Subscription About Us Contact Us


ਖ਼ੁਦ ਨੂੰ ਬਰਬਾਦੀ ਦੀ ਰਾਹ ’ਤੇ ਤੋਰ ਰਹੇ ਅਜੋਕੀ ਪੰਜਾਬੀ ਕਿਸਾਨ

- ਕੁਲਵਿੰਦਰ ਸਿੰਘ -

ਪੰਜਾਬ ਵਿਚ ‘ਜੱਟ’ ਅਤੇ ‘ਕਿਸਾਨ’ ਸ਼ਬਦ ਨੂੰ ਜੋ ਅਸੀਂ ਸਮਾਨਅਰਥੀ ਵੀ ਸਮਝ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਪੰਜਾਬ ਵਿਚ ਆਮ ਤੌਰ ’ਤੇ ਖੇਤੀ ਦਾ ਕੰਮ ਜ਼ਿਆਦਾਤਰ ਇਸ ਕੌਮ ਵੱਲੋਂ ਹੀ ਕੀਤਾ ਜਾਂਦਾ ਹੈ। ਥੋੜ੍ਹੀ-ਬਹੁਤੀ ਮਾਤਰਾ ਵਿਚ ਦੂਜੇ ਕਈ ਭਾਈਚਾਰੇ ਵੀ ਖੇਤੀ ਦੇ ਕਿੱਤੇ ਵਿਚ ਹਨ ਪਰ ਸਭ ਤੋਂ ਜ਼ਿਆਦਾ ਜੱਟ ਹੀ ਕਿਸਾਨ ਹਨ। ਇਸ ਨੂੰ ਦੇਸ਼ ਦਾ ਅੰਨਦਾਤਾ ਅਤੇ ਅਜਿਹੇ ਬੜੇ ਹੋਰ ਸ਼ਾਨਾਮੱਤੇ ਸ਼ਬਦਾਂ ਨਾਲ ਸੰਬੋਧਿਤ ਕਰਕੇ ਮਾਣ ਦਿੱਤਾ ਜਾਂਦਾ ਹੈ।

ਅੱਗੇ ਜਦੋਂ ਵੀ ਕਦੇ ਕਿਸੇ ਕੁਦਰਤੀ ਆਫਤ ਕਰਕੇ ਫਸਲ ਮਾਰੀ ਜਾਣੀ ਤਾਂ ਕਿਸਾਨ ‘ਉਹ ਜਾਣੇ’ ਕਹਿ ਕੇ ਅਗਲੀ ਫਸਲ ’ਤੇ ਆਸ ਲਾ ਲੈਂਦਾ ਸੀ ਤਾਂ ਹੀ ਉਸਦਾ ਦਿਲ ਜਿਗਰਾ ਵੱਡਾ ਮੰਨਿਆ ਜਾਂਦਾ ਸੀ। ਉਹ ਕਿਸੇ ਮੁਸੀਬਤ ਸਮੇਂ ਘਬਰਾਉਂਦਾ ਨਹੀਂ ਸੀ। ਜਦੋਂ ਪੁੱਤਾਂ ਵਾਂਗ ਪਾਲੀ ਫਸਲ ਦਾ ਨੁਕਸਾਨ ਉਹ ਝਲ ਸਕਦਾ ਸੀ ਤਾਂ ਬਾਕੀ ਸਭ ਦੁੱਖ ਉਸ ਸਾਹਮਣੇ ਛੋਟੇ ਸਨ। ਕਿਸੇ ਕਿਸਾਨ ਨੂੰ ਕਦੇ ਦਿਲ ਦਾ ਦੌਰਾ ਨਹੀਂ ਸੀ ਪਿਆ। ਉਸ ਨੂੰ ਆਪਣੀ ਮਿਹਨਤ ’ਤੇ ਵਿਸ਼ਵਾਸ ਸੀ। ਅੱਜ ਅੰਨਦਾਤੇ ਦੀ ਦਸ਼ਾ ਤਰਸਯੋਗ ਹੈ, ਕੁਝ ਹੋਰਾਂ ਦੀ ਕਿਰਪਾ ਹੈ, ਕੁਝ ਉਸ ਦੀ ਆਪਣੀ, ਕਿਵੇਂ? ਆਉ ਇਸ ਬਾਬਤ ਕੁਝ ਗੱਲਾਂ ਕਰੀਏ।

farmer in Punjab

ਕੋਈ ਸਮਾਂ ਸੀ ਜਦੋਂ ਕਿਸਾਨ ਬਿਜਾਈ ਕਰਨ ਲੱਗੇ। ਰੱਬ ਅੱਗੇ ਅਰਦਾਸ ਕਰਦੇ ਅਤੇ ਸਭ ਦੇ ਨਾਮ ਦੇ ਦਾਣੇ ਬੀਜਦੇ ਕਿ ਹਾਲੀ-ਪਾਲੀ ਦੇ ਨਾਂ, ਪਸ਼ੂ-ਡੰਗਰ ਦੇ ਨਾਂ, ਸੀਰੀ-ਸਾਂਝੀ ਦੇ ਨਾਂ, ਰਾਹੀ-ਪਾਂਧੀ ਦੇ ਨਾਂ, ਲਾਗੀ-ਦੱਥੇ ਦੇ ਨਾਂ, ਚਿੜੀ-ਜਨੌਰ ਦੇ ਨਾਂ ਕਿਉਂਕਿ ‘ਖੇਤੀ ਕਰਮਾਂ ਸੇਤੀ’ ਹੋਣ ਕਰਕੇ ਕਿਸੇ ਨਾ ਕਿਸੇ ਦੇ ਭਾਗੀਂ ਤਾਂ ਫਸਲ ਸਿਰੇ ਚੜ੍ਹੇਗੀ ਹੀ। ਪਰ ਅੱਜ ਤਾਂ ਕਿਸਾਨੀ ’ਚ ਵੀ ਕੋਈ ਕਿਸੇ ਦਾ ਨਹੀਂ, ਪੂਜੀ ਜਾਂਦੀ ਧਰਤੀ ਨੂੰ ਅੱਗ ਨਾਲ ਸਾੜਦੇ ਹਨ, ਆਪਣੇ ਹੀ ਮਿੱਤਰ ਕੀਟਾਂ ਦਾ ਸਰਵਨਾਸ਼ ਕਰਕੇ ਆਪਣੇ ਸਰਵਨਾਸ਼ ਦੇ ਬੀਜ, ਬੀਜ ਲਏ ਹਨ। ਖੇਤਾਂ ਵਿਚਲੇ ਪੁਰਾਣੇ ਦਰਖਤ ਬਿਜਾਈ ਅਤੇ ਕਟਾਈ ਵੇਲੇ ਮਸ਼ੀਨਾਂ ਦੇ ਰਸਤੇ ਵਿਚ ਆਉਣ ਕਾਰਨ ਵੱਢ ਸੁੱਟੇ ਹਨ, ਨਵੇਂ ਵੱਟਾਂ ਉਪਰ ਜੇ ਕਿਸੇ ਨੇ ਲਾਏ ਹਨ ਤਾਂ ਉਨ੍ਹਾਂ ਨੂੰ ਸਾਲ ਵਿਚਦੀ ਦੋ ਵਾਰ ਅਗਨੀ ਪ੍ਰੀਖਿਆ ਵਿਚੋਂ ਲੰਘਣਾ ਪੈਂਦਾ ਹੈ, ਦੇਖੋ ਉਹ ਵਿਚਾਰੇ ਕਦੋਂ ਦਰਖਤ ਬਣਾਏ ਹਨ। ਸੀਰੀ ਅਤੇ ਜੱਟ ਜੋ ਕਿ ਨਹੁੰ-ਮਾਸ ਦਾ ਰਿਸ਼ਤਾ ਹੁੰਦਾ ਸੀ, ਸੌੜੀ ਸਿਆਸਤ ਦੀ ਭੇਂਟ ਚੜ੍ਹ ਕੇ ਕੱਟੜ ਦੁਸ਼ਮਣੀ ਵਿਚ ਬਦਲ ਗਿਆ ਹੈ। ਸੀਰੀ ਦੇ ਗਲ ਲੱਗ ਕੇ ਜੱਟ ਦੇ ਰੋਣ ਦੀ ਗੱਲ ਸਦੀਆਂ ਪੁਰਾਣੀ ਲਗਦੀ ਹੈ। ਅੱਗੇ ਜੋ ਸੀਰੀ ਘਰ ਦਾ ਮੈਂਬਰ ਸਮਝਿਆ ਜਾਂਦਾ ਸੀ, ਹੁਣ ਪੈਸੇ ਦਾ ਨੌਕਰ ਬਣਾ ਦਿੱਤਾ ਗਿਆ ਹੈ।

ਅੱਗੇ ਔਰਤਾਂ ਖੇਤੀ ਵਿਚ ਮਰਦਾਂ ਦੇ ਬਰਾਬਰ ਦਾ ਰੋਲ ਨਿਭਾਉਂਦੀਆਂ ਸਨ। ਕਣਕ-ਨਰਮਾ ਬੀਜਣ ਜਾਂਦਿਆਂ ਨੂੰ ਦਾਲਾਂ ਛੱਟ ਕੇ ਫੜਾ ਦਿੰਦੀਆਂ ਬਈ ਵਿਚੇ ਇਨ੍ਹਾਂ ਦਾ ਛਿੱਟਾ ਦੇ ਦਿੳ ਜਾਂ ਕਿਆਰਾ ਅੱਡ ਬੀਜ ਦਿੳ। ਦਾਲਾਂ ਮੁੱਲ ਨਹੀਂ ਸੀ ਲੈਣੀਆਂ ਪੈਂਦੀਆਂ ਅਤੇ ਭਾਅ ਵੀ ਆਸਮਾਨੀ ਨਹੀਂ ਸੀ ਚੜ੍ਹਦੇ। ਪਸ਼ੂ-ਡੰਗਰ ਆਪ ਹੀ ਸਾਂਭ ਲੈਂਦੀਆਂ ਸਨ। ਹੁਣ ਪੈਸੇ ਦੇ ਲਾਲਚ ਨੇ ਸਿਰਫ ਬਾਜ਼ਾਰੀ ਜਾਂ ਕਮਾਊ ਫਸਲਾਂ ਹੀ ਬੀਜਣ ਲਾ ਦਿੱਤਾ ਹੈ। ਬਹੁਤੇ ਘਰਾਂ ਵਿਚ ਫੋਕੀ ਸਰਦਾਰੀ ਕਰਕੇ ਔਰਤਾਂ ਬਿਜਾਈ ਅਤੇ ਪਸ਼ੂਆਂ ਦੀ ਸਾਂਭ-ਸੰਭਾਲ ਤੋਂ ਪਿੱਛੇ ਹਟ ਗਈਆਂ ਹਨ। ਜੱਟਾਂ ਦੀਆਂ ਧੀਆਂ ਹੁਣ ਕੰਮ ਨੂੰ ‘ਹਨੇਰੀ ਵਰਗੀਆਂ’ ਨਹੀਂ ਰਹੀਆਂ। ਉਹ ਵੀ ਟੀ.ਵੀ. ਦੇ ਰਿਮੋਟ ਦੀਆਂ ਗੁਲਾਮ ਹੋ ਗਈਆਂ ਹਨ। ਘਰ ਦਾ ਕੰਮ ਉਨ੍ਹਾਂ ਨੂੰ ਵੀ ਜ਼ਹਿਰ ਲੱਗਣ ਲੱਗ ਪਿਆ ਹੈ।

ਪਹਿਲੇ ਸਮਿਆਂ ਵਿਚ ਹਰ ਕਿਸਾਨ ਧੰਨੇ ਜੱਟ ਵਾਂਗ ਭੋਲਾ ਅਤੇ ਦਾਤਾ ਸੀ ਪਰ ਸਮੇਂ ਦੇ ਬਦਲਣ ਨਾਲ ਗਲੋਬਲਾਈਜ਼ੇਸ਼ਨ ਦੇ ਅਸਰ ਕਰਕੇ ਅੱਜ ਜ਼ਿਆਦਾਤਰ ਉਸ ਦਾ ਭੋਲਾਪਨ ਖੁਸ ਗਿਆ ਹੈ। ਇਸ ਦੀ ਦੇਣ ਕਰਕੇ ਉਹ ਵੀ ਦੇਣ ਨਾਲੋਂ ਲੈਣ ਲਈ ਜ਼ਿਆਦਾ ਸੋਚਣ ਲੱਗਾ ਹੈ। ਤਿਕੜਮ-ਬਾਜ਼ੀਆਂ ਦੇ ਰਾਹ ਪੈ ਕੇ ਸਿਰਫ ਵੱਧ ਕਮਾਈ ਅਤੇ ਘੱਟ ਮਿਹਨਤ ਵਾਲੀਆਂ ਫਸਲਾਂ ਹੀ ਬੀਜਦਾ ਹੈ, ਸਰੀਰ ’ਤੇ ਜਾਂ ਵਾਤਾਵਰਨ ਉਨੂੰਤੇ ਇਸ ਦਾ ਕੀ ਪ੍ਰਭਾਵ ਪਏਗਾ, ਸੋਚਣਾ ਉਸ ਨੇ ਛੱਡ ਦਿੱਤਾ ਹੈ। ਪੈਸਾ ਕਮਾਉਣਾ ਕੋਈ ਮਾੜੀ ਗੱਲ ਨਹੀਂ, ਹਰ ਕਿਸੇ ਨੂੰ ਇਸ ਦੀ ਲੋੜ ਹੈ ਪਰ ਇਕ ਮਿਹਨਤੀ ਕੰਮ ਦਾ ਆਪਣਾ ਸੁਭਾਅ ਹੀ ਬਦਲ ਲੈਣ ਇਕ ਪਰਲੋ ਦੇ ਸੂਚਕ ਦੀ ਤਰ੍ਹਾਂ ਹੈ। ਜੇ ਇਸ ਨੂੰ ਕੋਈ ਸਮਝੇ ਤਾਂ। ਸਬਰ-ਸੰਤੋਖ, ਸ਼ਾਂਤੀ ਇਨ੍ਹਾਂ ਦੇ ਜੀਵਨ ਵਿਚੋਂ ਵੀ ਮਨਫੀ ਹੁੰਦੀ ਜਾ ਰਹੀ ਹੈ।

ਹੁਣ ਅਸੀਂ ਦੇਖਦੇ ਹਾਂ ਕਿ ਹਰ ਪਿੰਡ ਹੀ ਖੇਤਾਂ ਵਿਚ ਕੋਠੀਆਂ ਉਸਰ ਰਹੀਆਂ ਹਨ ਜਿਸ ਨੂੰ ਅਸੀਂ ਤਰੱਕੀ ਦਾ ਸੂਚਕ ਵੀ ਮੰਨ ਸਕਦੇ ਹਾਂ ਅਤੇ ਇਹ ਹੋਣਾ ਵੀ ਚਾਹੀਦਾ ਹੈ ਪਰ ਹਰ ਸਮੇਂ ਤਸਵੀਰ ਦਾ ਉਹੀ ਰੁੱਖ ਸਹੀ ਨਹੀਂ ਹੁੰਦਾ ਜੋ ਦਿਖਾਇਆ ਜਾਂਦਾ ਹੈ। ਇਸ ਨਾਲ ਇਕ ਤਾਂ ਜ਼ਮੀਨ ਘਟ ਜਾਂਦੀ ਹੈ, ਦੂਜਾ ਖਰਚ ਜੋ ਕਿ ‘ਸ਼ਰੀਕ ਦੀ ਢੂਹੀ’ ਲਵਾਉਣ ਲਈ ਕੀਤਾ ਜਾਂਦਾ ਹੈ, ਕਰਜ਼ੇ ਥੱਲੇ ਦੱਬ ਦਿੰਦਾ ਹੈ। ਇਕ-ਦੂਜੇ ਦੀ ਢੂਹੀ ਲਾਉਂਦੇ-ਲਾਉਂਦੇ ਆਪਣਾ ਝੁੱਗਾ ਹੀ ਚੌੜ ਕਰ ਬਹਿੰਦੇ ਹਨ। ਜਿੰਨੀ ਆਕੜ ਅਤੇ ਹਉਂ ਆਪਣੀ ਇਸ ਕਿਸਾਨ ਕੌਮ ਵਿਚ ਹੈ, ਓਨੀ ਸ਼ਾਇਦ ਹੀ ਕਿਸੇ ਹੋਰ ਕੌਮ ਵਿਚ ਹੋਵੇ। ਖਾਊ-ਪੀਊ ਯਾਰ ਵੀ ਇਸ ਵਿਚ ਆਪਣਾ ਯੋਗਦਾਨ ਖੂਬ ਪਾਉਂਦੇ ਹਨ। ਗੱਲ-ਗੱਲ ’ਤੇ ਇਹ ਆਖਣਾ ‘ਮੈਂ ਵੀ ਫੇਰ ਜੱਟ ਦਾ ਪੁੱਤ ਨੀ’ ਵੀ ਇਹੀ ਸਾਬਤ ਕਰਦਾ ਹੈ। ਹੋਰ ਕੋਈ ਵੀ ਕੌਮ ਇਸ ਤਰ੍ਹਾਂ ਨਹੀਂ ਕਹਿੰਦੀ। ਸ਼ਰੀਕਾਂ ਦਾ ਨੱਕ ਨੀਵਾਂ ਕਰਨ ਲਈ ਵਿਆਹ-ਸਾਕਿਆਂ ’ਤੇ ਕੀਤਾ ਜਾਣ ਵਾਲਾ ਅੰਨ੍ਹਾ ਖਰਚ ਵੀ ਸਿਰਫ ਫੋਕੀ ਸ਼ਾਨ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ, ਜੋ ਕਈ ਪੀੜ੍ਹੀਆਂ ਨੂੰ ਕਰਜ਼ੇ ਥੱਲੇ ਦੱਬ ਦਿੰਦਾ ਹੈ।

‘ਰੱਜੀ ਮਹਿੰ ਨਾ ਖਾਵੇ ਖਲ, ਰੱਜਿਆ ਜੱਟ ਉਠਾਵੇ ਕਲ’ ਦੀ ਕਹਾਵਤ ਵੀ ਸੌ ਫੀਸਦੀ ਇਸ ਦੇ ਸੁਭਾਅ ਦੇ ਅਨੁਸਾਰ ਹੀ ਹੈ। ਹੋਰ ਕੋਈ ਵੀ ਕੌਮ ਜਦੋਂ ਪੈਸੇ ਪੱਖੋਂ ਚੰਗੀ ਸਥਿਤੀ ਵਿਚ ਹੋ ਜਾਂਦੀ ਹੈ ਤਾਂ ਉਹ ਹੋਰ ਸਿਆਣੀ ਹੋ ਜਾਂਦੀ ਹੈ ਪਰ ਜੱਟ ਉਦੋਂ ਹੀ ਕੋਈ ਪੰਗਾ ਲੈ ਲੈਂਦਾ ਹੈ - ਜਾਂ ਤਾਂ ਸ਼ਰੀਕਾਂ ਨਾਲ ਲੜਾਈ ਜਾਂ ਕੋਈ ਕਤਲ ਜਾਂ ਕੋਈ ਵੀ ਹੋਰ ਘੜੰਮ। ਮੁਕੱਦਮੇਬਾਜ਼ੀਆਂ ਵਿਚ ਪੀੜ੍ਹੀਆਂ ਦੀਆਂ ਪੀੜ੍ਹੀਆਂ ਬਰਬਾਦ ਹੋ ਕੇ ਰਹਿ ਜਾਂਦੀਆਂ ਹਨ। ਸਾਡੇ ਗਾਇਕ ਅਤੇ ਗੀਤਕਾਰਾਂ ਨੇ ਵੀ ਆਪਣਾ ‘ਬਣਦਾ-ਸਰਦਾ ਯੋਗਦਾਨ’ ਇਨ੍ਹਾਂ ਦੀ ਇਸ ਕਮਜ਼ੋਰੀ ਦਾ ਲਾਹਾ ਲੈਣ ਵਿਚ ਪਾਇਆ ਹੈ ਅਖੇ ‘‘ਕਚਿਹਰੀਆਂ ’ਚ ਮੇਲੇ ਲਗਦੇ, ਜਦੋਂ ਪੈਂਦੀ ਹੈ ਤਰੀਕ ਕਿਸੇ ਜੱਟ ਦੀ’’!! ਕੋਈ ਮੇਲੇ ਪਿੱਛੇ ਪਸਰੀ ਬਰਬਾਦੀ ਦਾ ਨਜ਼ਾਰਾ ਵੀ ਤਾਂ ਦੇਖੋ, ਉਸ ਦੀ ਭਿਆਨਕਤਾ ਦਾ ਮੰਜ਼ਰ ਵੀ ਤਾਂ ਬਿਆਨ ਕਰੇ, ਉਜੜਨਾ ਕੀ ਹੁੰਦਾ ਹੈ, ਇਹ ਵੀ ਤਾਂ ਲੋਕਾਂ ਨੂੰ ਦੱਸੋ।

ਦਾਰੂ ਜਾਂ ਸ਼ਰਾਬ ਨੇ ਜਿੰਨਾ ਨੁਕਸਾਨ ਪੰਜਾਬ ਦੀ ਕਿਸਾਨ ਕੌਮ ਦਾ ਕੀਤਾ ਹੈ, ਉਹ ਵੀ ਕਿਸੇ ਹੋਰ ਦਾ ਨਹੀਂ ਕੀਤਾ। ਕਦੇ ਇਹ ਖੁਸ਼ੀ ਵਿਚ ਪੀਂਦਾ ਹੈ ਕਿਤੇ ਗਮੀ ਵਿਚ, ਪਰ ਪੀਂਦਾ ਜ਼ਰੂਰ ਹੈ। ‘ਜੱਟਾਂ ਨੇ ਪੀਣੀ ਦਾਰੂ’ ਜਿਵੇਂ ਬੜਾ ਕੋਈ ਅੰਮ੍ਰਿਤ ਹੋਵੇ। ਸਾਡੇ ਤਾਂ ਲੋਕ ਗੀਤ ਵੀ ਬਣ ਗਏ ਹਨ - ‘‘ਜੇ ਘਰ ਜੰਮਿਆ ਪੁੱਤ ਵੇ ਨਰੰਜਣਾ, ਹੁਣ ਦਾਰੂ ਦੀ ਰੁੱਤ ਵੇ ਨਰੰਜਣਾ’’। ਕਿਤੇ ਪੁੱਤ ਵਾਸਤੇ ਚਾਰ ਓਰੇ ਬਚ ਹੀ ਨਾ ਜਾਣ। ਦਾਰੂ ਪੀਏਗਾ ਅਤੇ ਪਿਆਏਗਾ, ਬੁੱਕੇਗਾ, ਲੜਾਈ ਮੁੱਲ ਲਏਗਾ, ਡਾਂਗੋਂ-ਡਾਂਗੀ ਹੋਏਗਾ, ਮੁਕੱਦਮੇਬਾਜ਼ੀ ਵਿਚ ਪੈ ਜਾਏਗਾ ਜੋ ਚਾਰ ਪੈਸੇ ਹੁੰਦੇ ਹਨ, ਉਹ ਮੁਕੱਦਮਿਆਂ ’ਤੇ ਲਾ ਦਏਗਾ ਅਤੇ ਓਹੀ ਪੁੱਤ ਦਿਹਾੜੀਆਂ ਕਰਦਾ ਫਿਰੇਗਾ। ਪਿੰਡਾਂ ਵਿਚ ਅੱਜ ਕਿਵੇਂ ਵੱਡੀ ਮੱਛੀ, ਛੋਟੀ ਨੂੰ ਖਾ ਰਹੀ ਹੈ, ਇਹ ਵੀ ਕੋਈ ਲੁਕੀ ਗੱਲ ਨਹੀਂ।

ਵਾਧੂ ਦੇ ਪੰਗੇ ਲੈਣਾ ਕੋਈ ਸਾਥੋਂ ਜੱਟਾਂ ਤੋਂ ਸਿੱਖੇ। ਖੇਤਾਂ ਨੂੰ ਜਾਂਦੇ ਰਾਹ ਖੁਰਚ-ਖੁਰਚ ਕੇ ਵਾਹਨਾਂ ਵਿਚ ਰਲਾਏ ਜਾ ਰਹੇ ਹਨ, ਆਪਣੇ ਹੀ ਸਾਧਨ ਲੰਘਾਉਣ ਦਾ ਰਸਤਾ ਤੰਗ ਕੀਤਾ ਜਾ ਰਿਹਾ ਹੈ। ਇਹ ਵਰਤਾਰਾ ਕਿਸੇ ਵੀ ਪਿੰਡ ਦੇ ਖੇਤਾਂ ਵਿਚ ਆਮ ਦੇਖਿਆ ਜਾ ਸਕਦਾ ਹੈ। ਜਦੋਂ ਕਿੱਲਿਆਂ/ਏਕੜਾਂ ਨਾਲ ਕੁਝ ਨਾ ਬਣਿਆ ਤਾਂ ਇਕ ਦੋ ਹੋਰ ਓਰਿਆਂ ਨਾਲ ਕੀ ਬਣ ਜਾਏਗਾ? ਸਰਕਾਰੀ ਥਾਵਾਂ ਰੋਕ ਕੇ ਅਸੀਂ ਕਿਸ ਦੀ ਬੇੜੀ ਵਿਚ ਵੱਟੇ ਪਾ ਰਹੇ ਹਾਂ? ਬਿਜਲੀ ਦੇ ਖੰਭੇ, ਜੋ ਕਿਸੇ ਸਮੇਂ ਖੇਤ ਦੀ ਵੱਟ ਤੋਂ ਪਰ੍ਹਾਂ ਹੁੰਦੇ ਸਨ, ਹੁਣ ਸਰਕ ਕੇ ਖੇਤਾਂ ਵਿਚ ਆ ਗਏ ਹਨ। ਖਾਲਾਂ ਦੇ, ਵੱਟਾਂ ਦੇ, ਪਾਣੀ ਦੀਆਂ ਵਾਰੀਆਂ ਦੇ ਰੌਲੇ ਬੇਸ਼ੱਕ ਹੁਣ ਕੁਝ ਘਟ ਗਏ ਹਨ ਪਰ ਬੰਦ ਨਹੀਂ ਹੋਏ। ਹੁਣ ਵੀ ਇਨ੍ਹਾਂ ਗੱਲਾਂ ਪਿੱਛੇ ਕਤਲ ਤਕ ਹੋ ਜਾਂਦੇ ਹਨ, ਕੁਝ ਲੋਕਾਂ ਲਈ ਇਹ ਆਮ ਗੱਲ ਹੈ ਪਰ ਕਤਲ ਹੋਏ ਮਨੁੱਖ ਦੇ ਪਰਿਵਾਰ ’ਤੇ ਜੋ ਬੀਤਦੀ ਹੈ, ਕਿਵੇਂ ਇਕ ਰਿਸ਼ਤੇ ਦਾ ਨਾ ਰਹਿਣ ’ਤੇ ਸਭ ਕੁਝ ਹੀ ਉਲਟ-ਪੁਲਟ ਹੋ ਜਾਂਦਾ ਹੈ, ਇਹ ਤਾਂ ‘ਜਿਸ ਤਨ ਲਾਗੇ ਸੋ ਤਨ ਜਾਣੇ।’

ਜੱਟਾਂ ਦੇ ਕਾਕੇ ਹੁਣ ਖੇਤ ਰੋਟੀ ਲੈ ਕੇ ਜਾਣ ਤੋਂ ਵੀ ਝਿਜਕਦੇ ਹਨ, ਜੇ ਜਾਂਦੇ ਵੀ ਹਨ ਤਾਂ ਮੋਟਰ-ਸਾਈਕਲ ਚਾਹੀਦਾ ਹੈ। ਚਾਰ ਜਮਾਤਾਂ ਪੜ੍ਹ ਕੇ ਉਹ ਆਪਣੇ ਆਪ ਨੂੰ ਬਾਬੂ ਸਮਝਣ ਲੱਗ ਜਾਂਦੇ ਹਨ ਅਤੇ ਧੋਬੀ ਦੇ ਕੁੱਤੇ ਵਾਲਾ ਹਾਲ ਹੋ ਜਾਂਦਾ ਹੈ। ਪਸ਼ੂਆਂ ਨੂੰ ਪੱਠੇ ਪਾਉਣੇ ਉਨ੍ਹਾਂ ਨੂੰ ਔਖਾ ਕੰਮ ਲੱਗਦਾ ਹੈ। ਪਸ਼ੂ ਧਨ ਦਿਨੋ-ਦਿਨ ਘਟਦਾ ਜਾ ਰਿਹਾ ਹੈ। ਹੁਣ ਕੱਟੀਆਂ ਨੂੰ ਝੋਟੀਆਂ ਬਣਨ ਤਕ ਕੋਈ ਨਹੀਂ ਪਾਲਦਾ। ਪੰਜਾਬ ’ਚ ਵਗਦੇ ਦੁੱਧ-ਲੱਸੀਆਂ ਦੇ ਦਰਿਆ ਲਗਪਗ ਸੁੱਕਣ ਹੀ ਵਾਲੇ ਹਨ। ਉਹ ਦਿਨ ਦੂਰ ਨਹੀਂ ਲਗਦੇ ਜਦੋਂ ਭੱਤੇ ਵਿਚ ਰੋਟੀ ਨਾਲ ਪੈਪਸੀ ਜਾਂ ਕੋਕ ਦੀ ਬੋਤਲ ਜਾਇਆ ਕਰੇਗੀ। ਉਹ ਵੀ ਜੇ ਜ਼ਮੀਨ ਬਚੀ ਤਾਂ ਕਿਉਂਕਿ ਕਾਲੋਨੀਆਂ ਅਤੇ ਕਾਰਖਾਨਿਆਂ ਦੇ ਸੀਮਿੰਟ ਦੇ ਜੰਗਲ ਉਪਜਾਊ ਜ਼ਮੀਨਾਂ ਤੇਜ਼ੀ ਨਾਲ ਨਿਗਲਦੇ ਜਾ ਰਹੇ ਹਨ।

ਪਿੰਡਾਂ ਦੇ ਛੱਪੜ, ਵਿਕਾਸ ਦੇ ਨਾਂ ਥੱਲੇ ਸਾਰੇ ਪਿੰਡ ਦਾ ਗੰਦਾ ਪਾਣੀ ਇਨ੍ਹਾਂ ਵਿਚ ਪਾ ਕੇ, ਗੰਦੇ ਟੋਭੇ ਬਣਾ ਦਿੱਤੇ ਗਏ ਹਨ। ਗੰਦੇ ਪਾਣੀ ਵਿਚ ਪਸ਼ੂ ਨਵ੍ਹਾ ਕੇ ਬਿਮਾਰ ਕੌਣ ਕਰੇ। ਪਸ਼ੂਆਂ ਦੇ ਨਹਾਉਣ ਦੀ ਜਨਤਕ ਥਾਂ ਖੋਹ ਲਈ ਗਈ ਹੈ। ਪਸ਼ੂ ਨਵ੍ਹਾਉਣ ਗਏ ਲੋਕਾਂ ਦਾ ਮਿਲ ਕੇ ਇਕੱਠਾ ਬੈਠਣਾ, ਵਿਹਲੀਆਂ ਗੱਲਾਂ ਦੇ ਨਾਲ-ਨਾਲ ਕੰਮ-ਧੰਦੇ ਦੀਆਂ ਗੱਲਾਂ ਕਰਨ ਦਾ ਸਮਾਂ ਉਨ੍ਹਾਂ ਤੋਂ ਖੋਹ ਲਿਆ ਹੈ। ਅੰਨ੍ਹਾ, ਬੇਤਰਤੀਬਾ ਵਿਕਾਸ ਇਸ ਤਰ੍ਹਾਂ ਦਾ ਹੀ ਹੁੰਦਾ ਹੈ।

ਮਿਹਨਤੀ ਕਿਸਾਨਾਂ ਦਾ ਸਮਾਂ ਕਿਵੇਂ ਧਰਨਿਆਂ ਅਤੇ ਜਲਸਿਆਂ ਵਿਚ ਬਰਬਾਦ ਕੀਤਾ ਜਾਂਦਾ ਹੈ, ਉਸ ਦੀ ਸੁਣ ਲਵੋ। ਰਾਜਨੀਤਕ ਰੈਲੀਆਂ ਵਿਚ ਇਨ੍ਹਾਂ ਨੂੰ ਆਪੋ-ਆਪਣੇ ਲਾਭਾਂ ਲਈ ਢੋਇਆ ਜਾਂਦਾ ਹੈ, ਇਨ੍ਹਾਂ ਦੇ ਭੋਲੇਪਣ ਦਾ ਖੂਬ ਲਾਭ ਲਿਆ ਜਾਦਾ ਹੈ, ਕਦੇ ਧਰਮ ਦੇ ਨਾਂ ’ਤੇ ਕਦੇ ਫਸਲਾਂ ਦੇ ਭਾਅ ਵਧਾਉਣ ਦੇ ਨਾਂ ਅਤੇ ਰੇਲਾਂ ਰੋਕਣ ਵਾਲੀ ਸਿਆਸਤ ਦੀ ਸਮਝੋ ਬਾਹਰ ਹੈ, ਜਿਨ੍ਹਾਂ ਦਾ ਅਸੀਂ ਵਿਰੋਧ ਕਰਨਾ ਹੈ, ਉਹ ਆਮ ਰੇਲਾਂ ਵਿਚ ਕਿੱਥੇ ਸਫਰ ਕਰਦੇ ਹਨ, ਉਹ ਜਾਂ ਤਾਂ ‘ਬਾਏ ਏਅਰ’ ਜਾਂਦੇ ਹਨ ਜਾਂ ਮਹਿੰਗੀਆਂ ‘ਲਗਜ਼ਰੀ’ ਗੱਡੀਆਂ ਰਾਹੀਂ। ਰੇਲਾਂ ਵਿਚ ਤਾਂ ਆਪਣੇ ਵਰਗੇ ਆਮ ਲੋਕ ਹੀ ਸਫਰ ਕਰਦੇ ਹਨ ਕਿਉਂਕਿ ਇਸਦਾ ਕਿਰਾਇਆ ਹੀ ਸਭ ਤੋਂ ਸਸਤਾ ਹੈ। ਆਪਣੇ ਹੀ ਵਰਗੇ ਆਮ ਲੋਕਾਂ ਨੂੰ ਤੰਗ ਕਰਕੇ ਅਸੀਂ ਕੀ ਹਾਸਲ ਕਰਾਂਗੇ? ਕੋਈ ਵੀ ਲਹਿਰ ਆਮ ਲੋਕਾਂ ਨੂੰ ਤੰਗ ਕੀਤਿਆਂ ਲੋਕ-ਲਹਿਰ ਨਹੀਂ ਬਣਦੀ।

ਕਣਕ, ਝੋਨੇ ਜਾਂ ਨਰਮੇ-ਕਪਾਹ ਦਾ ਭਾਅ ਵਧਾਉਣ ਦੀ ਰਾਜਨੀਤੀ ਵੀ ਕਦੇ ਸਮਝ ਨਹੀਂ ਲੱਗੀ। ਉਪਰੋਕਤ ਦੋ-ਤਿੰਨ ਚੀਜ਼ਾਂ ਦੇ ਭਾਅ ਵਧਾ ਕੇ ਆਪਣੀ ਜਿੱਤ ਦਾ ਜਸ਼ਨ ਮਨਾਉਣ ਵਾਲੇ ਲੀਡਰ ਕਦੇ ਇਹ ਕਿਉਂ ਨਹੀਂ ਸੋਚਦੇ ਕਿ ਬਾਕੀ ਹੋਰ ਪੰਜਾਹ ਚੀਜ਼ਾਂ ਦੇ ਭਾਅ ਇਨ੍ਹਾਂ ਦੇ ਨਾਲ ਚੁੱਪ-ਚੁਪੀਤੇ ਹੀ ਵਧਾ ਦਿੱਤੇ ਜਾਂਦੇ ਹਨ ਜੋ ਕਿ ਕਿਸਾਨਾਂ ਨੇ ਹਰ ਹਾਲ ਖਰੀਦਣੀਆਂ ਹੀ ਹਨ। ਫਾਇਦਾ ਕੀ ਹੋਇਆ? ਕਣਕ-ਨਰਮੇ ਦੇ ਭਾਅ ਵਧਾਉਣ ਨਾਲੋਂ ਆਮ ਚੀਜ਼ਾਂ ਦੇ ਭਾਅ ਘਟਾਉਣ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ? ਕਿਉਂ ਕਿਸਾਨ ਯੂਨੀਅਨਾਂ ਅਤੇ ਲੀਡਰ ਇਹ ਨਹੀਂ ਕਹਿੰਦੇ ਕਿ ਗੁੜ, ਚਾਹ, ਖੰਡ, ਤੇਲ, ਲੂਣ, ਸਾਬਣ, ਕੱਪੜਾ, ਬੀਜ, ਸਪਰੇਆਂ ਆਦਿ ਸਸਤਾ ਦਿੱਤਾ ਜਾਵੇ, ਸਾਡੀਆਂ ਜਿਣਸਾਂ ਦੇ ਭਾਅ ਬੇਸ਼ੱਕ ਨਾ ਵਧਾਏ ਜਾਣ। ਕਿਸਾਨ ਨੇ ਇਕ-ਦੋ ਚੀਜ਼ਾਂ ਵੇਚ ਕੇ ਬਾਕੀ ਸਭ ਆਪ ਮੁੱਲ ਹੀ ਲੈਣੀਆਂ ਹੁੰਦੀਆਂ ਹਨ।

ਸਬਸਿਡੀਆਂ ਅਤੇ ਕਰਜ਼ਾ ਮੁਆਫੀ ਦੇ ਸ਼ੋਸ਼ਿਆਂ ਨੇ ਅੰਨਦਾਤੇ ਨੂੰ ਭਿਖਾਰੀ ਬਣਾ ਦਿੱਤਾ ਹੈ। ਜਗਤ-ਦਾਤਾ ਹੁਣ ਮੰਗਤਿਆਂ ਵਾਂਗੂੰ ਹਮੇਸ਼ਾ ਲੈਣ ਬਾਰੇ ਹੀ ਸੋਚਣ ਲਗਾ ਦਿੱਤਾ ਗਿਆ ਹੈ। ਉਸ ਦੀ ਅਣਖ-ਰੜਕ ਸਭ ਰੋਲ ਕੇ ਲੋਕ ਲੁਭਾਊ ਸਿਆਸਤ ਖੇਡੀ ਜਾ ਰਹੀ ਹੈ। ਮੁਫਤ ਦੀਆਂ ਚੀਜ਼ਾਂ ਦੇ ਕੇ ਉਸ ਦੀ ਮਿਹਨਤ ਕਰਨ ਦੀ ਆਦਤ ਨੂੰ, ਦਸਾਂ-ਨਹੂੰਆਂ ਦੀ ਕਿਰਤ ਕਰਨ ਦੀ ਆਦਤ ਨੂੰ ਰੋਲ ਕੇ ਉਸ ਨੂੰ ਮੁਫਤਖੋਰੀ ਅਤੇ ਅਵਾਰਾਗਰਦੀ ਦੇ ਰਾਹ ਪਾਇਆ ਜਾ ਰਿਹਾ ਹੈ।

ਆਪਣਾ ਘਰ ਫੂਕ ਕੇ ਤਮਾਸ਼ਾ ਖੇਡਣ ਨੂੰ ਤਾਂ ਇਹ ਆਪ ਹੀ ਬਥੇਰਾ ਸੀ, ਉਪਰੋਂ ਹਲਕੀ ਕਿਸਮ ਦੀ ਸਿਆਸਤ ਅਤੇ ਘੜੰਮ ਚੌਧਰੀਆਂ ਨੇ ਇਸ ਨੂੰ ਉੱਲੂ ਨੂੰ ਕਾਂਵਾਂ ਦੇ ਘੇਰਨ ਨਾਂਗ ਚੁਫੇਰਿਓਂ ਘੇਰੀ ਪਾ ਲਈ ਹੈ। ਇਹ ਆਪ ਵੀ ਫੋਕੀ ਸ਼ਾਨ ਅਤੇ ਸ਼ਰੀਕੇਬਾਜ਼ੀ ਵਿਚ ਆਪਣਾ ਹੀ ਨੁਕਸਾਨ ਕਰ ਰਹੇ ਹਨ। ਪਗੜੀ ਸੰਭਾਲਣ ਵਾਲੀ ਗੱਲ ਇਸ ਜ਼ਮਾਨੇ ਵਿਚ ਵੀ ਪੁਰਾਣੀ ਨਹੀਂ ਹੋਈ, ਸਗੋਂ ਇਸ ਚੁਸਤ-ਚਲਾਕੀ ਅਤੇ ਹਲਕੀ ਸਿਆਸਤ ਦੇ ਜ਼ਮਾਨੇ ਵਿਚ ਕਿਸਾਨ ਨੂੰ ਪਗੜੀ ਦੇ ਨਾਲ-ਨਾਲ ਆਪਣਾ ਮੋਢਾ ਵੀ ਸੰਭਾਲਣਾ ਪਏਗਾ ਕਿਉਂਕਿ ਸਿਆਸਤ ਵਾਲੇ ਆਪਣਾ ਉੱਲੂ ਸਿੱਧਾ ਕਰਨ ਲਈ ਉਨ੍ਹਾਂ ਦੇ ਮੋਢੇ ’ਤੇ ਰੱਖ ਕੇ ਫਾਇਰ ਕਰ ਰਹੇ ਹਨ, ਜ਼ਿਆਦਾਤਰ ਭੋਲੇ-ਭਾਲੇ ਕਿਸਾਨਾਂ ਨੂੰ ਉੱਲੂ ਬਣਾ ਕੇ। ਵੇਲਾ ਹੈ ਸੰਭਲ ਜਾਈਏ ਨਹੀਂ ਤਾਂ ਫੇਰ ‘ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਗਈ ਖੇਤ’ ਵਾਲੀ ਕਹਾਵਤ ਵਾਂਗ ਕੁਝ ਵੀ ਨਹੀਂ ਬਣਨਾ। ਖੇਤਾਂ ਦੇ ਰਾਜੇ ਨਾਲ ਸਬੰਧਤ ਬਣੀ ਕਹਾਵਤ, ਇਸ ਨੂੰ ਖੁਦ ਨੂੰ ਹੀ ਸਮਝਣ ਦੀ ਲੋੜ ਹੈ।