Subscription About Us Contact Us


ਜਦੋਂ ਅਮਰੀਕੀ ਪ੍ਰਸ਼ਾਸਨ ਨੇ ਸ਼ਰੇਆਮ ਇਕ ਮਾਸੂਮ ਸਿੱਖ ‘ਤੇ ਗੈਰ-ਮਨੁੱਖੀ ਜ਼ੁਲਮ ਢਾਹੇ

ਯੂਨਾਈਟਿਡ ਸਿੱਖ ਕੌਂਸਲ ਵੱਲੋਂ ਨਿਰਵੈਰ ਸਿੰਘ ਦਾ ਮਾਮਲਾ ਅਦਾਲਤ ਵਿੱਚ ਲਿਜਾਉਣ ਦਾ ਫੈਸਲਾ

- ਸਵਰਣ ਸਿੰਘ - 
 

ਵਿਦੇਸ਼ਾਂ ਵਿੱਚ ਸਿੱਖਾਂ ਨਾਲ ਨਸਲੀ ਵਿਤਕਰੇ ਦੀਆਂ ਕਈ ਘਟਨਾਵਾਂ ਥੋੜ-ਚਿਰੀ ਚਰਚਾ ਦਾ ਵਿਸ਼ਾ ਬਣਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਘਟਨਾਵਾਂ ਉਹ ਹੁੰਦੀਆਂ ਹਨ ਜਿਨ੍ਹਾਂ ਵਿੱਚ ਵਿਦੇਸ਼ੀ ਨਾਗਰਿਕਾਂ ਵੱਲੋਂ ਉੱਥੇ ਵਸੇ ਜਾਂ ਕਾਰਜਰਤ ਸਿੱਖਾਂ ਨੂੰ ਮੁਸਲਮਾਨ ਸਮਝ ਕੇ, ਉਨ੍ਹਾਂ ਪ੍ਰਤੀ ਅੰਜਾਮ ਦਿੱਤੀਆਂ ਗਈਆਂ ਹਿੰਸਕ ਕਾਰਵਾਈਆਂ ਦਿੰਦੇ ਹਨ। ਪਰ ਕਈ ਵਾਰ ਇਨ੍ਹਾਂ ਦੇਸ਼ਾਂ ਦੀ ਪੁਲਿਸ ਤੇ ਹੋਰ ਸੁਰੱਖਿਆ ਬਲ ਵੀ ਸਿੱਖਾਂ ਦੇ ਸਿਰਫ਼ ਸਰੂਪ ਕਾਰਨ ਹੀ ਉਨ੍ਹਾਂ ਪ੍ਰਤੀ ਬੜਾ ਮਾੜਾ ਵਤੀਰਾ ਅਪਣਾ ਲੈਂਦੇ ਹਨ। ਇਸ ਰੁਝਾਨ ਦੀ ਇਕ ਮਿਸਾਲ ਦਿੱਲੀ ਦੇ ਇਕ ਸਿੱਖ ਨੌਜੁਆਨ ’ਤੇ ਅਮਰੀਕਾ ਦੇ ਫਲੋਰੀਡਾ ਸੂਬੇ ਦੀ ਸੁਰੱਖਿਆ ਏਜੰਸੀਆਂ ਵੱਲੋਂ ਕੀਤੇ ਗਏ ਤਸ਼ੱਦਦ ਦੀ ਘਟਨਾ ਤੋਂ ਮਿਲਦੀ ਹੈ। ਨਿਰਵੈਰ ਸਿੰਘ ਨਾਂ ਦੇ ਇਸ ਨੌਜੁਆਨ ਨੂੰ ਅਰਲਾਂਡੋ ਸ਼ਹਿਰ ਦੀ ਪੁਲਿਸ ਨੇ ਸਿਰਫ਼ ਉਸਦੇ ਸਿੱਖੀ ਸਰੂਪ ਕਾਰਨ ਅੱਤਵਾਦੀ ਮਿੱਥ ਕੇ, ਉਸ ਵਿਰੁੱਧ ਕਮਾਂਡੋ ਹਮਲੇ ਦੀ ਪੱਧਰ ਦੀ ਕਾਰਵਾਈ ਅਰੰਭ ਕਰ ਦਿੱਤੀ। ਇਹੀ ਨਹੀਂ, ਪੁਲਿਸਕਰਮੀਆਂ ਨੇ ਉਸ ਨੌਜੁਆਨ ਨੂੰ ਸ਼ਰੇਆਮ ਸ਼ਿਕਾਰੀ ਕੁੱਤਿਆਂ ਤੋਂ ਕਟਵਾਇਆ। ਹਸਪਤਾਲ ਵਿੱਚ ਵੀ ਉਸ ਦਾ ਇਲਾਜ ਨਹੀਂ ਕੀਤਾ ਗਿਆ ਬਲਕਿ ਕੈਦੀਆਂ ਵਾਂਗ ਹੀ ਤਸੀਹੇ ਦਿੱਤੇ ਗਏ। ਇਸ ਖੌਫਨਾਕ ਘਟਨਾਕ੍ਰਮ ਦਾ ਇਸ ਮਾਸੂਮ ਨੌਜੁਆਨ ’ਤੇ ਏਨਾ ਮਾੜਾ ਅਸਰ ਪਿਆ ਕਿ ਤਕਰੀਬਨ ਡੇਢ ਸਾਲ ਤੱਕ ਮਾਨਸਿਕ ਪੀੜਾ (ਦਕਬਗਕਤਤਜਰਅ) ਦਾ ਸ਼ਿਕਾਰ ਰਿਹਾ ਤੇ ਆਪਣੀ ਆਪ-ਬੀਤੀ ਨੂੰ ਵੀ ਸਿਲਸਿਲੇਵਾਰ ਬਿਆਨ ਕਰ ਸਕਣ ਦੇ ਕਾਬਿਲ ਵੀ ਨਹੀਂ ਰਿਹਾ। ਦਿੱਲੀ ਦੇ ਇਕ ਮਨੋਚਿਕਿਤਸਕ ਵੱਲੋਂ ਉਸਦਾ ਲਗਾਤਾਰ ਇਲਾਜ ਕੀਤੇ ਜਾਣ ਉਪਰੰਤ ਹੁਣ ਨਿਰਵੈਰ ਸਿੰਘ ਦੀ ਮਾਨਸਿਕ ਹਾਲਤ ਕਾਫੀ ਠੀਕ ਹੈ। ਹੁਣ ਉਹ ਆਪਣੇ ਨਾਲ ਹੋਏ ਇਸ ਖੌਫਨਾਕ ਘਟਨਾਕ੍ਰਮ ਬਾਰੇ ਨਾ ਸਿਰਫ਼ ਸਟੀਕ ਜਾਣਕਾਰੀ ਦੇ ਸਕਦਾ ਹੈ, ਬਲਕਿ ਆਪਣੇ ਨਾਲ ਹੋਏ ਤਸ਼ੱਦਦ ਪ੍ਰਤੀ ਇਨਸਾਫ ਵੀ ਚਾਹੁੰਦਾ ਹੈ। ਇੰਡੀਆ ਅਵੇਅਰਨੈੱਸ ਦੇ ਪਾਠਕਾਂ ਦੀ ਜਾਣਕਾਰੀ ਹਿੱਤ, ਉਕਤ ਘਟਨਾਕ੍ਰਮ ਨਿਰਵੈਰ ਸਿੰਘ ਦੇ ਆਪਣੇ ਲਫ਼ਜ਼ਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

ਪੁਲਿਸੀਆ ਜਬਰ ਦੇ ਸ਼ਿਕਾਰ ਨਿਰਵੈਰ ਸਿੰਘ ਦੀ ਵਿਥਿਆ : ਉਸਦੀ ਜ਼ੁਬਾਨੀ

ਮੈਂ ਨਿਰਵੈਰ ਸਿੰਘ ਭਾਰਤ ਦੇ ਸ਼ਹਿਰ ਦਿੱਲੀ ਦਾ ਵਸਨੀਕ ਹਾਂ। ਨਵੰਬਰ 2007 ਵਿੱਚ ਮੈਂ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਡੀ.ਸੀ. ਵਿਖੇ ਆਪਣੇ ਮਿੱਤਰ ਨੂੰ ਮਿਲਣ ਵਾਸਤੇ ਉਸ ਕੋਲ ਗਿਆ ਸੀ। ਮੈਂ ਥੋੜੇ ਦਿਨ ਉਸਦੇ ਘਰ ਰਿਹਾ। ਮੇਰੇ ਮਿੱਤਰ ਨੇ ਮੇਰੀ ਬੜੀ ਇੱਜ਼ਤ-ਖ਼ਾਤਿਰ ਕੀਤੀ। ਉਸਨੇ ਮੈਨੂੰ ਆਪਣੇ ਸ਼ਹਿਰ ਬਾਲਟੀਮੋਰ ਅਤੇ ਕੈਨੇਡਾ ਦੇ ਟਰਾਂਟੋ ਸ਼ਹਿਰ ਵਿਖੇ ਘੁਮਾਇਆ-ਫਿਰਾਇਆ। ਉਸਦੇ ਘਰ ਕੁਝ ਦਿਨ ਰੁਕ ਕੇ ਮੈਂ ਜਹਾਜ਼ ਰਾਹੀਂ ਸ਼ਿਕਾਗੋ ਸ਼ਹਿਰ ਵਿਖੇ ਆ ਗਿਆ। ਕੁਝ ਚਿਰ ਸ਼ਿਕਾਗੋ ਰਹਿ ਕੇ ਮੈਂ ਜਹਾਜ਼ ਰਾਹੀਂ ਨਾਰਥ ਕੈਰੋਲੀਨਾ ਆ ਗਿਆ।

ਉੱਥੇ ਮੈਂ ਇੰਡੀਆ ਵਿਖੇ ਆਪਣੇ ਅੰਕਲ ਵਜ਼ੀਰ ਸਿੰਘ ਨੂੰ ਫੋਨ ਕੀਤਾ। ਉਨ੍ਹਾਂ ਫੋਨ ’ਤੇ ਮੈਨੂੰ ਆਖਿਆ ਕਿ ਮੈਂ ਵੀ ਅਮਰੀਕਾ ਘੁੰਮਣ-ਫਿਰਨ ਵਾਸਤੇ ਆਉਣਾ ਚਾਹੁੰਦਾ ਹਾਂ। ਫਿਰ ਉਹ 5-6 ਦਿਨਾਂ ਬਾਅਦ ਮੇਰੇ ਕੋਲ ਨਾਰਥ ਕੈਰੋਲੀਨਾ ਆ ਗਏ। ਅਸੀਂ ਦੋਵੇਂ ਬੱਸਾਂ ਰਾਹੀਂ ਛੋਟੇ-ਛੋਟੇ ਸ਼ਹਿਰਾਂ ਵਿੱਚ ਘੁੰਮਦੇ ਹੋਏ ਅਮਰੀਕਾ ਦੇ ਫਲੋਰੀਡਾ ਸੂਬੇ ਦੇ ਸ਼ਹਿਰ ‘ਅਰਲਾਂਡੋ’ ਵਿਖੇ ਪਹੁੰਚ ਗਏ। ਅਰਲਾਂਡੋ ਵਿੱਚ ਅਸੀਂ ਇਕ ਹਫ਼ਤੇ ਤੱਕ ਘੁੰਮਦੇ-ਫਿਰਦੇ ਰਹੇ। ਫਿਰ ਮੈਨੂੰ ਉੱਥੇ ਬੁਖ਼ਾਰ ਹੋ ਗਿਆ। ਮੈਂ ਇਕ ਸਥਾਨਕ ਡਾਕਟਰ ਕੋਲੋਂ ਬੁਖ਼ਾਰ ਦੀ ਦਵਾਈ ਲਈ ਪਰ ਉਹ ਦਵਾਈ ਮੈਨੂੰ ਅਲਰਜੀ ਕਰ ਗਈ। ਮੈਂ ਉਸ ਡਾਕਟਰ ਕੋਲ ਦੁਬਾਰਾ ਗਿਆ ਤਾਂ ਉਸਨੇ ਮੈਨੂੰ ਇਕ ਹਸਪਤਾਲ ਵਿੱਚ ਭੇਜ ਦਿੱਤਾ। ਉਥੇ ਮੈਨੂੰ ਪੇਟ ਵਿੱਚ ਪਥਰੀ ਦਾ ਦਰਦ ਹੋਣ ਲੱਗ ਪਿਆ। ਹਸਪਤਾਲ ਪ੍ਰਸ਼ਾਸਨ ਨੇ ਮੈਨੂੰ ਕੁਝ ਘੰਟਿਆਂ ਵਾਸਤੇ ਉਥੇ ਭਰਤੀ ਕਰ ਲਿਆ ਤੇ ਅਲਰਜੀ ਦਾ ਇਲਾਜ ਕਰਕੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ।

ਹਸਪਤਾਲ ਤੋਂ ਛੁੱਟੀ ਲੈ ਕੇ ਮੈਂ ਹੋਟਲ ‘ਵੈਕੇਸ਼ਨ ਲਾਜ’ ਵਿਖੇ ਆ ਗਿਆ। ਇਸ ਸਮੇਂ ਤੱਕ ਮੇਰਾ ਬੁਖ਼ਾਰ ਕਾਫੀ ਠੀਕ ਹੋ ਚੁੱਕਾ ਸੀ। ਮੇਰੇ ਅੰਕਲ ਮੈਨੂੰ ਕਹਿਣ ਲੱਗੇ ਕਿ ਹੁਣ ਤੂੰ ਠੀਕ ਹੋ ਗਿਆ ਹੈਂ। ਇਸਲਈ ਮੈਂ ਆਪਣੇ ਇਕ ਦੋਸਤ ਨੂੰ ਮਿਲ ਆਵਾਂ। ਉਨ੍ਹਾਂ ਕਿਹਾ ਕਿ ਉਹ ਦੋ-ਤਿੰਨ ਦਿਨ ਤੱਕ ਵਾਪਸ ਮੇਰੇ ਕੋਲ ਪਰਤ ਆਉਣਗੇ। (ਪਰ ਉਹ ਵਾਪਸ ਆਏ ਹੀ ਨਹੀਂ)।

ਅੰਕਲ ਦੇ ਚਲੇ ਜਾਣ ਤੋਂ ਬਾਅਦ ਮੈਨੂੰ ਫਿਰ ਬੁਖਾਰ ਹੋ ਗਿਆ। ਇਕੱਲਾ ਹੋਣ ਕਰਕੇ ਮੈਂ ਪਰੇਸ਼ਾਨ ਹੋ ਗਿਆ ਤੇ ਘਬਰਾ ਕੇ ਆਪਣੇ ਘਰ ਫੋਨ ਕੀਤਾ। ਮੇਰੇ ਪਰਵਾਰ ਮੈਂਬਰਾਂ ਨੇ ਮੈਨੂੰ ਜਲਦ ਤੋਂ ਜਲਦ ਇੰਡੀਆ ਵਾਪਸ ਆ ਜਾਣ ਲਈ ਕਿਹਾ ਕਿਉਂਕਿ ਉਨ੍ਹਾਂ ਨੂੰ ਮੇਰੀ ਬਹੁਤ ਫਿਕਰ ਹੋ ਰਹੀ ਸੀ। ਮੈਂ ਹੋਟਲ ਵੈਕੇਸ਼ਨ ਲਾਜ ਦੇ ਮੈਨੇਜਰ ਕੋਲ ਗਿਆ ਤੇ ਉਸਨੂੰ ਦੱਸਿਆ ਕਿ ਮੈਂ ਬਿਮਾਰ ਹੋ ਗਿਆ ਹਾਂ ਤੇ ਮੇਰੇ ਅੰਕਲ ਮੈਨੂੰ ਛੱਡ ਕੇ ਚਲੇ ਗਏ ਹਨ। ਮੈਂ ਵਾਪਸ ਇੰਡੀਆ ਆਪਣੇ ਘਰ ਜਾਣਾ ਚਾਹੁੰਦਾ ਹਾਂ। ਇਸਲਈ ਮੈਨੂੰ ਅਰਲਾਂਡੋ ਤੋਂ ਵਾਸ਼ਿੰਗਟਨ ਡੀ.ਸੀ. ਤੱਕ ਦੀ ਟਿਕਟ ਬਣਵਾ ਦੇ। ਉਸਨੇ ਆਪਣੇ ਕੰਪਿਊਟਰ ਤੋਂ ਟਿਕਟ ਬਣਵਾ ਦਿੱਤੀ।

ਟਿਕਟ ਪ੍ਰਾਪਤ ਕਰਕੇ ਮੈਂ ਵਾਪਸ ਘਰ ਆਉਣ ਦੀ ਤਿਆਰੀ ਕਰਨ ਲੱਗ ਪਿਆ। ਉਸ ਸਮੇਂ ਆਪਣੇ ਇਕ ਬੈਗ ਨੂੰ ਬੰਦ ਕਰਨ ਵਾਸਤੇ ਮੈਨੂੰ ਇਕ ਤਾਲੇ ਦੀ ਜਰੂਰਤ ਮਹਿਸੂਸ ਹੋਈ। ਮੈਂ ਹੋਟਲ ਤੋਂ ਬਾਹਰ ਦੁਕਾਨ ਤੋਂ ਤਾਲਾ ਲੈਣ ਵਾਸਤੇ ਗਿਆ। ਪਰ ਜਦ ਮੈਂ ਵਾਪਸ ਹੋਟਲ ਆਇਆ ਤਾਂ ਮਹਿਸੂਸ ਕੀਤਾ ਕਿ ਮੇਰੇ ਕਮਰੇ ਦੀ ਕਾਰਡ ਵਾਲੀ ਚਾਬੀ, ਕਮਰੇ ਦੇ ਤਾਲੇ ਨੂੰ ਲੱਗ ਨਹੀਂ ਰਹੀ ਸੀ। ਮੈਂ ਹੋਟਲ ਦੇ ਰਿਸੈਪਸ਼ਨ ’ਤੇ ਬੈਠੇ ਮੁਲਾਜ਼ਮ ਨੂੰ ਕਿਹਾ ਕਿ ਮੈਨੂੰ ਮੇਰੇ ਕਮਰੇ ਦੀ ਦੂਜੀ ਚਾਬੀ ਦੇ ਦਿਓ। ਪਰ ਉਸਨੇ ਮੈਨੂੰ ਦੂਜੀ ਚਾਬੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਤੇਰੇ ਨਾਲ ਸਾਡਾ ਸੁਰੱਖਿਆ ਗਾਰਡ ਵੀ ਜਾਏਗਾ। ਰਿਸੈਪਸ਼ਨ ਵਾਲੇ ਵਿਅਕਤੀ ਨੇ ਮੈਨੂੰ ਚਾਬੀ ਦੇਣ ਦੀ ਬਜਾਏ ਆਪਣੇ ਸੁਰੱਖਿਆ ਗਾਰਡ ਨੂੰ ਚਾਬੀ ਦੇ ਕੇ ਆਖਿਆ ਕਿ ਤੂੰ ਇਸ ਨਾਲ ਜਾ। ਗਾਰਡ ਨੇ ਆਪਣੀ ਪਿਸਤੌਲ ਨਾਲ ਲੈ ਲਈ ਤੇ ਮੇਰੇ ਨਾਲ ਚੱਲਣ ਲਈ ਤਿਆਰ ਹੋ ਗਿਆ। ਇਹ ਦੇਖ ਕੇ ਮੈਂ ਘਬਰਾ ਗਿਆ। ਮੈਂ ਰਿਸੈਪਸ਼ਨਿਸਟ ਨੂੰ ਆਖਿਆ ਕਿ ਇਸ ਗਾਰਡ ਨੂੰ ਮੇਰੇ ਨਾਲ ਕਿਉਂ ਭੇਜ ਰਹੇ ਹੋ? ਚਾਬੀ ਮੈਨੂੰ ਹੀ ਦੇ ਦਿਓ। ਪਰ ਰਿਸੈਪਸ਼ਨਿਸਟ ਇਸ ਗੱਲ ਲਈ ਸਹਿਮਤ ਨਹੀਂ ਸੀ।

ਜਦੋਂ ਮੈਂ ਉਨ੍ਹਾਂ ਦਾ ਅਜਿਹਾ ਸ਼ੱਕੀ ਅਤੇ ਅਸਹਿਯੋਗ ਵਾਲਾ ਵਤੀਰਾ ਵੇਖਿਆ ਤਾਂ ਮੈਂ ਹੋਟਲ ਤੋਂ ਬਾਹਰ ਆ ਗਿਆ। ਬਾਹਰ ਆ ਕੇ ਮੈਂ ਆਪਣੇ ਮਾਮਾ ਜੀ, ਜੋ ਇੰਗਲੈਂਡ ਵਿੱਚ ਰਹਿੰਦੇ ਹਨ, ਨੂੰ ਫੋਨ ਮਿਲਾਇਆ ਪਰ ਫੋਨ ’ਤੇ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਫੋਨ ਉਨ੍ਹਾਂ ਦੀ ਬੇਟੀ ਨੇ ਸੁਣਿਆ।

ਫਿਰ ਮੈਂ ਸ਼ਹਿਰ ਦੇ ਮੁੱਖ ਬਜ਼ਾਰ ਵਿੱਚ ਚਲਾ ਗਿਆ। ਉਥੇ ਮੈਂ ਪਰੇਸ਼ਾਨੀ ਦੀ ਹਾਲਤ ਵਿੱਚ ਫਾਇਰ ਬ੍ਰਿਗੇਡ ਦੇ ਦਫ਼ਤਰ ਚਲਾ ਗਿਆ। ਮੈਂ ਉਨ੍ਹਾਂ ਨੂੰ ਹੋਟਲ ਵਿੱਚ ਆਪ-ਬੀਤੀ ਦੱਸੀ ਤੇ ਕਿਹਾ ਕਿ ਮੈਨੂੰ ਪੁਲਿਸ ਦੀ ਮਦਦ ਚਾਹੀਦੀ ਹੈ। ਪਰ ਉਨ੍ਹਾਂ ਨੇ ਪੁਲਿਸ ਬੁਲਾਉਣ ਵਿੱਚ ਮੇਰੀ ਕੋਈ ਮਦਦ ਨਹੀਂ ਕੀਤੀ। ਅਚਾਨਕ ਸਾਦੇ ਕਪੜੇ ਵਾਲਿਆਂ ਇਕ ਪੁਲਿਸਕਰਮੀ ਸਾਈਕਲ ’ਤੇ ਉੱਥੇ ਆ ਗਿਆ। ਮੈਂ ਉਸਨੂੰ ਦੱਸਿਆ ਕਿ ਮੇਰਾ ਸਮਾਨ ਫਲਾਣੇ ਹੋਟਲ ਵਿੱਚ ਹੈ ਪਰ ਹੋਟਲ ਵਾਲੇ ਮੇਰਾ ਸਮਾਨ ਨਹੀਂ ਦੇ ਰਹੇ। ਤੁਸੀਂ ਕ੍ਰਿਪਾ ਕਰਕੇ ਮੇਰਾ ਸਮਾਨ ਦਿਵਾ ਦਿਓ। ਉਸ ਪੁਲਿਸਕਰਮੀ ਨੇ ਕਿਹਾ ਮੈਂ ਪੁਲਿਸ ਦੀ ਵੱਡੀ ਗੱਡੀ ਬੁਲਾਉਂਦਾ ਹਾਂ। ਇਹ ਕਹਿ ਕੇ ਉਹ ਉਥੋਂ ਚਲਾ ਗਿਆ ਪਰ ਉਸਨੇ ਪੁਲਿਸ ਦੀ ਕੋਈ ਗੱਡੀ ਉੱਥੇ ਨਹੀਂ ਭੇਜੀ।

ਇਸ ਸਭ ਦੌਰਾਨ ਰਾਤ ਦੇ ਸਾਢੇ ਬਾਰਾਂ ਵੱਜ ਚੁੱਕੇ ਸਨ। ਮੈਂ ਕਾਫੀ ਦੇਰ ਫਾਇਰ ਬ੍ਰਿਗੇਡ ਦੇ ਦਫ਼ਤਰ ਦੇ ਬਾਹਰ ਹੀ ਖੜਾ ਰਿਹਾ। ਫਿਰ ਮੈਂ ਸੜਕ ਦੇ ਕਿਨਾਰੇ-ਕਿਨਾਰੇ ਪਟੜੀ ’ਤੇ ਚਲੱਣ ਲੱਗ ਪਿਆ। ਥੋੜੀ ਦੂਰ ਜਾ ਕੇ ਮੈਨੂੰ ਇਕ ਪੁਲਿਸ ਸਟੇਸ਼ਨ ਦਿਖਾਈ ਦਿੱਤਾ। ਮੈਂ ਉਸਦੇ ਅੰਦਰ ਜਾ ਕੇ ਪੁਲਿਸਕਰਮੀਆਂ ਨੂੰ ਬੇਨਤੀ ਕੀਤੀ ਕਿ ਹੋਟਲ ਵਾਲੇ ਮੇਰਾ ਸਮਾਨ ਨਹੀਂ ਦੇ ਰਹੇ। ਤੁਸੀਂ ਕ੍ਰਿਪਾ ਕਰਕੇ ਮੇਰਾ ਸਮਾਨ ਮੈਨੂੰ ਦਿਵਾ ਦਿਉ ਤੇ ਮੇਰੇ ਏਅਰਪੋਰਟ ਤੱਕ ਪਹੁੰਚਣ ਦਾ ਬੰਦੋਬਸਤ ਕਰ ਦਿਉ। ਮੈਂ ਵਾਪਸ ਇੰਡੀਆ ਜਾਣਾ ਹੈ ਤੇ ਮੇਰੇ ਕੋਲ ਹਵਾਈ ਜਹਾਜ਼ ਦੀ ਓ.ਕੇ. ਟਿਕਟ ਮੌਜੂਦ ਹੈ। ਪਰ ਉਨ੍ਹਾਂ ਪੁਲਿਸਕਰਮੀਆਂ ਨੇ ਵੀ ਮੇਰੀ ਕੋਈ ਮਦਦ ਨਹੀਂ ਕੀਤੀ। ਮੈਂ ਸਾਰੀ ਰਾਤ ਬਾਹਰ ਸੜਕ ’ਤੇ ਬੈਠ ਕੇ ਜਾਗਦਿਆਂ ਹੋਇਆਂ ਬਤੀਤ ਕੀਤੀ। ਸਵੇਰੇ ਮੈਂ ਫਿਰ ਤੋਂ ਥਾਣੇ ਅੰਦਰ ਗਿਆ। ਮੈਂ ਪੁਲਿਸ ਵਾਲਿਆਂ ਤੋਂ ਮੁੜ ਮਦਦ ਦੀ ਗੁਹਾਰ ਕੀਤੀ ਪਰ ਉਨ੍ਹਾਂ ਮੇਰੀ ਕੋਈ ਮਦਦ ਨਹੀਂ ਕੀਤੀ।

ਥੱਕ-ਹਾਰ ਕੇ ਮੈਂ ਡਾਊਨ-ਟਾਊਨ ਤੋਂ ਬੱਸ ਵਿੱਚ ਬੈਠ ਕੇ ਸਮਾਨ ਵਾਪਸ ਲੈਣ ਲਈ ਹੋਟਲ ਵੱਲ ਚਲਾ ਗਿਆ। ਪਰ ਇਕੱਲਿਆਂ ਹੋਣ ਕਰਕੇ ਸਮਾਨ ਲੈਣ ਦੀ ਮੇਰੀ ਹਿੰਮਤ ਨਹੀਂ ਹੋ ਰਹੀ ਸੀ। ਮੈਂ ਚਾਹੁੰਦਾ ਸੀ ਕਿ ਮੈਨੂੰ ਮੇਰਾ ਸਮਾਨ ਦਿਵਾਉਣ ਲਈ ਕੋਈ ਪੁਲਿਸਕਰਮੀ ਮੇਰੇ ਨਾਲ ਚਲੇ। ਇਸਲਈ ਮੈਂ ਬੱਸ ਵਿੱਚ ਹੀ ਹੋਟਲ ਤੋਂ ਕੁਝ ਅੱਗੇ ਚਲਾ ਗਿਆ। ਉੱਥੇ ਉਤਰ ਕੇ ਮੈਂ ਅਲਰਜੀ ਕਾਰਨ ਆਪਣੇ ਸਰੀਰ ’ਤੇ ਹੋਏ ਜ਼ਖ਼ਮਾਂ ’ਤੇ ਲਗਾਉਣ ਵਾਸਤੇ ਇਕ ਕ੍ਰੀਮ ਲਈ ਤੇ ਵਾਪਸ ਚੱਲ ਪਿਆ। ਚਲਦੇ-ਚਲਦੇ ਅਚਾਨਕ

ਮੇਰੇ ਪੇਟ ਵਿੱਚ ਬਹੁਤ ਤੇਜ਼ ਦਰਦ ਹੋਣ ਲੱਗ ਪਿਆ। ਮੈਂ ਇਕ ਹੋਟਲ ਵਾਲੇ ਨੂੰ ਕਿਹਾ ਕਿ ਮੇਰੇ ਪੇਟ ਵਿੱਚ ਬਹੁਤ ਦਰਦ ਹੋ ਰਿਹਾ ਹੈ। ਕ੍ਰਿਪਾ ਕਰਕੇ ਮੇਰੇ ਵਾਸਤੇ ਇਕ ਐਂਬੂਲੈਂਸ ਬੁਲਾ ਦਿਓ। ਹੋਟਲ ਵਾਲੇ ਨੇ ਫੋਨ ਕਰਕੇ ਐਂਬੂਲੈਂਸ ਬੁਲਾ ਦਿੱਤੀ, ਜੋ ਮੈਨੂੰ ਹਸਪਤਾਲ ਵਿੱਚ ਲੈ ਗਈ। ਹਸਪਤਾਲ ਵਿੱਚ ਕੁਝ ਘੰਟੇ ਮੈਨੂੰ ਭਰਤੀ ਰੱਖ ਕੇ ਮੇਰਾ ਇਲਾਜ ਕੀਤਾ ਗਿਆ ਤੇ ਪੇਟ ਦਰਦ ਠੀਕ ਹੋਣ ’ਤੇ ਸ਼ਾਮ ਵੇਲੇ ਮੈਨੂੰ ਡਿਸਚਾਰਜ ਕਰ ਦਿੱਤਾ ਗਿਆ। ਹਸਪਤਾਲ ਤੋਂ ਨਿਕਲਣ ਤੋਂ ਪਹਿਲਾਂ ਜਦ ਮੈਥੋਂ ਮੈਡੀਕਲ ਬਿੱਲ ਅਦਾ ਕਰਨ ਦੀ ਮੰਗ ਕੀਤੀ ਗਈ ਤਾਂ ਮੈਂ ਹਸਪਤਾਲ ਅਧਿਕਾਰੀਆਂ ਨੂੰ ਆਪਣੇ ਬੀਮੇ ਦਾ ਕਾਗਜ਼ਾਤ ਦਿਖਾਏ। ਹਸਪਤਾਲ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਬੀਮੇ ਦੀ ਅਵਧੀ ਖ਼ਤਮ ਹੋ ਚੁੱਕੀ ਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੇ ਕੋਲ ਪੈਸੇ ਨਹੀਂ ਹਨ। ਇਸ ’ਤੇ ਹਸਪਤਾਲ ਅਧਿਕਾਰੀਆਂ ਨੇ ਮੇਰੇ ਇਲਾਜ ਦਾ ਖਰਚਾ ਰੈਡਕ੍ਰਾਸ ਸੰਸਥਾ ਦੇ ਖ਼ਾਤੇ ਵਿੱਚ ਪਾ ਦੇਣ ਦਾ ਵਾਅਦਾ ਕੀਤਾ। ਪਰ ਹੈਰਾਨੀ ਦੀ ਗੱਲ ਹੈ ਕਿ ਹੁਣ ਮੈਨੂੰ ਭਾਰਤ ਵਿੱਚ ਬੈਠੇ-ਬੈਠੇ ਨੂੰ ਆਪਣੇ ਇਲਾਜ ਲਈ 15,000 ਡਾਲਰ (ਲਗਭਗ 7.5 ਲੱਖ ਰੁਪਏ) ਦਾ ਬਿੱਲ ਅਦਾ ਕਰਨ ਲਈ ਧਮਕਾਇਆ ਜਾ ਰਿਹਾ ਹੈ। (ਪਰ ਮੈਨੂੰ ਇਹ ਦੱਸਿਆ ਨਹੀਂ ਜਾ ਰਿਹਾ ਕਿ ਹਸਪਤਾਲ ਵਿੱਚ ਇਕ ਰਾਤ ਰਹਿਣ ਅਤੇ ਸਿਰਫ਼ ਪੇਟ ਦਰਦ ਦਾ ਇਲਾਜ ਕਰਵਾਉਣ ਦਾ ਖਰਚਾ 15,000 ਡਾਲਰ ਕਿਵੇਂ ਹੋ ਗਿਆ।)

ਹਸਪਤਾਲ ਤੋਂ ਨਿਕਲ ਕੇ ਮੈਂ ਬੱਸ ਫੜੀ ਤੇ ਹੋਟਲ ਵੈਕੇਸ਼ਨ ਲਾਜ ਵਿਖੇ ਆ ਗਿਆ। ਮੈਂ ਹੋਟਲ ਵਾਲਿਆਂ ਨੂੰ ਦੱਸਿਆ ਕਿ ਮੈਂ ਹਸਪਤਾਲ ਤੋਂ ਆਪਣਾ ਇਲਾਜ ਕਰਵਾ ਕੇ ਆ ਰਿਹਾ ਹਾਂ ਤੇ ਮੈਨੂੰ ਮੇਰਾ ਸਮਾਨ ਦੇ ਦਿਓ ਤਾਂਕਿ ਮੈਂ ਇੰਡੀਆ ਵਾਪਸ ਜਾ ਸਕਾਂ। ਇਹ ਸੁਣ ਕੇ ਹੋਟਲ ਵਾਲਿਆਂ ਨੇ ਮੇਰਾ ਸਮਾਨ ਮੈਨੂੰ ਵਾਪਸ ਕਰ ਦਿੱਤਾ। ਮੈਂ ਆਪਣਾ ਸਮਾਨ ਲੈ ਕੇ ਰਿਸੈਪਸ਼ਨ ’ਤੇ ਆ ਗਿਆ। ਮੈਂ ਰਿਸੈਪਸ਼ਨਿਸਟ ਨੂੰ ਆਖਿਆ ਕਿ ਮੇਰੇ ਏਅਰਪੋਰਟ ’ਤੇ ਜਾਣ ਵਾਸਤੇ ਇਕ ਟੈਕਸੀ ਬੁਲਾ ਦਿਓ। ਜਦੋਂ ਬਾਹਰ ਟੈਕਸੀ ਆਈ ਤਾਂ ਮੈਂ ਡ੍ਰਾਈਵਰ ਨੂੰ ਕਿਹਾ ਕਿ ਮੈਂ ਏਅਰਪੋਰਟ ਜਾਣਾ ਹੈ। ਪਰ ਟੈਕਸੀ ਡ੍ਰਾਈਵਰ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਗੱਲ ਆਈ ਕਿ ਉਸਨੇ ਮੈਨੂੰ ਏਅਰਪੋਰਟ ਲਿਜਾਉਣ ਤੋਂ ਮਨਾਂ ਕਰ ਦਿੱਤਾ।

ਮੈਂ ਮੁੜ ਤੋਂ ਹੋਟਲ ਦੇ ਰਿਸੈਪਸ਼ਨ ’ਤੇ ਗਿਆ ਤੇ ਉਨ੍ਹਾਂ ਨੂੰ ਆਖਿਆ ਕਿ ਮੈਨੂੰ ਦੂਜੀ ਟੈਕਸੀ ਮੰਗਵਾ ਦਿਓ। ਪਰ ਉਹ ਕਹਿਣ ਲੱਗੇ ਕਿ ਅਸੀਂ ਦੂਜੀ ਟੈਕਸੀ ਨਹੀਂ ਮੰਗਵਾਉਂਦੇ ਹੁੰਦੇ। ਮੈਂ ਮੰਗ ਕੀਤੀ ਕਿ ਮੇਰੀ ਗੱਲ ਮੈਨੇਜਰ ਨਾਲ ਕਰਵਾਈ ਜਾਵੇ ਪਰ ਹੋਟਲ ਦੇ ਮੁਲਾਜ਼ਮਾਂ ਨੇ ਇਸ ਤੋਂ ਵੀ ਇਨਕਾਰ ਕਰ ਦਿੱਤਾ ਤੇ ਉਲਟਾ ਮੈਨੂੰ ਹੀ ਧਮਕਾਉਣ ਲੱਗ ਪਏ ਕਿ ਅਸੀਂ ਪੁਲਿਸ ਬੁਲਾ ਕੇ ਤੇਰੇ ਖਿਲਾਫ਼ ਕਾਰਵਾਈ ਕਰਵਾਵਾਂਗੇ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਬੁਲਾਉਣਾ ਹੀ ਹੈ ਤਾਂ ਟੈਕਸੀ ਨੂੰ ਬੁਲਾਉ। ਪਰ ਹੋਟਲ ਮੁਲਾਜ਼ਮ ਮੈਨੂੰ ਹੀ ਧਮਕਾਉਂਦੇ ਰਹੇ। ਅਖੀਰ ਮੈਂ ਉਨ੍ਹਾਂ ਨੂੰ ਕਿਹਾ ਕਿ ਪੁਲਿਸ ਨੂੰ ਹੀ ਬੁਲਾਓ, ਓਹੀ ਮੇਰੀ ਮਦਦ ਕਰਨਗੇ। ਜਦ ਪੁਲਿਸਕਰਮੀ ਆਏ ਤਾਂ ਹੋਟਲ ਵਾਲਿਆਂ ਨੇ ਉਨ੍ਹਾਂ ਨੂੰ ਪਤਾ ਨਹੀਂ ਕੀ ਕਿਹਾ ਕਿ ਪੁਲਿਸ-ਕਰਮੀਆਂ ਨੇ ਮੇਰਾ ਸਮਾਨ ਜ਼ਬਰਦਸਤੀ ਖਿੱਚ ਕੇ ਬਾਹਰ ਰੱਖ ਦਿੱਤਾ ਤੇ ਮੈਨੂੰ ਹੋਟਲ ਤੋਂ ਬਾਹਰ ਕੱਢ ਦਿੱਤਾ। ਪੁਲਿਸਕਰਮੀ ਮੈਨੂੰ ਕਹਿਣ ਲੱਗੇ ਕਿ ਤੂੰ ਏਥੋਂ ਚਲਾ ਜਾ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤਾਂ ਏਥੋਂ ਜਾਣਾ ਹੀ ਚਾਹੁੰਦਾ ਹਾਂ ਪਰ ਮੇਰੇ ਜਾਣ ਵਾਸਤੇ ਇਕ ਟੈਕਸੀ ਤਾਂ ਮੰਗਵਾ ਦਿਉ। ਪਰ ਪੁਲਿਸਕਰਮੀ ਕਹਿਣ ਲੱਗੇ ਕਿ ਅਸੀਂ ਤੈਨੂੰ ਟੈਕਸੀ ਮੰਗਵਾ ਕੇ ਨਹੀਂ ਦੇ ਸਕਦੇ। ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਸੀਂ ਟੈਕਸੀ ਨਹੀਂ ਮੰਗਵਾ ਸਕਦੇ ਤਾਂ ਹੋਟਲ ਵਾਲਿਆਂ ਨੂੰ ਕਹੋ ਕਿ ਮੈਂ ਉਨ੍ਹਾਂ ਦਾ ਗ੍ਰਾਹਕ ਹਾਂ, ਮੇਰੇ ਵਾਸਤੇ ਉਹ ਟੈਕਸੀ ਮੰਗਵਾ ਦੇਣ। ਪਰ ਹੋਟਲ ਵਾਲਿਆਂ ਨੇ ਵੀ ਟੈਕਸੀ ਮੰਗਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ।

ਇਸ ਸਭ ਦਰਮਿਆਨ ਰਾਤ ਦੇ ਤਕਰੀਬਨ 10 ਵੱਜ ਗਏ ਸਨ। ਪਰੇਸ਼ਾਨ ਹੋ ਕੇ ਮੈਂ ਆਪਣਾ ਸਮਾਨ ਲੈ ਕੇ ਬਸ ਸਟੈਂਡ ’ਤੇ ਚਲਾ ਗਿਆ। ਪਰ ਕਾਫੀ ਦੇਰ ਉਡੀਕ ਕਰਨ ’ਤੇ ਵੀ ਉਥੇ ਕੋਈ ਬਸ ਨਹੀਂ ਆਈ। ਮੈਨੂੰ ਬਸ ਸਟੈਂਡ ’ਤੇ ਇਕੱਲਿਆਂ ਵੇਖ ਕੇ 5-6 ਗੋਰੇ-ਕਾਲੇ ਵਿਕਅਤੀ ਆਪਣੀ ਕਾਰ ਤੋਂ ਬਾਹਰ ਆ ਗਏ ਅਤੇ ਮੈਨੂੰ ਘੇਰਾ ਪਾ ਲਿਆ। ਉਨ੍ਹਾਂ ਚਾਕੂ ਦੀ ਨੋਕ ’ਤੇ ਮੇਰਾ ਸਮਾਨ ਮੈਥੋਂ ਲੈ ਲਿਆ। ਉਨ੍ਹਾਂ ਮੇਰੇ ਬੈਗਾਂ ਵਿੱਚੋਂ ਕੀਮਤੀ ਸਮਾਨ ਕੱਢ ਕੇ ਆਪਣੇ ਕੋਲ ਰੱਖ ਲਿਆ ਤੇ ਬਾਕੀ ਸਮਾਨ ਮੇਰੇ ਕੋਲ ਸੁੱਟ ਕੇ ਉਥੋਂ ਚਲੇ ਗਏ।

ਕੁਝ ਸਮੇਂ ਬਾਅਦ ਅਚਾਨਕ ਉਥੇ ਪੁਲਿਸ ਆ ਗਈ। ਮੈਂ ਪੁਲਿਸ ਅੱਗੇ ਬੇਨਤੀ ਕੀਤੀ ਕਿ ਕੁਝ ਬੰਦੇ ਮੇਰਾ ਸਮਾਨ ਲੁੱਟ-ਪੁੱਟ ਕੇ ਲੈ ਗਏ ਹਨ ਤੇ ਉਨ੍ਹਾਂ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਮੈਂ ਪੁਲਿਸ ਵਾਲਿਆਂ ਨੂੰ ਕਿਹਾ ਕਿ ਉਹ ਲੁੱਟ ਦਾ ਸਮਾਨ ਵਾਪਸ ਪ੍ਰਾਪਤ ਕਰਨ ਵਿੱਚ ਮੇਰੀ ਮਦਦ ਕਰਨ ਤੇ ਮੈਨੂੰ ਟੈਕਸੀ ਮੰਗਵਾ ਦੇਣ। ਪਰ ਪੁਲਿਸਕਰਮੀਆਂ ਨੇ ਨਾ ਤਾਂ ਲੁਟੇਰਿਆਂ ਬਾਬਤ ਮੇਰੀ ਕੋਈ ਮਦਦ ਕੀਤੀ ਅਤੇ ਨਾ ਹੀ ਮੈਨੂੰ ਟੈਕਸੀ ਮੰਗਵਾ ਕੇ ਦਿੱਤੀ।

ਅਖੀਰ ਰਾਤ ਦੇ ਢਾਈ-ਤਿੰਨ ਵਜੇ ਮੈਂ ਏਅਰਪੋਰਟ ਜਾਣ ਵਾਸਤੇ ਪੈਦਲ ਹੀ ਸੜਕ ’ਤੇ ਚੱਲਣ ਲੱਗ ਪਿਆ। ਕਾਫੀ ਦੂਰ ਚੱਲਣ ਤੋਂ ਬਾਅਦ ਮੈਨੂੰ ਇਕ ਟੈਕਸੀ ਨਜ਼ਰ ਆਈ। ਮੈਂ ਡ੍ਰਾਈਵਰ ਨਾਲ ਗੱਲਬਾਤ ਕਰਕੇ ਏਅਰਪੋਰਟ ਜਾਣ ਵਾਸਤੇ ਟੈਕਸੀ ਵਿੱਚ ਬੈਠ ਗਿਆ। ਪਰ ਅੱਧਾ ਕੁ ਰਸਤਾ ਤੈਅ ਕਰਨ ’ਤੇ ਡ੍ਰਾਈਵਰ ਦੀ ਨੀਅਤ ਖਰਾਬ ਹੋ ਗਈ। ਉਸਨੇ ਗੱਡੀ ਇਕ ਤਰਫ਼ ਰੋਕ ਕੇ, ਚਾਕੂ ਦੀ ਨੋਕ ’ਤੇ ਮੇਰੇ ਕੋਲੋਂ ਸਾਰੇ ਪੈਸੇ ਲੁੱਟ ਲਏ ਤੇ ਮੈਨੂੰ ਟੈਕਸੀ ਤੋਂ ਬਾਹਰ ਕਰ ਦਿੱਤਾ। ਮੈਂ ਏਅਰਪੋਰਟ ਜਾਣ ਵਾਸਤੇ ਉਸ ਸੜਕ ’ਤੇ ਆਪਣਾ ਸਮਾਨ ਲੈ ਕੇ ਮੁੜ ਤੋਂ ਪੈਦਲ ਚੱਲਣ ਲੱਗ ਪਿਆ।

ਮੈਨੂੰ ਚਲਦਿਆਂ-ਚਲਦਿਆਂ ਸਵੇਰ ਹੋ ਗਈ ਤਾਂ ਰਸਤੇ ਵਿੱਚ ਇਕ ਵੱਡਾ ਚੌਕ ਆਇਆ। ਉਸ ਚੌਕ ’ਤੇ ਇਕ ਥਾਂ ਏਅਰਪੋਰਟ ਜਾਣ ਦੇ ਰਸਤੇ ਦਾ ਬੋਰਡ ਲੱਗਾ ਹੋਇਆ ਸੀ। ਉਸ ਬੋਰਡ ਨੂੰ ਵੇਖ ਕੇ ਮੈਂ ਸੜਕ ਪਾਰ ਕਰਕੇ ਬਸ ਸਟੈਂਡ ਤੇ ਬੈਠ ਗਿਆ। ਪਰ ਅੱਧਾ ਘੰਟਾ ਉਡੀਕ ਕਰਨ ’ਤੇ ਵੀ ਕੋਈ ਬੱਸ ਨਾ ਆਈ। ਮੈਂ ਬਹੁਤ ਥੱਕਿਆ ਹੋਇਆ, ਉਨੀਂਦਰਾ ਅਤੇ ਬੇਹੱਦ ਪਿਆਸਾ ਸੀ। ਇਸਲਈ ਮੈਂ ਪਾਣੀ ਦੀ ਭਾਲ ਕਰਨੀ ਸ਼ੁਰੂ ਕੀਤੀ। ਮੈਂ ਦੇਖਿਆ ਕਿ ਸਾਹਮਣੇ ਸੜਕ ਪਾਰ ਇਕ ਬੈਂਕ ਹੈ। ਮੈਂ ਸੋਚਿਆ ਕਿ ਇਸ ਬੈਂਕ ਵਿੱਚ ਪੀਣ ਵਾਸਤੇ ਪਾਣੀ ਜ਼ਰੂਰ ਮਿਲ ਜਾਵੇਗਾ। ਮੈਂ ਆਪਣਾ ਸਮਾਨ ਲੈ ਕੇ ਸੜਕ ਪਾਰ ਉਸ ਬੈਂਕ ਕੋਲ ਚਲਾ ਗਿਆ।

ਬੈਂਕ ਦੇ ਬਾਹਰ ਖੜੇ ਸੁਰੱਖਿਆ ਗਾਰਡ ਕੋਲੋਂ ਇਜਾਜ਼ਤ ਲੈ ਕੇ ਮੈਂ ਬੈਂਕ ਦੇ ਅੰਦਰ ਚਲਾ ਗਿਆ। ਬੈਂਕ ਦੇ ਅੰਦਰ ਇਕ ਗੋਰੀ ਮੁਲਾਜ਼ਮ ਨੇ ਮੈਨੂੰ ਪੁੱਛਿਆ ਕਿ ਉਹ ਮੇਰੀ ਕੀ ਮਦਦ ਕਰ ਸਕਦੀ ਹੈ। ਮੈਂ ਉਸ ਗੋਰੀ ਨੂੰ ਦੱਸਿਆ ਕਿ ਮੈਂ ਬਹੁਤ ਪਿਆਸਾ ਹਾਂ ਤੇ ਪਾਣੀ ਪੀਣਾ ਚਾਹੁੰਦਾ ਹਾਂ। ਉਸ ਗੋਰੀ ਨੇ ਮੈਨੂੰ ਬੈਂਕ ’ਚੋਂ ਪਾਣੀ ਪੀਣ ਦੀ ਇਜਾਜ਼ਤ ਦੇ ਦਿੱਤੀ। ਪਾਣੀ ਪੀ ਕੇ ਮੈਂ ਉਸ ਗੋਰੀ ਕੋਲੋਂ ਪੁੱਛਿਆ ਕਿ ਕੀ ਮੈਂ ਇਥੇ ਕੁਰਸੀ ’ਤੇ ਥੋੜੀ ਦੇਰ ਬੈਠ ਸਕਦਾ ਹਾਂ। ਉਸ ਗੋਰੀ ਨੇ ਕਿਹਾ ਤੂੰ ਇਥੇ ਬੈਠ ਸਕਦਾ ਹੈਂ। ਫਿਰ ਮੈਂ ਕੁਰਸੀ ’ਤੇ ਬੈਠ ਗਿਆ। ਬੈਠਦਿਆਂ ਸਾਰ ਹੀ ਮੈਨੂੰ ਗੂੜ੍ਹੀ ਨੀਂਦ ਆ ਗਈ ਕਿਉਂਕਿ ਮੈਂ ਦੋ ਰਾਤਾਂ ਤੋਂ ਜਾਗ ਰਿਹਾ ਸੀ ਅਤੇ ਆਪਣਾ ਸਮਾਨ ਚੁੱਕ ਕੇ ਪੈਦਲ ਤੁਰਨ ਕਰਕੇ ਬਹੁਤ ਥੱਕਿਆ ਹੋਇਆ ਸੀ।

ਲਗਭਗ ਅੱਧੇ ਘੰਟੇ ਬਾਅਦ ਜਦ ਮੇਰੀ ਨੀਂਦ ਖੁੱਲੀ ਤਾਂ ਮੈਂ ਦੇਖਿਆ ਕਿ ਬੈਂਕ ਵਿੱਚ ਕੋਈ ਵਿਅਕਤੀ ਮੌਜੂਦ ਨਹੀਂ। ਮੇਰੀ ਨਿਗਾਹ ਬੈਂਕ ਤੋਂ ਬਾਹਰ ਗਈ ਤਾਂ ਮੈਂ ਦੇਖਿਆ ਕਿ ਬਾਹਰ ਬਹੁਤ ਸਾਰੇ ਪੁਲਿਸਕਰਮੀ ਅਤੇ ਫੌਜੀ ਖੜੇ ਸਨ। ਜਦ ਮੈਂ ਪਿੱਛੇ ਦੇਖਿਆ ਤਾਂ ਪਾਇਆ ਕਿ ਉਥੇ ਇਕ ਰੋਬੋਟ ਖੜਾ ਸੀ। ਉਸੇ ਸਮੇਂ ਰੋਬੋਟ ’ਚੋਂ ਅਵਾਜ਼ ਆਈ ਕਿ ਤੂੰ ਖੜਾ ਹੋ ਜਾ। ਮੈਂ ਹੈਰਾਨ-ਪਰੇਸ਼ਾਨ ਜਿਹਾ ਆਪਣੀ ਕੁਰਸੀ ਤੋਂ ਖੜਾ ਹੋ ਗਿਆ। ਰੋਬੋਟ ਨੇ ਮੇਰੇ ਨਾਲ ਕਈ ਸਵਾਲ-ਜਵਾਬ ਕੀਤੇ। ਰੋਬੋਟੇ ਨੇ ਪੁੱਛਿਆ ਤੂੰ ਕੌਣ ਹੈਂ। ਮੈਂ ਦੱਸਿਆ ਕਿ ਮੇਰਾ ਨਾਮ ਨਿਰਵੈਰ ਸਿੰਘ ਹੈ ਤੇ ਮੈਂ ਇੰਡੀਆ ਤੋਂ ਆਇਆ ਹਾਂ। ਰੋਬੋਟ ਨੇ ਪੁੱਛਿਆ ਤੂੰ ਇਥੇ ਕੀ ਕਰਨ ਆਇਆ ਹੈਂ। ਮੈਂ ਦੱਸਿਆ ਕਿ ਮੈਨੂੰ ਬਹੁਤ ਪਿਆਸ ਲੱਗ ਰਹੀ ਸੀ, ਇਸਲਈ ਮੈਂ ਬੈਂਕ ਵਿੱਚ ਪਾਣੀ ਪੀਣ ਵਾਸਤੇ ਆਇਆ ਸੀ। ਰੋਬੋਟ ਨੇ ਪੁੱਛਿਆ ਤੇਰੇ ਕੋਲ ਕੀ ਸਮਾਨ ਹੈ। ਮੈਂ ਦੱਸਿਆ ਕਿ ਮੇਰੇ ਕੋਲ ਆਪਣੇ ਕਪੜੇ, ਰੋਟੀ ਤੇ ਕੁਝ ਫਲ ਹਨ। ਰੋਬੋਟ ਦੇ ਨਿਰਦੇਸ਼ ’ਤੇ ਮੈਂ ਇਹ ਸਾਰਾ ਸਮਾਨ ਬਾਹਰ ਕੱਢ ਕੇ ਉਸਨੂੰ ਦਿਖਾਇਆ। ਰੋਬੋਟ ਨੇ ਆਖਿਆ ਤੂੰ ਆਪਣੀ ਕਮੀਜ਼ ਉਤਾਰ। ਮੈਂ ਆਪਣੀ ਕਮੀਜ਼ ਉਤਾਰ ਦਿੱਤੀ ਪਰ ਹੇਠਾਂ ਮੈਂ ‘ਵਾਸਕਟ’ ਪਾਈ ਹੋਈ ਸੀ। ਰੋਬੋਟ ਨੇ ਪੁੱਛਿਆ, ਤੇਰੀ ਵਾਸਕਟ ਵਿੱਚ ਕੀ ਸਮਾਨ ਹੈ। ਮੈਂ ਕਿਹਾ ਕਿ ਵਾਸਕਟ ਵਿੱਚ ਮੇਰਾ ਪਾਸਪੋਰਟ, ਹਵਾਈ ਜਹਾਜ਼ ਦੀ ਟਿਕਟ, ਫੋਨ ਤੇ ਹੋਰ ਕਾਗਜ਼ਾਤ ਹਨ। ਰੋਬੋਟ ਨੇ ਕਿਹਾ ਕਿ ਤੂੰ ਆਪਣੀ ਵਾਸਕਟ ਉਤਾਰ ਦੇ ਪਰ ਮੈਂ ਆਖਿਆ ਕਿ ਵਾਸਕਟ ਵਿੱਚ ਮੇਰੇ ਜ਼ਰੂਰੀ ਕਾਗਜ਼ਾਤ ਹਨ, ਇਸਲਈ ਮੈਂ ਇਸਨੂੰ ਨਹੀਂ ਉਤਾਰ ਸਕਦਾ। ਮੈਂ ਰੋਬੋਟ ਨੂੰ ਕਿਹਾ ਕਿ ਮੇਰੇ ਇੰਡੀਆ ਵਾਪਸ ਜਾਣ ਲਈ ਹਵਾਈ ਟਿਕਟ ਮੌਜੂਦ ਹੈ ਤੇ ਮੈਂ ਏਅਰਪੋਰਟ ਜਾਣਾ ਚਾਹੁੰਦਾ ਹਾਂ। ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਰੋਬੋਟ ਨੇ ਪੁੱਛਿਆ ਤੂੰ ਕੀ ਚਾਹੁੰਦਾ ਹੈਂ। ਮੈਂ ਰੋਬੋਟ ਨੂੰ ਆਖਿਆ ਕਿ ਤੁਸੀਂ ਏਅਰਪੋਰਟ ਜਾਣ ਲਈ ਮੇਰੇ ਵਾਸਤੇ ਟੈਕਸੀ ਮੰਗਵਾ ਦਿਉ। ਰੋਬੋਟ ਨੇ ਕਿਹਾ ਤੂੰ 10 ਮਿਨਟ ਤੱਕ ਉਡੀਕ ਕਰ।

ਮੈਂ ਬੈਂਕ ਦੇ ਅੰਦਰ ਟੈਕਸੀ ਦੀ ਉਡੀਕ ਕਰਨ ਲੱਗਾ। ਇਸ ਦਰਮਿਆਨ ਮੈਨੂੰ ਦੁਬਾਰਾ ਪਿਆਸ ਲੱਗੀ ਤੇ ਮੈਂ ਫਿਰ ਪਾਣੀ ਪੀਤਾ। ਮੈਂ ਬਹੁਤ ਸੋਚਿਆ ਕਿ ਇਹ ਲੋਕ ਮੇਰੇ ਨਾਲ ਅਜਿਹਾ ਵਤੀਰਾ ਕਿਉਂ ਅਪਣਾ ਰਹੇ ਹਨ। ਮੈਨੂੰ ਇਸ ਗੱਲ ਦਾ ਜ਼ਰਾ ਵੀ ਅੰਦੇਸ਼ਾ ਨਹੀਂ ਸੀ ਕਿ ਬਾਹਰ ਪੁਲਿਸ ਤੇ ਫੌਜ ਕਿਉਂ ਆਏ ਹਨ।

ਕੁਝ ਦੇਰ ਬਾਅਦ ਰੋਬੋਟ ਬੋਲਿਆ ਕਿ ਬਾਹਰ ਟੈਕਸੀ ਆ ਗਈ ਹੈ। ਫਿਰ ਮੈਂ ਬੈਂਕ ਤੋਂ ਬਾਹਰ ਨਿਕਲਿਆ ਤੇ ਦੇਖਿਆ ਕਿ ਇਕ ਪਾਸੇ ਇਕ ਟੈਕਸੀ ਖੜੀ ਹੈ ਤੇ ਦੂਜੇ ਪਾਸੇ ਪੁਲਿਸ ਦੀਆਂ ਗੱਡੀਆਂ ਤੇ ਫੌਜ ਖੜੀ ਹੈ। ਮੈਂ ਟੈਕਸੀ ਵੱਲ ਚਲ ਪਿਆ ਤੇ ਨੇੜੇ ਜਾ ਕੇ ਮੈਂ ਉਸ ਟੈਕਸੀ ਵਾਲੇ ਨੂੰ ਆਖਿਆ ਕਿ ਮੇਰਾ ਸਮਾਨ ਟੈਕਸੀ ਵਿੱਚ ਰੱਖ ਦੇ। ਪਰ ਟੈਕਸੀ ਡ੍ਰਾਈਵਰ ਮੇਰਾ ਸਮਾਨ ਟੈਕਸੀ ਵਿੱਚ ਰੱਖਣ ਦੀ ਬਜਾਏ ਟੈਕਸੀ ਲੈਕੇ ਦੌੜ ਗਿਆ। ਮੈਂ ਉਸ ਟੈਕਸੀ ਵਾਲੇ ਨੂੰ ਅਵਾਜ਼ਾਂ ਹੀ ਦਿੰਦਾ ਰਹਿ ਗਿਆ।

ਜਦ ਮੈਂ ਪਿੱਛੇ ਮੁੜਿਆ ਤਾਂ ਦੇਖਿਆ ਕਿ ਸਾਰੀ ਪੁਲਿਸ ਅਤੇ ਫੌਜ ਮੇਰੇ ਵੱਲ ਆ ਰਹੀ ਹੈ। ਇਹ ਦੇਖ ਮੈਂ ਇਕਦਮ ਘਬਰਾ ਗਿਆ। ਪੁਲਿਸ ਨੇ ਕਿਹਾ ਤੂੰ ਆਪਣੇ ਹੱਥ ਉੱਪਰ ਖੜੇ ਕਰ ਦੇ। ਮੈਂ ਪਹਿਲਾਂ ਉਨ੍ਹਾਂ ਅੱਗੇ ਹੱਥ ਜੋੜੇ ਅਤੇ ਫਿਰ ਹੱਥ ਖੜੇ ਕਰ ਲਏ। ਜਿਸ ਸਮੇਂ ਫੌਜੀ ਮੇਰੇ ਕੋਲ ਆਉਣ ਲੱਗੇ ਤਾਂ ਮੈਂ ਆਪਣੀ ਅਟੈਚੀ ਤੇ ਰੋਟੀ ਵਾਲਾ ਬੈਗ ਚੁੱਕ ਲਿਆ। ਜਿਵੇਂ ਹੀ ਮੈਂ ਬੈਗ ਚੁੱਕਿਆ, ਉਨ੍ਹਾਂ ਨੇ ਮੇਰੇ ’ਤੇ ਆਪਣਾ ਕੁੱਤਾ ਛੱਡ ਦਿੱਤਾ। ਉਸ ਕੁੱਤੇ ਨੇ ਮੇਰੇ ’ਤੇ ਹਮਲਾ ਕਰ ਦਿੱਤਾ ਅਤੇ ਆਪਣੇ ਦੰਦਾਂ ਰਾਹੀਂ ਖੌਫਨਾਕ ਢੰਗ ਨਾਲ ਮੇਰੀ ਬਾਂਹ ਚੱਬਣ ਲੱਗ ਪਿਆ। ਕੁੱਤੇ ਦੇ ਨੁਕੀਲੇ ਦੰਦ ਮੇਰੀ ਬਾਂਹ ਵਿੱਚ ਵੜ ਗਏ ਤੇ ਮੇਰੀ ਬਾਂਹ ਪੂਰੀ ਤਰ੍ਹਾਂ ਲਹੂ-ਲੁਹਾਨ ਹੋ ਗਈ। ਮੈਂ ਦਰਦ ਨਾਲ ਤੜਪਨ ਲੱਗ ਪਿਆ ਤੇ ਮੇਰੀਆਂ ਚੀਕਾਂ ਨਿਕਲ ਗਈਆਂ। ਮੈਂ ਕੁਰਲਾਇਆ ਕਿ ਲੋਕੋ ਤੁਹਾਡੇ ਮੁਲਕ ਵਿੱਚ ਇਕ ਮਜ਼ਲੂਮ ਸਿੱਖ ਨਾਲ ਇਹ ਕੀ ਜ਼ੁਲਮ ਹੋ ਰਿਹਾ ਹੈ। ਫਿਰ ਮੈਂ ਪਰਮਾਤਮਾ ਨੂੰ ਯਾਦ ਕਰਕੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦਾ ਜੈਕਾਰਾ ਲਗਾਇਆ। ਅਖੀਰ ਪੁਲਿਸ ਨੇ ਕੁੱਤੇ ਨੂੰ ਹਟਾ ਕੇ ਮੈਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਮੇਰੀ ਫੱਟੜ ਬਾਂਹ ਦੀ ਕੋਈ ਪਰਵਾਹ ਨਾ ਕਰਦਿਆਂ ਮੇਰੇ ਹੱਥ ਪਿੱਠ ਪਿੱਛੇ ਕਰਕੇ ਉਨ੍ਹਾਂ ਨੂੰ ਹਥਕੜੀ ਲਗਾ ਦਿੱਤੀ।

ਨਿਰਵੈਰ ਸਿੰਘ ’ਤੇ ਤਸ਼ੱਦਦ ਕਰਨ ਤੋਂ ਪਹਿਲਾਂ ਉਸਨੂੰ ਆਟੋਮੈਟਿਕ ਰਾਈਫਲਾਂ ਦੇ ਨਿਸ਼ਾਨੇ ਵਿੱਚ ਲੈਂਦਿਆਂ ਫਲੋਰੀਡਾ ਸੂਬੇ ਦੇ ਸੁਰੱਖਿਆਕਰਮੀ

ਨਿਹੱਥੇ ਨਿਰਵੈਰ ਸਿੰਘ ’ਤੇ ਹਮਲਾ ਕਰਨ ਤੋਂ ਪਹਿਲਾਂ ਉਸ ਨੂੰ ਸ਼ਿਕਾਰੀ ਕੁੱਤੇ ਤੋਂ ਵਢਵਾਉਂਦਿਆਂ ਅਤੇ ਫੱਟੜ ਨੌਜੁਆਨ ਦੀ ਖਿੱਚ-ਧੂਹ ਕਰਦਿਆਂ ਲਗਭਗ ਇਕ ਦਰਜਨ ਸੁਰੱਖਿਆਕਰਮੀ

ਨਿਰਵੈਰ ਸਿੰਘ ’ਤੇ ਮਸ਼ੀਨਗਨ ਰਾਹੀਂ ਦੂਰੋਂ ਮਾਰੂ ਹਮਲਾ ਕਰਨ ਲਈ ਨਿਸ਼ਾਨਾ ਲਾਈ ਬੈਠਾ ਇਕ ਅਮਰੀਕੀ ਸੁਰੱਖਿਆਕਰਮੀ

ਇੰਡੀਆ ਅਵੇਅਰਨੈੱਸ ਦੇ ਦਫ਼ਤਰ ਵਿੱਚ ਇੰਗਲੈਂਡ, ਕੈਨੇਡਾ, ਯੂਰੋਪ, ਆਸਟ੍ਰੇਲੀਆ, ਸਿੰਗਾਪੁਰ ਅਤੇ ਦਸ ਸਾਲਾਂ ਦੇ ਅਮਰੀਕੀ ਵੀਜ਼ੇ ਵਾਲਾ ਆਪਣਾ ਪਾਸਪੋਰਟ ਦਿਖਾਉਂਦਿਆਂ ਤੇ ਆਪਣੀ ਵਿਥਿਆ ਦੱਸਦਿਆਂ ਪੀੜ੍ਹਤ ਨਿਰਵੈਰ ਸਿੰਘ, ਸਮਾਜ-ਸੇਵੀ ਦਿਲਬਾਗ ਸਿੰਘ ਤੇ ਹੋਰ ਸੱਜਣ

ਕੁੱਤੇ ਦੇ ਕੱਟਣ ਕਾਰਨ ਆਪਣੀ ਬਾਂਹ ’ਤੇ ਮੌਜੂਦ ਨਿਸ਼ਾਨ ਦਿਖਾਉਂਦਿਆਂ ਨਿਰਵੈਰ ਸਿੰਘ

ਇਸ ਸਾਰੀ ਕਾਰਾਵਾਈ ਨੂੰ ਸਥਾਨਕ ਲੋਕ ਵੀ ਦੂਰੋਂ ਦੇਖ ਰਹੇ ਸਨ ਅਤੇ ਮੀਡੀਆ ਵਾਲੇ ਵੀ ਆਏ ਹੋਏ ਸਨ। ਕੁਝ ਅਧਿਕਾਰੀ ਹੈਲੀਕਾਪਟਰ ਰਾਹੀਂ ਇਸ ਸਾਰੀ ਕਾਰਵਾਈ ਨੂੰ ਵੇਖ ਰਹੇ ਸਨ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਮੌਕੇ ’ਤੇ ਮੌਜੂਦ ਸਨ।

ਪੁਲਿਸਕਰਮੀਆਂ ਨੇ ਬੇਦਰਦੀ ਨਾਲ ਮੇਰੇ ’ਤੇ ਬੰਦੂਕਾਂ ਤਾਣੀ ਰੱਖੀਆਂ ਅਤੇ ਮੈਨੂੰ ਘਸੀਟ ਕੇ ਬੈਂਕ ਕੋਲ ਲੈ ਗਏ। ਉਨ੍ਹਾਂ ਮੇਰੇ ਕਪੜੇ ਕੈਂਚੀ ਨਾਲ ਕੱਟ ਦਿੱਤੇ। ਮੈਨੂੰ ਇਕ ਕਛਹਿਰੇ ਮਾਤਰ ਵਿੱਚ ਹੀ ਬੈਂਕ ਦੀ ਦੀਵਾਰ ਨਾਲ ਖੜਾ ਕਰ ਦਿੱਤਾ। ਮੈਂ ਉਨ੍ਹਾਂ ਨੂੰ ਦੁਹਾਈਆਂ ਦਿੰਦਾ ਰਿਹਾ ਕਿ ਮੇਰੇ ਨਾਲ ਇਹ ਜ਼ੁਲਮ ਕਿਉਂ ਕਰ ਰਹੇ ਹੋ। ਇਕ ਫੌਜੀ ਕਹਿਣ ਲੱਗਾ ਕਿ ਜੇ ਤੂੰ ਜ਼ਿਆਦਾ ਬੋਲੇਂਗਾ ਤਾਂ ਮੈਂ ਤੈਨੂੰ ਗੋਲੀ ਮਾਰ ਦਿਆਂਗਾ। ਮੈਂ ਰੋਂਦਿਆਂ ਉਨ੍ਹਾਂ ਨੂੰ ਆਖਿਆ ਕਿ ਮੈਂ ਬਹੁਤ ਜ਼ਖ਼ਮੀ ਹੋ ਗਿਆ ਹਾਂ, ਮੈਨੂੰ ਹਸਪਤਾਲ ਲੈ ਚਲੋ। ਕੁਝ ਸਮੇਂ ਬਾਅਦ ਉਨ੍ਹਾਂ ਨੇ ਐਂਬੂਲੈਂਸ ਬੁਲਾ ਲਈ ਅਤੇ ਮੇਰੇ ਕੋਲੋਂ ਪੁੱਛਗਿੱਛ ਕਰਨ ਲੱਗ ਪਏ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਮੇਰਾ ਪਾਸਪੋਰਟ ਚੈੱਕ ਕਰੋ। ਮੈਂ ਕੋਈ ਅਪਰਾਧੀ ਨਹੀਂ ਬਲਕਿ ਅਮਰੀਕਾ ਸਿਰਫ਼ ਸੈਰ-ਸਪਾਟੇ ਵਾਸਤੇ ਆਇਆ ਹਾਂ।

ਮੈਥੋਂ ਪੁੱਛਗਿੱਛ ਕਰਨ ਵਾਲਿਆਂ ਵਿੱਚ ਇਕ ਭਾਰਤੀ ਮੂਲ ਦਾ ਪੁਲਿਸ ਅਧਿਕਾਰੀ ਵੀ ਸੀ, ਜਿਸਦਾ ਨਾਮ ‘‘ਰਾਜਰ ਕ੍ਰਿਸ਼ਨਾ’’ ਸੀ। ਉਸਨੇ ਮੈਥੋਂ ਪੁੱਛਗਿੱਛ ਕੀਤੀ ਅਤੇ ਮੇਰੇ ਕਿਸੇ ਵਾਕਿਫ਼ ਦਾ ਫੋਨ ਨੰਬਰ ਮੰਗਿਆ। ਮੈਂ ਉਨ੍ਹਾਂ ਨੂੰ ਇੰਗਲੈਂਡ ਵਿੱਚ ਰਹਿਣ ਵਾਲੇ ਆਪਣੇ ਮਾਮਾ ਜੀ ਦਾ ਫੋਨ ਨੰਬਰ ਦੇ ਦਿੱਤਾ। ਕਾਫੀ ਸਮੇਂ ਬਾਅਦ ਪੁਲਿਸਕਰਮੀਆਂ ਨੇ ਇਕ ਐਂਬੂਲੈਂਸ ਬੁਲਾਈ ਅਤੇ ਮੈਨੂੰ ਉਸ ਵਿੱਚ ਬਿਠਾ ਦਿੱਤਾ। ਜਦ ਮੈਂ ਐਂਬੂਲੈਂਸ ਵਿੱਚ ਬੈਠਾ ਹੋਇਆ ਸੀ ਤਾਂ ਪੁਲਿਸ ਦਸਤੇ ਨੇ ਮੇਰੀ ਅਟੈਚੀ ਅਤੇ ਇਕ ਬੈਗ ਨੂੰ ਬੰਬ ਨਾਲ ਉਡਾ ਕੇ ਉਨ੍ਹਾਂ ਦੇ ਚੀਥੜੇ-ਚੀਥੜੇ ਕਰ ਦਿੱਤੇ। ਬੈਗ ਵਿੱਚ ਮੇਰੇ ਕਪੜੇ ਅਤੇ ਕੀਮਤੀ ਸਮਾਨ ਸੀ ਜਦਕਿ ਅਟੈਚੀ ਵਿੱਚ ਪੂਜਾ-ਪਾਠ ਦਾ ਸਮਾਨ ਅਤੇ ਗੁਰਬਾਣੀ ਦੇ ਗੁਟਕੇ ਸਨ। ਇਸ ਸਭ ਉਪਰੰਤ ਮੈਨੂੰ ਹਸਪਤਾਲ ਭੇਜ ਦਿੱਤਾ ਗਿਆ।

ਇਸ ਘਟਨਾਕ੍ਰਮ ਨਾਲ ਮੇਰੇ ਦਿਲੋ-ਦਿਮਾਗ ’ਤੇ ਬਹੁਤ ਦਹਿਸ਼ਤ ਛਾ ਗਈ। ਪਰ ਪੁਲਿਸ ਵਾਲੇ ਅਤੇ ਹਸਪਤਾਲ ਵਾਲੇ ਮੈਥੋਂ ਪੁਛਗਿੱਛ ਹੀ ਕਰਦੇ ਰਹੇ। ਪੁਲਿਸ ਦੇ ਇਲਾਵਾ, ਹਸਪਤਾਲ ਪ੍ਰਸ਼ਾਸਨ ਨੇ ਵੀ ਮੇਰੇ ਨਾਲ ਬਹੁਤ ਬਦਸਲੂਕੀ ਕੀਤੀ। ਹਸਪਤਾਲ ਦੇ 10-12 ਮੁਲਾਜ਼ਮਾਂ ਨੇ ਮੈਨੂੰ ਫੜ ਕੇ ਪਲੰਘ ’ਤੇ ਲਿਟਾ ਦਿੱਤਾ ਅਤੇ ਮੇਰੇ ਹੱਥ-ਪੈਰ ਹਥਕੜੀ ਨਾਲ ਬੰਨ੍ਹ ਦਿੱਤੇ। ਉਨ੍ਹਾਂ ਦੋ ਦਿਨਾਂ ਤੱਕ ਮੈਨੂੰ ਇੰਞ ਹੀ ਬੰਨ੍ਹੀ ਰੱਖਿਆ। ਨਾ ਮੈਨੂੰ ਵਕਤ ਸਿਰ ਭੋਜਨ ਦਿੰਦੇ ਸਨ, ਨਾ ਪਾਣੀ। ਉਨ੍ਹਾਂ ਨੇ ਮੈਨੂੰ ਕੁੱਤੇ ਕੱਟਣ ਦੇ ਟੀਕੇ ਵੀ ਨਹੀਂ ਲਗਾਏ ਤੇ ਮੇਰੇ ਜ਼ਖ਼ਮਾਂ ਦੀ ਵੀ ਕੋਈ ਪਰਵਾਹ ਨਾ ਕੀਤੀ।

ਅਖੀਰ ਮੈਂ ਪੁਲਿਸਕਰਮੀਆਂ ਨੂੰ ਬੇਨਤੀ ਕੀਤੀ ਕਿ ਮੈਨੂੰ ਇਕ ਪੰਜਾਬੀ ਭਾਸ਼ਾ ਦਾ ਟ੍ਰਾਂਸਲੇਟਰ ਮੰਗਵਾ ਦਿਓ। ਪੁਲਿਸ ਅਧਿਕਾਰੀਆਂ ਨੇ ਇਕ ਸਥਾਨਕ ਸਿੱਖ ਸ੍ਰ: ਜਸਬੀਰ ਸਿੰਘ ਭਾਟੀਆ (ਜੋ ਸੀਮੇਂਸ ਕੰਪਨੀ ਵਿੱਚ ਸੀਨੀਅਰ ਇੰਜੀਨੀਅਰ ਹਨ ਤੇ ਆਰਲੈਂਡੋ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਹਨ) ਨੂੰ ਮੇਰੇ ਕੋਲ ਭੇਜ ਦਿੱਤਾ। ਮੈਂ ਸ੍ਰ: ਜਸਬੀਰ ਸਿੰਘ ਭਾਟੀਆ ਨੂੰ ਇਸ ਸਾਰੀ ਘਟਨਾ ਦੇ ਪਿਛੋਕੜ ਬਾਰੇ ਦੱਸਿਆ ਤੇ ਸਮਝਾਇਆ ਕਿ ਇਨ੍ਹਾਂ ਨੇ ਮੈਨੂੰ ਬਿਨ੍ਹਾਂ ਕਾਰਨ ਗ੍ਰਿਫ਼ਤਾਰ ਕਰ ਲਿਆ ਹੈ।

ਉਨ੍ਹਾਂ ਮੈਨੂੰ ਹੌਸਲਾ ਦਿੱਤਾ ਕਿ ਤੂੰ ਘਬਰਾ ਨਾ, ਬੱਸ ਇਨ੍ਹਾਂ ਪੁਲਿਸ ਵਾਲਿਆਂ ਨਾਲ ਕੋਈ ਵੱਧ ਗੱਲ ਨਹੀਂ ਕਰਨੀ। ਉਨ੍ਹਾਂ ਪੁਲਿਸ ਵਾਲਿਆਂ ਨੂੰ ਮੇਰਾ ਪੱਖ ਸਮਝਾਇਆ ਤੇ ਮੈਨੂੰ ਪੁਲਿਸ ਅਤੇ ਹਸਪਤਾਲ ਤੋਂ ਛੁਡਵਾ ਕੇ ਗੁਰਦੁਆਰਾ ਸਾਹਿਬ ਲੈ ਆਏ। ਮੈਨੂੰ ਦੋ-ਤਿੰਨ ਦਿਨ ਗੁਰਦੁਆਰਾ ਸਾਹਿਬ ਰਹਿਣਾ ਪਿਆ, ਜਿਸ ਦੌਰਾਨ ਸ੍ਰ: ਜਸਬੀਰ ਸਿੰਘ ਭਾਟੀਆ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਗੁਲਵੰਤ ਕੌਰ ਭਾਟੀਆ ਜੀ ਨੇ ਮੇਰੀ ਬਹੁਤ ਸੇਵਾ ਕੀਤੀ। ਉਪਰੰਤ ਮੈਨੂੰ ਇਕ ਵਾਰ ਫਿਰ ਹਸਪਤਾਲ ਭੇਜ ਦਿੱਤਾ ਗਿਆ, ਜਿਥੋਂ ਡਿਸਚਾਰਜ ਹੋਣ ’ਤੇ ਮੇਰੇ ਅੰਕਲ ਮੈਨੂੰ ਆਪਣੇ ਨਾਲ ਲੈ ਗਿਆ। ਸ੍ਰ: ਜਸਬੀਰ ਸਿੰਘ ਭਾਟੀਆ ਦੀ ਅਥਾਹ ਮਦਦ ਸਦਕਾ ਮੈਂ ਭਾਰਤ ਵਾਪਸ ਆ ਸਕਿਆ।

ਇੱਥੇ ਆਉਣ ’ਤੇ ਮੇਰੇ ਪਰਵਾਰ ਮੈਂਬਰਾਂ ਨੇ ਮੇਰੇ ਸਰੀਰਕ ਜ਼ਖ਼ਮਾਂ ਅਤੇ ਕੁੱਤੇ ਕੱਟਣ ਦਾ ਇਲਾਜ ਕਰਵਾਇਆ। ਪਰ ਇਸ ਘਟਨਾਕ੍ਰਮ ਤੋਂ ਬਹੁਤ ਡਰਿਆ ਹੋਣ ਕਰਕੇ ਮੈਂ ਲਗਭਗ ਡੇਢ ਸਾਲ ਤੱਕ ਡਿਪ੍ਰੈਸ਼ਨ ਵਿੱਚ ਰਿਹਾ। ਇਸ ਸਾਰੇ ਸਮੇਂ ਦੌਰਾਨ ਦਿੱਲੀ ਦੇ ਕਮਲਾ ਨਗਰ ਖੇਤਰ ਦੇ ਮਨੋਵਿਗਿਆਨੀ ਡਾ: ਆਨੰਦੀ ਲਾਲ ਮੇਰਾ ਮਾਨਸਿਕ ਇਲਾਜ ਕਰਦੇ ਰਹੇ। ਜਿਸ ਨਾਲ ਹੁਣ ਮੈਂ ਲਗਭਗ ਠੀਕ ਹੋ ਗਿਆ ਹਾਂ। ਹੁਣ ਮੈਂ ਆਪਣੇ ਉੱਪਰ ਜ਼ੁਲਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਹਸਪਤਾਲ ਮੁਲਾਜ਼ਮਾਂ ਖਿਲਾਫ਼ ਅਦਾਲਤ ਵਿੱਚ ਮੁਕੱਦਮਾ ਦਰਜ ਕਰਵਾ ਕੇ ਉਨ੍ਹਾਂ ਨੂੰ ਢੁਕਵੀਂ ਸਜ਼ਾ ਦਿਵਾਉਣਾ ਚਾਹੁੰਦਾ ਹਾਂ, ਤਾਂ ਜੋ ਉਹ ਭਵਿੱਖ ਵਿੱਚ ਕਿਸੇ ਨਿਰਦੋਸ਼ ਵਿਅਕਤੀ ਨਾਲ ਅਜਿਹਾ ਮਾੜਾ ਵਤੀਰਾ ਨਾ ਕਰਨ।

- - -

ਸੰਪਾਦਕੀ ਟਿੱਪਣੀ : ਕਿਸੇ ਵੀ ਦੇਸ਼ ਦੇ ਪ੍ਰਸ਼ਾਸਨ ਨੂੰ ਆਪਣੇ ਦੇਸ਼ ਵਿੱਚ ਆਏ ਸੈਲਾਨੀਆਂ ਪ੍ਰਤੀ ਹਮਦਰਦੀ ਅਤੇ ਮਿਲਵਰਤਨ ਵਾਲਾ ਰਵਈਆ ਅਖ਼ਤਿਆਰ ਕਰਨਾ ਚਾਹੀਦਾ ਹੈ। ਇਕ ਭੋਲੇ-ਭਾਲੇ ਨੌਜੁਆਨ, ਜੋ ਪਹਿਲਾਂ ਹੀ ਲੁਟੇਰਿਆਂ ਦੀ ਲੁੱਟ ਦਾ ਸ਼ਿਕਾਰ ਹੋ ਚੁੱਕਾ ਹੋਵੇ, ਨੂੰ ਇਨਸਾਫ ਦਿਵਾਉਣ ਦੀ ਬਜਾਏ, ਉਸ ’ਤੇ ਫੌਜੀ ਹਮਲੇ ਦੇ ਸਤਰ ਦੀ ਕਾਰਵਾਈ ਅਰੰਭ ਦੇਣੀ ਬਹੁਤ ਨਿੰਦਣਯੋਗ ਤੇ ਮਨੁੱਖੀ ਸਮਾਜ ਨੂੰ ਸ਼ਰਮਸਾਰ ਕਰ ਦੇਣ ਵਾਲੀ ਕਾਰਵਾਈ ਹੈ। ਜਿਵੇਂ ਕਿ ਨਿਰਵੈਰ ਸਿੰਘ ਦੇ ਬਿਆਨ ਤੋਂ ਸਪਸ਼ਟ ਹੈ, ਉਹ ਬੈਂਕ ਦੇ ਅੰਦਰ ਗਾਰਡ ਦੀ ਇਜਾਜ਼ਤ ਲੈ ਕੇ ਗਿਆ, ਪਾਣੀ ਵੀ ਬੈਂਕ ਮੁਲਾਜ਼ਮ ਦੀ ਇਜਾਜ਼ਤ ਨਾਲ ਪੀਤਾ ਤੇ ਕੁਰਸੀ ’ਤੇ ਅਰਾਮ ਕਰਨ ਤੋਂ ਪਹਿਲਾ ਵੀ ਬੈਂਕ ਮੁਲਾਜ਼ਮ ਦੀ ਇਜਾਜ਼ਤ ਲਈ। ਇਸਲਈ ਉਸ ਦੇ ‘ਅੱਤਵਾਦੀ’ ਹੋਣ ਜਿਹੀ ਧਾਰਨਾ ਪੈਦਾ ਹੋਣੀ ਹੀ ਨਹੀਂ ਚਾਹੀਦੀ ਸੀ। ਇਹ ਤੱਥ ਵੀ ਧਿਆਨਯੋਗ ਹੈ ਕਿ ਸੁੱਤਾ ਹੋਇਆ ਨਿਹੱਥਾ ਮਨੁੱਖ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ।

ਜੇਕਰ ਕਿਸੇ ਵਜ੍ਹਾ ਨਾਲ ਸੁਰੱਖਿਆ ਕਰਮਚਾਰੀਆਂ ਨੂੰ ਇਸ ਨੌਜੁਆਨ ਬਾਰੇ ਕੋਈ ਸ਼ੰਕਾ ਸੀ ਵੀ, ਤਾਂ ਉਨ੍ਹਾਂ ਨੂੰ ਇਸਦਾ ਪਾਸਪੋਰਟ ’ਤੇ ਕਾਗਜ਼ਾਤ ਚੈੱਕ ਕਰ ਲੈਣੇ ਚਾਹੀਦੇ ਸਨ। ਪਰ ਇਸਦੀ ਬਜਾਏ ਸੁਰੱਖਿਆ ਅਧਿਕਾਰੀਆਂ ਨੇ ਇਸ ਭੋਲੇ-ਭਾਲੇ ਨੌਜੁਆਨਾਂ ਨਾਲ ਉਹ ਵਤੀਰਾ ਅਪਣਾਇਆ, ਜੋ ਅਤਿ ਖ਼ੌਫਨਾਕ ਕਿਸਮ ਦੇ ਮੁਜਰਿਮਾਂ/ਅੱਤਵਾਦੀਆਂ ਪ੍ਰਤੀ ਅਪਣਾਇਆ ਜਾਂਦਾ ਹੈ। ਨਿਹੱਥੇ ਨੌਜੁਆਨ ਨੂੰ ਸ਼ਿਕਾਰੀ ਕੁੱਤੇ ਤੋਂ ਕਟਵਾਉਣਾ ਨਿਸ਼ਚਿਤ ਤੌਰ ’ਤੇ ਇਕ ਨਿੰਦਣਯੋਗ ਕਾਰਵਾਈ ਹੈ ਤੇ ਦੁਨੀਆ ਦਾ ਕੋਈ ਵੀ ਸਭਿਅਕ ਸਮਾਜ ਇਸ ਤਰ੍ਹਾਂ ਦੀ ਕਾਰਵਾਈ ਨੂੰ ਜਾਇਜ਼ ਨਹੀਂ ਠਹਿਰਾ ਸਕਦਾ। ਆਪਣੇ ਦੇਸ਼ ਆਏ ਸੈਲਾਨੀ ਦੇ ਮਨੁੱਖੀ ਅਧਿਕਾਰਾਂ ਦੀ ਅਜਿਹੀ ਘੋਰ ਉਲੰਘਣਾ ਕਰਨ ਲਈ ਅਮਰੀਕੀ ਸੁਰੱਖਿਆ ਏਜੰਸੀਆਂ ਤੇ ਪ੍ਰਸ਼ਾਸਨ ਨੂੰ ਮੁਆਫੀ ਮੰਗ ਕੇ, ਪੀੜ੍ਹਤ ਨਿਰਵੈਰ ਸਿੰਘ ਨੂੰ ਯੋਗ ਮੁਆਵਜ਼ਾ ਦੇਣਾ ਚਾਹੀਦਾ ਸੀ। ਪਰ ਇਸਦੇ ਉਲਟ, ਅਮਰੀਕੀ ਪੁਲਿਸ ਨੇ ਆਪਣੀ ਭਾਰੀ ਗਲਤੀ ਨੂੰ ਛੁਪਾਣ ਲਈ, ਇਸ ਘਟਨਾ ਬਾਰੇ ਆਪਣਾ ਮੂੰਹ ਚੁੱਪ ਰੱਖਣ ਦੀ ਧਮਕੀ ਦੇ ਕੇ ਨਿਰਵੈਰ ਸਿੰਘ ਨੂੰ ਵਾਪਸ ਭਾਰਤ ਭੇਜ ਦਿੱਤਾ।

ਇਕ ਸਾਲ ਤੋਂ ਵੱਧ ਸਮੇਂ ਤੱਕ ਨਿਰਵੈਰ ਸਿੰਘ ਦੀ ਮਾਨਸਿਕ ਹਾਲਤ ਖ਼ਰਾਬ ਰਹਿਣ ਕਾਰਨ ਇਹ ਮਾਮਲਾ ਇਕ ਤਰ੍ਹਾਂ ਨਾਲ ਠੱਪ ਜਿਹਾ ਹੋ ਕੇ ਰਹਿ ਗਿਆ। ਪਰ ਹੁਣ ਪੀੜ੍ਹਤ ਦੀ ਮਾਨਸਿਕ ਹਾਲਤ ਠੀਕ ਹੋ ਜਾਣ ਕਾਰਨ ਉਸ ਵੱਲੋਂ ਆਪਣੇ ਨਾਲ ਹੋਈ

ਬੇਇਨਸਾਫੀ ਵਿਰੁੱਧ ਅਵਾਜ਼ ਵੀ ਚੁੱਕਣਾ ਚਾਹੁੰਦਾ ਹੈ। ਇਸ ਸਬੰਧ ਵਿੱਚ ਅਮਰੀਕੀ ਸਿੱਖਾਂ ਦੀ ਸੰਸਥਾ ‘ਯੂਨਾਈਟਿਡ ਸਿੱਖ ਕੌਂਸਲ’ ਵੱਲੋਂ ਅਮਰੀਕਾ ਦੇ ਉੱਘੇ ਵਕੀਲ ਸ੍ਰ: ਜਸਪ੍ਰੀਤ ਸਿੰਘ ਅਤੇ ਦਿੱਲੀ ਦੇ ਸਮਾਜ-ਸੇਵੀ ਸ੍ਰ: ਦਿਲਬਾਗ ਸਿੰਘ ਦੇ ਸਹਿਯੋਗ ਨਾਲ ਨਿਰਵੈਰ ਸਿੰਘ ਦੀ ਕਾਨੂੰਨੀ ਮਦਦ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜੇਕਰ ਨਿਰਵੈਰ ਸਿੰਘ ਨੂੰ ਇਨਸਾਫ ਦਿਵਾਉਣ ਲਈ ਪਾਠਕ ਸੱਜਣ ਕੋਈ ਸੁਝਾਅ ਦੇਣਾ ਚਾਹੁਣ ਤਾਂ ਬਿਨਾਂ ਸੰਕੋਚ ਇੰਡੀਆ ਅਵੇਅਰਨੈੱਸ ਦੇ ਦਫ਼ਤਰ ਵਿੱਚ ਸੰਪਰਕ ਕਰ ਸਕਦੇ ਹਨ।