਸਮੈਨ ਤੇ ਗੁਰਤੇਜ ਸਿੰਘ ਜੀ ) ਵਿਚ ਵੰਡੇ ਗਏ। ਜਿਹੜੇ ਕੁਝ ਸਮਾਂ ਪਹਿਲਾਂ ਤੱਕ ਪੰਥਕ ਪ੍ਰੈਸ ਮਿਲਣੀਆਂ ਵਿਚ ਇਕ ਦੂਜੇ ਨਾਲ ਰੋਟੀ-ਬੇਟੀ ਦੀ ਸਾਂਝ ਕਰਨ ਦੀਆਂ ਗੱਲਾਂ ਕਰਦੇ ਸਨ, ਆਪਸ ਵਿੱਚ ਫੁੱਟ ਪੈ ਜਾਣ ਉਪਰੰਤ ਉਹ ਇਕ ਦੂਜੇ ’ਤੇ ਵੱਖ-ਵੱਖ ਕਿਸਮ ਦੇ ਇਲਜ਼ਾਮ ਲਗਾਉਣ ਲੱਗ ਪਏ। ਦੋਸ਼ ਕਿਸੇ ਦਾ ਵੱਧ, ਕਿਸੇ ਦਾ ਘੱਟ ਹੋਵੇਗਾ ਪਰ ਮੁੱਖ ਕਾਰਨ ਆਪਣੇ ਪੱਖ ਨੂੰ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਹੀ ਸੀ। ਹੰਕਾਰ ਕਾਰਨ ਮਨੁੱਖ ਨੂੰ ਲਗਦਾ ਹੈ ਸਿਰਫ ਮੈਂ ਹੀ ਸਹੀ ਹਾਂ, ਮੇਰੇ ਨਾਲ ਸਹਿਮਤ ਨਾ ਹੋਣ ਵਾਲੇ ਸਾਰੇ ਗਲਤ ਹਨ। ਇਸ ਤਰੇੜ ਨੇ ਲਹਿਰ ਨੂੰ ਕਈ ਸਾਲ ਪਿੱਛੇ ਧੱਕ ਦਿਤਾ। ਇਸ ਤੋਂ ਕੁਝ ਸਮਾਂ ਬਾਅਦ ‘ਖਾਲਸਾ ਪੰਚਾਇਤ’ ਨਾਮੀ ਸੰਸਥਾ ਦੇ ਦੋਫਾੜ ਹੋਣ (ਚੰਡੀਗੜ ਧੜੇ ਅਤੇ ਲੁਧਿਆਣਾ ਧੜੇ ਵਿਚ) ਰੂਪੀ ਝਟਕੇ ਨੇ ਵੀ ਲਹਿਰ ਨੂੰ ਕਾਫੀ ਨੁਕਸਾਨ ਪਹੂੰਚਾਇਆ। ਇਸੇ ਕਾਰਨ ਉਸ ਤੋਂ ਬਾਅਦ ਲਹਿਰ ਖੇਰੂੰ-ਖੇਰੂੰ ਹੁੰਦੀ ਜਾ ਰਹੀ ਹੈ।
(ਅ) ਜਵਾਬਦੇਹੀ ਤੇ ਪਾਰਦਰਸ਼ਿਤਾ ਦੀ ਕਮੀ : ਜਿਹੜੀ ਵੀ ਜਥੇਬੰਦੀ, ਸੰਸਥਾ ਨਿਸ਼ਕਾਮ ਹੋ ਕੇ ਪਰਉਪਕਾਰ ਦਾ ਕੰਮ ਕਰਦੀ ਹੈ ਉਸਦੇ ਦੋ ਵੱਡੇ ਗੁਣ ‘ਜਵਾਬਦੇਹੀ ਅਤੇ ਪਾਰਦਰਸ਼ਿਤਾ’ ਹੁੰਦੇ ਹਨ। ਪਰ ਤੱਤ ਗੁਰਮਤਿ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੀਆਂ ਜ਼ਿਆਦਾਤਰ ਜਥੇਬੰਦੀਆਂ ਵਿਚ ਇਨ੍ਹਾਂ ਦੋਨਾਂ ਦੀ ਬਹੁਤ ਘਾਟ ਹੈ। ਜਵਾਬਦੇਹੀ ਲਈ ਉਹੀ ਤਿਆਰ ਹੋ ਸਕਦਾ ਹੈ ਜਿਸ ਵਿਚ ਅਪਣੀ ਆਲੋਚਣਾ, ਨਿੰਦਾ ਠਰੰਮੇ ਨਾਲ ਬਰਦਾਸ਼ਤ ਕਰ ਕੇ ਉਸ ਦਾ ਸਪਸ਼ਟੀਕਰਨ ਨਿਮਰਤਾ ਨਾਲ ਦੇਣ ਦਾ ਹੌਂਸਲਾ
ਹੋਵੇ। ਜੇ ਉਸ ਦੀ ਆਲੋਚਣਾ ਸਹੀ ਹੋਵੇ ਤਾਂ ਆਲੋਚਕ ਦਾ ਧੰਨਵਾਦ ਕਰਕੇ ਗਲਤੀ ਦਾ ਸੁਧਾਰ ਕਰਨ ਦਾ ਸੁਹਿਰਦ ਜਤਨ ਕਰੇ। ਪਰ ਤੱਤ ਗੁਰਮਤਿ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੀਆਂ ਜ਼ਿਆਦਾਤਰ ਸੰਸਥਾਵਾਂ ਤੇ ਸ਼ਖਸ ਜਵਾਬਦੇਹੀ ਦੇ ਇਸ ਸਿਧਾਂਤ ਤੋਂ ਥਿੜਕੇ ਪਏ ਹਨ। ਇਸ ਲਈ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੇ ਸਪੋਕਸਮੈਨ ਦਾ ਉਦਾਹਰਨ ਲਿਆ ਜਾ ਸਕਦਾ ਹੈ। ਕੁਝ ਸਮਾਂ ਪਹਿਲਾਂ ਇਕ ਪੰਥਦਰਦੀ ਵੀਰ ਨੇ ਸੁਧਾਰਮਈ ਆਲੋਚਣਾ ਦੇ ਨਜ਼ਰੀਏ ਤੋਂ ਇਕ ਲੇਖ ਲਿਖ ਕੇ ਕਾਲਜ ਸਾਹਮਣੇ ਕੁਝ ਸਵਾਲ ਰੱਖੇ। ਕਾਲਜ ਨੇ ਉਸ ਦੇ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਅਪਣੇ ਪਰਚੇ ‘ਸਿੱਖ ਫੁਲਵਾੜੀ’ ਵਿਚ ਉਸ ਵੀਰ ਨੂੰ ਐਸੀ ਬਾਜ਼ਾਰੂ ਭਾਸ਼ਾ ਵਿਚ ਸੰਬੋਧਨ ਕੀਤਾ ਕਿ ਕੋਈ ਵੀ ਸੁਹਿਰਦ ਮਨੁੱਖ ਪੜ ਕੇ ਸ਼ਰਮਾ ਜਾਵੇ। ਜਿਵੇਂ ‘ਉਹ ਹੁੰਦਾ ਕੌਣ ਹੈ ਸਾਡੇ ਕੋਲੋਂ ਸਵਾਲ ਪੁਛਣ ਵਾਲਾ?’, ‘ਉਸ ਦੀ ਹੈਸੀਅਤ ਹੀ ਕੀ ਹੈ ਸਾਡੇ ਸਾਹਮਣੇ?’ ਆਦਿ ਆਦਿ। ਪਰ ਉਸਦੇ ਉਠਾਏ ਸਵਾਲਾਂ ਦੇ ਜਵਾਬ ਨਹੀਂ ਦਿਤੇ ਗਏ। ਉਸ ਨੂੰ ਕਾਨੂੰਨੀ ਕਾਰਵਾਈ ਦੀਆਂ ਧਮਕੀਆਂ ਵੀ ਦਿਤੀਆਂ ਗਈਆਂ।
ਦੁਜੀ ਉਦਾਹਰਨ, ਸਪੋਕਸਮੈਨ ਵਿਚ ਜਦੋਂ ਵੀ ਕੁਝ ਗੁਰਮਤਿ ਤੋਂ ਉਲਟ ਗੱਲਾਂ ਛੱਪ ਜਾਂਦੀਆਂ ਹਨ, ਜੇ ਉਹਨਾਂ ਵੱਲ ਧਿਆਨ ਦਿਵਾਇਆ ਜਾਂਦਾ ਹੈ ਤਾਂ ਵੀ ਕੋਈ ਕਾਰਵਾਈ ਨਹੀਂ ਹੁੰਦੀ। ਉਦਾਹਰਨ ਵਾਸਤੇ ‘ਅੱਜ ਦਾ ਇਤਿਹਾਸ’ ਕਾਲਮ ਵਿਚ ਲੇਖਕ ਹਰਿਭਜਨ ਸਿੰਘ ਜਨਚੇਤਨਾ ਵਲੋਂ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਅੰਦਰੂਣੀ ਸਰੂਪ ਬਾਰੇ ਬਿਨਾ ਪੁਖਤਾ ਸਬੂਤਾਂ ਦੇ, ਬੇਹੱਦ ਲਾਪਰਵਾਹੀ ਨਾਲ ‘ਮਾਰੂ ਟਿਪਣੀਆਂ’ ਕੀਤੀਆਂ ਗਈਆਂ ਪਰ ਇਨ੍ਹਾਂ ਬਾਬਤ ਸਪੋਕਸਮੈਨ ਦੇ ਪ੍ਰਬੰਧਕਾਂ ਨੂੰ ਜਾਣਕਾਰੀ ਦੇਣ ’ਤੇ ਵੀ, ਨਾ ਤਾਂ ਕੋਈ ਕਾਰਵਾਈ ਹੋਈ ਤੇ ਨਾ ਹੀ ਸਪਸ਼ਟੀਕਰਨ ਦਿਤਾ ਗਿਆ। ਇਸਦੇ ਇਲਾਵਾ, ਸਪੋਕਸਮੈਨ ਵਿਚ ਕਾਫੀ ਸਮੇਂ ਤੋਂ ਨਾਨਕ ਜਾਮਿਆਂ ਦੀਆਂ ਸਿਧਾਂਤ-ਵਿਰੋਧੀ ਕਾਲਪਨਿਕ ਪ੍ਰਚਲਿਤ ਤਸਵੀਰਾਂ (ਜਿਵੇਂ ਉਹਨਾਂ ਨੂੰ ਮਾਲਾ ਜਪਦੇ ਵਿਖਾਉਣਾ ਆਦਿ) ਛਪਦੀਆਂ ਰਹੀਆਂ ਹਨ। ਅਨੇਕਾਂ ਵਾਰ ਧਿਆਨ ਦਿਵਾਉਣ ਤੇ ਵੀ ਕੋਈ ਕਾਰਵਾਈ ਜਾਂ ਸਪਸ਼ਟੀਕਰਨ ਨਹੀਂ ਮਿਲਦਾ। ਪਾਰਦਰਸ਼ਿਤਾ ਦੀ ਕਮੀ ਕਾਰਨ ਹੀ ਕਈ ਸੰਸਥਾਵਾਂ ਉਪਰ ਆਰਥਕ ਘੋਟਾਲਿਆਂ ਦੇ ਅਤੇ ਹੋਰ ਇਲਜ਼ਾਮ ਲਗਦੇ ਰਹੇ ਹਨ।
ਹੁਣ ਕੀ ਵਾਪਰਿਆ ਜੋ ਲੇਖ ਲਿਖਣਾ ਪਿਆ?
ਪ੍ਰਿੰਟ ਮੀਡੀਆ ਵਿਚ ਇਸ ਸਮੇਂ ਤੱਤ ਗੁਰਮਤਿ ਲਹਿਰ ਦੀ ਵੱਡੀ ਤਾਕਤ ਦੋ ਪਰਚੇ ‘ਰੋਜ਼ਾਨਾ ਸਪੋਕਸਮੈਨ’ ਅਤੇ ‘ਇੰਡੀਆ ਅਵੈਅਰਨੈਸ’ ਹਨ। ਸਪੋਕਸਮੈਨ ਦੀਆਂ ਕੁਝ ਵਿਸ਼ੇਸ਼ ਨੀਤੀਆਂ ਨਾਲ ਸਹਿਮਤ ਨ ਹੋਣ ਕਾਰਨ ਪਿਛਲੇ ਕੁਝ ਸਮੇਂ ਤੋਂ ਇੰਡੀਆ ਅਵੇਅਰਨੈਸ ਵਿਚ ਉਸ ਬਾਰੇ ਨਿਯਮਿਤ ਟਿੱਪਣੀਆਂ ਛਪ ਰਹੀਆਂ ਹਨ। ਇਹ ਟਿੱਪਣੀਆਂ ਵਿੱਚ ਜ਼ਿਕਰ ਕੀਤੇ ਗਏ ਨੁਕਤੇ ਠੀਕ ਹਨ ਜਾਂ ਗਲਤ, ਇਹ ਵੱਖਰਾ ਵਿਸ਼ਾ ਹੈ। ਪਰ ਮੁਮਕਿਨ ਹੈ ਕਿ ਨੇੜਲੇ ਭਵਿੱਖ ਵਿਚ ‘ਸਪੋਕਸਮੈਨ’ ਵੀ ਇੰਡੀਆ ਅਵੇਅਰਨੈਸ ਖਿਲਾਫ ਮੋਰਚਾ ਖੋਲ ਦੇਵੇ। ਇਸ ਤਰਾਂ ਇਹ ਭਰਾ ਮਾਰੂ ਜੰਗ ਦਾ ਰੂਪ ਧਾਰਨ ਕਰ ਲਵੇਗਾ, ਜੋ ਸਹਿਕਦੀ ਹੋਈ ਲਹਿਰ ਲਈ ‘ਮਾਰੂ’ ਸਾਬਿਤ ਹੋ ਸਕਦਾ ਹੈ।
(ਸੰਪਾਦਕੀ ਟਿੱਪਣੀ : ਤੱਤ ਗੁਰਮਤਿ ਲਹਿਰ ਦੀ ਸਫਲਤਾ ਦੇ ਇੱਛੁਕ ਹੋਣ ਕਾਰਨ, ਇਸ ਲਹਿਰ ਨਾਲ ਸਬੰਧਿਤ ਹੋਰ ਅਦਾਰਿਆਂ ਵੱਲੋਂ ਕੋਈ ਗਲਤ ਕਦਮ ਚੁੱਕਣ ਜਾਂ ਗਲਤ ਨੀਤੀ ਅਪਣਾਉਣ ’ਤੇ ਇਸ ਬਾਬਤ ਉਨ੍ਹਾਂ ਦਾ ਅਤੇ ਹੋਰ ਪੰਥ-ਦਰਦੀਆਂ ਦਾ ਧਿਆਨ ਦਿਵਾਉਣ ਲਈ ਇੰਡੀਆ ਅਵੇਅਰਨੈੱਸ ਵਿੱਚ ਕਦੇ-ਕਦਾਈਂ ਸਪੋਸਕਮੈਨ ਅਖ਼ਬਾਰ ਜਾਂ ਇਸ ਨਾਲ ਸਬੰਧਿਤ ਜੱਥੇਬੰਦੀਆਂ ਜਿਵੇਂ ‘ਏਕਸ ਕੇ ਬਾਰਿਕ’ ਆਦਿ ਵਿੱਚ ਉਪਜ ਰਹੀਆਂ ਕਮੀਆਂ ਬਾਰੇ ਚਰਚਾ ਕੀਤੀ ਜਾਂਦੀ ਹੈ। ‘ਏਕਸ ਕੇ ਬਾਰਿਕ’ ਜਥੇਬੰਦੀ ਬਾਰੇ ਪ੍ਰਕਾਸ਼ਿਤ ਲੇਖ ਵਿੱਚ ਜਥੇਬੰਦੀ ਵਿਚਲੇ ਸ਼ੱਕੀ ਕਿਸਮ ਦੇ ਮੈਂਬਰ ਜਿਵੇਂ ਖੁਸ਼ਵੰਤ ਸਿੰਘ, ਸਿੰਧੀ ਚੇਲਾਰਾਮ ਆਦਿਕ ਬਾਰੇ ਧਿਆਨ ਦਿਵਾਇਆ ਗਿਆ ਸੀ। ਪਿਛਲੇ ਮਹੀਨੇ ਦੇ ਲੇਖ ਵਿੱਚ ਵੀ ਇਹੀ ਬੇਨਤੀ ਕੀਤੀ ਗਈ ਸੀ ਕਿ ਸਪੋਕਸਮੈਨ ਦੇ ਪ੍ਰਬੰਧਕਾਂ ਨੂੰ ਇਸ਼ਤਿਹਾਰ ਪ੍ਰਾਪਤ ਦੀ ਲਲਕ ਏਨੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਕਿ ਉਹ ਉਨ੍ਹਾਂ ਨੂੰ ਹੀ ਸਿਆਸਤਦਾਨਾਂ ਨਾਲ ਸਮਝੌਤਾ ਕਰ ਬੈਠਣ, ਜਿਨ੍ਹਾਂ ਨੂੰ ਉਹ ਖ਼ੁਦ ਹੀ ਸਿੱਖ-ਵਿਰੋਧੀ ਆਖਦੇ ਰਹੇ ਹਨ। ਜੇਕਰ ਅਜਿਹਾ ਕਰਨਾ ਅਦਾਰਾ ਇੰਡੀਆ ਅਵੇਅਰਨੈੱਸ ਦੀ ਕੋਈ ਗੁਸਤਾਖ਼ੀ ਹੈ ਤਾਂ ਤੱਤ ਗੁਰਮਤਿ ਲਹਿਰ ਨਾਲ ਸਬੰਧਿਤ ਵਿਦਵਾਨ ਇਸ ਬਾਬਤ ਸਾਨੂੰ ਸੋਝੀ ਦੇ ਸਕਦੇ ਹਨ, ਤਾਂ ਜੋ ਅਸੀਂ ਆਪਣੀ ਗਲਤੀ ਸਮਝ ਕੇ ਗੁਰੂ ਕੀਆਂ ਸੰਗਤਾਂ ਕੋਲੋਂ ਮੁਆਫੀ ਮੰਗ ਸਕੀਏ।)
ਦੂਜੀ ਗੱਲ, ਇੰਟਰਨੈਟ ਮੀਡੀਆ ਵਿਚ ‘ਸਿੱਖ ਮਾਰਗ’ ਵੈਬਸਾਈਟ ਵੀ ਤੱਤ ਗੁਰਮਤਿ ਲਹਿਰ ਵਿਚ ਕਾਫੀ ਯੋਗਦਾਨ ਪਾ ਰਹੀ ਹੈ। ਇਸ ਵੈਬਸਾਈਟ ਤੇ ਉਹਨਾਂ ਚਾਰ ਤੱਤ ਗੁਰਮਤਿ ਵਿਦਵਾਨਾਂ (ਪ੍ਰੋ. ਗੁਰਮੁਖ ਸਿੰਘ ਜੀ, ਗਿਆਨੀ ਭਾਗ ਸਿੰਘ ਜੀ ਅੰਬਾਲਾ, ਕਾਲਾ ਅਫਗਾਨਾ ਜੀ, ਜੋਗਿੰਦਰ ਸਿੰਘ ਜੀ ਸਪੋਕਸਮੈਨ) ਦੀਆਂ ਤਸਵੀਰਾਂ ਲਗੀਆਂ ਹੋਈਆਂ ਸਨ, ਜਿਹਨਾਂ ਨਾਲ ਅਕਾਲ ਤਖਤ ਤੇ ਕਾਬਜ਼ ਪੁਜਾਰੀਆਂ ਨੇ ਧੱਕਾ ਕੀਤਾ।
ਪਿਛਲੇ ਕੁਝ ਸਮੇਂ ਵਿਚ ਕਾਲਾ ਅਫਗਾਨਾ ਜੀ ਅਤੇ ਉਹਨਾਂ ਦੀ ਪੁਸਤਕਾਂ ਪ੍ਰਕਾਸ਼ਿਤ ਕਰਨ ਵਾਲੀ ‘ਤੱਤ ਗੁਰਮਤਿ ਟਕਸਾਲ’ (ਜਾਂ ਅਕਾਲ ਸਹਾਇ ਚੈਰੀਟੇਬਲ ਟ੍ਰਸਟ) ਦੇ ਪ੍ਰਬੰਧਕਾਂ (ਗੁਰਤੇਜ ਸਿੰਘ ਜੀ ਤੇ ਹੋਰ) ਵਿੱਚ ਮਤਭੇਦ ਪੈਦਾ ਹੋ ਗਏ। ਇਸਲਈ ਕਾਲਾ ਅਫਗਾਨਾ ਜੀ ਨੇ ਗੁਰਤੇਜ ਸਿੰਘ ਖਿਲਾਫ ਨਿਜੀ ਕਮਜ਼ੋਰੀਆਂ ਵਾਲੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿਤੇ। ਗੁਰਤੇਜ ਸਿੰਘ ਜੀ ਨੇ ਵੀ ਕਾਲਾ ਅਫਗਾਨਾ ਜੀ ਦੇਇਲਜ਼ਾਮਾਂ ਦੇ ਜਵਾਬ ਦੇ ਨਾਲ-ਨਾਲ ਉਨ੍ਹਾਂ ’ਤੇ ਹੋਰ ਵੀ ਇਲਜ਼ਾਮ ਲਗਾ ਦਿੱਤੇ। ਗੁਰਤੇਜ ਸਿੰਘ ਜੀ ਦਾ ਪ੍ਰਭਾਵ ਕਬੂਲਦਿਆਂ ‘ਸਿੱਖ ਮਾਰਗ’ ਨੇ ਅਪਣੀ ਵੈਬਸਾਈਟ ਤੋਂ ਕਾਲਾ ਅਫਗਾਨਾ ਜੀ ਦੀ ਤਸਵੀਰ ਕੁਝ ਨਿਜੀ ਇਲਜ਼ਾਮ ਲਾਉਂਦੇ ਹੋਏ ਉਤਾਰ ਲਈ। ਕਹਿਣ ਦਾ ਭਾਵ ਇਕ ਤਰੇੜ ਹੋਰ ਵੱਧ ਗਈ।
ਉੱਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਮੌਜੂਦਾ ਹਾਲਾਤਾਂ ਵਿਚ ਤੱਤ ਗੁਰਮਤਿ ਲਹਿਰ ਖੇਰੂੰ-ਖੇਰੂੰ ਹੋਣ ਕੰਢੇ ਪਈ ਲਗਦੀ ਹੈ। ਆਉ ਅੱਗੇ ਉਹਨਾਂ ਸੰਭਾਵਨਾਵਾਂ ਦੀ ਖੁਲ ਕੇ ਗੰਭੀਰ ਵਿਚਾਰ ਕਰੀਏ, ਜਿਸ ਰਾਹੀਂ ਇਸ ਲਹਿਰ ਨੂੰ ਇਕ ਵਾਰ ਫਿਰ ਪੱਕੇਂ ਪੈਰੀਂ ਖੜਾ ਕਰਨ ਲਈ ਉੱਦਮ ਕੀਤਾ ਜਾ ਸਕੇ।
ਹੱਲ : ਹਾਲਾਤ ਵਿਚ ਸੁਧਾਰ ਕਿਵੇਂ ਹੋਏ?
ਇਸ ਸਮੱਸਿਆ ਦਾ ਹੱਲ ਛੂ-ਮੰਤਰ ਕੀਤਿਆਂ ਹੋ ਜਾਵੇ, ਐਸਾ ਸੰਭਵ ਨਹੀਂ। ਇਸ ਮਨੁੱਖਤਾਵਾਦੀ ਲਹਿਰ ਨਾਲ ਜੁੜਣ ਦੇ ਚਾਹਵਾਨ ਹਰ ਸ਼ਖਸ ਜਾਂ ਜਥੇਬੰਦੀ ਵਿਚ ਇਹ ਗੁਣ ਹੋਣੇ ਬਹੁਤ ਜ਼ਰੂਰੀ ਹਨ।
(ੳ) ਸੁਹਿਰਦਤਾ (ਅ) ਨਿਸ਼ਕਾਮਤਾ (ੲ) ਹੰਕਾਰ ਦਾ ਤਿਆਗ (ਸ) ਸਹਿਣਸ਼ੀਲਤਾ (ਹ) ਦਲੀਲ (ਕ) ਜਵਾਬਦੇਹੀ ਤੇ ਪਾਰਦਰਸ਼ਿਤਾ (ਖ) ਸਾਂਝੀ ਕਸਵੱਟੀ
(ੳ) ਇਸ ਲਹਿਰ ਨਾਲ ਜੁੜਨ ਦੇ ਚਾਹਵਾਨ ਹਰ ਸ਼ਖਸ ਅਤੇ ਜਥੇਬੰਦੀ ਕੌਲ ਮਨੁੱਖਤਾ ਦੇ ਭਲੇ ਲਈ ਚਲਾਈ ਜਾ ਰਹੀ ਇਸ ਲਹਿਰ ਪ੍ਰਤੀ ਗੰਭੀਰਤਾ ਅਤੇ ਸੁਹਿਰਦਤਾ ਹੋਵੇ।
(ਅ) ਨਿਸ਼ਕਾਮਤਾ ਅਤੇ ਇਮਾਨਦਾਰੀ ਹੋਣਾ ਵੀ ਬੇਹਦ ਜ਼ਰੂਰੀ ਹੈ । ਇਸ ਲਹਿਰ ਨਾਲ ਜੁੜਣ ਦਾ ਮਕਸਦ ਫੋਕੀ ਸ਼ੌਹਰਤ ਜਾਂ ਹੋਰ ਕੋਈ ਦੁਨੀਆਵੀ ਪਦਾਰਥ (ਧਨ, ਦੌਲਤ ਆਦਿ) ਇਕੱਠੀ ਕਰਨਾ ਨਾ ਹੋਵੇ। ਅਪਣਾ ਮਾਨ ਸਨਮਾਨ ਕਰਵਾਉਣ ਦੀ ਲਾਲਸਾ ਵੀ ਇਸ ਲਹਿਰ ਲਈ ਮਾਰੂ ਸਾਬਿਤ ਹੋ ਰਹੀ ਹੈ। ਭਾਵ ਹਰ ਕੋਈ ਨਿਸੁਆਰਥ ਹੋ ਕੇ ਲਹਿਰ ਨਾਲ ਤੁਰੇ।
(ੲ) ਹੰਕਾਰ ਦਾ ਜਿਤਨਾ ਹੋ ਸਕੇ ਤਿਆਗ ਵੀ ਇਕ ਬਹੁਤ ਵੱਡੀ ਲੋੜ ਹੈ। ਇਉਂ ਕਹੀਏ ਤਾਂ ਇਹੀ ਸਭ ਤੋਂ ਵੱਡੀ ਲੋੜ ਹੈ। ਇਸ ਭਾਵਨਾ ਨੂੰ ਮਨ ਤੋਂ ਜਿਤਨਾ ਦੂਰ ਰਖਿਆ ਜਾਵੇ ਉਤਨਾ ਹੀ ਅੱਛਾ ਹੈ ਕਿ ਮੈਂ ਹੀ ਠੀਕ ਹਾਂ, ਮੇਰੇ ਤੋਂ ਉਲਟ ਸੋਚਨ ਵਾਲੇ ਸਾਰੇ ਗਲਤ ਹਨ। ਬਲਕਿ ਗੁਰਬਾਣੀ ਤਾਂ ਸਾਨੂੰ ਸੇਧ ਦਿੰਦੀ ਹੈ :
ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭ ਕੋਇ।।
ਜਿਨਿ ਐਸਾ ਕਰ ਬੂਝਿਆ ਮੀਤੁ ਹਮਾਰਾ ਸੋਇ।।
(ਪੰਨਾ 1364)
ਭਾਵ ਇਹ ਸੋਚ ਰੱਖਣੀ ਚਾਹੀਦੀ ਹੈ ਕਿ ਮੈਂ ਵੀ ਗਲਤ ਹੋ ਸਕਦਾ ਹਾਂ। ਇਸੀ ਭਾਵਨਾ ਦੀ ਕਮੀ ਕਾਰਨ ਲਹਿਰ ਖਿੰਡਦੀ ਜਾ ਰਹੀ ਹੈ।
(ਸ) ਸਹਿਣਸ਼ੀਲਤਾ ਵੀ ਇਕ ਬਹੁਤ ਵੱਡਾ ਗੁਣ ਹੈ, ਜਿਸ ਦੀ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ। ਅਪਣੀ ਆਲੋਚਣਾ ਸੁਣ ਕੇ ਵੀ ਗੁੱਸੇ ਤੇ ਕਾਬੂ ਰੱਖਣ ਲਈ ‘ਸਹਿਣਸ਼ੀਲਤਾ’ ਦੀ ਬਹੁਤ ਜ਼ਰੂਰਤ ਹੈ। ਇਸ ਪੱਖੋਂ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ :
ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ।।
ਨਿੰਦਾ ਜਨ ਕਉ ਖਰੀ ਪਿਆਰੀ।।
ਨਿੰਦਾ ਬਾਪ ਨਿੰਦਾ ਮਹਤਾਰੀ।।
(ਪੰਨਾ 339)
ਭਾਵ ਅਪਣੀ ਨਿੰਦਾ, ਆਲੋਚਣਾ ਨੂੰ ਖਿੜੇ ਮੱਥੇ ਸੁਣ ਸਕਣ ਦਾ ਹੀ ਗੁਣ ਗੁਰਮੁਖਾਂ (ਜ਼ਨ) ਦੀ ਪਹਿਚਾਨ ਹੈ। ਹਰ ਨਿੰਦਾ, ਆਲੋਚਣਾ ਦਾ ਜਵਾਬ ਬਹੁਤ ਹੀ ਠਰੰਮੇ, ਨਿਮਰਤਾ ਅਤੇ ਦਲੀਲ ਨਾਲ ਦੇਣਾ ਬਣਦਾ ਹੈ। ਪਰ ਸਾਡੇ ਸਾਰਿਆਂ ਵਿਚ ਇਸ ਗੁਣ ਦੀ ਵੀ ਵੱਡੀ ਘਾਟ ਹੈ। ਅਸੀਂ ਤਾਂ ਅਪਣੇ ਨਾਲ ਅਸਹਿਮਤੀ ਜਤਾਉਣ ਨੂੰ ਵੀ ‘ਦੁਸ਼ਮਨ’ ਐਲਾਨਣ ਲਗ ਪੈਂਦੇ ਹਾਂ।
(ਹ) ਦਲੀਲ : ਕਿਸੇ ਵੀ ਵਿਚਾਰਧਾਰਕ ਮਤਭੇਦ ਨੂੰ ਦੂਰ ਕਰਨ ਲਈ ‘ਦਲੀਲ’ ਹੀ ਸਭ ਤੋਂ ਵੱਡਾ ਸਾਧਨ ਹੈ। ਸਿਧਾਂਤਕ ਫੈਸਲੇ ਲੈਂਦੇ ਸਮੇਂ ਦਲੀਲ ਨੂੰ ਹੀ ਸਭ ਤੋਂ ਵੱਧ ਮਾਨਤਾ ਦੇਣੀ ਬਣਦੀ ਹੈ। ਪਰੰਪਰਾ, ਪੰਥ ਪ੍ਰਵਾਨਿਕਤਾ, ਰਹਿਤ ਮਰਿਯਾਦਾ ਆਦਿ ਦੇ ਨਾਂ ਤੇ ‘ਦਲੀਲ’ ਨੂੰ ਠੁਕਰਾਨਾ ਬਿਲਕੁਲ ਗਲਤ ਹੈ। ‘ਸਿਧਾਂਤਕ ਦ੍ਰਿੜਤਾ’ ਬਹੁਤ ਜ਼ਰੂਰੀ ਹੈ। ਵਿਚਾਰ ਬਹੁਤ ਸ਼ਾਂਤਮਈ ਮਾਹੌਲ ਵਿਚ ਹੋਣੀ ਚਾਹੀਦੀ ਹੈ। ਜਿਹੜਾ ਵੀ ਸ਼ਖਸ ਵਿਚਾਰ ਦੌਰਾਣ ‘ਗੁੱਸੇ’ ਵਿਚ ਉੱਚਾ-ਉੱਚਾ ਬੋਲਦਾ ਹੈ, ਸਮਝ ਲਵੋ ਉਸ ਕੋਲ ਦਲੀਲ ਦੀ ਘਾਟ ਹੈ ਇਸਲਈ ਰੌਅਬ ਪਾ ਕੇ ਅਪਣੀ ਗੱਲ ਮਨਵਾਉਣਾ ਚਾਹੁੰਦਾ ਹੈ। ਤੱਤ ਗੁਰਮਤਿ ਲਹਿਰ ਨਾਲ ਜੁੜੀਆਂ ਵਿਚਾਰਾਂ ਵੇਲੇ ‘ਗੁੱਸਾ ਅਕਲ ਨੂੰ ਖਾ ਜਾਂਦਾ ਹੈ’ ਵਾਕ ਨੂੰ ਜ਼ਹਿਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ।
(ਕ) ਜਵਾਬਦੇਹੀ ਅਤੇ ਪਾਰਦਰਸ਼ਿਤਾ: ਹਰ ਇਮਾਨਦਾਰ ਸ਼ਖਸ ਅਤੇ ਜਥੇਬੰਦੀ ਪੂਰੀ ਤਰਾਂ ਜਵਾਬਦੇਹ ਅਤੇ ਪਾਰਦਰਸ਼ੀ ਹੁੰਦੀ ਹੈ। ਇਸ ਪੱਖੋਂ ਸੇਧ ਦਿੰਦਾ ਗੁਰਵਾਕ ਹੈ:
ਰੋਸੁ ਨ ਕੀਜੈ ਉਤਰੁ ਦੀਜੈ।।
(ਪੰਨਾ 938)
ਭਾਵ ਜੇ ਕੋਈ ਤੁਹਾਡੀ ਆਲੋਚਣਾ ਕਰਦਾ ਹੈ (ਠੀਕ ਭਾਂਵੇ ਗਲਤ) ਤਾਂ ਉਸਦਾ ਬੁਰਾ ਨਾ ਮਨਾਉ ਬਲਕਿ ਨਿਮਰਤਾ, ਦਲੀਲ ਨਾਲ ਉਸ ਦਾ ਜਵਾਬ
ਦੇਵੋ। ਅਪਣੇ ਵਿਰੁਧ ਲਗੇ ਹਰ ਛੋਟੇ ਤੋਂ ਛੋਟੇ ਦੁਸ਼ਨ ਦਾ ਪੂਰਾ ਪੂਰਾ ਜਵਾਬ ਦੇਣਾ ਇਕ ਇਮਾਨਦਾਰ ਸ਼ਖਸ ਜਾਂ ਸੰਸਥਾ ਦਾ ਵੱਡਾ ਗੁਣ ਹੈ।
(ਖ) ਸਾਂਝੀ ਕਸਵੱਟੀ :ਹਰ ਲਹਿਰ ਨੂੰ ਚਲਾਉਣ ਲਈ ‘ਸਾਂਝੀ ਕਸਵੱਟੀ’ ਹੋਣੀ ਚਾਹੀਦੀ ਹੈ, ਜਿਸ ਨੂੰ ਆਧਾਰ ਬਣਾ ਕੇ ਅੱਗੇ ਵਧਿਆ ਜਾ ਸਕੇ। ਇਸ ਲਹਿਰ ਵਾਸਤੇ ਸਾਂਝੀ ਕਸਵੱਟੀ ਸਿਰਫ ‘ਗੁਰੂ ਗ੍ਰੰਥ ਸਾਹਿਬ ਜੀ’ (ੴ ਤੋਂ ਲੈ ਕੇ ਤਨ ਮਨ ਥੀਵੇ ਹਰਿਆ ਤੱਕ) ਹੋਣੀ ਚਾਹੀਦੀ ਹੈ। ਜੇ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਅੰਦਰੂਨੀ ਸਰੂਪ ਬਾਰੇ ਕੋਈ ਨਵੀਂ ਖੋਜ ਸਾਹਮਣੇ ਆਉਂਦੀ ਹੈ ਤਾਂ ਜ਼ਰੂਰੀ ਹੈ ਕਿ ਆਮ ਸੰਗਤ ਸਾਹਮਣੇ ਲਿਆਉਣ ਤੋਂ ਪਹਿਲਾਂ ਉਸ ਨੂੰ ਵਿਦਵਾਨਾਂ ਦੇ ਪੈਨਲ ਵਿਚ ਚੰਗੀ ਤਰਾਂ ਵਿਚਾਰ ਕੇ ਦਲੀਲ ਆਧਾਰਿਤ ਰਾਇ ਤੇ ਪੁਜ ਲਿਆ ਜਾਵੇ। ਕੁਝ ਐਸੀ ਹੀ ਗੱਲ ਗੁਰਮਤਿ ਸਿਧਾਂਤਾਂ ਬਾਰੇ ਵਿਚਾਰਕ ਮਤਭੇਦਾਂ ਤੇ ਵੀ ਪੂਰੀ ਢੁਕਦੀ ਹੈ।
ਫੌਰਨ ਕੀ ਕੀਤਾ ਜਾਵੇ?
ਫੌਰੀ ਲੋੜ ਹੈ ਕਿ ਇਸ ਏਕਤਾ ਨੂੰ ਬੇਹਦ ਜ਼ਰੂਰੀ ਸਮਝਣ ਵਾਲੇ ਕੁਝ ਤੱਤ ਗੁਰਮਤਿ ਨਾਲ ਜੁੜੇ ਸ਼ਖਸ ਇਕ ਸ਼ੁਰੂਆਤੀ ‘ਤਾਲਮੇਲ ਕਮੇਟੀ’ ਬਣਾਉਣ । ਜੇ ਕੋਈ ਚਾਹੇ ਤਾਂ ਉਹ ਪਹਿਲ ਕਰ ਸਕਦਾ ਹੈ। ਤੱਤ ਗੁਰਮਤਿ ਪਰਿਵਾਰ ਵੀ ਇਸ ਦੀ ਜਿੰਮੇਵਾਰੀ ਲੈਣ ਨੂੰ ਤਿਆਰ ਹੈ, ਜੇ ਸਭ ਠੀਕ ਸਮਝਨ। ਇਹ ਤਾਲਮੇਲ ਕਮੇਟੀ ਨਿਕੱਟ ਭਵਿੱਖ ਵਿਚ ਦੋ-ਤਿੰਨ ਦਿਨ ਦਾ ਪ੍ਰੋਗਰਾਮ ਨਿਸ਼ਚਿਤ ਕਰਕੇ ਇਕ ਇਜਲਾਸ (ਉਸਨੂੰ ਢੁਕਵਾਂ ਨਾਮ ਦਿਤਾ ਜਾ ਸਕਦਾ ਹੈ) ਬੁਲਾਵੇ। ਇਸ ਪ੍ਰੋਗਰਾਮ ਬਾਰੇ ਸਾਰਿਆਂ ਨੂੰ (ਜਿਨ੍ਹਾਂ ਨੂੰ ਸੱਦਾ ਦੇਣਾ ਹੈ) ਕਾਫੀ ਸਮਾਂ ਪਹਿਲਾਂ ਹੀ ਦੱਸ ਦਿਤਾ ਜਾਵੇ ਤਾਂ ਕਿ ਸਾਰੇ ਅਪਨਾ ਸਮਾਂ ਐਡਜਸਟ ਕਰ ਲੈਣ। ਇਸ ਵਿਚ ਖੁੱਲੇ ਦਿਲ ਨਾਲ ਤੱਤ ਗੁਰਮਤਿ ਲਹਿਰ ਨਾਲ ਜੁੜੀਆਂ ਰਹੀਆਂ ਸਾਰੀਆਂ ਜਥੇਬੰਦੀਆਂ (ਸਮੇਤ ਮਿਸ਼ਨਰੀ ਕਾਲਜਾਂ ਦੇ) ਨੂੰ ਅਪਣੇ 2-3 ਪ੍ਰਤੀਨਿਧੀ ਭੇਜਣ ਲਈ ਬੇਨਤੀ ਕੀਤੀ ਜਾਵੇ। ਉਨ੍ਹਾਂ ਨੂੰ ਅਪਣੇ ਸ਼ਾਮਿਲ ਹੋਣ ਦੀ ਪ੍ਰਵਾਨਗੀ (ਸਮੇਤ ਸੁਝਾਵਾਂ ਦੇ) ਲਿਖਤੀ ਰੂਪ ਵਿਚ ਅਗਾਉਂ ਭੇਜਣ ਲਈ ਬੇਨਤੀ ਕੀਤੀ ਜਾਵੇ। ਜੋ ਵੀਰ/ਭੈਣ ਵਿਅਕਤੀਗਤ (ਜਅਦਜਡਜਦਚ਼;) ਤੌਰ ਤੇ ਇਸ ਲਹਿਰ ਨਾਲ ਜੁੜੇ ਰਹੇ ਹਨ, ਉਹਨਾਂ ਨੂੰ ਵੀ ਖੁੱਲਾ ਸੱਦਾ ਦਿਤਾ ਜਾਵੇ। ਹੋਰ ਕੋਈ ਜੋ ਅਪਣੇ ਤੌਰ ਤੇ ਆਉਣਾ ਚਾਹੇ, ਉਹ ਆ ਸਕਦਾ ਹੈ। ਇਸ ਮਿਲਣੀ ਲਈ ਪੁਜਾਰੀ ਸ਼੍ਰੇਣੀ (ਅਖੌਤੀ ਜਥੇਦਾਰ, ਸਿੰਘ ਸਾਹਿਬ ਆਦਿ), ਸੰਪਰਦਾਈ (ਅਖੌਤੀ ਸੰਤ ਬਾਬੇ, ਡੇਰੇਦਾਰ), ਗੁਰਦਵਾਰਾ ਕਮੇਟੀਆਂ (ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਆਦਿ) ਅਤੇ ਰਾਜਨੀਤਕ ਦਲਾਂ ਨੂੰ ਬਿਲਕੁਲ ਸੱਦਾ ਨਾ ਦਿਤਾ ਜਾਵੇ। ਹਾਂ, ਜੇ ਇਨ੍ਹਾਂ ਸੰਸਥਾਵਾਂ ਨਾਲ ਜੁੜਿਆ ਕੋਈ ਤੱਤ ਗੁਰਮਤਿ ਵਾਲੀ ਸੋਚ ਦਾ ਸ਼ਖਸ ਅਪਣੇ (ਜਅਦਜਡਜਦਚ਼;) ਪੱਧਰ ’ਤੇ ਇਸ ਵਿਚ ਸ਼ਾਮਿਲ ਹੋਣਾ ਚਾਹੇ ਤਾਂ ਕੋਈ ਹਰਜ ਨਹੀਂ। ਹੋਰ ਲੋਂੜੀਂਦੀਆਂ ਸ਼ਰਤਾਂ ਵੀ ਵਿਚਾਰੀਆਂ ਜਾ ਸਕਦੀਆਂ ਹਨ। ਪਰ ਇਜਲਾਸ ਵਿਚ ਉਹੀ ਸ਼ਾਮਿਲ ਹੋਵੇ ਜੋ ਅਪਣੇ ਆਪ ਨੂੰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਮੰਨਦਾ ਹੋਵੇ (ਦਸਮ ਗ੍ਰੰਥ ਨੂੰ ਨਹੀਂ)।
ਇਸ ਇਜਲਾਸ ਵਿਚ ਪਹੁੰਚਣ ਵਾਲਿਆਂ ਨੂੰ ਇਹ ਸੁਣੇਹਾ ਅਗਾਊਂ ਭੇਜ ਦਿਤਾ ਜਾਵੇ ਕਿ ੱਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ- (ਪੰਨਾ 1096) ਅਨੁਸਾਰ ਉਹ ਅਪਣੇ ਸਾਰੇ ਪਿਛਲੇ ਸਾਰੇ ਗਿਲੇ ਸ਼ਿਕਵੇ, ਵੈਰ ਵਿਰੋਧ ਮਨ ਵਿਚੋਂ ਕੱਢ ਕੇ, ਸਾਫ ਮਨ ਨਾਲ ਇਜਲਾਸ ਵਿਚ ‘ਨਵੇਂ ਨਰੋਏ’ ਹੋ ਕੇ ਗੁਰਭਾਈ ਦੇ ਤੌਰ ਤੇ ਆਵਣ। ਇਜਲਾਸ ਵਿਚ ਵਿਚਾਰ ਚਰਚਾ ਦੌਰਾਨ ਇਹ ਖ਼ਾਸ ਹਿਦਾਇਤ ਜਾਰੀ ਕੀਤੀ ਜਾਵੇ ਕਿ ਕੋਈ ਵੀ ਵਿਚਾਰ ਦੌਰਾਣ ਅਪਣੇ ਗਿਲੇ ਸ਼ਿਕਵੇ ਸਾਹਮਣੇ ਨਹੀਂ ਰੱਖੇਗਾ। ਨਾ ਹੀ ਅਪਣੀਆਂ ਆਪ-ਬੀਤੀਆਂ ਸੁਣਾ ਕਿ ਇਜਲਾਸ ਦਾ ਕੀਮਤੀ ਸਮਾਂ ਬਰਬਾਦ ਕਰੇਗਾ। ਜੋ ਵੀ ਬੋਲੇਗਾ, ਸਿਰਫ ਭਵਿੱਖਮੁਖੀ ਹੋ ਕੇ, ਵਿਚਾਰੇ ਜਾ ਰਹੇ ਵਿਸ਼ਿਆਂ ਤੇ ਹੀ ਬੋਲੇਗਾ।
ਇਸ ਇਜਲਾਸ ਦਾ ਮੁਖ ਮਕਸਦ ਹੇਠ ਲਿਖੇ ਫੈਸਲੇ ਲੈਣਾ ਹੋਵੇਗਾ :
(ੳ) ਛੱਤਰੀ ਪੈਨਲ ਜਾਂ ਜਥੇਬੰਦੀ ਦਾ ਗਠਨ
(ਅ) ਵਿਦਵਾਨਾਂ ਦੇ ਪੈਨਲ ਦਾ ਗਠਨ
(ੲ) ਮਾਹਿਰਾਂ ਦਾ ਪੈਨਲ
(ਸ) ਨਿਯੁਕਤੀ ਪੈਨਲ
(ੳ) ਛੱਤਰੀ (umbrella) ਪੈਨਲ
ਜਾਂ
ਜਥੇਬੰਦੀ ਦਾ ਗਠਨ : ਇਸ ਇਜਲਾਸ ਵਿਚ ਤਿੰਨ ਤੋਂ ਲੈ ਕੇ ਸੱਤ ਦੇ ਵਿਚ ਗਿਣਤੀ ਦੇ ਤੱਤ ਗੁਰਮਤਿ ਦੀ ਜਾਣਕਾਰੀ ਵਾਲੇ ਨਿਸ਼ਕਾਮ ਪੰਥਦਰਦੀਆਂ ਦਾ ਇਕ ਛੱਤਰੀ ਪੈਨਲ ਬਣਾਇਆ ਜਾਵੇ। ਇਹ ਸਾਰੀਆਂ ਤੱਤ ਗੁਰਮਤਿ ਲਹਿਰ ਨਾਲ ਜੁੜੀਆਂ ਸੰਸਥਾਵਾਂ ਲਈ ਇਕ ਨਿਯੰਤਰਕ (controller) ਦਾ ਕੰਮ ਕਰੇਗਾ। ਇਹ ਸਾਰੀਆਂ ਸੰਸਥਾਵਾਂ ਇਸ ਪੈਨਲ ਕੋਲ ਰਜਿਸਟਰੇਸ਼ਨ ਕਰਵਾਉਣ। ਇਹ ਪੈਨਲ ਉਹਨਾਂ ਸਾਰਿਆਂ ਦੀ ਗਤੀਵਿਧੀਆਂ ਉਪਰ ਨਜ਼ਰ ਰਖੇਗਾ ਅਤੇ ਆਪਸੀ ਮਤਭੇਦ ਨਿਪਟਾਉਣ ਵਿਚ ਸਹਾਇਤਾ ਕਰੇਗਾ। ਵਿਅਕਤੀਗਤ ਤੌਰ ਤੇ ਕੰਮ ਕਰਨ ਵਾਲੇ ਸ਼ਖਸ ਵੀ ਇਸ ਪੈਨਲ ਕੋਲ ਅਪਣੀ ਜਾਣਕਾਰੀ ਜਮਾਂ ਕਰਵਾਉਣ। ਇਸ ਜਾਣਕਾਰੀ ਆਧਾਰਿਤ ਇਕ ਡਾਇਰੈਕਟਰੀ ਤਿਆਰ ਕੀਤੀ ਜਾਵੇ। ਇਸ ਪੈਨਲ ਨਾਲ ਜੁੜਨ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਹੇਠ ਲਿਖੇ ਅਨੁਸਾਰ ਸੇਧਾਂ ਦਿਤੀਆਂ ਜਾਵਣ :
1) ਜੇ ਕਿਸੇ ਸੰਸਥਾ ਜਾਂ ਵਿਅਕਤੀ ਨੂੰ ਹੋਰ ਕਿਸੇ ਸ਼ਖਸ ਜਾਂ ਜਥੇਬੰਦੀ ਬਾਰੇ ਕੋਈ ਸ਼ਿਕਾਇਤ ਹੈ ਤਾਂ ਉਹ ਇਸ ਸ਼ਿਕਾਇਤ ਜਾਂ ਆਲੋਚਣਾ ਨੂੰ ਲਿਖਤੀ ਰੂਪ ਵਿਚ ਉਸ ਵਿਅਕਤੀ ਜਾਂ ਸੰਸਥਾ ਤੱਕ ਪਹੁੰਚਾਵੇ ਜਿਸ ਬਾਰੇ ਸ਼ਿਕਾਇਤ ਹੈ। ਇਸ ਸ਼ਿਕਾਇਤ ਦੀ ਇਕ ਪ੍ਰਤੀ ਛੱਤਰੀ ਪੈਨਲ ਦੇ ਦਫਤਰ ਨੂੰ ਵੀ ਭੇਜੀ ਜਾਵੇ। ਹਰ ਸੰਸਥਾ ਜਾਂ ਵਿਅਕਤੀ ਵਲੋਂ ਇਕ ਨਿਸ਼ਚਿਤ ਸਮੇਂ (1 ਜਾਂ 2 ਮਹੀਨੇ) ਦੇ ਅੰਦਰ-ਅੰਦਰ ਅਪਣੇ ਪ੍ਰਤੀ ਕੀਤੀ ਸ਼ਿਕਾਇਤ ਦਾ ਜਵਾਬ ਜਾਂ ਸਪਸ਼ਟੀਕਰਨ ਸ਼ਿਕਾਇਤਕਰਤਾ ਨੂੰ ਭੇਜਿਆ ਜਾਵੇ। ਇਸ ਦੀ ਇਕ ਪ੍ਰਤੀ ਪੈਨਲ ਨੂੰ ਵੀ ਭੇਜੀ ਜਾਵੇ। ਜੇ ਨਿਸ਼ਚਿਤ ਸਮੇਂ ਤੱਕ ਜਵਾਬ ਨਹੀਂ ਆਉਂਦਾ ਤਾਂ ਉਸ ਬਾਰੇ ਕੀ ਕਾਰਵਾਈ ਕਰਨੀ ਹੈ, ਪੈਨਲ ਤੈਅ ਕਰੇਗਾ। ਕੋਈ ਵੀ ਆਲੋਚਣਾ ਜਾਂ ਸ਼ਿਕਾਇਤ ਸਿੱਧੀ ਮੀਡੀਆ ਵਿਚ ਨਾ ਆਵੇ। ਤਾਂ ਕਿ ਭਰਾ-ਮਾਰੂ ਜੰਗ ਤੋਂ ਬੱਚਿਆ ਜਾ ਸਕੇ।
2) ਕੁਝ ਸਿਧਾਂਤਕ ਮੁਦਿਆਂ ਬਾਰੇ ਤੱਤ ਗੁਰਮਤਿ ਵਿਦਵਾਨਾਂ ਵੀ ਆਪਸ ਵਿਚ ਪੂਰੀ ਸਹਿਮਤੀ ਨਹੀਂ ਜਿਵੇਂ ‘ਆਵਾਗਵਨ’ ਦੀ ਵਿਆਖਿਆ ਬਾਰੇ। ਐਸੇ ਵਿਸ਼ਿਆਂ ਬਾਰੇ ਵਿਦਵਾਨਾਂ ਦੇ ਪੈਨਲ ਵਲੋਂ ਜਲਦ ਤੋਂ ਜਲਦ ਫੈਸਲਾ ਕਰਵਾਇਆ ਜਾਵੇ ਤਾਂ ਹੀ ਸੰਗਤ ਵਿਚ ਪ੍ਰਚਾਰਿਆ ਜਾਵੇ।
3) ਹਰ ਜਥੇਬੰਦੀ ਸਾਲ ਵਿਚ ਇਕ ਵਾਰ ਅਪਣੇ ਆਰਥਿਕ ਲੇਖੇ ਜੋਖੇ ਦੀ ਪ੍ਰਤੀ (ਛੋਪੇ) ਪੈਨਲ ਕੌਲ ਪੇਸ਼ ਕਰੇ ਤਾਂ ਕਿ ਪਾਰਦਰਸ਼ਿਤਾ ਬਣੀ ਰਹੇ।
4) ਪੈਨਲ ਨਾਲ ਸੰਬੰਧਿਤ ਆਰਥਕ ਖਰਚਿਆਂ ਲਈ ਇਸ ਹੇਠ ਆਉਣ ਵਾਲੀ ਸਾਰੀ ਜਥੇਬੰਦੀਆਂ ਦੇ ਨਿਯਮਿਤ ਸਹਿਯੋਗ ਨਾਲ ਇਕ ‘ਕੋਸ਼’ (ਚਿਅਦ) ਕਾਇਮ ਕੀਤਾ ਜਾਵੇ।
5) ਇਸ ਪੈਨਲ ਦੇ ਮੈਂਬਰ ਨਿਸ਼ਕਾਮ ਸੇਵਾ ਕਰਨਗੇ। ਉਹਨਾਂ ਦੀ ਨਿਯੁਕਤੀ ਤੇ ਅਧਿਕਾਰਾਂ ਆਦਿ ਬਾਰੇ ਨਿਯਮ ਅਤੇ ਸ਼ਰਤਾਂ ਇਜਲਾਸ ਵਿਚ ਹੀ ਤੈਅ ਕੀਤੀਆਂ ਜਾਵਨ।
6) ਇਸ ਪੈਨਲ ਵਿਚ ਸ਼ਾਮਿਲ ਕੋਈ ਵੀ ਵਿਅਕਤੀ, ਉਸ ਸਮੇਂ ਦੌਰਾਣ, ਕਿਸੇ ਹੋਰ ਜਥੇਬੰਦੀ ਦਾ ਮੈਂਬਰ ਨਹੀਂ ਰਹਿ ਸਕੇਗਾ।
7. (ਅ) ਵਿਦਵਾਨਾਂ ਦਾ ਪੈਨਲ : ਇਸ ਪੈਨਲ ਦੀ ਸਹਾਇਤਾ ਲਈ 3-7 ਤੱਤ ਗੁਰਮਤਿ ਵਿਦਵਾਨਾਂ ਦਾ ਇਕ ਪੈਨਲ ਬਣਾਇਆ ਜਾਵੇ। ਸਿਧਾਂਤਕ ਵਿਸ਼ਿਆ ਤੇ ਇਹ ਛੱਤਰੀ ਪੈਨਲ ਦੀ ਸਹਾਇਤਾ ਕਰੇ। ਨਾਲ ਹੀ ਤੱਤ ਗੁਰਮਤਿ ਬਾਰੇ ਕਿਸੇ ਵੀ ਸੰਸਥਾ ਜਾਂ ਵਿਅਕਤੀ ਵਲੋਂ ਕੋਈ ਵੀ ਪੁਸਤਕ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਖਰੜਾ ਇਸ ਪੈਨਲ ਨੂੰ ਭੇਜਿਆ ਜਾਵੇ ਤਾਂ ਕਿ ਕੋਈ ਵੀ ਗਲਤ ਗੱਲ ਸੰਗਤਾਂ ਸਾਹਮਣੇ ਆਉਣ ਤੋਂ ਰੋਕੀ ਜਾ ਸਕੇ।
(ੲ) ਮਹਿਰਾਂ ਦਾ ਪੈਨਲ : ਛੱਤਰੀ ਪੈਨਲ ਦੀ ਸਹਾਇਤਾ ਲਈ ਵੱਖ ਵੱਖ ਖੇਤਰਾਂ ਦੇ ਮਾਹਿਰ ਨਿਸ਼ਕਾਮ ਪੰਥਦਰਦੀਆਂ ਦਾ ਇਕ ਪੈਨਲ ਬਣਾਇਆ ਜਾਵੇ। ਇਸ ਵਿਚ ਗਿਣਤੀ 10 ਤੋਂ 20 ਦੇ ਵਿਚ ਰੱਖੀ ਜਾਵੇ। ਉਹ ਵੱਖ-ਵੱਖ ਵਿਸ਼ਿਆਂ ਤੇ ਛੱਤਰੀ ਪੈਨਲ ਨੂੰ ਸਲਾਹ ਦੇਵੇਗਾ।
(ਸ) ਨਿਯੁਕਤੀ ਪੈਨਲ : ਉਪਰ ਦਿਤੇ ਸਾਰੇ ਪੈਨਲਾਂ ਦੇ ਗਠਨ ਵਾਸਤੇ ਇਕ ‘ਨਿਯੁਕਤੀ ਪੈਨਲ’ ਗਠਿਤ ਕੀਤਾ ਜਾਵੇ। ਇਸ ਪੈਨਲ ਵਿਚ ਨਾਲ ਜੁੜਣ ਵਾਲੀ ਹਰ ਸੰਸਥਾ ਵਿਚੋਂ 2-2 ਮੈਂਬਰ ਲਏ ਜਾਣ। ਵਿਅਕਤੀਗਤ ਤੌਰ ਤੇ ਸਰਗਰਮ ਵਿਅਕਤੀ ਵੀ ਇਸ ਦੇ ਮੈਂਬਰ ਬਣ ਸਕਦੇ ਹਨ।ਇਸ ਪੈਨਲ ਵਿਚ ਗਿਣਤੀ 30 ਤੋਂ 100 ਜਾਂ ਵੱਧ ਹੋ ਸਕਦੀ ਹੈ। ਇਸ ਪੈਨਲ ਨੂੰ ‘ਰਾਜਸਭਾ’ ਦੀ ਤਰਜ ਦਾ ਬਣਾਇਆ ਜਾਵੇ ਜਿਸਦਾ ਪੂਰਨ ਵਿਘਟਨ ਕਦੀ ਨਾ ਹੋਵੇ ਬਲਕਿ ਕੁਝ ਨਿਸ਼ਚਿਤ ਸਮੇਂ ਬਾਅਦ ਮੈਂਬਰ ਬਦਲਦੇ ਰਹਿਣ। ਕੋਈ ਸੰਸਥਾ ਜਦੋਂ ਵੀ ਚਾਹੇ ਅਪਣੇ ਪ੍ਰਤੀਨਿਧੀ ਬਦਲ ਸਕਦੀ ਹੈ।
ਇਸ ਸੰਬੰਧੀ ਹੋਰ ਢੁਕਵੀਆਂ ਵਿਚਾਰਾਂ ਸਮੇਂ ਨਾਲ ਕੀਤੀਆਂ ਜਾ ਸਕਦੀਆਂ ਹਨ। ਇਹ ਤਾਂ ਸਿਰਫ ਮੁਢਲੀ ਰੁਪਰੇਖਾ ਵਿਚਾਰ ਵਾਸਤੇ ਰੱਖੀ ਹੈ।ਪਰ ਫੌਰੀ ਲੋੜ ਹੈ ਕਿ ਇਸ ਪਾਸੇ ਵੱਲ ਇਕ ਦਮ ਕਦਮ ਪੁਟਿਆ ਜਾਵੇ। ਤਾਂ ਹੀ ਇਸ ਖਿੰਡਦੀ-ਪੁੰਡਦੀ, ਬੇਮੁਹਾਰਾ ਹੁੰਦੀ ਜਾ ਰਹੀ ਤੱਤ ਗੁਰਮਤਿ ਲਹਿਰ ਨੂੰ ਪੱਕੇ ਪੈਂਰੀ ਖੜਾ ਕਰਨ ਦਾ ਬਾਣਨੂੰ ਬੰਨ੍ਹਿਆ ਜਾ ਸਕੇਗਾ। ਆਸ ਹੈੇ ਤੱਤ ਗੁਰਮਤਿ ਲਹਿਰ ਨਾਲ ਸੰਬੰਧਿਤ ਸਾਰੇ ਪੰਥਦਰਦੀ ਇਸ ਨਿਸ਼ਕਾਮ ਅਪੀਲ ਨੂੰ ਸੁਹਿਰਦ ਹੂੰਗਾਰਾ ਦੇ ਕੇ ਅਗਲੀ ਕਾਰਵਾਈ ਲਈ ਅਪਣੇ ਕੀਮਤੀ ਸੁਝਾਵਾਂ ਸਮੇਤ ਜਲਦੀ ਹੇਠ ਲਿਖੇ ਪਤੇ ਤੇ ਸੰਪਰਕ ਕਰਨਗੇ :
TATT GURMAT PARIVAR
C/O FUTURE PACK HIGHER SECONDARY SCHOOL
NEAR AIRPORT, UPPER GADIGIRH, JAMMU (J&K)
ਸੰਪਰਕ : 09419126791, 09417440779, 09815971601
ਈ-ਮੇਲ : tatgurmat
@gmail.com