Subscription About Us Contact Us


ਗੁਰੂ ਦੇ ਘੋੜੇ ਦੇ ਅਖੌਤੀ ਵੰਸ਼ਜਾਂ ਦੀ ਲਿੱਦ, ਅਨੰਦਪੁਰ ਮਤਾ ਤੇ ਬੇਸਹਾਰਾ ਸਿੱਖਾਂ ਵਿੱਚੋਂ ਸਭ ਤੋਂ ਵੱਧ ਤਵੱਜੋ ਦਾ ਹੱਕਦਾਰ ਕੌਣ?

- ਪ੍ਰੋ: ਇੰਦਰ ਸਿੰਘ ਘੱਗਾ -
ਫੋਨ : 9855151699

ਗਿਆਨੀ ਜ਼ੈਲ ਸਿੰਘ 1972 ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਿਆ ਸੀ। ਅਕਾਲੀਆਂ ਨੂੰ ‘ਧਰਮ ਯੁੱਧ ਮੋਰਚਿਆਂ’ ਵੱਲੋਂ ਭੁਆਟਣੀ ਦੇ ਕੇ, ਉਸਨੇ ‘ਧਰਮ ਯਾਤਰਾਵਾਂ’ ਵੱਲ ਮੋੜ ਲਿਆ। ਸੰਨ 1973 ਵਿੱਚ ਜ਼ੈਲ ਸਿੰਘ ਨੇ ਪੰਜਾਬ ਸਰਕਾਰ ਦੇ ਖ਼ਰਚੇ ’ਤੇ ਅਨੰਦਪੁਰ ਤੋਂ ਤਲਵੰਡੀ ਸਾਬੋ ਤਕ, ਇਕ ਵਿਸ਼ਾਲ ਯਾਤਰਾ ‘ਗੁਰੂ ਗੋਬਿੰਦ ਸਿੰਘ ਮਾਰਗ’ ਦੇ ਨਾਮ ਹੇਠ ਕੱਢੀ। ਸਾਰੀ ਪੰਜਾਬ ਸਰਕਾਰ ‘ਗੁਰੂ ਜੀ ਦੇ’ ਰਾਹ ’ਤੇ ਚੱਲ ਪਈ। ਇਸ ‘ਧਰਮ ਕਾਰਜ’ ਵਿੱਚ ਅਕਾਲੀ, ਸ਼੍ਰੋਮਣੀ ਕਮੇਟੀ ਅਤੇ ਆਮ ਮਾਈ-ਭਾਈ ਤਿਲ ਫੁੱਲ ਅਰਪਣ ਕਰ ਕੇ, ਖ਼ੁਦ ਸ਼ਾਮਲ ਹੋ ਕੇ, ਆਪਣਾ ‘ਜੀਵਨ ਸਫਲਾ’ ਕਿਉਂ ਨਾ ਕਰਦੇ? 620 ਕਿਲੋਮੀਟਰ ਲੰਮਾ ਸੜਕੀ ਰਸਤਾ, ਚਾਰ ਦਿਨਾਂ ਵਿੱਚ ਤੈਅ ਕਰਕੇ, ਤਲਵੰਡੀ ਸਾਬੋ (ਦਮਦਮਾ) ਜਾ ਸਮਾਪਤ ਹੋਇਆ।

ਇਸ ‘ਸ਼ੋਭਾ ਯਾਤਰਾ’ ਵਿੱਚ ਸਾਰਿਆਂ ਦੀ ਖਿੱਚ ਦਾ ਕੇਂਦਰ ਸਨ - ਸਜੀ ਹੋਈ ਖੁਲ੍ਹੀ ਗੱਡੀ ਵਿੱਚ ਖੜੇ ਦੋ ‘ਪੂਜਣਯੋਗ’ ਘੋੜੇ। ਗੁਰੂ ਗ੍ਰੰਥ ਸਾਹਿਬ ਤਾਂ ਸਾਰੇ ਥਾਈਂ ਮੌਜੂਦ ਹਨ। ਕਿਤੇ ਵੀ, ਕਦੇ ਵੀ ਮੱਥਾ ਟੇਕਿਆ ਜਾ ਸਕਦਾ ਹੈ। ਭਾਵੇਂ ਗੁਰਬਾਣੀ ਰਾਹੀਂ ਪੈਂਤੀ ਮਹਾਂਪੁਰਖਾਂ ਨੇ ਆਪਣੀ ਜ਼ਿੰਦਗੀ ਦਾ ਨਿਚੋੜ ਪੇਸ਼ ਕੀਤਾ ਹੈ, ਭਾਵੇਂ ਸਾਰੇ ਕਰਮ-ਕਾਂਡਾਂ ਤੋਂ ਮੁਕਤ ਕੀਤਾ ਹੈ, ਭਾਵੇਂ ਗੁਰਬਾਣੀ ਨੂੰ ਸਮਝ ਕੇ ਸਿਆਣਪ ਨਾਲ ਜੀਵਨ ਬਤੀਤ ਕਰਨ ਦਾ ਹੁਕਮ ਹੈ, ਭਾਵੇਂ ਗੁਰਬਾਣੀ ਨੇ ਸਰੀਰ ਪੂਜਾ ਤੋਂ ਸਖ਼ਤੀ ਨਾਲ ਵਰਜਿਆ ਹੈ। ਦਸਮ ਪਾਤਸ਼ਾਹ ਹਜ਼ੂਰ ਖ਼ੁਦ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਚਲਣ ਦਾ ਹੁਕਮ ਦੇ ਗਏ ਹਨ। ਪਰ ਚਾਰੇ ਬੰਨੇ ਵਰਤ ਰਹੇ ਵਰਤਾਰੇ ਵੇਖ ਕੇ ਇਉਂ ਮਹਿਸੂਸ ਹੁੰਦਾ ਹੈ ਕਿ ਆਮ ਸਿੱਖ ਤਾਂ ਕੁਰਾਹੇ ਪਿਆ ਹੀ ਸੀ, ਸਗੋਂ ਸਿੱਖਾਂ ਦੇ ਮੁਖੀ ਵੱਧ ਗਰਕੇ ਹੋਏ ਵੇਖੇ ਜਾ ਸਕਦੇ ਹਨ। ਦਸਮ ਪਾਤਸ਼ਾਹ ਦੇ ਘੋੜੇ ਦੀ ‘ਵੰਸ਼’ ਵਿੱਚੋਂ ਦੋ ਘੋੜੇ ਇਸ ਯਾਤਰਾ ਵਿੱਚ ਸਭ ਦਾ ਧਿਆਨ ਖਿੱਚ ਰਹੇ ਸਨ। ਲੋਕ ਰੁਪਏ ਰੱਖ ਕੇ ‘ਘੋੜਾ ਸਾਹਿਬ’ ਜੀ ਨੂੰ ਨਮਸਕਾਰਾਂ ਕਰ ਰਹੇ ਸਨ। ਘੋੜਿਆਂ ਦੀ ਲਿੱਦ (ਪਖਾਨਾ) ਸ਼ਰਧਾ ਸਹਿਤ ਇਕ ਦੂਜੇ ਤੋਂ ਅੱਗੇ ਵੱਧ ਕੇ, ਧੱਕਾ-ਮੁੱਕੀ ਕਰ ਕੇ, ਇਸ ਅਜ਼ਲੀ ਰਹਿਮਤ ਨੂੰ ਸੰਭਾਲ ਕੇ, ਘਰਾਂ ਨੂੰ ਲਿਜਾ ਰਹੇ ਸਨ। ਇਹ ਕੋਈ ਆਮ ਜਾਨਵਰ ਨਹੀਂ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੀ ‘ਪੂਜਣਯੋਗ ਸੰਤਾਨ’ ਸਨ।

ਹਜ਼ੂਰ ਸਾਹਿਬ ਨਾਂਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੇ ਅਖੌਤੀ ਵੰਸ਼ਜ ਘੋੜੇ ਦੇ
ਦਰਸ਼ਨ ਕਰਕੇ ਆਪਣਾ ਜਨਮ ਸਫਲ ਕਰਦੇ ਹੋਏ ‘ਸਿੱਖ’ ਸ਼ਰਧਾਲੂ

11 ਫਰਵਰੀ 209 ਦੀਆਂ ਅਖ਼ਬਾਰਾਂ ਵਿੱਚ ਪੜ੍ਹਿਆ ਕਿ ਹਰਿਆਣੇ ਦੇ ਗੁਰਦੁਆਰਾ ਪ੍ਰਬੰਧਕਾਂ ਦੇ ਮੁਖੀ ਭਾਈ ਜਗਦੀਸ਼ ਸਿੰਘ ਝੀਂਡਾ ਨੇ ਹਜ਼ੂਰ ਸਾਹਿਬ ਤੋਂ ਇਕ ਅਤੀ ਸੁੰਦਰ ਚਿੱਟਾ ਘੋੜਾ ਲਿਆਂਦਾ ਹੈ। ਗੁਰੂ ਗੋਬਿੰਦ ਸਿੰਘ ਵੱਲੋਂ ਵਰੋਸਾਏ (ਵਰਤੇ) ਘੋੜੇ ਦੇ ‘ਖਾਨਦਾਨ’ ਵਿੱਚੋਂ ਹੋਣ ਕਰਕੇ, ਲੋਕੀਂ ਵਹੀਰਾਂ ਘੱਤ ਕੇ ਇਸ ਦੇ ਦਰਸ਼ਨਾਂ ਰਾਹੀਂ ਆਪਣਾ ‘ਜਨਮ ਸਫਲਾ’ ਕਰ ਰਹੇ ਸਨ। ਇਧਰ ਪੰਜਾਬ ਵਿਚਲੇ ਗੁਰਦੁਆਰਿਆਂ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਮੱਕੜ ਤੋਂ ਸ੍ਰ: ਝੀਂਡਾ ਦੀ ਸ਼ੋਹਰਤ ਬਰਦਾਸ਼ਤ ਨਾ ਹੋਈ। ਉਸਨੇ ਐਲਾਨ ਕਰ ਦਿੱਤਾ ਕਿ ‘‘ਸਬੰਧਤ ਘੋੜਾ ਕਿਸੇ ਵਪਾਰੀ ਤੋਂ ਖਰੀਦਿਆ ਗਿਆ ਹੈ, ਇਹ ਅਸਲੀ ‘ਖ਼ਾਨਦਾਨੀ’ ਘੋੜਾ ਨਹੀਂ ਹੈ।’’ ਹਰਿਆਣਾ ਕਮੇਟੀ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਝੀਂਡਾ ਨੇ ਪੂਰੇ ਜਲਾਲ ਅਤੇ ਧਾਰਮਕ ਜੋਸ਼ ਵਿੱਚ ਬਿਆਨ ਦਾਗਿਆ ਕਿ ‘‘ਜਿਥੇ ਭਾਈ ਅਵਤਾਰ ਸਿੰਘ ਨੇ ਸਾਡੀ ਬੇਇੱਜ਼ਤੀ ਕੀਤੀ ਹੈ, ਉਥੇ ਨਾਲ ਹੀ ਸਾਡੀ ‘ਧਾਰਮਕ ਸ਼ਰਧਾ’ ਨੂੰ ਠੇਸ ਪਹੁੰਚਾਈ ਹੈ। ਭਾਈ ਅਵਤਾਰ ਸਿੰਘ ਮੱਕੜ ਵੱਲੋਂ ਕੀਤੀ ਗਈ ਕੋਤਾਹੀ ਦੀ ਅਸੀਂ ‘ਪੰਜਾਂ ਤਖ਼ਤਾਂ ਦੇ ਸਿੰਘ ਸਾਹਿਬਾਨ’ ਨੇ ਸਾਡੀ ਸੁਣਵਾਈ ਨਾ ਕੀਤੀ ਤਾਂ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਾਖ਼ਲ ਕਰਕੇ, ਇਨਸਾਫ ਦੀ ਮੰਗ ਕਰਾਂਗੇ। ਸਾਡਾ ਲਿਆਂਦਾ ਘੋੜਾ ਅਸਲੀ ਖ਼ਾਨਦਾਨੀ ਘੋੜਾ ਹੈ।’’

ਪੰਜਾਬ ਦੇ ਸਿੱਖਾਂ ਦਾ ਪ੍ਰਧਾਨ ਭਾਈ ਅਵਤਾਰ ਸਿੰਘ ਮੱਕੜ, ਹਰਿਆਣਾ ਦੇ ਸਿੱਖਾਂ ਦੀ ਕਮੇਟੀ ਦਾ ਪ੍ਰਧਾਨ ਭਾਈ ਜਗਦੀਸ਼ ਸਿੰਘ ਝੀਂਡਾ। ਜੋ ਰਾਜਾਂ ਦੇ ਦੋ ਪ੍ਰਧਾਨ, ਸਿੱਖ ਕੌਮ ਦੀ ਬੇੜੀ ਦੇ ਮਲਾਹ। ਸਿੱਖ ਕੌਮ ਨੂੰ ਸਰਬਪੱਖੀ ਅਗਵਾਈ ਦੇਣ ਦੇ ਦਾਅਵੇਦਾਰ। ਸ਼ਬਦ ਗੁਰੂ ਨੂੰ ਨਮਸਕਾਰਾਂ ਕਰਨ ਵਾਲੇ। ਗੁਮਰਤਿ ਦਾ ਚਾਨਣ ਘਰ-ਘਰ ਪਹੁੰਚਾਉਣ ਦਾ ਢੰਡੋਰਾ ਨਿੱਤ ਪਿੱਟਣ ਵਾਲੇ...। ਇਕ ਘੋੜੇ ਦੇ ਵਿਵਾਦ ਵਿੱਚ ਉਲਝੇ, ਪਸੀਨੋ-ਪਸੀਨਾ ਹੋਏ ਖੜੇ ਹਨ। ਕਿੰਨੀ ਮਹਾਨ ਪੰਥਕ ਸੇਵਾ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਵਾਲੇ ਗੁਰੂ ਦੀ ਛੋਹ ਪ੍ਰਾਪਤ, ਕਦੀ ਲੋਟਾ (ਰਾਏ ਕਲ੍ਹੇ ਦੇ ਖ਼ਾਨਦਾਨ ਵਾਲਾ ਅਖੌਤੀ) ਰੱਖ ਕੇ ਸੰਗਤ ਤੋਂ ਮੱਥਾ ਟਿਕਵਾਉਂਦੇ ਹਨ, ਕਦੀ ਸਾਈਂ ਮੀਆਂ ਮੀਰ ਨੂੰ ਪੰਜਵੇਂ ਪਾਤਸ਼ਾਹ ਵੱਲੋਂ ਦਿੱਤੀ ਗਈ ਕਥਿਤ ਮਾਲਾ ਦਰਸ਼ਨਾਂ ਲਈ ਰੱਖ ਦਿੰਦੇ ਹਨ। ਕਦੀ ਭਾਈ ਮਰਦਾਨਾ ਜੀ ਦੇ ਖ਼ਾਨਦਾਨ ਵਾਲੇ (ਅਖੌਤੀ) ਕੀਰਤਨੀਆਂ ਨੂੰ ਸਟੇਜ ’ਤੇ ਬਿਰਾਜਮਾਨ ਕਰਵਾ ਦਿੰਦੇ ਹਨ। ਇਨ੍ਹਾਂ ਪ੍ਰਦਰਸ਼ਨੀਆਂ ਨਾਲ ਡੋਲੇ ਸ਼ਰਧਾਲੂਆਂ ਨੂੰ ਖ਼ੂਬ ਲੁੱਟਦੇ ਹਨ। ਗਿਆਨ ਨਾਮ ਦੀ ਕੋਈ ਚੀਜ਼ ਸੰਗਤ ਦੇ ਪੱਲੇ ਨਹੀਂ ਪਾਉਂਦੇ।

ਹਰਿਆਣਾ ਗੁਰਦੁਆਰਾ ਕਮੇਟੀ ਦਾ (ਕੱਚਾ) ਪ੍ਰਧਾਨ, ਗੁਰੂ ਗੋਬਿੰਦ ਸਿੰਘ ਦੇ ਘੋੜੇ ਦੀ ‘ਵੰਸ਼’ ਵਿੱਚੋਂ ਇਕ ਘੋੜਾ ਵਿਖਾ ਕੇ, ਜੇ ਲੋਕਾਂ ਵਿੱਚ ਮਕਬੂਲ ਹੋ ਗਿਆ ਤਾਂ ਪੰਜਾਬ ਦੀ ਗੁਰਦੁਆਰਾ ਕਮੇਟੀ ਲਈ ਇਕ ਖ਼ਤਰਨਾਕ ਸ਼ਰੀਕ ਪੈਦਾ ਹੋ ਗਿਆ। ਕੋਈ ਵੀ ਹੀਲਾ ਵਰਤ ਕੇ ਉਸਨੂੰ ਵਧਣੋਂ ਰੋਕਿਆ ਜਾਵੇ। ਇਉਂ ਪ੍ਰਤੀਤ ਹੁੰਦਾ ਹੈ ਕਿ (ਲੀਡਰਾਂ ਦੀ ਬਦੌਲਤ) ਸਿੱਖ ਮਨਾਂ ਵਿੱਚੋਂ ਗੁਰੂ ਸਾਹਿਬ ਦੀ ਪਾਵਨ ਬਾਣੀ ਵਿਸਰ ਚੁੱਕੀ ਹੈ, ਸਤਿਗੁਰੂ ਵੱਲੋਂ ਕੀਤੇ ਉਪਕਾਰ ਭੁੱਲ ਚੁੱਕੇ ਹਨ, ਗੁਰੂ ਵਰੋਸਾਏ ਸਿੱਖ ਸੂਰਮਿਆਂ ਵੱਲੋਂ ਬਹਾਦਰੀ ਭਰੇ ਲਾਸਾਨੀ ਕਾਰਨਾਮੇ ਖੂਹ-ਖਾਤੇ ਪੈ ਗਏ ਹਨ। ਸਿੱਖ ਪੰਥ ਦੀ ਅੱਜ ਜੋ ਦੁਰਗਤ ਹੋ ਰਹੀ ਹੈ, ਇਸ ਦਾ ਕਿਸੇ ਨੂੰ ਫ਼ਿਕਰ ਨਹੀਂ ਹੈ। ਸਿੱਖਾਂ ਦਾ ਘਰ, ਪੂਰਾ ਪੰਜਾਬ ਬਰਬਾਦੀ ਦੀ ਕਗਾਰ ’ਤੇ ਪਹੁੰਚ ਗਿਆ ਹੈ, ਲੀਡਰਾਂ ਦੀ ਜਾਣੇ ਬਲਾ। ਜੋ ਰਾਜਾਂ ਦੇ ਦੋ ਸਿੱਖ ਆਗੂ, ਘੋੜਿਆਂ ਦਾ ‘ਖ਼ਾਨਦਾਨ’ ਲੱਭਣ ਲੱਗੇ ਹੋਏ ਹਨ।

ਗੁਰੂ ਨਾਨਕ ਬਾਬਾ ਜੀ ਦੀ ਸਿੱਖਿਆ ਨੂੰ ਸਮਝਣ ਵਾਲੇ, ਚੰਗੀ ਤਰ੍ਹਾਂ ਜਾਣਦੇ ਹਨ ਕਿ ਬਾਬਾ ਸ੍ਰੀਚੰਦ ਤੇ ਲਖਮੀ ਦਾਸ, ਗੁਰੂ ਅੰਸ਼ ਹੋਣ ਕਾਰਨ ਸਤਿਕਾਰ ਦੇ ਪਾਤਰ ਨਹੀਂ ਬਣ ਸਕੇ। ਗੁਰੂ ਦਾ ਹੁਕਮ ਮੰਨਣ ਵਾਲਾ ਭਾਈ ਲਹਿਣਾ, ਪਰਵਾਨ ਹੋ ਕੇ ਗੁਰੂ ਪਦਵੀ ਨੂੰ ਪੁੱਜਾ ਸੀ। ਪਿਰਥੀ ਚੰਦ, ਧੀਰ ਮੱਲ ਤੇ ਰਾਮ ਰਾਏ ਵੀ ਗੁਰੂ ਕੀ ਵੰਸ਼ ਵਿੱਚੋਂ ਸਨ। ਉਨ੍ਹਾਂ ਨੂੰ ਗੁਰੂ ਵੱਲੋਂ ਕੀਤੇ ਮੰਦੇ ਵਿਹਾਰ ਕਾਰਨ, ਅਪਮਾਨ ਝੱਲਣਾ ਪਿਆ। ਚਾਰ ਸਾਹਿਬਜ਼ਾਦਿਆਂ ਨੂੰ ਮਾਣ ਝੂੰਗੇ ਵਿੱਚ ਨਹੀਂ ਮਿਲਿਆ। ਉਨ੍ਹਾਂ ਆਪਣਾ ਖ਼ੂਨ ਵੀਟ ਕੇ, ਸਰੀਰ ਦੇ ਡਕਰੇ ਕਰਵਾ ਕੇ, ਮਾਣ ਪਾਇਆ ਹੈ। ਕਿਸੇ ਸੋਢੀ, ਕਿਸੇ ਬੇਦੀ ਨੂੰ, ਗੁਰੂ ਸਾਹਿਬ ਨੇ ਵਾਧੂ ਰਿਆਇਤ ਨਹੀਂ ਦਿੱਤੀ। ਸਗੋਂ ਪੰਜਾਂ ਪਿਆਰਿਆਂ ਨੂੰ ਕਿਤੇ ਵੱਧ ਆਦਰ-ਮਾਣ ਦਿੱਤਾ। ਪਰ ਸਿੱਖਾਂ ਦੀ ਅਕਲ ਦਾ ਜਨਾਜ਼ਾ ਨਿਕਲਿਆ ਵੇਖੋ, ਇਹ ਘੋੜਿਆਂ ਦੀ ਪੂਜਾ ਕਰ ਕੇ, ਸੱਚੇ ਸੁਖ ਦੀ ਭਾਲ ਕਰ ਰਹੇ ਹਨ। ਕਿਉਂਕਿ ਇਹ ਘੋੜੇ (ਅਖੌਤੀ ਤੌਰ ’ਤੇ) ਦਸਵੇਂ ਪਾਤਸ਼ਾਹ ਦੇ ਘੋੜੇ ਦੀ ਔਲਾਦ ਹਨ। ਅਜਿਹੇ ਹਥਕੰਡੇ ਵਰਤ ਕੇ ਸਿੱਖਾਂ ਦੇ ਮੁਖੀ, ਦੌਲਤ ਦੀਆਂ ਬੋਰੀਆਂ ਭਰ ਰਹੇ ਹਨ ਤੇ ਆਪਣੀਆਂ ਲੀਡਰੀਆਂ ਚਮਕਾ ਰਹੇ ਹਨ। ਸਿੱਖੀ ਪਵੇ ਖੂਹ ਵਿੱਚ, ਕਿਸੇ ਨੂੰ ਫਿਕਰ ਨਹੀਂ ਹੈ।

ਸੰਨ 2004 ਵਿੱਚ ਹੋਈਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਸਰੋਵਰ ਦੀ ‘ਕਾਰ ਸੇਵਾ’ (ਸਫਾਈ ਕਰਨ) ਦਾ ਪੁੰਨ ਖੱਟਿਆ ਸੀ। ਪੂਰੀ ਧਾਰਮਕ ਸ਼ਰਧਾ ਨਾਲ ਭਾਜਪਾ ਦਾ ਪ੍ਰਮੁੱਖ ਆਗੂ ਅਡਵਾਨੀ ਵਿਸ਼ੇਸ਼ ਤੌਰ ’ਤੇ ਸਾਥੀਆਂ ਸਮੇਤ ‘ਸੇਵਾ’ ਵਿੱਚ ਹਾਜ਼ਰ ਹੋਇਆ ਸੀ। ਫਿਰ ਤਰਨ ਤਾਰਨ ਵਿੱਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਅਜਿਹੀ ‘ਸ਼ਾਨੋ-ਸ਼ੌਕਤ’ ਨਾਲ ਮਨਾਇਆ ਕਿ ਕਰੋੜਾਂ ਰੁਪਏ ਇਕੱਤਰ ਹੋ ਗਏ।

ਕੁਰਬਾਨੀ ਪੰਜਵੇਂ ਨਾਨਕ ਦੀ, ਸਿਰੋਪੇ ਮੀਮੈਂਟੋ, ਹਾਰ, ਸਨਮਾਨ ਚਿੰਨ੍ਹ, ਲੀਡਰ ਲੋਕ ਇਕ-ਦੂਜੇ ਨੂੰ ਬਖਸ਼ ਰਹੇ ਹਨ। ਤਸੀਹੇ ਝੱਲੇ ਸਤਿਗੁਰੂ ਜੀ ਨੇ, ਕਰੋੜਾਂ ਦੀ ਆਮਦਨੀ ਲੀਡਰ ਲੋਕਾਂ ਨੂੰ। ਇਹੀ ਲੀਡਰ ਲੋਕ ਧਰਮੀ ਹੋਣ ਦਾ ਪਖੰਡ ਕਰਕੇ ਆਮ ਲੋਕਾਈ ਦੀਆਂ ਧਾਰਮਕ ਭਾਵਨਾਵਾਂ ਨੂੰ ਵੋਟਾਂ ਵਿੱਚ ਬਦਲ ਲੈਂਦੇ ਹਨ। ਸ੍ਰੀਮਤੀ ਸੁਰਿੰਦਰ ਕੌਰ ਬਾਦਲ ਨੂੰ ਅੱਜਕਲ ‘ਲੰਗਰ ਦੀ ਸੇਵਾ’ ਦਾ ਬੜਾ ਖ਼ਬਤ ਚੜ੍ਹਿਆ ਹੋਇਆ ਹੈ। ਪੰਜਾਬ ਦੀਆਂ ਲਟਕੀਆ ਹੋਈਆਂ ਮੰਗਾਂ ਬਾਰੇ, ਆਪਣੇ ਪਤੀ ਨੂੰ ਸ਼ਾਇਦ ਹੀ ਕਦੀ ਯਾਦ ਕਰਵਾਇਆ ਹੋਵੇ। ਪੰਜਾਬ ਦੇ ਪਾਣੀਆਂ ਬਾਰੇ, ਰਾਜਧਾਨੀ ਬਾਰੇ, ਚੰਗੀ ਵਿਦਿਆ ਦੇਣ ਬਾਰੇ, ਰੁਜ਼ਗਾਰ ਬਾਰੇ, ਉੱਜੜ ਚੁੱਕੇ ਪਰਵਾਰਾਂ ਨੂੰ ਵਸਾਉਣ ਬਾਰੇ ਸ਼ਾਇਦ ਹੀ ਕਦੇ ਜ਼ੁਬਾਨ ਖੋਲ੍ਹੀ ਹੋਵੇ। ਸ਼ਾਇਦ ਹੀ ਕਦੀ ਵਿਲਕ ਰਹੇ ਲੋਕਾਂ ਨੂੰ ਵੇਖ ਕੇ, ਅੱਖ ਵਿੱਚੋਂ ਹੰਝੂ ਕੇਰਿਆ ਹੋਵੇ। ਕੀਰਤਨ ਦਰਬਾਰ ਤਾਂ ਅੱਗੇ ਹੀ ਬਹੁਤ ਹੋ ਰਹੇ ਹਨ, ਉਨ੍ਹਾਂ ਨਾਲ ਸਿੱਖਾਂ ਦਾ ਕੀ ਸੰਵਰ ਗਿਆ ਹੈ? ਲੰਗਰ ਪਹਿਲਾਂ ਹੀ ਸਾਰੇ ਗੁਰਦੁਆਰਿਆਂ ਵਿੱਚ ਵਰਤ ਰਹੇ ਹਨ। ਤੁਹਾਡੇ ਲੰਗਰਾਂ ਨੇ ਪੰਜਾਬ ਦੀ ਗਰੀਬੀ ਦੂਰ ਨਹੀਂ ਕਰ ਦੇਣੀ।

ਅਨੰਦਪੁਰ ਦਾ ਮਤਾ 1973 ਵਿੱਚ ਤਿਆਰ ਕੀਤਾ ਗਿਆ ਸੀ। ਸੰਨ 1977 ਵਿੱਚ ਇਸ ਨੂੰ ਸੋਧ ਕੇ ਅਕਾਲੀ ਦਲ ਦੇ ਇਜਲਾਸ ਵਿੱਚ ਪਰਵਾਨ ਕਰ ਲਿਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖਲੋ ਕੇ ਤੇ ਅਰਦਾਸਾਂ ਕਰ ਕੇ, ਜੈਕਾਰੇ ਗਜਾ ਕੇ ਆਖ਼ਰੀ ਸੁਆਸਾਂ ਤਕ ਮਤਾ ਪਰਵਾਨ ਕਰਾਉਣ ਦੀਆਂ ਕਸਮਾਂ ਖਾਧੀਆਂ ਗਈਆਂ। ਨੌਜੁਆਨਾਂ ਨੂੰ ਹਥਿਆਰਬੰਦ ਲੜਾਈ ਲੜਨ ਲਈ ਭੜਕਾਇਆ ਗਿਆ। ਪੰਜਾਬ ਵਿੱਚ ਭਿਆਨਕ ਤਬਾਹੀ ਹੋਈ। ਘਰ-ਘਰ ਵੈਣ ਪਏ, ਨੌਜੁਆਨਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਲੀਡਰਾਂ ਦਾ ਵਾਲ ਵੀ ਵਿੰਗਾ ਨਾ ਹੋਇਆ। ਸੰਨ 1997 ਤੋਂ 2002 ਤੱਕ, ਬਾਦਲ ਜੀ ਪੂਰੇ ਪੰਜ ਸਾਲ ਪੰਜਾਬ ਵਿੱਚ ਮੁੱਖ ਮੰਤਰੀ ਬਣੇ ਰਹੇ। ਕੇਂਦਰ ਵਿੱਚ ਭਾਜਪਾ ਸਰਕਾਰ ਨੂੰ ਸਮਰਥਨ ਦਿੰਦੇ ਰਹੇ। ਪਰ ਅਨੰਦਪੁਰ ਦੇ ਮਤੇ ਨੂੰ ਜ਼ੁਬਾਨ ’ਤੇ ਨਾ ਆਉਣ ਦਿੱਤਾ। ਹੁਣ ਲੋਕ ਸਭਾ ਦੀਆਂ ਚੋਣਾਂ ਦਾ ਬਿਗਲ ਵੱਜ ਚੁਕਿਆ ਹੈ, ਇਸਲਈ ਅਨੰਦਪੁਰ ਦਾ ਮਤਾ ਕਬਰਾਂ ਵਿੱਚੋਂ ਕਢ ਲਿਆ ਗਿਆ ਹੈ। ਚੋਣਾਂ ਤੋਂ ਬਾਅਦ ਫਿਰ ਭੁਲਾ ਦਿੱਤਾ ਜਾਏਗਾ।

ਥਾਂਥਾਂ ’ਤੇ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ ਵਾਸਤੇ ਨੀਂਹ-ਪੱਥਰ ਰੱਖੇ ਜਾ ਰਹੇ ਹਨ। ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਸੋਹਿਲੇ ਗਾਏ ਜਾ ਰਹੇ ਹਨ। ਚੋਣਾਂ ਤੋਂ ਬਾਅਦ ਸਭ ਪਹਿਲਾਂ ਵਾਂਗ ਭੁਲਾ ਦਿੱਤਾ ਜਾਏਗਾ। ਸੰਨ 1984 ਦੇ ਸਿੱਖ ਕਤਲੇਆਮ ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਇਕ ਯਾਦਗਾਰ ਦਿੱਲੀ ਵਿੱਚ ਬਨਾਉਣ ਦੇ ਐਲਾਨ ਵੀ ਕਈ ਵਾਰੀ ਕੀਤੇ ਜਾ ਚੁੱਕੇ ਹਨ। ਪਰ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਵਾਸਤੇ, ਅਕਾਲੀ ਦਲ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਖ਼ਰਚਾ ਅਦਾ ਕਰਕੇ, ਸੁਲਝੇ ਹੋਏ ਵਕੀਲਾਂ ਦੀ ਕਮੇਟੀ ਬਣਾ ਕੇ, ਮਜ਼ਲੂਮ ਸਿੱਖਾਂ ਦੇ ਹੱਕ ਵਿੱਚ ਨਾ ਖੜੇ ਹੋਣਾ ਆਪਣੇ ਆਪ ਵਿੱਚ ਬਜਰ ਪਾਪ ਹੈ। ਉਜੜਿਆਂ ਨੂੰ ਪੈਰਾਂ ’ਤੇ ਖੜੇ ਕਰਨ ਵਾਸਤੇ ਉਪਰਾਲੇ ਨਾ ਕਰਨੇ ਘਿਨਾਉਣਾ ਗੁਨਾਹ ਹੈ। ਵਾਹ ਸਿੱਖਾਂ ਦੇ ਲੀਡਰੋ, ਵਾਹ ! ਤੁਸੀਂ ਮਰਿਆਂ ਦੀਆਂ ਯਾਦਗਾਰਾਂ ਬਣਾਉਣ ਦੇ ਐਲਾਨ ਕਰਦੇ ਹੋ ਪਰ ਜਿਊਂਦਿਆਂ ਨੂੰ ਵਸਾਉਣ ਲਈ ਤੁਹਾਡੇ ਕੋਲ ਕੋਈ ਸਕੀਮ ਨਹੀਂ, ਕੋਈ ਪੈਸਾ ਨਹੀਂ। ਪਹਿਲਾਂ ਕਈ ਵਾਰੀ ਚੋਣਾਂ ਦੇ ਮੌਕੇ ਅਜਿਹੇ ਐਲਾਨ ਬਥੇਰੇ ਹੁੰਦੇ ਰਹੇ ਹਨ। ਉਹੀ ‘ਘਰਾਟ ਰਾਗ’ ਚੋਣਾਂ ਦੇ ਨੇੜੇ ਆ ਕੇ ਫਿਰ ਸ਼ੁਰੂ ਹੋ ਗਿਆ। ਅਕਾਲੀ ਦਲ (ਪੰਜਾਬੀ ਪਾਰਟੀ) ਦੀ ਜੀਵਨ-ਸਾਥੀ ਬੀਜੇਪੀ, ਅਨੰਦਪੁਰ ਮਤੇ ਨੂੰ ਸ਼ਰੇਆਮ ਰੱਦ ਕਰ ਚੁੱਕੀ ਹੈ। ਜੇ ਬਾਦਲ ਸਾਹਿਬ ਸੱਚਮੁਚ ਹੀ ਈਮਾਨਦਾਰ ਹਨ, ਅਨੰਦਪੁਰ ਦੇ ਮਤੇ ਨੂੰ ਦਿਲੋਂ ਮਨੋਂ ਸਵੀਕਾਰ ਕਰਵਾਉਣਾ ਚਾਹੁੰਦੇ ਹਨ, ਤਾਂ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿੱਚ, ਇਸ ਨੂੰ ਪਾਸ ਕਰ ਦੇਣ। ਅਸੈਂਬਲੀ ਵੱਲੋਂ ਪਾਸ ਕੀਤਾ ਮਤਾ ਕੇਂਦਰ ਨੂੰ ਭੇਜ ਦੇਣ। ਜੇ ਇਸ ਤਰ੍ਹਾਂ ਨਹੀਂ ਕਰਦੇ, ਤਾਂ ਕੇਵਲ ਮਗਰਮੱਛ ਦੇ ਹੰਝੂ ਕੇਰ ਰਹੇ ਹਨ। ਸਿੱਖ ਹੱਕਾਂ (ਜਾਂ ਪੰਜਾਬ ਦੇ ਹੱਕਾਂ) ਦੀ ਇਨ੍ਹਾਂ ਨੂੰ ਕੋਈ ਚਿੰਤਾ ਨਹੀਂ ਹੈ। ਇਕੋ ਹੀ ਮੁੱਦਾ (ਮਤਾ) ਸੀ ਬਾਦਲ ਸਾਹਿਬ ਕੋਲ, ਜਿਸ ’ਤੇ ਲਗਾਤਾਰ ਪੂਰੀ ਦ੍ਰਿੜ੍ਹਤਾ ਅਤੇ ਇਮਾਨਦਾਰੀ ਨਾਲ ਪਹਿਰਾ ਦਿੱਤਾ। ਕਿਸੇ ਵੀ ਹਾਲਤ ਵਿੱਚ, ਕਿਸੇ ਵੀ ਕੀਮਤ ’ਤੇ, ਕੋਈ ਵੀ ਦਾਉ-ਪੇਚ ਖੇਡਣੇ ਪੈਣ, ਪੁਰਾਣੇ ਅਕਾਲੀ ਵਰਕਰਾਂ ਨੂੰ ਖੁੱਡੇ-ਲਾਈਨ ਲਾਉਣਾ ਪਵੇ, ਭਾਵੇਂ ਫਿਟਕਾਰ ਕੇ ਪਾਰਟੀ ਵਿੱਚੋਂ ਕਢਣਾ ਪਵੇ, ਭਾਵੇਂ ਸਾਰੇ ਸਿੱਖ ਹੱਕ ਤਿਆਗਣੇ ਪੈਣ। ਅੰਤਮ ਮਤਾ ਜਿਉਂਦੇ ਜੀਅ, ਆਪਣੇ ਪੁੱਤਰ ਸੁਖਬੀਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਿਆ ਵੇਖਣਾ। ਇਸ ਮਤੇ ਦੇ ਬਿਲਕੁਲ ਨੇੜੇ ਬਾਦਲ ਸਾਹਿਬ ਪੁੱਜ ਚੁੱਕੇ ਹਨ, ਮੁਬਾਰਕਵਾਦ ਕਬੂਲ ਕਰ ਲੈਣੀ ਜੀ।

ਇਸ ਗੁਰਵਾਕ ਨਾਲ ਸਮਾਪਤ ਕਰਦਾ ਹਾਂ:

ਕੂੜੁ ਬੋਲਿ ਮੁਰਦਾਰੁ ਖਾਇ।।
ਅਵਰੀ ਨੋ ਸਮਝਾਵਣਿ ਜਾਇ।।
ਮੁਠਾ ਆਪਿ ਮੁਹਾਏ ਸਾਥੈ।।
ਨਾਨਕ ਐਸਾ ਆਗੂ ਜਾਪੈ।।
(ਮ: 1, ਪੰਨਾ 139)