Subscription About Us Contact Us


ਸਿੱਖ ਕੌਮ : ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ

- ਰਵਿੰਦਰ ਸਿੰਘ ‘ਪਿੰਜੌਰ’ -

ਇਸ ਲੇਖ ਨੂੰ ਲਿਖਣ ਦਾ ਮਨ, ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਅਖ਼ਬਾਰਾਂ (ਜਿਵੇਂ ਰੋਜ਼ਾਨਾ ਸਪੋਕਸਮੈਨ) ਵਿੱਚ ਛਪੀਆਂ ਸਿੱਖ ਪੰਥ ਨਾਲ ਸਬੰਧਿਤ ਖ਼ਬਰਾਂ ਪੜ੍ਹ ਕੇ ਬਣਿਆ। ਅੱਗੇ ਵਧਣ ਤੋਂ ਪਹਿਲਾਂ ਆਉ ਉਨ੍ਹਾਂ ਖ਼ਬਰਾ ਬਾਰੇ ਜਾਣਕਾਰੀ ਸਾਂਝੀ ਕਰ ਲੈਂਦੇ ਹਾਂ। 15 ਜਨਵਰੀ 09 ਦੇ ਰੋਜ਼ਾਨਾ ਸਪੋਕਸਮੈਨ ਵਿੱਚ ਪੰਨਾ 7 ਤੇ ਖ਼ਬਰ ਲੱਗੀ ਹੈ ‘‘ਜਥੇਬੰਦੀਆਂ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹੈ ਮਿਥਿਹਾਸਕ ਇਤਿਹਾਸ।’’। ਇਸ ਖ਼ਬਰ ਵਿੱਚ ਸਰਵ-ਹਿਤਕਾਰੀ ਸਿੱਖਿਆ ਵੱਲੋਂ ਆਪਣੇ ਸਕੂਲਾਂ ਦੇ ਸਲੇਬਸ ਵਿੱਚ ਗੁਰੂ ਸਾਹਿਬਾਨ ਨੂੰ ਮਿਥਿਹਾਸਕ ਪਾਤਰਾਂ (ਰਾਮ, ਕ੍ਰਿਸ਼ਨ ਆਦਿ) ਨਾਲ ਮਿਲਾ ਕੇ ਪੜ੍ਹਾਇਆ ਜਾਂਦਾ ਹੈ। ਖ਼ਬਰ ਅਨੁਸਾਰ ਇਨ੍ਹਾਂ ਸੰਸਥਾਵਾਂ ਦਾ ਸਬੰਧ ਆਰ.ਐਸ.ਐਸ. ਨਾਲ ਹੈ।

ਦੂਜੀ ਖ਼ਬਰ, 17 ਜਨਵਰੀ 09 ਦੇ ਰੋਜ਼ਾਨਾ ਸਪੋਕਸਮੈਨ ਦੇ ਪੰਨਾ 7 ਉੱਤੇ ਲੱਗੀ ਹੈ, ਜਿਸਦਾ ਸਿਰਲੇਖ ਹੈ, ‘‘ਭਾਜਪਾ ਆਗੂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੁੱਤ ਪ੍ਰਸਤ ਸਿੱਧ ਕਰਨ ਦੀ ਕੋਸ਼ਿਸ਼ ਕੀਤੀ’’। ਇਸ ਖ਼ਬਰ ਵਿੱਚ ਬਾਦਲ ਦਲ ਦੀ ਸੀਨੀਅਰ ਲੀਡਰਸ਼ਿਪ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਭਾਜਪਾ ਮੰਤਰੀ ਬਲਰਾਮ ਜੀ ਦਾਸ ਟੰਡਨ ਵੱਲੋਂ ਗੁਰੂਆਂ ਬਾਰੇ ਸਿਧਾਂਤ ਵਿਰੋਧੀ ਬੋਲਣ ਦਾ ‘ਰੋਣਾ’ ਰੋਇਆ ਗਿਆ ਹੈ। ਖ਼ਬਰ ਅਨੁਸਾਰ ਇਸ ਸਮਾਗਮ ਵਿੱਚ ਟੰਡਨ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਦੇਵੀ ਤੋਂ ਵਰਦਾਨ ਮੰਗਦੇ ਦੱਸਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਸਮਾਗਮ ਵਿੱਚ ਕੁਝ ਵਿਦਿਆਰਥੀਆਂ ਵੱਲੋਂ ‘ਦੇਹ ਸ਼ਿਵਾ ਬਰ ਮੋਹਿ’ ਦਾ ਗਾਇਨ ਵੀ ਕੀਤਾ। ਖ਼ਬਰ ਅਨੁਸਾਰ ਟੰਡਨ ਜੀ ਦੀ ਇਸ ਹਰਕਤ ਦਾ ਸਟੇਜ ਤੋਂ ਕਿਸੇ ਵੀ ਲੀਡਰ ਨੇ ਨੋਟਿਸ ਨਾ ਲਿਆ।

ਤੀਜੀ ਖ਼ਬਰ, 23 ਜਨਵਰੀ 09 ਦੇ ਰੋਜ਼ਾਨਾ ਸਪੋਕਸਮੈਨ ਵਿੱਚ ਛਪੀ ਹੈ, ਜਿਸ ਦਾ ਸਿਰਲੇਖ ਹੈ ‘‘ਬਾਦਲਕਿਆਂ ਨੇ ਗੁਰੂ ਗੋਬਿੰਦ ਸਿੰਘ ਦੀ ਬਰਾਬਰੀ ਕਰਕੇ ਸਿੱਖਾਂ ਦੇ ਹਿਰਦੇ ਵਲੂੰਧਰੇ : ਸਰਨਾ।’’ ਇਸ ਖ਼ਬਰ ਵਿੱਚ ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ‘‘ਹਮ ਇਹ ਕਾਜ ਜਗਤ ਮੋ ਆਇ।। ਧਰਮ ਹੇਤ ਗੁਰਦੇਵ ਪਠਾਏ।।’’ ਨੂੰ ਵਾਰ-ਵਾਰ ‘ਮਹਾਂਵਾਕ’ ਕਹਿ ਕੇ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ।

ਸਿੱਖ ਵਿਰੋਧੀ ਤਾਕਤਾਂ ਅਜਿਹਆਂ ‘ਗਲਤ’ ਹਰਕਤਾਂ ਕਰਨ ਦਾ ਬੇਲੋੜਾ ‘ਰੌਲਾ’ ਪੰਥਕ ਜਥੇਬੰਦੀਆਂ ਵੱਲੋਂ ਸਮੇਂ-ਸਮੇਂ ’ਤੇ ਪਾਇਆ ਜਾਂਦਾ ਰਿਹਾ ਹੈ। ਅੱਜ ਅਸੀਂ ‘ਆਪਨੜੇ ਗਿਰੇਵਾਨ ਮਹਿ ਸਿਰ ਨੀਵਾ ਕਰ ਵੇਖ’ ਦੀ ਤਰਜ਼ ਤੇ ਸੁਹਿਰਦ ਸਵੈ-ਪੜਚੋਲ ਕਰਾਂਗੇ ਕਿ ਕੀ ਸਾਡਾ ਇਹ ਰੌਲਾ ‘ਬੇਲੋੜਾ’ ਨਹੀਂ ਹੈ? ਕੀ ਅਜਿਹੀਆਂ ਹਰਕਤਾਂ ਲਈ ਅਸੀਂ ਖ਼ੁਦ ਜ਼ਿੰਮੇਵਾਰ ਨਹੀਂ ਹਾਂ? ਕੀ ਅਸੀਂ ਆਪ ਕੇਂਦਰੀ ਤੌਰ ’ਤੇ ਅਜਿਹਾ ਗਲਤ ਪ੍ਰਚਾਰ ਨਹੀਂ ਕਰ ਰਹੇ?

ਇਸ ਲੇਖ ਵਿੱਚ ਸਿਰਫ਼ ਦੋ ਨੁਕਤਿਆਂ ਦੇ ਆਸ-ਪਾਸ ਹੀ ਵਿਚਾਰ ਰੱਖਾਂਗੇ : ੳ) ਗੁਰੂ ਸਾਹਿਬਾਨ ਨੂੰ ਹਿੰਦੂ ਮਿਥਿਹਾਸਕ ਪਾਤਰਾਂ ਨਾਲ ਜੋੜਨਾ। ਅ) ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਸਿੱਧ ਕਰਨਾ।

1) ਗੁਰੂ ਸਾਹਿਬਾਨ ਤੇ ਹਿੰਦੂ ਮਿਥਿਹਾਸਕ ਪਾਤਰ (ਰਾਮ, ਕ੍ਰਿਸ਼ਨ ਆਦਿ) : ਸਿੱਖ ਸਮਾਜ ਦਾ ਕੇਂਦਰੀ ਸਥਾਨ ‘ਦਰਬਾਰ ਸਾਹਿਬ’ ਅੰਮ੍ਰਿਤਸਰ ਹੈ ਤੇ ਦੋ ਮੁੱਖ ਜੱਥੇਬੰਦੀਆਂ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਅਤੇ ‘ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਹਨ। ਸਿੱਖ ਕੌਮ ਦੀਆਂ ਜ਼ਿਆਦਾਤਰ ਜੱਥੇਬੰਦੀਆਂ/ਸੰਪਰਦਾਵਾਂ ‘ਬਚਿੱਤਰ ਨਾਟਕ ਗ੍ਰੰਥ’ ਨੂੰ ਦਸ਼ਮੇਸ਼ ਜੀ ਦੀ ਰਚਨਾ ਮੰਨਦੀਆਂ ਹਨ। ਇਸੇਲਈ ਲਗਭਗ ਸਾਰੇ ਗੁਰਧਾਮਾਂ (ਸਮੇਤ ਦਰਬਾਰ ਸਾਹਿਬ ਅੰਮ੍ਰਿਤਸਰ ਦੇ) ਵਿਖੇ ‘ਹਮ ਇਹ ਕਾਜ ਜਗਤ ਮਹਿ ਆਇ’, ‘ਅਬ ਮੈਂ ਅਪਨੀ ਕਥਾ ਬਖਾਨੋ’, ‘ਛਤ੍ਰੀ ਕੋ ਪੂਤ ਹੋ ਬਾਮਨ ਕੋ ਨਾਹੀ’, ‘ਜੈ ਤੇਗੰ, ਜੈ ਤੇਗੰ’ ਆਦਿ ਰਚਨਾਵਾਂ ਦਾ ‘ਕੀਰਤਨ’ ਰੈਗੂਲਰ ਤੌਰ ’ਤੇ ਕੀਤਾ ਜਾਂਦਾ ਹੈ। ਪੰਜਾਬ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ‘ਬਚਿੱਤਰ ਨਾਟਕ’ ਤੇ ‘ਚੰਡੀ ਕੀ ਵਾਰ’ ਨੂੰ ਸਪਸ਼ਟ ਤੌਰ ’ਤੇ ਦਸ਼ਮੇਸ਼ ਜੀ ਦੀ ਰਚਨਾ ਦੱਸਿਆ ਜਾ ਰਿਹਾ ਹੈ। ਇਕ ਵਾਰ ਦਾਸ ਨੂੰ ਪੰਜਾਬੀ ਵਿਸ਼ੇ ਦਾ ਇਮਤਿਹਾਨ ਦੇਣਾ ਸੀ। ਉਸ ਇਮਤਿਹਾਨ ਵਿੱਚ ਇਕ ਸਵਾਲ ਸੀ ‘ਚੰਡੀ ਦੀ ਵਾਰ’ ਕਿਸ ਦੀ ਰਚਨਾ ਹੈ। ਇਸ ਸਵਾਲ ਦੇ ਚਾਰ ਸੰਭਾਵਿਤ ਉੱਤਰ, ਪ੍ਰਸ਼ਨ-ਪੱਤਰ ਵਿੱਚ ਹੀ ਦਿੱਤੇ ਗਏ ਸਨ, ਜਿਨ੍ਹਾਂ ਵਿੱਚੋਂ ‘ਸਹੀ’ ਜਵਾਬ ਚੁਨਣਾ ਸੀ। ਚਾਰ ਜਵਾਬਾਂ ਵਿੱਚੋਂ ਇਕ ਜਵਾਬ ‘ਗੁਰੂ ਗੋਬਿੰਦ ਸਿੰਘ ਜੀ’ ਵੀ ਸੀ ਅਤੇ ਸਿਲੇਬਸ ਦੇ ਹਿਸਾਬ ਨਾਲ ਉਹੀ ਜਵਾਬ ਠੀਕ ਸੀ। ਦਾਸ ਉਸ ਸਮੇਂ ਦੁਚਿੱਤੀ ਵਿੱਚ ਸੀ ਕਿਉਂਕਿ ਦਾਸ ਦਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ‘ਚੰਡੀ ਦੀ ਵਾਰ’ ਦਸ਼ਮੇਸ਼ ਜੀ ਦੀ ਕ੍ਰਿਤ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਕਿ ਇਹ ਕੁਝ ਤਾਂ ਸਾਡੇ ਸਿਲੇਬਸਾਂ ’ਚ ਪੜ੍ਹਾਇਆ ਜਾ ਰਿਹਾ ਹੈ।

ਹੋਰ ਵੇਖੋ, ਕੌਮ ਦੇ ਹੋ ਚੁੱਕੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਆਪਣੀ ਰਚਨਾ ‘ਗੁਰਮਤਿ ਮਾਰਤੰਡ’ ਵਿੱਚ ਥਾਂ-ਥਾਂ ‘ਬਚਿੱਤਰ ਨਾਟਕ’ ਆਦਿ ਨੂੰ ਦਸ਼ਮੇਸ਼ ਕ੍ਰਿਤ ਲਿਖਿਆ ਹੈ। ਵਿਰਲੇ ਸਿੱਖ ਜਾਂ ਸਿੱਖ ਸੰਸਥਾਵਾਂ ਹਨ, ਜੋ ਇਸ ਨੂੰ ਦਸ਼ਮੇਸ਼ ਕ੍ਰਿਤ ਨਹੀਂ ਪ੍ਰਚਾਰਦੀਆਂ। ਇਸ ਵਿੱਚ ਮਿਸ਼ਨਰੀ ਕਾਲਜ ਵੀ ਹਨ, ਪਰ ਉਨ੍ਹਾਂ ਦੀ ਪਹੁੰਚ ‘ਦੋਗਲੇਪਨ’ ਵਾਲੀ ਹੈ। ਅਸਲ ਵਿੱਚ ਸਿੱਖ ਰਹਿਤ ਮਰਿਆਦਾ ਨੂੰ ਇੰਨ-ਬਿੰਨ ਮੰਨਣ ਦੀ ਗੈਰ-ਜ਼ਰੂਰੀ ਜ਼ਿੱਦ ਕਾਰਨ ਹੀ ਉਨ੍ਹਾਂ ਦੀ ਪਹੁੰਚ ਵਿੱਚ ਦੋਗਲਾਪਨ ਆ ਰਿਹਾ ਹੈ। ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਵੀ ਇਸ ਨੂੰ ਦਸ਼ਮੇਸ਼ ਕ੍ਰਿਤ ਪ੍ਰਚਾਰ ਰਹੀਆਂ ਹਨ। ਇਸ ਸਬੰਧੀ ਦਿੱਲੀ ਕਮੇਟੀ ਦੇ ਪ੍ਰਧਾਨ ‘ਸਰਨਾ ਜੀ’ (ਜੋ ਜਾਤ-ਪਾਤ ਪ੍ਰਣਾਲੀ ਦੇ ਹਮਾਇਤੀ ਹੋਣ ਕਾਰਨ ਆਪਣੇ ਨਾਮ ਪਿੱਛੇ ਆਪਣੀ ‘ਜਾਤ’ ਦਾ ਜ਼ਿਕਰ ਕਰਨਾ ਭੁੱਲਦੇ ਨਹੀਂ) ਦੇ ਵਿਚਾਰ ਤਾਂ ਖ਼ਬਰ ਵਿੱਚ ਵੇਖ ਹੀ ਲਏ ਹਨ। ਇਹੀ ਸਰਨਾ ਜੀ ‘ਹਮ ਇਹ ਕਾਜ ਜਗਤ ਮਹਿ ਆਏ’ ਨੂੰ ‘ਮਹਾਂਵਾਕ’ (ਦਸ਼ਮੇਸ਼ ਜੀ ਦੀ ਰਚਨਾ) ਵਜੋਂ ਪ੍ਰਚਾਰ ਰਹੇ ਹਨ। ਭਾਵ ਇਹ ਹੈ ਕਿ ਸਿੱਖਾਂ ਦੀਆਂ ਬਹੁਗਿਣਤੀ ਜੱਥੇਬੰਦੀਆਂ ਅਤੇ ਅਰਧ-ਸਰਕਾਰੀ ਕਿਸਮ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਵੀ (ਸਿੱਖ ਰਹਿਤ ਮਰਿਆਦਾ ਰਾਹੀਂ ਵੀ) ਬਚਿੱਤਰ ਨਾਟਕ ਨੂੰ ਸਿੱਖ ਕੌਮ ਵਿੱਚ ਦਸ਼ਮੇਸ਼ ਕ੍ਰਿਤ ਮੰਨਿਆ ਅਤੇ ਪ੍ਰਚਾਰਿਆ ਜਾ ਰਿਹਾ ਹੈ।

ਹੁਣ ਇਸ ਬਚਿੱਤਰ ਨਾਟਕ ਵਿੱਚ ਹੀ ਲਿਖਿਆ ਹੈ ਕਿ ਗੁਰੂ ਸਾਹਿਬਾਨ (ਲਵ, ਕੁਸ਼ ਰਾਹੀਂ) ਰਾਮ, ਕ੍ਰਿਸ਼ਨ ਦੇ ਜਾਨਸ਼ੀਨ ਸਨ। ਬਚਿੱਤਰ ਨਾਟਕ ਵਿੱਚ ਲਵ-ਕੁਸ਼ ਨੂੰ ਗੁਰੂ ਸਾਹਿਬਾਨ ਦੇ ਪੂਰਵਜ ਦੱਸਿਆ ਗਿਆ ਹੈ। ਯਾਨੀ ਦਸਮ ਗ੍ਰੰਥ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੁਰੂ ਸਾਹਿਬਾਨ ਲਵ-ਕੁਸ਼ ਰਾਹੀਂ ਰਾਮ ਦੀ ਕੁਲ ਵਿੱਚੋਂ ਸਨ। ਹੁਣ ਜੇ ਅਸੀਂ ਆਪ ਹੀ ਗੁਰੂ ਸਾਹਿਬਾਨ ਨੂੰ ਹਿੰਦੂ ਮਿਥਿਹਾਸਕ ਪਾਤਰਾਂ ਨਾਲ ਜੋੜ ਕੇ ਪ੍ਰਚਾਰ ਰਹੇ ਹਾਂ ਤੇ ਇਹੀ ਗੱਲ ਵਧੇਰੇ ਸਰਲ ਲਫ਼ਜ਼ਾਂ ਵਿੱਚ ਅਨਮੱਤੀ ਜੱਥੇਬੰਦੀਆਂ ਵੀ ਪ੍ਰਚਾਰ ਰਹੀਆਂ ਹਨ, ਤਾਂ ਉਹ ਗਲਤ ਕਿਵੇਂ ਹੋਈਆਂ? ਪਟਨੇ ਦੇ ਇਕ ‘ਗੁਰਦਆਰੇ’ ਵਿੱਚ ਇਤਿਹਾਸ ਲਿਖਿਆ ਹੋਇਆ (ਤੇ ਸੁਣਾਇਆ ਵੀ ਜਾਂਦਾ ਹੈ) ਕਿ ਇਥੇ ਰਹਿੰਦੇ ਕਿਸੇ ਬੰਦੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ‘ਰਾਮ’ ਦੇ ਰੂਪ ਵਿੱਚ ਦਰਸ਼ਨ ਦਿੱਤੇ। ਹੁਣ ਇਹ ਸਾਬਿਤ ਹੋ ਗਿਆ ਹੈ ਕਿ ‘ਬਚਿੱਤਰ ਨਾਟਕ’ ਨੂੰ ਦਸ਼ਮੇਸ਼ ਕ੍ਰਿਤ ਮੰਨ ਕੇ ਕੌਮ ਨੇ ਆਪਣੇ ਨਿਆਰੇਪਨ ਦਾ ਭੋਗ ਆਪ ਹੀ ਪਾਇਆ ਹੈ। ਇਸਲਈ ਕਿਸੇ ਹੋਰ ਨੂੰ ਦੋਸ਼ੀ ਠਹਿਰਾਉਣਾ ਬਿਲਕੁਲ ਗਲਤ ਹੈ। ਕੌਮ ਵਿੱਚ ਤਾਂ ਅਜਿਹੇ ਲਿਖਾਰੀ ‘ਗੁਰਮਤਿ ਮਾਰਤੰਡ’ ਤੇ ਹੋਰ ਉਪਾਧੀਆਂ ਨਾਲ ਨਿਵਾਜੇ ਜਾਂਦੇ ਹਨ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪੰਜਵੇਂ ਵੇਦ ਵਜੋਂ ਪ੍ਰਚਾਰਦੇ ਹਨ।

2) ਦਸ਼ਮੇਸ਼ ਜੀ ਨੂੰ ਦੇਵੀ-ਪੂਜਕ ਅਤੇ ਬੂਤ-ਪੂਜਕ ਸਾਬਿਤ ਕਰਨ ਦਾ ਇਲਜ਼ਾਮ : ਇਹ ਇਲਜ਼ਾਮ ਵੀ ਅਨਮਤੀਆਂ ਉੱਤੇ ਪੰਥਕ ਜਥੇਬੰਦੀਆਂ ਗਾਹੇ-ਬਗਾਹੇ ਲਗਾਉਂਦੀਆਂ ਹੀ ਰਹਿੰਦੀਆਂ ਹਨ। ਆਉ, ਇਸ ਬਾਰੇ ਵੀ ਸਵੈ-ਪੜਚੋਲ ਕਰ ਲਈਏ। ਚੰਡੀ ਚਰਿੱਤਰ (ਚੰਡੀ ਕੀ ਵਾਰ) ਨੂੰ ਕੌਮ ਦੀਆਂ ਬਹੁਗਿਣਤੀ ਸੰਪਰਦਾਵਾਂ ਦਸ਼ਮੇਸ਼ ਜੀ ਕ੍ਰਿਤ ਮੰਨ ਅਤੇ ਪ੍ਰਚਾਰ ਰਹੀਆਂ ਹਨ। ਵੇਖੋ ਇਸ ਵਾਰ ਦੀ ਅਰੰਭਤਾ:

ਸ੍ਰੀ ਭਗਉਤੀ ਜੀ ਸਹਾਇ।।
ਵਾਰ ਸ੍ਰੀ ਭਗਉਤੀ ਜੀ ਕੀ ਪਾ: 10।।
ਪ੍ਰਿਥਮ ਭਗੌਤੀ ਸਿਮਰ ਕੈ...।

ਇਥੇ ‘ਪਾ: 10’ ਲਿਖਣ ਜਾਂ ਪੜ੍ਹਨ (ਜਾਂ ਮੰਨਣ, ਪ੍ਰਚਾਰਨ) ਤੋਂ ਇਹ ਪ੍ਰਭਾਵ ਦਿੱਤਾ ਜਾਂਦਾ ਹੈ ਕਿ ਇਹ ਦਸ਼ਮੇਸ਼ ਜੀ ਦੀ ਰਚਨਾ ਹੈ। ‘ਸਿੱਖ ਰਹਿਤ ਮਰਿਆਦਾ’ ਵਿੱਚ ਵੀ ਅਰਦਾਸ ਦਾ ਇਹੀ ਰੂਪ ਹੈ। ਜੋ ਇਹ ਸਿੱਧ ਕਰਦਾ ਹੈ ਕਿ ਕੌਮ ਵਿੱਚ ਇਹ ਗੱਲ (ਚੰਡੀ ਕੀ ਵਾਰ ਦੇ ਦਸ਼ਮੇਸ਼ ਕ੍ਰਿਤ ਹੋਣ ਵਾਲੀ) ਬਾਰੇ ਮੁੱਖ ਤੌਰ ’ਤੇ ਸਹਿਮਤੀ ਹੈ। ਪਰ ਗੌਰਤਲਬ ਹੈ ਕਿ ਇਹ ਵਾਰ ਆਪਣੇ ਲਿਖਾਰੀ ਦੇ ਦੇਵੀ-ਪੂਜਕ ਹੋਣ ਦਾ ਤੱਥ ਖ਼ੁਦ ਸਾਬਿਤ ਕਰਦੀ ਹੈ।

ਚੰਡੀ, ਦੁਰਗਾ, ਭਵਾਨੀ, ਸ਼ਿਵਾ ਆਦਿ ਦੇਵੀ ਦੇ ਵੱਖ-ਵੱਖ (ਵਿਸ਼ੇਸ਼ਣਾਤਮਕ) ਨਾਂ ਹਨ। ਚੰਡੀ ਦੀ ਇਸ ਵਾਰ ਵਿੱਚ ਇਕ ਬੰਦ ਆਉਂਦਾ ਹੈ :

ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ।।...
ਜਬ ਆਵ ਕੀ ਅਉਧ ਨਿਧਾਨ ਬਣੇ ਅਤ ਹੀ ਰਣ ਮਹਿ ਤਬ ਜੂਝ ਮਰੋ।।

ਇਸ ਬੰਦ ਦਾ ‘ਕੀਰਤਨ’ ਲਗਭਗ ਸਾਰੇ ਮੁੱਖ ਗੁਰਦੁਆਰਿਆਂ ਵਿੱਚ ਕੀਤਾ ਜਾਂਦਾ ਹੈ। ਇਸ ਬੰਦ ਨੂੰ ‘ਕੌਮੀ ਗੀਤ’ ਜਾਂ ‘ਕੌਮੀ ਤਰਾਨੇ’ ਵਜੋਂ ਵੀ ਕੌਮ ਵੱਲੋਂ ਪ੍ਰਚਾਰਿਆ ਜਾਂਦਾ ਹੈ।

ਇਸ ਬੰਦ ਵਿੱਚ ਪ੍ਰਸੰਗ ਅਨੁਸਾਰ ਕਵੀ ਦੇਵੀ ਸ਼ਿਵਾ (ਸ਼ਿਵ ਦੀ ਪਤਨੀ) ਤੋਂ ਵਰਦਾਨ ਮੰਗ ਰਿਹਾ ਹੈ। ਫਿਰ ਵੀ ਅਸੀਂ ਇਸ ਰਚਨਾ ਦਾ ਕਵੀ ਦਸ਼ਮੇਸ਼ ਜੀ ਨੂੰ ਪ੍ਰਚਾਰ ਰਹੇ ਹਾਂ। ਸੋ ਸਪਸ਼ਟ ਹੈ, ਅਸੀਂ ਦਸ਼ਮੇਸ਼ ਜੀ ਨੂੰ ਦੇਵੀ ਪੂਜਕ ਸਾਬਿਤ ਕਰ ਰਹੇ ਹਾਂ। ਇਸ ਵਾਰ ਦੇ ਅੰਤ ਵਿੱਚ ਇਸ ਵਾਰ ਨੂੰ ਪੜ੍ਹਨ (ਦੁਰਗਾ ਉਸਤਤ) ਦਾ ਮਹਾਤਮ ਦੱਸਦੇ ਹੋਏ ਕਵੀ ਲਿਖਦਾ ਹੈ:

ਦੁਰਗਾ ਪਾਠ ਬਣਾਇਆ ਸਭੈ ਪਉੜੀਆਂ।
ਫੇਰ ਨਾ ਜੂਨੀ ਆਇਆ ਜਿਨ ਇਹ ਗਾਵਿਆ।

ਭਾਵ, ਦੁਰਗਾ ਦੀ ਵਾਰ ਦਾ ਇਹ ਪਾਠ ਮੈਂ ਪਉੜੀਆਂ ਦੇ ਰੂਪ ਵਿੱਚ ਬਣਾ ਦਿੱਤਾ ਹੈ। ਜੋ ਇਸ ਪਾਠ ਨੂੰ ਗਾਵੇਗਾ (ਦੇਵੀ ਉਸਤਤ ਕਰੇਗਾ), ਉਹ ਮੁੜ ਜੂਨਾਂ ਵਿੱਚ ਨਹੀਂ ਆਵੇਗਾ। ਸਿੱਖਾਂ ਦੀ ਬਹੁਗਿਣਤੀ ਜੱਥੇਬੰਦੀਆਂ ਮੁਤਾਬਿਕ ਉਪਰੋਕਤ ਤੁਕਾਂ ਵਾਲੀ ਰਚਨਾ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ (ਪਾ: 10ਵੀਂ ਲਿਖਣਾ ਇਹੀ ਦਾਅਵਾ ਕਰਦਾ ਹੈ) ਦੀ ਹੈ। ਸੋ ਸਪਸ਼ਟ ਹੈ ਕਿ ਸਿੱਖਾਂ ਦੀ ਹੀ ਬਹੁਗਿਣਤੀ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੀ ਉਸਤਤ ਕਰਦੇ ਸਨ ਤੇ ਹੋਰਨਾਂ ਲੋਕਾਂ ਤੋਂ ਵੀ ਕਰਵਾਉਣਾ ਚਾਹੁੰਦੇ ਸਨ। ਇਸ ਵਾਰ ਦੇ ਪਾਠ ਦਾ ਮਹੱਤਵ ਵੀਰਤਾ ਲਿਆਉਣਾ ਨਹੀਂ (ਜਿਵੇਂ ਕਿ ਕੁਝ ਸਮਝੌਤਾਵਾਦੀ ਵੀਰ ਦਲੀਲ ਦਿੰਦੇ ਹਨ) ਬਲਕਿ ਦੇਵੀ ਪੂਜਾ ਕਰਕੇ ‘ਜੂਨਾਂ ਤੋਂ ਮੁਕਤੀ’ ਕਵੀ ਆਪ ਦੱਸ ਰਿਹਾ ਹੈ।

ਇਸ ਵਾਰ ਦੇ ਸ਼ੁਰੂਆਤੀ ਬੰਦ ਦਾ ਪਾਠਕ ਪ੍ਰਚਲਿਤ ‘ਅਰਦਾਸ’ ਵਿੱਚ ਹੋਣ ਕਰਕੇ ਕੌਮ ਦਿਨ ਵਿੱਚ ਕਈ ਵਾਰ ‘ਦੇਵੀ ਜਾਂ ‘ਕ੍ਰਿਪਾਨ’ ਨੂੰ ਪੂਜਾ ਜਾਂ ਸਿਮਰ ਰਹੀ ਹੈ। ‘ਭਗੌਤੀ’ ਦੇ ਅਰਥ ਧੱਕੇ ਨਾਲ ਪਰਮਾਤਮਾ ਕਰਨ ਦੀ ਢੀਠ ਕੋਸ਼ਿਸ਼ ਹੋ ਰਹੀ ਹੈ। ਪਰ ਪੂਰੀ ਵਾਰ ਨੂੰ ਵਿਚਾਰਿਆਂ ਇਸ ਢੀਠਤਾ ਦਾ ਪਾਜ ਖੁੱਲ੍ਹ ਜਾਂਦਾ ਹੈ। ਕਈ ਸਿੱਖ ‘ਭਗੌਤੀ’ ਦੇ ਰੂਪ ਵਿੱਚ ‘ਤਲਵਾਰ ਪੂਜਾ’ ਦਾ ਹੀ ਸਮਰਥਨ ਕਰੀ ਜਾ ਰਹੇ ਹਨ। ਅਫਸੋਸ, ਸਿੱਖ ਕੌਮ ਇਕ ਅਕਾਲ (ੴ) ਨਾਲ ਜੁੜਨ ਦੀ ਥਾਂ ਦੇਵੀ ਜਾਂ ਹਥਿਆਰ (ਭਗੌਤੀ) ਦੀ ਉਪਾਸਕ ਬਣੀ ਹੋਈ ਹੈ। ਅਜਿਹੀ ਸਥਿਤੀ ਵਿੱਚ ਸਾਡੀ ਖੁਆਰੀ ਤਾਂ ਹੋਣੀ ਹੀ ਸੀ।

ਜ਼ਾਹਿਰ ਹੈ ਕਿ ਸਿੱਖ ਕੌਮ ਖ਼ੁਦ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ‘ਦੇਵੀ ਪੂਜਕ’ ਅਤੇ ‘ਬੁੱਤ ਪੂਜਕ’ ਵਜੋਂ ਪ੍ਰਚਾਰ ਰਹੀ ਹੈ। ਫਿਰ ਜਦ ਦੂਜੇ ਧਰਮਾਂ ਦੇ ਲੋਕ ਵੀ ਇਹੀ ਗੱਲ ਕਰਦੇ ਹਨ, ਤਾਂ ਉਨ੍ਹਾਂ ’ਤੇ ਗੁੱਸਾ ਕਿਉਂ ਕੀਤਾ ਜਾਂਦਾ ਹੈ?

ਦੂਜੀ ਖ਼ਬਰ ਦਾ ਇਕ ਦਿਲਚਸਪ ਪਹਿਲੂ ਵੀ ਵਿਚਾਰ ਲੈਂਦੇ ਹਾਂ। ਇਸ ਖ਼ਬਰ ਅਨੁਸਾਰ ਟੰਡਨ ਜੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ (ਬੁੱਤ ਪੂਜਕ) ਸਾਬਿਤ ਕਰਨ ਦਾ ਨੋਟਿਸ ਕਿਸੇ ਵੀ ਅਕਾਲੀ ਲੀਡਰ ਜਾਂ ਸ਼੍ਰੋਮਣੀ ਕਮੇਟੀ ਮੈਂਬਰ / ਬੁੱਧੀਜੀਵੀ ਨੇ ਨਹੀਂ ਲਿਆ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿਉਂਕਿ ਅਜਿਹਾ ਤਾਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਸਟੇਜਾਂ ਤੋਂ ਬਹੁਤ ਪਹਿਲਾਂ ਤੋਂ ਹੀ ਹੋ ਰਿਹਾ ਹੈੲ। ਕਿਉਂਕਿ ਅੱਜ ਹਰ ਜਾਗਰੁਕ ਸਿੱਖ ਜਾਣਦਾ ਹੈ ਕਿ ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਕਬਜ਼ੇ ਵਿੱਚ ਹਨ, ਜੋ ਸਿਆਸੀ ਤੇ ਆਰਥਕ ਕਾਰਨਾਂ ਕਰਕੇ ਸਿੱਖ-ਵਿਰੋਧੀ ਤਾਕਤਾਂ ਦੇ ਗੁਲਾਮ ਹਨ।

ਪਰ ਲਗਦਾ ਹੈ ਕਿ ਅਜਿਹਾ ਵਰਤਾਰਾ ਲਗਭਗ ਸਾਰੀ ਸਿੱਖ ਸਟੇਜਾਂ ’ਤੇ ਹੀ ਹੋ ਰਿਹਾ ਹੈ। ਹੁਣੇ ਦਸੰਬਰ ਮਹੀਨੇ ਦੇ ਅੰਤ ਵਿੱਚ ਸਿੱਖਾਂ ਦਾ ਅਖ਼ਬਾਰ ਕਹੇ ਜਾਂਦੇ ਅਖ਼ਬਾਰ ‘ਰੋਜ਼ਾਨਾ ਸਪੋਕਸਮੈਨ’ ਦਾ ਸਾਲਾਨਾ ਸਮਾਗਮ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਮਹਿਮਾਨ ਇਥੋਂ ਦੀ ਸਟੇਜ ਤੋਂ ਆਪਣੇ ਲੈਕਚਰ ਦੌਰਾਨ ਬ੍ਰਹਮਾ, ਵਿਸ਼ਨੂੰ, ਮਹੇਸ਼ ਦੀ ਤਿਕੜੀ ਨੂੰ ਸਹੀ ਸਾਬਿਤ ਕਰਕੇ ਗੁਰਮਤਿ ਨੂੰ ਗਲਤ ਸਾਬਿਤ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ। ਹੈਰਾਨੀ ਦੀ ਗੱਲ ਹੈ ਕਿ ਉਸ ਸਟੇਜ ਤੋਂ ਕਿਸੇ ਵੀ ਵਿਦਵਾਨ, ਸੰਪਾਦਕ, ਸਟੇਜ ਸਕੱਤਰ ਨੇ ਇਸ ਬਾਰੇ ਕੋਈ ਟਿੱਪਣੀ ਜਾਂ ਸਪਸ਼ਟੀਕਰਨ ਨਹੀਂ ਦਿੱਤਾ। ਸਮਾਗਮ ਮਗਰੋਂ ਕਰੀਬ ਇਕ-ਡੇਢ ਮਹੀਨੇ ਤੱਕ ਵੱਖ-ਵੱਖ ਤਰੀਕੇ ਇਸ ਸਮਾਗਮ ਦੀ ਕਵਰੇਜ ਅਖ਼ਬਾਰ ਵਿੱਚ ਕੀਤੀ ਗਈ। ਪਰ ਇਸ ਨੁਕਤੇ ਨੂੰ ਛੂਹਿਆ ਵੀ ਨਹੀਂ ਗਿਆ।

ਖੈਰ, ਸਾਡੀ ਵਿਚਾਰ ਅਨੁਸਾਰ ਇਹ ਸਪਸ਼ਟ ਹੈ ਕਿ ‘ਦਸਮ ਗ੍ਰੰਥ’ ਜਾਂ ਇਸ ਦੀਆਂ ਕੁਝ ਰਚਨਾਵਾਂ (ਬਚਿੱਤ੍ਰ ਨਾਟਕ, ਚੰਡੀ ਦੀ ਵਾਰ) ਨੂੰ ਦਸ਼ਮੇਸ਼ ਕ੍ਰਿਤ ਮੰਨ ਕੇ ਕੌਮ ਆਪ ਹੀ ਗੁਰੂ ਸਾਹਿਬਾਨ ਨੂੰ ਹਿੰਦੂ ਮਿਥਿਹਾਸਕ ਪਾਤਰਾਂ ਦੇ ਵੰਸ਼ਜ ਤੇ ਦੇਵੀ ਪੂਜਕ ਸਾਬਿਤ ਕਰ ਰਹੀ ਹੈ। ਇਸ ਕਰਕੇ ਇਸ ਬਾਰੇ ਕਿਸੇ ’ਤੇ ਇਲਜ਼ਾਮ ਲਗਾਉਣਾ ਗਲਤ ਹੈ।

ਲੋੜ ਹੈ ਕਿ ਅਸੀਂ ਸਵੈ-ਪੜਚੋਲ ਰੂਪੀ ਝਾਤ ਨਾਲ ‘ਦਸਮ ਗ੍ਰੰਥ’ ਤੇ ਅਜਿਹੇ ਹੋਰ ਗੁਰਮਤਿ-ਵਿਰੋਧੀ ਸਾਹਿਤ ਨਾਲੋਂ ਹਮੇਸ਼ਾ ਲਈ ਤੋੜ-ਵਿਛੋੜਾ ਕਰ ਦੇਈਏ। ਤਾਂ ਹੀ ਅਸੀਂ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸੱਚੇ ਸਿੱਖ ਬਣ ਸਕਾਂਗੇ। ਵਰਨਾ ਇਹ ਸਿਰਫ਼ ਸਾਡਾ ਆਪੂੰ ਪਾਲਿਆ ਭਰਮ ਹੀ ਹੈ ਕਿ ਅਸੀਂ ਗੁਰੂ ਸਾਹਿਬਾਨ ਦੇ ਸ਼ਰਧਾਲੂ ਤੇ ਉਨ੍ਹਾਂ ਦੀ ਉਸਤਤ ਕਰਨ ਵਾਲੇ ਹਾਂ। ਅਸਲ ਵਿੱਚ ਦਸਮ ਗ੍ਰੰਥ (ਤੇ ਅਜਿਹੀਆਂ ਹੋਰ ਗੁਰਮਤਿ-ਵਿਰੋਧੀ ਰਚਨਾਵਾਂ) ਨੂੰ ਮਾਨਤਾ ਦੇ ਕੇ ਅਸੀਂ ਹਕੀਕਤ ਵਿੱਚ ਗੁਰੂ ਨਿੰਦਕ ਹੀ ਬਣੇ ਹੋਏ ਹਾਂ।

ਅੱਜ ਕੌਮ ਨੂੰ ਇਸ ਗੁਰਵਾਕ ਨੂੰ ਧਿਆਨ ਵਿੱਚ ਰਖਦੇ ਹੋਏ ਗੰਭੀਰ ਸਵੈ-ਪੜਚੋਲ ਦੀ ਫੌਰੀ ਲੋੜ ਹੈ:

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨਾ ਲੇਖ।।
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ।।