Subscription About Us Contact Us


ਖ਼ਬਰ-ਤਰਾਸ਼ੀ

- ਇੰਡੀਆ ਅਵੇਅਰਨੈੱਸ ਬਿਉਰੋ - 
 

ਸ਼੍ਰੋਮਣੀ ਅਕਾਲੀ ਦਲ ਵਿਰੁੱਧ ਕੇਸ ਦਾਇਰ

ਮਾਲਟਾ ਦੁਰਘਟਨਾ ਜਾਂਚ ਮਿਸ਼ਨ ਦੇ ਚੇਅਰਮੈਨ ਬਲਵੰਤ ਸਿੰਘ ਖੇੜਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਕੇਸ ਦਰਜ ਕਰਾਇਆ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਕ ਪਾਸੇ ਪਾਰਟੀ ਨੇ ਗੁਰਦੁਆਰਾ ਚੋਣ ਕਮਿਸ਼ਨ ਕੋਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਭਾਗ ਲੈਣ ਲਈ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਹਸਤਾਖ਼ਰਾਂ ਨਾਲ ਪੁਰਾਣਾ ਸੰਵਿਧਾਨ ਜਮ੍ਹਾਂ ਕਰਵਾਇਆ ਹੈ ਅਤੇ ਦੂਜੇ ਪਾਸੇ ਚੋਣ ਕਮਿਸ਼ਨ ਤੋਂ ਮਾਨਤਾ ਲੈਣ ਲਈ ਧਰਮ-ਨਿਰਪੱਖਤਾ ਦੇ ਅਸੂਲ ਦੀ ਪਾਲਣਾ ਕਰਨ ਦਾ ਹਲਫਨਾਮਾ ਦਿੱਤਾ। ਉਨ੍ਹਾਂ ਕਿਹਾ ਕਿ ਇਕੋ ਸਮੇਂ ਇਕ ਪਾਰਟੀ ਦੋ-ਦੋ ਸੰਵਿਧਾਨ ਕਿਵੇਂ ਪੇਸ਼ ਕਰ ਸਕਦੀ ਹੈ।

(ਪੰਜਾਬੀ ਟ੍ਰਿਬੀਊਨ, 21 ਫਰਵਰੀ 09)

ਜਦੋਂ ਅਕਾਲੀ ਦਲ ਸਿੱਖਾਂ ਦੀ ਪਾਰਟੀ ਦੀ ਬਜਾਏ ‘ਪੰਜਾਬੀ ਪਾਰਟੀ’ ਬਣ ਜਾਏ ਅਤੇ ਇਸਦਾ ਗੈਰ-ਰਸਮੀ ਨਾਮ ਵੀ ‘ਬਾਦਲ ਦਲ’ ਹੋ ਚੁੱਕਾ ਹੋਵੇ ਤਾਂ ਫਿਰ ਇਸ ਦੇ ਧਾਰਮਕ ਅਸੂਲਾਂ ਵਾਲੇ ਸੰਵਿਧਾਨ ਦੀ ਕੀ ਵੁੱਕਤ ਰਹਿ ਜਾਂਦੀ ਹੈ? ਬਾਦਲ ਦਲ ਦਾ ਅਸਲੀ ਸੰਵਿਧਾਨ ਤਾਂ ‘ਹਾਥੀ ਦੇ ਖਾਣ ਵਾਲੇ ਦੰਦ’ ਹਨ ਜਦਕਿ ਪੁਰਾਣਾ ਸੰਵਿਧਾਨ ‘ਵਿਖਾਉਣ ਵਾਲੇ ਦੰਦ’ ਹਨ।

ਬੜੂ ਸਾਹਿਬ ਦਾ ਸਮਾਗਮ ਵਿਵਾਦਾਂ ਦੇ ਘੇਰੇ ਵਿੱਚ

ਦਿੱਲੀ ਦੇ ਇਤਿਹਾਸਕ ਗੁ: ਰਕਾਬ ਗੰਜ ਸਾਹਿਬ ਵਿਖੇ ਬੜੂ ਸਾਹਿਬ ਵੱਲੋਂ ਕਰਵਾਏ ਜਾ ਰਹੇ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਤੋਂ ਪੰਥ-ਵਿਰੋਧੀ ਐਲਾਨੀ ਗਈ ਸੰਸਥਾ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਚਿਰੰਜੀਵ ਸਿੰਘ ਨੂੰ ਸਿਰੋਪਾ ਦਿੱਤੇ ਜਾਣ ’ਤੇ ਮਾਮਲੇ ਨੂੰ ਲੈ ਕੇ ਸਿੱਖਾਂ ਵਿੱਚ ਕਾਫੀ ਰੋਸ ਪਾਇਆ ਗਿਆ। ਦਿੱਲੀ ਕਮੇਟੀ ਵੱਲੋਂ ਸਮਾਗਮ ਦੇ ਪ੍ਰਬੰਧਕਾਂ ਦੀ ਜਵਾਬ-ਤਲਬੀ ਕੀਤੀ ਗਈ ਤਾਂ ਪ੍ਰਬੰਧਕਾਂ ਨੇ ਲਿਖਤੀ ਤੌਰ ’ਤੇ ਮੁਆਫੀ ਮੰਗੀ ਤੇ ਭਰੋਸਾ ਦਿਵਾਇਆ ਕਿ ਭਵਿੱਖ ’ਚ ਅਜਿਹੀ ਗਲਤੀ ਨਹੀਂ ਹੋਵੇਗੀ।

(ਰੋਜ਼ਾਨਾ ਸਪੋਕਸਮੈਨ, 23 ਫਰਵਰੀ 09)

ਸਿੱਖੀ ਦਾ ਬ੍ਰਾਹਮਣੀਕਰਨ ਕਰ ਰਹੇ ਡੇਰੇਦਾਰਾਂ ਨੇ ਆਪਣੀ ਜਿਹੀ ਮਾਨਸਿਕਤਾ ਦੇ ਲੋਕਾਂ ਨੂੰ ਸਿਰੋਪੇ ਦੇਣ ਲਈ ਥੋੜਾ ਜੋਖਿਮ ਤਾਂ ਚੁੱਕਣਾ ਹੀ ਹੁੰਦਾ ਹੈ। ਭਾਵੇਂ ਇਸਦੇ ਲਈ ਉਨ੍ਹਾਂ ਨੂੰ ਥੁੱਕ ਕੇ ਚੱਟਣਾ ਵੀ ਪਵੇ।

ਸ਼੍ਰੋਮਣੀ ਅਕਾਲੀ ਦਲ ਨੇ 16 ਲੱਖ ਬਜ਼ੁਰਗਾਂ ਨਾਲ ਠੱਗੀ ਮਾਰੀ

ਅਕਾਲੀ ਦਲ (ਬਾਦਲ) ਨੇ ਵੋਟਾਂ ਦੀ ਖ਼ਾਤਰ ਪੰਜਾਬ ਦੇ ਲਗਭਗ 16 ਲੱਖ ਬਜ਼ੁਰਗਾਂ, ਵਿਧਵਾਵਾਂ, ਨਿਆਸਰਾ ਇਸਤਰੀਆਂ, ਆਸ਼ਰਿਤ ਬੱਚਿਆਂ ਅਤੇ ਅਪੰਗ ਵਿਅਕਤੀਆਂ ਨਾਲ ਵੀ ਠੱਗੀ ਮਾਰੀ। ਅਕਾਲੀ ਦਲ ਨੇ ਚੋਣ ਮਨੋਰਥ-ਪੱਤਰ ’ਚ ਇਹ ਵਾਅਦਾ ਕੀਤਾ ਸੀ ਕਿ ਪੰਜਾਬ ’ਚ ਉਪਰੋਕਤ ਬਜ਼ੁਰਗ ਅਤੇ ਹੋਰ ਵਿਅਕਤੀ ਜੋ 250 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲੈ ਰਹੇ ਹਨ, ਸਰਕਾਰ ਬਣਨ ’ਤੇ ਉਨ੍ਹਾਂ ਦੀ ਪੈਨਸ਼ਨ ਵਧਾ ਕੇ 400 ਰੁਪਏ ਮਹੀਨਾ ਕੀਤੀ ਜਾਵੇਗੀ। ਪਿਛਲੇ ਦੋ ਸਾਲਾਂ ’ਚ ਇਨ੍ਹਾਂ ਦੀ ਪੈਨਸ਼ਨ ’ਚ ਵਾਧਾ ਕਰਨ ਦਾ ਮਾਮਲਾ ਮੁੱਖ ਮੰਤਰੀ ਸਾਹਮਣੇ ਦੋ ਵਾਰ ਲਿਆਂਦਾ ਗਿਆ ਪਰ ਦੋਵੇਂ ਵਾਰ ਪੈਨਸ਼ਨ ’ਚ ਵਾਧਾ ਕਰਨ ਦੀ ਬਜਾਏ ਉਨ੍ਹਾਂ ਇਹ ਕੇਸ ਰੱਦ ਕਰ ਦਿੱਤਾ ਅਤੇ 250 ਰੁਪਏ ਮਹੀਨਾ ਪੈਨਸ਼ਨ ਜਾਰੀ ਰੱਖਣ ਲਈ ਕਿਹਾ।

(ਰੋਜ਼ਾਨਾ ਸਪੋਕਸਮੈਨ, 24 ਫਰਵਰੀ 09)

ਸਿਰਫ਼ ਬਜ਼ੁਰਗਾਂ ਨਾਲ ਹੀ ਨਹੀਂ, ਬਾਦਲ ਦਲ ਨੇ ‘4 ਰੁਪਏ ਕਿਲੋ ਆਟਾ, 20 ਰੁਪਏ ਕਿਲੋ ਦਾਲ’ ਦਾ ਲਾਰਾ ਲਗਾ ਕੇ ਪੰਜਾਬ ਦੇ ਸਮੂਹ ਵਸਨੀਕਾਂ ਨਾਲ ਹੀ ਠੱਗੀ ਮਾਰੀ ਸੀ।

ਪੰਜਾਬ ਦੀ ਸਨਅਤ ਤਬਾਹੀ ਕੰਢੇ ਪੁੱਜੀ

ਆਪਣੀਆਂ ਕੁਰਸੀਆਂ ਨੂੰ ਬਚਾਉਣ ਦੀ ਦੌੜ ਵਿੱਚ ਪੰਜਾਬ ਦੇ ਸਿਆਸਤਦਾਨਾਂ ਦੀਆਂ ਲੋਕ-ਮਾਰੂ ਨੀਤੀਆਂ ਕਾਰਨ ਪੈਦਾ ਹੋਇਆ ਬਿਜਲੀ ਸੰਕਟ ਸਚਮੁਚ ਇਕ ਵੱਡੀ ਚੁਨੌਤੀ ਬਣ ਕੇ ਸਾਹਮਣੇ ਆਇਆ ਹੈ, ਜਿਸ ਕਾਰਨ ਉਦਯੋਗਿਕ ਇਕਾਈਆਂ ’ਤੇ ਉਜਾੜੇ ਦੀ ਤਲਵਾਰ ਲਟਕੀ ਹੋਈ ਹੈ। ਪੰਜਾਬ ਵਿੱਚ 1970-80 ਦੇ ਦਹਾਕੇ ਵਿੱਚ ਪੈਦਾ ਹੋਏ ਬਿਜਲੀ ਸੰਕਟ ਨੂੰ ਸਮੇਂ ਦੀਆਂ ਸਰਕਾਰਾਂ ਨੇ ਆਪਣੇ ਸਾਲਾਨਾ ਬਜਟ ’ਚੋਂ ਵਿਸ਼ੇਸ਼ ਹਿੱਸਾ ਰੱਖ ਕੇ ਕਾਬੂ ਕੀਤਾ। ਇਸ ਸਮੇਂ ਬਿਜਲੀ ਸਸਤੀ ਅਤੇ ਅਸਾਨੀ ਨਾਲ ਮਿਲਣ ਕਰਕੇ ਸਨਅਤ ਦੀ ਫੇਰੀ ਨੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ’ਤੇ ਪਾ ਦਿੱਤਾ। ਪਰ ਸਿਆਸਤਦਾਨਾਂ ਦੀਆਂ ਗਲਤ ਨੀਤੀਆਂ ਸਦਕਾ 1990 ਦੇ ਦਹਾਕੇ ਤੋਂ ਬਾਅਦ ਸਰਕਾਰਾਂ ਨੇ ਉਹੀ ਪੈਸਾ ਮੁਫਤ ਬਿਜਲੀ ਉੱਤੇ ਲਗਾ ਦਿੱਤਾ। ਇਸ ਸੰਕਟ ਦਾ ਸ਼ਿਕਾਰ ਹੋਈਆਂ ਸਨਅਤੀ ਇਕਾਈਆਂ ਬਿਜਲੀ ਬੋਰਡ ਨੂੰ ਵਾਧੂ ਮੁੱਲ ਦੇ ਕੇ ਮਹਿੰਗੀ ਬਿਜਲੀ ‘ਪੀਕ ਲੋਡ ਆਵਰਜ਼ ਸਕੀਮ’ ਤਹਿਤ ਆਪਣਾ ਡੰਗ ਸਾਰਨ ਲੱਗੇ ਪਰ ਇਹ ਇਜਾਜ਼ਤ ਵੀ ਇਸ ਸਾਲ ਅਪ੍ਰੈਲ ਵਿੱਚ ਖ਼ਤਮ ਹੋਣ ਜਾ ਰਹੀ ਹੈ, ਜਿਸ ਕਾਰਨ ਪੰਜਾਬ ਦੀਆਂ ਸਨਅਤਾਂ ਬੰਦ ਹੋਣ ਕਿਨਾਰੇ ਹਨ।

(ਰੋਜ਼ਾਨਾ ਸਪੋਕਸਮੈਨ, 27 ਫਰਵਰੀ 09)

‘ਅੱਗਾ ਦੌੜ ਤੇ ਪਿੱਛਾ ਚੌੜ’ ਦੀ ਨੀਤੀ ਅਪਣਾਉਣ ਵਾਲਿਆਂ ਦੇ ਰਾਜ ਵਿੱਚ ਲਾਚਾਰ ਪੰਜਾਬੀਆਂ ਦਾ ਹਸ਼ਰ ਹੋਰ ਹੋ ਵੀ ਕੀ ਸਕਦਾ ਹੈ?

ਸੌਦਾ ਸਾਧ ਦਾ ਪੁੱਤ ਪੁਲਿਸ ਕੁੜਿੱਕੀ ’ਚ

ਆਪਣੇ ਡੇਰੇ ਦੀਆਂ ਸਾਧਵੀਆਂ ਨਾਲ ਬਲਾਤਕਾਰਾਂ ਅਤੇ ਕਤਲਾਂ ਦੇ ਦੋਸ਼ ’ਚ ਘਿਰੇ ਸੌਦਾ ਸਾਧ ਦੇ ਗਲ ਇਕ ਹੋਰ ਮੁਸੀਬਤ ਪੈ ਗਈ ਹੈ। ਪ੍ਰੇਮੀਆਂ ਨੂੰ ‘ਮੁਕਤੀ’ ਦਾ ਰਾਹ ਦਿਖਾਉਣ ਵਾਲੇ ਸੌਦਾ ਸਾਧ ਦਾ ਲੜਕਾ ਜਸਮੀਤ ਦਿੱਲੀ ਵਿਖੇ ਧੋਖਾਧੜੀ ਦੇ ਮਾਮਲੇ ’ਚ ਫਸ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੌਦਾ ਡੇਰੇ ਦੇ ਪਹਿਲੇ ਮੁਖੀ ਸ਼ਾਹ ਸਤਨਾਮ ਸਿੰਘ ਦੇ ਦੋਹਤੇ ਲਾਭ ਸਿੰਘ, ਅਵਤਾਰ ਸਿੰਘ ਤੇ ਗੁਰਚੇਤ ਸਿੰਘ ਅਤੇ ਪੋਤੇ ਭੁਪਿੰਦਰ ਸਿੰਘ ਨਾਲ ਮਿਲ ਕੇ ਜਸਮੀਤ ਸਿੰਘ ਨੇ ‘ਸੱਚ ਐਗਰੋ ਆਇਲ ਫੂਡ ਪ੍ਰੋਡਕਸ਼ਨ ਕੰਪਨੀ’ ਦੇ ਨਾਂ ਹੇਠ ਸੋਨੀਪਤ ਨੇੜੇ ਸਵਾ ਅੱਠ ਏਕੜ ਜ਼ਮੀਨ 2 ਕਰੋੜ ਰੁਪਏ ਵਿੱਚ ਖਰੀਦੀ ਸੀ। ਜਦੋਂ ਇਸ ਜ਼ਮੀਨ ਦੀ ਕੀਮਤ 20 ਕਰੋੜ ਦੇ ਨੇੜੇ ਪਹੁੰਚ ਗਈ ਤਾਂ ਜਸਮੀਤ ਸਿੰਘ ਨੇ ਉਕਤ ਚਾਰ ਵਿਅਕਤੀਆਂ ਦੇ, ਕੰਪਨੀ ਦੇ ਡਾਇਰੈਕਟਰਾਂ ਵਜੋਂ ਅਸਤੀਫਿਆਂ ’ਤੇ ਖ਼ੁਦ ਹੀ ਦਸਤਖ਼ਤ ਕਰ ਲਏ ਅਤੇ ਆਪਣੇ ਚਹੇਤੇ ਨਵੇਂ ਡਾਇਰੈਕਟਰ ਰੱਖ ਲਏ। ਜ਼ਮੀਨ ਖਰੀਦਣ ਵੇਲੇ ਮਹਿਜ਼ 50 ਹਜ਼ਾਰ ਰੁਪਏ ਆਪਣੇ ਹਿੱਸੇ ਦੇ ਪਾਉਣ ਵਾਲੇ ਸਾਧ ਦੇ ਲੜਕੇ ਨੇ ਕਥਿਤ ਤੌਰ ’ਤੇ ਕਰੋੜਾਂ ਰੁਪਏ ਦੀ ਜ਼ਮੀਨ ਧੋਖਾਧੜੀ ਨਾਲ ਹੜੱਪ ਲਈ।

(ਰੋਜ਼ਾਨਾ ਸਪੋਕਸਮੈਨ, 7 ਮਾਰਚ 09)

ਸੌਦਾ ਸਾਧ ਦੇ ਪੁੱਤਰ ਦੀ ਕਰਤੂਤ ਸਾਹਮਣੇ ਆਉਣ ਵਿੱਚ ਹੈਰਾਨੀ ਦੀ ਗੱਲ ਕਿਹੜੀ ਹੈ? ਪੁੱਤਰ ਨੇ ਵੀ ਤਾਂ ਆਪਣੇ ਪਿਉ ਦੇ ਨਕਸ਼ੇ-ਕਦਮਾਂ ’ਤੇ ਹੀ ਤਾਂ ਚੱਲਣਾ ਸੀ ਨਾ? ਅਖੀਰ, ਖਰਬੂਜੇ ਨੂੰ ਵੇਖ ਕੇ ਹੀ ਤਾਂ ਖਰਬੂਜਾ ਰੰਗ ਬਦਲਦਾ ਹੈ !!

ਕਣਕ ਸਰਕਾਰ ਦੇ ਗਲੇ ਦੀ ਹੱਡੀ ਬਣੀ

ਪੰਜਾਬ ਦੇ ਗੁਦਾਮਾਂ ਵਿੱਚੋਂ ਕਣਕ ਦੀ ਨਿਕਾਸੀ ਨਾ ਹੋਣ ਕਾਰਨ ਜਿਥੇ ਥਾਂ ਦੀ ਘਾਟ ਸਰਕਾਰ ਵੱਲੋਂ ਪੰਜਾਬ ਨੂੰ ਲੋੜ ਮੁਤਾਬਕ ਪੂਰਾ ਬਾਰਦਾਨਾ ਸਪਲਾਈ ਕਰਨ ਦੇ ਕਾਰਨ ਨਵੀਂ ਕਣਕ ਦੇ ਮੰਡੀਆਂ ਵਿੱਚ ਰੁਲਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਪੰਜਾਬ ਅੰਦਰ ਇਸ ਮੌਕੇ 50 ਲੱਖ ਟਨ ਤੋਂ ਵੀ ਵੱਧ ਕਣਕ ਖੁੱਲੇ ਅਸਮਾਨ ਹੇਠ ਪਲਿੰਥਾਂ ਅਤੇ ਕਵਰਡ ਗੁਦਾਮਾਂ ਦੇ ਭੰਡਾਰ ਵਿੱਚ ਪਈ ਹੈ ਜਦਕਿ ਇਸ ਸਾਲ 117 ਲੱਖ ਟਨ ਦੇ ਆਸਪਾਸ ਕਣਕ ਦੀ ਖਰੀਦ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਪੰਜਾਬ ਅੰਦਰ ਨਵੀਂ ਕਣਕ ਨੂੰ ਭੰਡਾਰ ਕਰਨ ਲਈ 50 ਲੱਖ ਟਨ ਭੰਡਾਰਨ ਸਮਰੱਥਾ ਦੀ ਹੋਰ ਲੋੜ ਹੈ। ਸਰਕਾਰ ਵੱਲੋਂ ਥਾਂ ਦੀ ਘਾਟ ਨੂੰ ਸਾਹਮਣੇ ਰੱਖਦੇ ਹੋਏ ਸੂਬੇ ਅੰਦਰ ਨਵੇਂ ਕਵਰਡ ਗੁਦਾਮ ਅਤੇ ਪਲਿੰਥਾਂ ਬਣਾਉਣ ਲਈ ਟੈਂਡਰ ਮੰਗੇ ਗਏ ਸਨ ਪਰ ਸਰਕਾਰ ਨੂੰ ਸਿਰਫ਼ 23 ਲੱਖ ਟਨ ਦੀ ਸਮਰੱਥਾ ਵਾਲੇ ਗੁਦਾਮ ਬਣਾਉਣ ਦੀਆਂ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ।

(ਰੋਜ਼ਾਨਾ ਸਪੋਕਸਮੈਨ, 8 ਮਾਰਚ 09)

ਪੰਜਾਬ ਦੀ ਤਰੱਕੀ ਕਰਵਾਉਣ ਦੀਆਂ ਬੜ੍ਹਕਾਂ ਮਾਰਨ ਵਾਲੇ ਸਿਆਸਤਦਾਨ ਜੇਕਰ ਇਥੋਂ ਦੇ ਕਿਸਾਨਾਂ ਦੀ ਫਸਲ ਦੀ ਸੰਭਾਲ ਦਾ ਇੰਤਜਾਮ ਵੀ ਨਹੀਂ ਕਰ ਸਕਦੇ, ਤਾਂ ਉਨ੍ਹਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ?

ਪੰਜਾਬ ਦੇ ਪੌਣੇ ਦੋ ਲੱਖ ਬੱਚੇ ਅਜੇ ਵੀ ਮੁਢਲੀ ਪੜ੍ਹਾਈ ਤੋਂ ਵਾਂਝੇ

ਪੰਜਾਬ ਨੂੰ ਭਾਵੇਂ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਗਰਦਾਨਿਆ ਜਾ ਚੁੱਕਾ ਹੈ ਪਰ ਅਸਲੀਅਤ ਇਹ ਹੈ ਕਿ ਪੰਜਾਬ ਦੇ ਪੌਣੇ ਦੋ ਲੱਖ ਤੋਂ ਵੱਧ ਬੱਚਿਆਂ ਨੂੰ ਸਕੂਲ ਜਾਣਾ ਨਸੀਬ ਨਹੀਂ ਹੋ ਰਿਹਾ ਹੈ। ਛੇ ਤੋਂ ਅੱਠ ਸਾਲਾਂ ਦੇ ਪੰਜਾਹ ਹਜ਼ਾਰ ਤੋਂ ਵੱਧ ਅਤੇ 14 ਸਾਲ ਦੇ ਸਵਾ ਲੱਖ ਬੱਚੇ ਅਜੇ ਵੀ ਸਕੂਲਾਂ ਦਾ ਰਾਹ ਨਹੀਂ ਜਾਣਦੇ। ਇਹ ਜਾਣਕਾਰੀ ਸਰਬ-ਸਿੱਖਿਆ ਅਭਿਆਨ ਅਥਾਰਟੀ ਪੰਜਾਬ ਵੱਲੋਂ ਕਰਵਾਏ ਇਕ ਸਰਵੇ ਤੋਂ ਮਿਲੀ ਹੈ। ਸਰਵੇ ਵਿੱਚ ਦੱਸਿਆ ਗਿਆ ਹੈ ਕਿ ਅੱਜ ਵੀ ਛੇ ਤੋਂ ਅੱਠ ਸਾਲ ਦੀਆਂ 23959 ਬੱਚੀਆਂ ਅਤੇ 26053 ਲੜਕੇ ਸਕੂਲਾਂ ’ਚ ਪੜ੍ਹਨ ਨਹੀਂ ਜਾ ਰਹੇ। ਅੱਠ ਤੋਂ 14 ਸਾਲ ਦੀਆਂ 86585 ਲੜਕੀਆਂ ਅਤੇ 63077 ਲੜਕਿਆਂ ਦਾ ਸਕੂਲਾਂ ’ਚ ਨਾਂ ਦਰਜ ਨਹੀਂ ਹੋ ਸਕਿਆ।

(ਰੋਜ਼ਾਨਾ ਅਜੀਤ, 14 ਮਾਰਚ 09)

ਜੇਕਰ ਦੇਸ਼ ਦਾ ਨੰਬਰ 1 ਸੂਬਾ ਕਹਿਲਾਉਣ ਵਾਲੇ ਖੇਤਰ ਵਿੱਚ ਏਨੀ ਭੁਖਮਰੀ ਅਤੇ ਗਰੀਬੀ ਫੈਲੀ ਹੋਈ ਹੈ ਕਿ ਲੋਕ ਬੱਚਿਆਂ ਨੂੰ ਸਰਕਾਰੀ ਸਕੂਲਾਂ ਤੱਕ ਭੇਜਣ ਦੇ ਵੀ ਸਮਰੱਥ ਨਹੀਂ, ਤਾਂ ਅਜਿਹੇ ਸੂਬੇ ਦੇ ਲੋਕਾਂ ਦਾ ਭਵਿੱਖ ਕੀ ਹੋ ਸਕਦਾ ਹੈ?

ਸੌਦਾ ਸਾਧ ’ਤੇ ਬਲਾਤਕਾਰ ਦੇ ਦੋਸ਼

ਡੇਰਾ ਮੁਖੀ ਵਿਰੁੱਧ ਬਲਾਤਕਾਰ ਦੇ ਦਰਜ ਕੇਸ ਦੀ ਸੁਣਵਾਈ ਅੰਬਾਲਾ ਵਿਖੇ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਸ੍ਰੀ ਏ.ਕੇ. ਵਰਮਾ ਦੀ ਅਦਾਲਤ ’ਚ ਮ੍ਰਿਤਕ ਰਣਜੀਤ ਸਿੰਘ ਦੀ ਭੈਣ ਤੇ ਸਾਬਕਾ ਸਾਧਵੀ ਸਰਜੀਵਨ ਨੇ ਸੀ.ਬੀ.ਆਈ. ਵਕੀਲਾਂ ਦੀ ਮੌਜੂਦਗੀ ’ਚ ਜੱਜ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ ਹਨ। ਅੰਬਾਲਾ ਜ਼ਿਲੇ ਦੇ ਪਿੰਡ ਜੌਲੀ ਦੀ ਰਹਿਣ ਵਾਲੀ ਸਰਜੀਵਨ ਨੇ ਅਦਾਲਤ ’ਚ ਸੌਦਾ ਸਾਧ ਨੂੰ ਪਛਾਣਦਿਆਂ ਉਸ ਉੱਪਰ ਆਪਣੇ ਵੱਲੋਂ ਲਗਾਏ ਗਏ ਬਲਾਤਕਾਰ ਦੇ ਦੋਸ਼ਾਂ ਦੀ ਪੁਸ਼ਟੀ ਕਰਦਿਆਂ ਵਿਸਥਾਰ ’ਚ ਦੱਸਿਆ ਕਿ ਉਹ ਕਿਵੇਂ ਸਾਧਵੀ ਬਣੀ ਅਤੇ ਕਿਵੇਂ ਸੌਦਾ ਸਾਧ ਨੇ ਉਸ ਨਾਲ 28 ਅਤੇ 29 ਅਗਸਤ 1999 ਦੀ ਦਰਮਿਆਨੀ ਰਾਤ ਨੂੰ ਪਹਿਲੀ ਵਾਰ ਆਪਣੀ ਗੁਫਾ ’ਚ ਬੁਲਾ ਕੇ ਬਲਾਤਕਾਰ ਕੀਤਾ।

(ਰੋਜ਼ਾਨਾ ਸਪੋਕਸਮੈਨ, 15 ਮਾਰਚ 09)

ਚਲੋ, ਦੋ ਸਾਲ ਰੌਲਾ-ਰੱਪਾ ਪਾ ਕੇ ਅਤੇ ਤਿੰਨ ਨਿਰਦੋਸ਼ ਨੌਜੁਆਨਾਂ ਨੂੰ ਮਰਵਾ ਕੇ ਏਨੀ ਕੁ ਪ੍ਰਾਪਤੀ ਤਾਂ ਹੋ ਗਈ ਕਿ ਸੌਦਾ ਸਾਧ ’ਤੇ ਦੋਸ਼ ਆਇਦ ਹੋ ਗਏ ਹਨ। ਪਰ ਹੁਣ ਉਸਨੂੰ ਸਜ਼ਾ ਦਿਵਾਉਣ ਲਈ ਕਿਹੜਾ ਮੁੱਲ ਤਾਰਨਾ ਪਵੇਗਾ?

ਜੇਲ੍ਹ ’ਚ ਬੰਦ ਸਿੱਖਾਂ ਨੂੰ ਇਸਲਾਮ ਅਪਣਾਉਣ ’ਤੇ ਮਦਦ ਦੀ ਪੇਸ਼ਕਸ਼

1990 ਵਿੱਚ ਹੋਏ ਇਕ ਕਤਲ ਦੇ ਮਾਮਲੇ ਵਿੱਚ ਸਜ਼ਾਂਯਾਫਤਾ ਮਹਾਰਾਸ਼ਟਰ ਵਿੱਚ ਕੋਲਹਾਪੁਰ ਦੀ ਕਲਾਂਬਾ ਜੇਲ੍ਹ ਵਿੱਚ ਬੰਦ ਤਿੰਨ ਕਥਿਤ ਸਿੱਖਾਂ ਨੂੰ ਜੇਲ੍ਹ ਦੇ ਅੰਦਰ ਹੀ ਬੰਦ ਦਾਊਦ ਇਬਰਾਹਿਮ ਦੇ ਕਥਿਤ ਸਾਥੀਆਂ ਵੱਲੋਂ ਇਸਲਾਮ ਧਰਮ ਅਪਨਾਉਣ ’ਤੇ ਮਾਲੀ ਅਤੇ ਕਾਨੂੰਨੀ ਮਦਦ ਦੀ ਪੇਸ਼ਕਸ਼ ਕੀਤੀ ਗਈ ਹੈ। ਦਾਊਦ ਦੇ ਬੰਦਿਆਂ ਨੇ ਉਕਤ ਸਿੱਖਾਂ ਨੂੰ ਉਨ੍ਹਾਂ ਦੀ ਇਹ ਸ਼ਰਤ ਮੰਨਣ ’ਤੇ ਜੇਲ੍ਹ ਵਿੱਚ ਰਹਿੰਦਿਆਂ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ ਅਤੇ ਉਨ੍ਹਾਂ ਨੂੰ ਜੇਲ੍ਹ ਵਿੱਚੋਂ ਛੁਡਵਾਉਣ ਦਾ ਭਰੋਸਾ ਦਿੱਤਾ ਹੈ। ਇਨ੍ਹਾਂ ਕੈਦੀਆਂ ਨੇ ਇਸ ਪੇਸ਼ਕਸ਼ ਦਾ ਬੁਰਾ ਮਨਾਉਂਦਿਆਂ ਇਸ ਬਾਰੇ ਨੇੜਲੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਪੱਤਰ ਲਿਖੇ ਹਨ।

(ਰੋਜ਼ਾਨਾ ਅਜੀਤ, 17 ਮਾਰਚ 09)

ਮੁਸਲਮਾਨ ਤਾਂ ਜੇਲ੍ਹਾਂ ਵਿੱਚ ਵੀ ਆਪਣੇ ਧਰਮ ਨੂੰ ਫੈਲਾਉਣ ਲਈ ਸਰਗਰਮ ਹਨ ਪਰ ਸਿੱਖਾਂ ਨੂੰ ਕਦੋਂ ਅਕਲ ਆਏਗੀ ਜਿਹੜੇ ਸਾਰਾ ਪੈਸਾ ਸਿਰਫ਼ ਲੰਗਰਾਂ, ਸੰਗਮਰਮਰ ਅਤੇ ਜਲੂਸਾਂ ’ਤੇ ਹੀ ਖਰਚ ਦਿੰਦੇ ਹਨ?

ਪਾਕਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਨੇ ਗੁਰਧਾਮਾਂ ’ਚ ਸ਼ਰਨ ਲਈ

ਪਾਕਿਸਤਾਨ ਅੰਦਰ ਤਾਲਿਬਾਨ ਦੇ ਕਬਜ਼ੇ ਹੇਠਲੇ ਇਲਾਕੇ ਸਵਾਤ ਘਾਟੀ, ਬਾਜੌੜਾ ਏਜੰਸੀ, ਮੈਗੋਰਾ ਆਦਿ ਕਸਬਿਆਂ ਦੇ ਨਜ਼ਦੀਕ ਰਹਿਣ ਵਾਲੇ 300 ਦੇ ਕਰੀਬ ਸਿੱਖ ਅਤੇ ਹਿੰਦੂ ਪਰਵਾਰਾਂ ਨੇ ਆਪਣੇ ਆਪ ਨੂੰ ਤਾਲਿਬਾਨ ਤੋਂ ਬਚਾਉਣ ਲਈ ਪਾਕਿਸਤਾਨ ਸਥਿਤ ਸਿੱਖ ਗੁਰਧਾਮਾਂ ਗੁਰਦੁਆਰਾ ਪੰਜਾ ਸਾਹਿਬ, ਹਸਨ ਅਬਦਾਲ, ਰਾਵਲਪਿੰਡੀ, ਨਨਕਾਣਾ ਸਾਹਿਬ ਤੇ ਗੁ: ਭਾਈ ਜੋਗਾ ਸਿੰਘ ਪੇਸ਼ਾਵਰ ਸੂਬਾ ਸਿੰਧ ਵਿਖੇ ਆ ਕੇ ਸ਼ਰਨ ਲੈ ਲਈ ਹੈ। ਇਨ੍ਹਾਂ ਸਿੱਖ-ਹਿੰਦੂ ਪਰਵਾਰਾਂ ਦੀ ਮਦਦ ਮੁਸਲਮਾਨ ਭਾਈਚਾਰੇ ਦੇ ਚੰਗੇ ਲੋਕ ਕਰ ਰਹੇ ਹਨ।

(ਰੋਜ਼ਾਨਾ ਅਜੀਤ, 18 ਮਾਰਚ 09)

ਨਵੰਬਰ 84 ਵਿੱਚ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਗੰਗੂਕਿਆਂ ਨੇ ਸੈਂਕੜੇ ਗੁਰਧਾਮਾਂ ਦੀ ਸਾੜ-ਫੂਕ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ। ਹੁਣ ਇਹ ਲੋਕ ਪਾਕਿਸਤਾਨ ਵਿੱਚ ਆਪਣੀ ‘ਬਹਾਦਰੀ’ ਦਿਖਾਉਣ ਦੀ ਬਜਾਏ ਗੁਰੂਘਰਾਂ ਵਿੱਚ ਸ਼ਰਨ ਕਿਉਂ ਲੈ ਰਹੇ ਹਨ?

ਗੁਰਦੁਆਰੇ ਦੀ ਇਮਾਰਤ ਸੇਲ ’ਤੇ

ਕੈਨੇਡਾ ਦੇ ਸ਼ਹਿਰ ਸਰੀ ਦੀ ਇਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰੇ ਦੀ ਇਮਾਰਤ ਨੂੰ ਇਕ ਆਮ ਪ੍ਰਾਪਰਟੀ ਵਾਂਗ ਸੇਲ ’ਤੇ ਲਾ ਦਿੱਤਾ ਹੈ। ਦੋ ਸਾਲ ਪਹਿਲਾਂ ਪੂਰੇ ਜੋਸ਼ੋ-ਖਰੋਸ਼ ਨਾਲ ਬਣਾਏ ਗਏ ‘ਦੁਖ ਨਿਵਾਰਨ ਸਾਹਿਬ’ ਨਾਂ ਦੇ ਇਸ ਗੁਰਦੁਆਰੇ ਦਾ ਉਦਘਾਟਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜੱਥੇਦਾਰ ਗਿ: ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਕੀਤਾ ਗਿਆ ਸੀ। ਗੁਰਦੁਆਰੇ ਦੇ ਡਿਵੈਲਪਰ ਅਨੂਪ ਸਿੰਘ ਲੱਡੂ ਹੋਰਾਂ ਦਾ ਕਹਿਣਾ ਹੈ ਕਿ ਉਹ ਗੁਰਦੁਆਰੇ ਦੀ ਇਮਾਰਤ ਇਸ ਕਰਕੇ ਵੇਚ ਰਹੇ ਹਨ ਕਿਉਂਕਿ ਗੁਰਦੁਆਰੇ ਦਾ ਖਰਚਾ ਪੂਰਾ ਨਹੀਂ ਹੋ ਰਿਹਾ।

(ਪੰਜਾਬੀ ਟ੍ਰਿਬੀਊਨ, 20 ਮਾਰਚ 09)

ਗੁਰਦੁਆਰੇ ਕੋਈ ਧਰਮ-ਪ੍ਰਚਾਰ ਵਾਸਤੇ ਥੋੜੀ ਨਾ ਖੋਲ੍ਹੇ ਜਾਂਦੇ ਹਨ - ਇਹ ਤਾਂ ਪ੍ਰਬੰਧਕਾਂ ਦੀ ਕਮਾਈ ਦਾ ਸਾਧਨ ਬਣ ਗਏ ਹਨ। ਇਸਲਈ ਜਿਹੜੇ ਗੁਰੂ ਘਰ ਤੋਂ ਕਮਾਈ ਨਹੀਂ, ਉਸਨੂੰ ‘ਸੇਲ’ ਕਰਕੇ ਹੀ ਤਾਂ ਘਾਟੇ ਦੀ ਪੂਰਤੀ ਕੀਤੀ ਜਾ ਸਕਦੀ ਹੈ!!