Subscription About Us Contact Us


ਗੁਰੂ ਨਾਨਕ ਦੇ ਅਖੌਤੀ ਸਿੱਖਾਂ ਵਿੱਚ ਦਿਖਾਵੇ ਦੀ ਬਿਮਾਰ ਮਾਨਸਿਕਤਾ
ਬਨਾਮ ‘ਪੂੰਜੀਪਤੀਆਂ’ ਦੀ ਸੁਲਝੀ ਜ਼ਿੰਦਗੀ

- ਸਰਬਜੀਤ ਸਿੰਘ -

6 ਮਾਰਚ 2008 ਨੂੰ ਅਖ਼ਬਾਰਾਂ ਵਿੱਚ ਅਮਰੀਕਾ ਦੀ ‘ਫੋਰਬਸ’ ਮੈਗਜ਼ੀਨ ਵੱਲੋਂ ਦੁਨੀਆ ਦੇ ਸਭ ਤੋਂ ਅਮੀਰ ਕੁਝ ਵਿਅਕਤੀਆਂ ਬਾਰੇ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਦੀਆਂ ਪ੍ਰਕਾਸ਼ਿਤ ਹੋਈਆਂ। ਇਨ੍ਹਾਂ ਖ਼ਬਰਾਂ ਮੁਤਾਬਿਕ, ਹੁਣ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਵਾਰੇਨ ਬਫੇਟ ਨਾਂ ਦਾ ਇਕ ਅਮਰੀਕਨ ਵਪਾਰੀ ਹੈ ਜਦਕਿ 13 ਸਾਲਾਂ ਤੋਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਮਾਣ ਪ੍ਰਾਪਤ ਕਰਨ ਵਾਲਾ ਬਿਲ ਗੇਟਸ ਹੁਣ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਜ਼ਿੰਦਗੀ ਦੀਆਂ ਮੁਢਲੀਆਂ ਸਹੂਲਤਾਂ ਲਈ ਵੀ ਸਖ਼ਤ ਸੰਘਰਸ਼ ਕਰਨ ਲਈ ਮਜਬੂਰ ਭਾਰਤ ਦੇ ਆਮ ਲੋਕਾਂ ਨੂੰ ਭਾਵੇਂ ‘ਸਭ ਤੋਂ ਅਮੀਰ’ ਦੀ ਰੈਂਕਿੰਗ ਦੀ ਇਸ ਖੇਡ ਵਿੱਚ ਕੋਈ ਦਿਲਚਸਪੀ ਨਾ ਹੋਵੇ, ਪਰ ਵਾਰੇਨ ਬਫੇਟ ਇਕ ਅਜਿਹਾ ਨਿਵੇਕਲਾ ਅਮੀਰ ਵਿਅਕਤੀ ਹੈ, ਜਿਸਦੀ ਜ਼ਿੰਦਗੀ ਤੋਂ ਅਸੀਂ ਸਭ - ਖ਼ਾਸਕਰ ਸਿੱਖ ਸਮਾਜ ਨੂੰ ਬਹੁਤ ਕੁਝ ਸਿੱਖਣ ਲਈ ਮਿਲ ਸਕਦਾ ਹੈ। ਇਸਲਈ ਪਹਿਲਾਂ ਪਾਠਕਾਂ ਨੂੰ ਬਫੇਟ ਦੀ ਸਫਲਤਾ ਅਤੇ ਉਸਦੇ ਅਸੂਲਾਂ ਬਾਰੇ ਕੁਝ ਜਾਣਕਾਰੀ ਦਿੰਦੇ ਹਾਂ।

ਵਾਰੇਨ ਬਫੇਟ ਦੀ ਵਪਾਰਕ ਜ਼ਿੰਦਗੀ ਬਾਰੇ ਕੁਝ ਅਹਿਮ ਤੱਥ

ਵਾਰੇਨ ਐਡਵਰ ਬਫੇਟ ਦਾ ਜਨਮ 30 ਅਗਸਤ 1930 ਨੂੰ ਹੋਇਆ ਸੀ। 6 ਸਾਲ ਦੀ ਉਮਰ ਵਿੱਚ ਹੀ ਉਸਨੇ ਆਪਣੇ ਦਾਦਾ ਦੀ ਦੁਕਾਨ ਤੋਂ ਕੋਕਾ-ਕੋਲਾ ਦੀਆਂ 6 ਬੋਤਲਾਂ 25 ਸੈਂਟ ਵਿੱਚ ਖਰੀਦੀਆਂ ਅਤੇ 30 ਸੈਂਟ ਵਿੱਚ ਵੇਚ ਦਿੱਤੀਆਂ। ਇਸ ਤਰ੍ਹਾਂ ਉਸਨੂੰ 5 ਸੈਂਟ ਦਾ ਮਾਮੂਲੀ ਜਿਹਾ ਲਾਭ ਹੋਇਆ ਪਰ ਵਪਾਰ ਵਿੱਚ ਉਸਦਾ ਹੌਸਲਾ ਵੱਧ ਗਿਆ। 11 ਸਾਲ ਦੀ ਉਮਰ ਵਿੱਚ ਬਫੇਟ ਨੇ ‘ਸਿਟੀਜ਼ ਸਰਵਿਸ’ ਕੰਪਨੀ ਦੇ ਤਿੰਨ ਸ਼ੇਅਰ 38 ਡਾਲਰ ਪ੍ਰਤੀ ਸ਼ੇਅਰ ਦੇ ਭਾਅ ਖਰੀਦੇ। ਪਰ ਕੁਝ ਹੀ ਦਿਨਾਂ ਬਾਅਦ ਸ਼ੇਅਰ ਮਾਰਕਿਟ ਵਿੱਚ ਭਾਰੀ ਗਿਰਾਵਟ ਆਈ ਅਤੇ ਸ਼ੇਅਰ ਦੀ ਕੀਮਤ ਘੱਟ ਕੇ ਸਿਰਫ਼ 27 ਡਾਲਰ ਰਹਿ ਗਈ। ਵਾਰੇਨ ਨੇ ਸੰਜਮ ਰੱਖਿਆ ਅਤੇ ਕਾਫ਼ੀ ਸਮਾਂ ਬੀਤ ਜਾਣ ਉਪਰੰਤ ਇਨ੍ਹਾਂ ਸ਼ੇਅਰਾਂ ਨੂੰ 40 ਡਾਲਰ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਵੇਚ ਦਿੱਤਾ।

ਵਾਰੇਨ ਬਫੇਟ

17 ਸਾਲ ਦੀ ਉਮਰ ਤੱਕ ਬਫੇਟ ਨੇ ਅਖ਼ਬਾਰਾਂ ਵੇਚ ਕੇ ਹੀ ਪੰਜ ਹਜ਼ਾਰ ਡਾਲਰ (ਸਨ 2000 ਦੇ 42,611 ਡਾਲਰਾਂ ਦੇ ਬਰਾਬਰ) ਜੋੜ ਲਏ ਸਨ। ਅਮਰੀਕਾ ਦੇ ਇਕ ਪ੍ਰਸਿੱਧ ਵਪਾਰੀ ਕੋਲ ਕੰਮ ਕਰਦਿਆਂ ਬਫੇਟ ਨੇ ਕੰਪਨੀਆਂ ਦੇ ਪ੍ਰਬੰਧਕਾਂ ਤੇ ਉਨ੍ਹਾਂ ਦੀਆਂ ਨੀਤੀਆਂ ਦਾ ਵੀ ਅਧਿਐਨ ਸ਼ੁਰੂ ਕਰ ਦਿੱਤਾ ਜਦਕਿ ਉਸਦਾ ਮਾਲਕ ਸਿਰਫ਼ ਕੰਪਨੀਆਂ ਵੱਲੋਂ ਪਿਛਲੇ ਸਾਲਾਂ ਵਿੱਚ ਕਮਾਏ ਗਏ ਮੁਨਾਫ਼ੇ ਵੱਲ ਹੀ ਧਿਆਨ ਦਿੰਦਾ ਸੀ। 1950 ਵਿੱਚ ਬਫੇਟ ਨੇ ਸ਼ੇਅਰ ਮਾਰਕਿਟ ਵਿੱਚ 9,800 ਡਾਲਰਾਂ ਦਾ ਨਿਵੇਸ਼ ਕੀਤਾ ਤੇ 1956 ਤੱਕ ਇਨ੍ਹਾਂ ਨੂੰ 1,40,000 ਡਾਲਰਾਂ ਵਿੱਚ ਬਦਲ ਲਿਆ। ਬਫੇਟ ਨੇ ਹੋਰਨਾਂ ਲੋਕਾਂ ਤੋਂ ਆਪਣੀ ਕੰਪਨੀ ਵਿੱਚ ਨਿਵੇਸ਼ ਕਰਵਾਉਣਾ ਅਰੰਭ ਕੀਤਾ ਅਤੇ ਅੱਗੋਂ ਉਨ੍ਹਾਂ ਦੇ ਪੈਸੇ ਨੂੰ ਸ਼ੇਅਰ ਮਾਰਕਿਟ ਵਿੱਚ ਨਿਵੇਸ਼ ਕਰ ਦਿੰਦਾ। ਆਪਣੀ ਮਿਹਨਤ ਅਤੇ ਲਗਨ ਨਾਲ ਉਸਨੇ ਕੁਝ ਹੀ ਸਾਲਾਂ ਵਿੱਚ ਕਰੋੜਾਂ ਡਾਲਰ ਕਮਾ ਲਏ ਅਤੇ ਉਸਦੀ ਕੰਪਨੀ ਦੀ ਮੰਗ ਏਨੀ ਜ਼ਿਆਦਾ ਵੱਧ ਗਈ ਕਿ ਇਸਦੇ ਇਕ-ਇਕ ਸ਼ੇਅਰ ਦੀ ਕੀਮਤ 80 ਹਜ਼ਾਰ ਡਾਲਰ ਹੋ ਗਈ। ਸਾਲ 2007 ਤੱਕ ਵਾਰੇਨ ਬਫੇਟ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਬਣ ਚੁੱਕਾ ਸੀ। ਪਰ ਹੁਣ ਬਫੇਟ ਦੁਨੀਆ ਦਾ ਸਭ ਤੋਂ ਵੱਧ ਅਮੀਰ ਵਿਅਕਤੀ ਬਣ ਗਿਆ ਹੈ, ਜਿਸਦੀ ਕੰਪਨੀ ਦੀ ਕੀਮਤ 62 ਬਿਲੀਅਨ ਡਾਲਰ (ਲਗਭਗ 24 ਖਰਬ 18 ਅਰਬ ਰੁਪਏ) ਮੰਨੀ ਜਾ ਰਹੀ ਹੈ।

ਜ਼ਾਹਿਰ ਹੈ ਕਿ ਵਾਰੇਨ ਬਫੇਟ ਦੁਨੀਆ ਦਾ ਸਭ ਤੋਂ ਸਫਲ ਆਦਮੀ ਹੈ। ਪਰ ਫਿਰ ਵੀ ਸਫਲਤਾ ਉਸਦੇ ਸਿਰ ’ਤੇ ਚੜ੍ਹ ਕੇ ਨਹੀਂ ਬੋਲਦੀ ਅਤੇ ਜ਼ਿੰਦਗੀ ਜੀਉਣ ਦਾ ਉਸਦਾ ਢੰਗ ਅੱਜ ਵੀ ਦੁਨੀਆ ਭਰ ਦੇ ਲੋਕਾਂ ਲਈ ਇਕ ਆਦਰਸ਼ ਵਜੋਂ ਵੇਖਿਆ ਜਾ ਸਕਦਾ ਹੈ। ਦੁਨੀਆ ਦੇ ਸਭ ਤੋਂ ਵੱਧ ਦੌਲਤਮੰਦ ਵਿਅਕਤੀ ਬਣਨ ਤੋਂ ਪਹਿਲਾਂ ਹੀ ਵਾਰੇਨ ਬਫੇਟ 31 ਬਿਲੀਅਨ ਡਾਲਰ ਦੀ ਰਕਮ ਸਮਾਜਕ ਕੰਮਾਂ ਵਾਸਤੇ ਦਾਨ ਕਰ ਚੁੱਕਾ ਹੈ। ਯਾਨਿ ਉਸਦੀ ਮੌਜੂਦਾ ਪੂੰਜੀ, ਏਨੀ ਵੱਡੀ ਰਕਮ ਦਾਨ ਕਰਨ ਤੋਂ ਬਾਅਦ ਬਚੀ ਰਕਮ ਹੈ !!

ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹੋਣ ਦੇ ਬਾਵਜੂਦ, ਵਾਰੇਨ ਬਫੇਟ ਹਾਲਾਂ ਤੱਕ 3 ਕਮਰਿਆਂ ਵਾਲੇ ਆਪਣੇ 50 ਸਾਲ ਪੁਰਾਣੇ ਮਕਾਨ ਵਿੱਚ ਹੀ ਰਹਿੰਦਾ ਹੈ। ਉਸਦੇ ਮਕਾਨ ਦੇ ਬਾਹਰ ਕੋਈ ਚਾਰਦਿਵਾਰੀ ਜਾਂ ਵਾੜ ਨਹੀਂ ਹੈ। ਬਫੇਟ ਦਾ ਕਹਿਣਾ ਹੈ ਕਿ ਇਹ ਮਕਾਨ ਉਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਕਾਫੀ ਹੈ। ਬਫੇਟ, ਅਖੌਤੀ ਉੱਚ-ਸਤਰ ਦੇ ਲੋਕਾਂ ਨਾਲ ਘੁਲਣਾ-ਮਿਲਣਾ ਪਸੰਦ ਨਹੀਂ ਕਰਦਾ। ਉਹ ਖਾਲੀ ਸਮੇਂ ਵਿੱਚ ਆਪਣੇ ਘਰ ਹੀ ਰਹਿੰਦਾ ਹੈ ਤੇ ਖ਼ੁਦ ‘ਪਾਪ-ਕਾਰਨ’ (ਬਰਬ ਫਰਗਅ) ਬਣਾ ਕੇ ਖਾਣਾ ਪਸੰਦ ਕਰਦਾ ਹੈ।

ਵਾਰੇਨ ਬਫੇਟ ਦਾ ਮਕਾਨ

ਵਾਰੇਨ ਬਫੇਟ, ਕਿਸੇ ਸਧਾਰਨ ਆਦਮੀ ਵਾਂਗ ਆਪਣੀ ਕਾਰ ਖ਼ੁਦ ਚਲਾਉਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦਾ - ਉਸਨੇ ਕਾਰ ਚਲਾਉਣ ਵਾਸਤੇ ਕੋਈ ਤਨਖ਼ਾਹਦਾਰ ਡ੍ਰਾਈਵਰ ਨਹੀਂ ਰੱਖਿਆ ਹੋਇਆ। ਇਹੀ ਨਹੀਂ, ਉਸਨੇ ਆਪਣੀ ਸੁਰੱਖਿਆ ਵਾਸਤੇ ਕੋਈ ਬਾਡੀਗਾਰਡ ਆਦਿ ਨਹੀਂ ਰੱਖੇ ਹੋਏ। ਬਫੇਟ, ਹਵਾਈ ਜਹਾਜ਼ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਦਾ ਮਾਲਕ ਹੈ ਪਰ ਉਸਨੇ ਆਪਣੀ ਨਿਜੀ ਵਰਤੋਂ ਵਾਸਤੇ ਕੋਈ ਹਵਾਈ ਜਹਾਜ਼ ਨਹੀਂ ਰੱਖਿਆ ਹੋਇਆ। ਬਫੇਟ ਕੋਲ ਅੱਜ ਤੱਕ ਮੋਬਾਈਲ ਫੋਨ ਨਹੀਂ ਹੈ - ਨਾ ਹੀ ਉਸਦੇ ਘਰ ਕੰਪਿਉਟਰ ਹੈ।

ਬਫੇਟ ਦੀ ਕੰਪਨੀ ‘ਬਰਕਸ਼ਾਇਰ ਹੈਥਾਵੇਅ’ ਅੱਗੋਂ 63 ਕੰਪਨੀਆਂ ਦੀ ਮਾਲਕ ਹੈ। ਬਫੇਟ ਇਨ੍ਹਾਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ‘ਤੇ ਕਿਸੇ ਕਿਸਮ ਦੀ ਰੋਕ-ਟੋਕ ਨਹੀਂ ਲਗਾਉਂਦਾ - ਬੱਸ ਸਾਲ ਦੇ ਅਰੰਭ ਵਿੱਚ ਉਨ੍ਹਾਂ ਨੂੰ ਇਕ-ਇਕ ਪੱਤਰ ਲਿਖ ਕੇ ਸਾਲ ਵਿੱਚ ਪ੍ਰਾਪਤ ਕਰਨ ਲਈ ਟੀਚਿਆਂ ਬਾਰੇ ਜਾਣਕਾਰੀ ਦਿੰਦਾ ਹੈ। ਉਹ ਆਮ ਤੌਰ ’ਤੇ ਉਨ੍ਹਾਂ ਨਾਲ ਮੀਟਿੰਗਾਂ ਜਾਂ ਫੋਨ ’ਤੇ ਗੱਲਬਾਤ ਵੀ ਨਹੀਂ ਕਰਦਾ। ਉਸਨੇ ਆਪਣੀਆਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਤਾਕੀਦ ਕੀਤੀ ਹੋਈ ਹੈ ਕਿ ਉਹ ਕੰਪਨੀ ਦੀਆਂ ਨੀਤੀਆਂ ਇਸ ਤਰ੍ਹਾਂ ਦੀਆਂ ਬਣਾਉਣ ਕਿ ਕੰਪਨੀ ਦਾ ਲਾਭ ਭਾਵੇਂ ਘੱਟ ਹੋਵੇ ਜਾਂ ਵੱਧ, ਪਰ ਸ਼ੇਅਰ-ਹੋਲਡਰਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ।

ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲਿਆਂ ਦਾ ਮੌਜੂਦਾ ਸਮਾਜਕ ਢਾਂਚਾ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦੀ ਜ਼ਿੰਦਗੀ ’ਤੇ ਸਰਸਰੀ ਝਾਤ ਮਾਰਿਆਂ ਪਤਾ ਲਗਦਾ ਹੈ ਕਿ ਉਹ ਸਾਦਗੀ ਤੇ ਸਰਲਤਾ ਨੂੰ ਪਸੰਦ ਕਰਦਾ ਹੈ ਜਦਕਿ ਦਿਖਾਵੇ ਅਤੇ ਸ਼ਾਨੋ-ਸ਼ੌਕਤ ਬਘਾਰਨ ਤੋਂ ਕੋਹਾਂ ਦੂਰ ਰਹਿੰਦਾ ਹੈ। ਗੁਰੂ ਸਾਹਿਬਾਨ ਨੇ ਵੀ ਹਰ ਇਨਸਾਨ ਨੂੰ ਸਾਦਗੀ ਅਪਣਾਉਣ ਅਤੇ ਦਿਖਾਵੇ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ ਹੈ :

ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ।।
(51)

ਅਨਿਕ ਭੋਗ ਬਿਖਿਆ ਕੇ ਕਰੈ।।
ਨਹ ਤ੍ਰਿਪਤਾਵੈ ਖਪਿ ਖਪਿ ਮਰੈ।।
ਬਿਨਾ ਸੰਤੋਖ ਨਹੀ ਕੋਊ ਰਾਜੈ।।
ਸੁਪਨ ਮਨੋਰਥ ਬ੍ਰਿਥੇ ਸਭ ਕਾਜੈ।।
(279)

ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਿੱਖਾਂ ਦੀ ਜ਼ਿੰਦਗੀ ਦਾ ਹਰ ਪਹਿਲੂ ਵਿੱਚ ਏਨਾ ਜ਼ਿਆਦਾ ਦਿਖਾਵਾ ਘੁਸ ਗਿਆ ਹੈ ਕਿ ਸਾਦਗੀ ਅਤੇ ਸਿੱਖੀ ਵਿਚਕਾਰ ਕਦੇ ਨਾ ਪੂਰੇ ਜਾ ਸਕਣ ਵਾਲੀ ਵਿੱਥ ਪੈਦਾ ਹੋ ਗਈ ਹੈ। ਮਿਸਾਲ ਲਈ, ਸਿੱਖਾਂ ਦੇ ਧਾਰਮਕ ਢਾਂਚੇ ’ਤੇ ਨਿਗਾਹ ਮਾਰੀਏ। ਗੁਰੂ ਅਰਜਨ ਸਾਹਿਬ ਨੇ ਅੰਮ੍ਰਿਤਸਰ ਵਿਖੇ ਇਕ ਬੜੇ ਸਾਦੇ ਪਰ ਪ੍ਰਭਾਵਸ਼ਾਲੀ ਧਰਮ-ਅਸਥਾਨ ‘ਦਰਬਾਰ ਸਾਹਿਬ’ ਦੀ ਉਸਾਰੀ ਕਰਵਾਈ ਸੀ। ਗੁਰੂ ਸਾਹਿਬਾਨ ਕੋਲ ਸੋਨੇ-ਚਾਂਦੀ ਦੀ ਕਮੀ ਨਹੀਂ ਸੀ ਪਰ ਉਨ੍ਹਾਂ ਨੇ ਸੰਗਤ ਤੋਂ ਪ੍ਰਾਪਤ ਹੋਏ ਧਨ ਨੂੰ, ਗਰੀਬ ਇਨਸਾਨਾਂ ਦੀ ਮਦਦ ਅਤੇ ਗਿਆਨ ਦਾ ਪਸਾਰਾ ਕਰਨ ਵਿੱਚ ਹੀ ਵਰਤਿਆ ਅਤੇ ਦਰਬਾਰ ਸਾਹਿਬ ’ਤੇ ਸੋਨਾ ਨਾ ਚੜ੍ਹਾਇਆ। ਪਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਧਰਮ-ਅਸਥਾਨ ਦਾ ਵੱਡਾ ਹਿੱਸਾ ਸੋਨੇ ਦੀਆਂ ਪਰਤਾਂ ਨਾਲ ਢੱਕ ਦਿੱਤਾ ਗਿਆ। ਡੋਗਰੇ ਮੰਤਰੀਆਂ ਦੀ ਸਲਾਹ ’ਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਸ਼ੁਰੂ ਕੀਤਾ ਗਿਆ ਇਹ ਰੁਝਾਨ ਅੱਜ ਏਨਾ ਜ਼ਿਆਦਾ ਵੱਧ ਗਿਆ ਹੈ ਕਿ ਅੱਜ ਸਿੱਖ ਕੌਮ ਦਾ ਅਰਬਾਂ ਰੁਪਿਆ ਗੁਰਦੁਆਰਿਆਂ/ ਡੇਰਿਆਂ ਦੇ ਗੁੰਬਦਾਂ ’ਤੇ ਸੋਨਾ ਚੜ੍ਹਾਉਣ ਵਾਸਤੇ ਖ਼ਰਚ ਕੀਤਾ ਜਾ ਚੁੱਕਾ ਹੈ ਤੇ ਹਾਲਾਂ ਵੀ ਕੀਤਾ ਜਾ ਰਿਹਾ ਹੈ। ਇਹੀ ਨਹੀਂ, ਜਿਨ੍ਹਾਂ ਗੁਰਦੁਆਰਿਆਂ ਵਿੱਚ ਸੋਨੇ ਦੇ ਗੁੰਬਦ ਤਿਆਰ ਹੋ ਚੁੱਕੇ ਹਨ ਜਾਂ ਸੋਨਾ ਚੜ੍ਹਾਉਣ ਦੀ ਗੁੰਜਾਇਸ਼ ਨਹੀਂ, ਉੱਥੇ ਦੀਵਾਨ ਹਾਲ ਵਿੱਚ ਸੋਨੇ ਦੀਆਂ ਪਾਲਕੀਆਂ ਸਜਾਉਣ ਲਈ ਲੱਖਾਂ ਰੁਪਏ ਖਰਚ ਦਿੱਤੇ ਜਾਂਦੇ ਹਨ। ਦੋ ਕੁ ਸਾਲ ਪਹਿਲਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੇ ਵੀ ਨਨਕਾਣਾ ਸਾਹਿਬ ਵਿਖੇ ਸੋਨੇ ਦੀ ਪਾਲਕੀ ਭੇਜਣ ਦੇ ਮੁੱਦੇ ’ਤੇ ਇਸ ਤਰ੍ਹਾਂ ਦਾ ਹਊਆ ਖੜਾ ਕੀਤਾ ਜਿਵੇਂ ਗੁਰਦੁਆਰੇ ਵਿੱਚ ਸੋਨੇ ਦੀ ਪਾਲਕੀ ਲੱਗ ਜਾਣ ਨਾਲ ਜਮਰੂਦ ਦਾ ਕਿਲਾ ਫਤਿਹ ਹੋ ਜਾਣਾ ਹੋਵੇ ਜਾਂ ਕੌਮ ਦੀਆਂ ਧਾਰਮਕ-ਸਮਾਜਕ ਸਮੱਸਿਆਵਾਂ ਖ਼ਤਮ ਹੋ ਜਾਣੀਆਂ ਹੋਣ। (ਨੋਟ : ਦਰਬਾਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਗੁਰੂ ਅਰਜਨ ਸਾਹਿਬ ਦੇ ਜੀਵਨ ਕਾਲ ਵਿੱਚ ਹੀ ਅਰੰਭ ਹੋ ਗਿਆ ਸੀ। ਪਰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਕਥਿਤ ਸਤਕਾਰ ਲਈ ਸੋਨੇ ਦੀਆਂ ਪਾਲਕੀਆਂ ਤਿਆਰ ਕਰਵਾਉਣ ਜਿਹਾ ਕੋਈ ਉਦਮ ਨਾ ਕੀਤਾ। ਕੀ ਸਿੱਖ, ਆਪਣੇ ਗੁਰੂ ਦੇ ਪਾਏ ਪੂਰਨਿਆਂ ਤੋਂ ਵੀ ਕੋਈ ਸਬਕ ਨਹੀਂ ਲੈ ਸਕਦੇ?)

ਸਿੱਖਾਂ ਦੇ ਧਾਰਮਕ ਅਸਥਾਨਾਂ ਦੀਆਂ ਉਸਾਰੀਆਂ ਤੇ ਰਖ-ਰਖਾਵ ’ਤੇ ਕੌਮ ਦੇ ਬਹੁਮੁੱਲੇ ਪੈਸੇ ਦਾ ਵੱਡਾ ਹਿੱਸਾ ਜ਼ਾਇਆ ਕਰਵਾਉਣ ਦਾ ਰੁਝਾਨ ਪੈਦਾ ਕਰਨ ਵਿੱਚ (ਬੇ)ਕਾਰ ਸੇਵਾ ਵਾਲੇ ਸਾਧਾਂ ਦਾ ਵੀ ਕੋਈ ਘੱਟ ਕਸੂਰ ਨਹੀਂ। ਇਨ੍ਹਾਂ ਸਾਧਾਂ ਨੇ ਨਾ ਸਿਰਫ਼ ਇਹਿਤਾਸਕ ਗੁਰਦੁਆਰਿਆਂ ਦੀ ‘ਇਤਿਹਾਸਕਤਾ’ ਨੂੰ ਢਾਹ-ਢੇਰੀ ਕਰ ਦਿੱਤਾ ਬਲਕਿ ਹਾਲਾਂ ਵੀ ਕੌਮ ਨੂੰ ਸੋਨੇ ਦੇ ਗੁੰਬਦਾਂ, ਪਾਲਕੀਆਂ, ਸਰੋਵਰਾਂ, ਸਰਾਵਾਂ ਆਦਿ ਦੀਆਂ ਅਖੌਤੀ ਕਾਰ-ਸੇਵਾਵਾਂ ਵਿੱਚ ਉਲਝਾ ਕੇ ਗਿਆਨਹੀਣ ਬਣਾ ਦਿੱਤਾ ਹੈ। ਕਾਰ ਸੇਵਾ ਵਾਲੇ ਸਾਧਾਂ ਕਾਰਨ ਹੀ ਸਿੱਖਾਂ ਵਿੱਚ ਗੁਰਦੁਆਰਿਆਂ ਨੂੰ ਦਿਖਾਵੇ ਦੀ ਨਿਸ਼ਾਨੀ ਬਣਾਉਣ ਦਾ ਅਜਿਹਾ ਮਾੜਾ ਰੁਝਾਨ ਪੈਦਾ ਹੋਇਆ ਹੈ ਕਿ ਅੱਜ ਹਰ ਗਲੀ-ਮੁਹੱਲੇ ਦੇ ਗੁਰਦੁਆਰੇ ਤੱਕ ਨੂੰ ਉਸ ਸਮੇਂ ਤੱਕ ਅਧੂਰਾ ਸਮਝਿਆ ਜਾਂਦਾ ਹੈ, ਜਦ ਤਕ ਉਸ ਦੀਆਂ ਦੀਵਾਰਾਂ ਸੰਗਮਰਮਰ ਜਿਹੇ ਮਹਿੰਗੇ ਪੱਥਰ ਨਾਲ ਨਾ ਢਕੀਆਂ ਜਾਣ। ਹਾਲਤ ਏਨੀ ਤਰਸਯੋਗ ਹੋ ਗਈ ਹੈ ਕਿ 84 ਕਤਲੇਆਮ ਦੇ ਪੀੜ੍ਹਤਾਂ ਦੀ ਕਲੋਨੀ ਤਿਲਕ ਵਿਹਾਰ, ਜਿੱਥੇ ਬਹੁਤ ਹੀ ਗਰੀਬ ਸਿੱਖ ਪਰਵਾਰ ਅਤਿ ਤਰਸਯੋਗ ਹਾਲਤ ਵਿੱਚ ਰਹਿੰਦੇ ਹਨ, ਦੇ ਗੁਰਦੁਆਰੇ ਨੂੰ ਪੱਥਰਾਂ ਅਤੇ ਮਹਿੰਗੇ ਫਰਨੀਚਰ ਨਾਲ ਲਿਸ਼ਕਾਉਣ ’ਤੇ ਲੱਖਾਂ ਰੁਪਏ ਖਰਚੇ ਜਾ ਚੁੱਕੇ ਹਨ।

ਦਿਖਾਵੇ ਦੀ ਇਸ ਹੋੜ ਕਾਰਨ ਹੀ ਬਹੁਤ ਸਾਰੇ ਸਿੱਖਾਂ ਨੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਨਾਂ ’ਤੇ, ਗੁਰੂ ਸਾਹਿਬ ਨਾਲ ਮੂਰਤੀਆਂ ਵਰਗਾ ਵਤੀਰਾ ਅਪਣਾਉਣਾ ਅਰੰਭ ਕਰ ਦਿੱਤਾ ਹੈ। ਅੱਜ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਪੜ੍ਹਦੇ, ਸੁਣਦੇ, ਵਿਚਾਰਦੇ ਤਾਂ ਨਹੀਂ ਪਰ ਗੁਰੂ ਸਾਹਿਬ ਦੇ ਸਰੂਪਾਂ ਨੂੰ ਸਰਦੀਆਂ ਵਿੱਚ ਕੰਬਲਾਂ ਨਾਲ ਢਕਣ ਅਤੇ ਗਰਮੀਆਂ ਵਿੱਚ ਏਅਰ-ਕੰਡੀਸ਼ਨਾਂ ਰਾਹੀਂ ਠੰਡਕ ਪ੍ਰਦਾਨ ਕਰਨ ਦੇ ਪ੍ਰਬੰਧ ਵਿੱਚ ਹੀ ਰੁੱਝੇ ਹੋਏ ਹਨ। ਪੰਜਵੇਂ ਤੋਂ ਦਸਵੇਂ ਗੁਰੂ ਸਰੂਪ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ’ਤੇ ਆਪਣਾ ਧਿਆਨ ਕੇਂਦਰਿਤ ਕੀਤਾ ਪਰ ਅਜੋਕੇ ਸਿੱਖ ਸਿਰਫ਼ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਤੋੜਨ-ਉਸਾਰਨ ਅਤੇ ਗੁਰਦੁਆਰਿਆਂ ਨੂੰ ਫਾਈਵ-ਸਟਾਰ ਹੋਟਲਾਂ ਦਾ ਰੂਪ ਦੇਣ (ਗੁਰਦੁਆਰਿਆਂ ਦੇ ਹਾਲਾਂ ਨੂੰ ਏਅਰ-ਕੰਡੀਸ਼ੰਡ ਕਰਕੇ ਅਤੇ ਅਤਿ ਮਹਿੰਗਾ ਫਰਨੀਚਰ ਲਗਾ ਕੇ) ਵਿੱਚ ਰੁੱਝੇ ਹੋਏ ਹਨ। ਇਹ ਕੋਈ ਗੁਰਮਤਿ ਦਾ ਸਿਧਾਂਤ ਨਹੀਂ ਬਲਕਿ ਸਿਰਫ਼ ਦਿਖਾਵੇ ਦੀ ਭੇਡਚਾਲ ਹੈ।

ਸਿੱਖਾਂ ਦੀ ਸਮਾਜਕ ਰਹਿਣੀ-ਬਹਿਣੀ ਵੀ ਦਿਖਾਵੇ ਦੀ ਮਾਨਸਿਕਤਾ ਨਾਲ ਪੀੜ੍ਹਤ ਹੈ। ਪੰਜਾਬ ਦੇ ਪਿੰਡਾਂ ਦੇ ਬਹੁਤ ਸਾਰੇ ਕਿਸਾਨਾਂ ਸਿਰਫ਼ ਲੋਕਾਂ ਦੀ ਵਾਹ-ਵਾਹੀ ਖੱਟਣ ਦੇ ਮਸਕਦ ਨਾਲ ਹੀ ਪਹਿਲਾਂ ਕਰਜ਼ਾ ਲੈ ਕੇ ਟ੍ਰੈਕਟਰ ਖਰੀਦ ਲੈਂਦੇ ਹਨ, ਫਿਰ ਕੁਝ ਸਮੇਂ ਬਾਅਦ ਮਜਬੂਰ ਹੋ ਕੇ, ਭਾਰੇ ਘਾਟੇ ਵਿੱਚ ਉਸਨੂੰ ਵੇਚ ਦਿੰਦੇ ਹਨ। ਦਿਖਾਵੇ ਕਾਰਨ ਹੀ ਸ਼ਹਿਰਾਂ ਦੇ ਸਿੱਖ ਵੀ ਮਹਿੰਗੀ ਤੋਂ ਮਹਿੰਗੀ ਕਾਰ, ਮੋਬਾਈਲ ਫੋਨ, ਕੰਪਿਊਟਰ, ਐਲ.ਸੀ.ਡੀ./ਪਲਾਜ਼ਮਾ ਟੀ.ਵੀ. ਆਦਿਕ ਮਹਿੰਗਾ ਪਰ ਬਹੁਤੇ ਮਾਮਲਿਆਂ ਵਿੱਚ ਬੇਲੋੜਾ ਸਮਾਨ ਖਰੀਦਣ ਲਈ ਉਤਸ਼ਾਹਿਤ ਰਹਿੰਦੇ ਹਨ - ਭਾਵੇਂ ਇਸਦੇ ਲਈ ਉਨ੍ਹਾਂ ਨੂੰ ਉੱਚੀਆਂ ਦਰਾਂ ’ਤੇ ਕਰਜ਼ਾ ਹੀ ਕਿਉਂ ਨਾ ਲੈਣਾ ਪਏ।

ਸਿੱਖਾਂ ਦੇ ਸਮਾਜਕ ਸੰਸਕਾਰਾਂ ਦੌਰਾਨ ਤਾਂ ਦਿਖਾਵੇ ਦੀ ਅਤਿ ਚੁੱਕ ਦਿੱਤੀ ਜਾਂਦੀ ਹੈ। ਜੇਕਰ ਕਿਸੇ ਸਿੱਖ ਪਰਵਾਰ ਦੇ ਘਰ ਮੁੰਡਾ ਜੰਮ ਪਏ, ਤਾਂ ਕਿਸੇ ਹੋਟਲ, ਫਾਰਮ ਹਾਊਸ ਜਾਂ ਬੈਨਕੁਏਟ ਹਾਲ ਵਿੱਚ ਆਲੀਸ਼ਾਨ ਪਾਰਟੀ ਦਾ ਆਯੋਜਨ ਕੀਤੇ ਬਗੈਰ ‘ਖੁਸ਼ੀ’ ਦਾ ਪ੍ਰਗਟਾਵਾ ਅਧੂਰਾ ਮੰਨਿਆ ਜਾਂਦਾ ਹੈ। ਇਸਦੇ ਬਾਅਦ ਵੀ, ਪੁੱਤਰ ਦੇ ਜਨਮ-ਦਿਨ ’ਤੇ ਪਾਰਟੀਆਂ ਦਾ ਸਿਲਸਿਲਾ ਅਕਸਰ ਜਾਰੀ ਰਹਿੰਦਾ ਹੈ। ਲੋਹੜੀ ਜਿਹਾ ਤਿਉਹਾਰ, ਜਿਸਦਾ ਸਿੱਖ ਧਰਮ ਨਾਲ ਕੋਈ ਤਾਲੁੱਕ ਨਹੀਂ, ਸਿਰਫ਼ ਇਸੇ ਕਰਕੇ ਸਿੱਖਾਂ ਵਿੱਚ ਹਰਮਨ-ਪਿਆਰਾ ਹੋ ਚੁੱਕਿਆ ਹੈ ਕਿ ਇਸ ਦੌਰਾਨ ਮੁੰਡੇ ਦੇ ਮਾਤਾ-ਪਿਤਾ ਆਪਣੇ ਘਰ ਅਮੋਲਕ ਦਾਤਿ (ਪੁੱਤਰ) ਹੋਣ ਦਾ ਦਿਖਾਵਾ ਕਰ ਪਾਉਂਦੇ ਹਨ। (ਪੁੱਤਰ ਤਾਂ ਹਰ ਧਰਮ ਦੇ ਲੋਕਾਂ ਦੇ ਘਰ ਵਿੱਚ ਪੈਦਾ ਹੁੰਦੇ ਹਨ, ਪਰ ਅਜੋਕੇ ਸਿੱਖ ਸਮਾਜ ਜਿਹਾ ਹੋਛਾਪਨ ਸ਼ਾਇਦ ਹੀ ਕਿਸੇ ਹੋਰ ਧਰਮ ਦੇ ਲੋਕਾਂ ਵਿੱਚ ਵੇਖਣ ਨੂੰ ਮਿਲਦਾ ਹੋਵੇ)।

ਵਿਆਹਾਂ ਵੇਲੇ ਤਾਂ ਸਿੱਖ ਸਮਾਜ ਦਿਖਾਵੇ ਦੀਆਂ ਸਾਰੀਆਂ ਹੱਦਾਂ ਹੀ ਮੁਕਾ ਦਿੰਦਾ ਹੈ। ਲਾੜੇ ਦੇ ਪਰਵਾਰ ਵੱਲੋਂ ਬਰਾਤ ਦੇ ਨਾਂ ’ਤੇ ਇਕ ਤਰ੍ਹਾਂ ਦੇ ਜਲੂਸ ਦਾ ਆਯੋਜਨ ਕਰ ਦਿੱਤਾ ਜਾਂਦਾ ਹੈ। ਸਿੱਖਾਂ ਦੇ ਸਮਾਜਕ ਸੰਸਕਾਰਾਂ ਮੁਤਾਬਿਕ ਵਿਆਹ ਕਰਵਾਉਣ ਲਈ ਸਿਰਫ਼ ਚਾਰ ਲਾਵਾਂ ਲੈਣਾ ਹੀ ਕਾਫੀ ਹੁੰਦਾ ਹੈ ਪਰ ਸਿੱਖ ਪਰਵਾਰਾਂ ਨੂੰ ਵਿਆਹ ਦੀ ਅਸਲ ਰਸਮ ਦੇ ਇਲਾਵਾ ਅੱਧਾ ਦਰਜਨ ਹੋਰ ਰਸਮਾਂ (ਸਗਨ, ਲੇਡੀਜ਼ ਸੰਗੀਤ, ਮਾਹੀਆ, ਚੁੰਨੀ ਚੜ੍ਹਾਉਣਾ, ਜਾਗੋ, ਰੁੱਸਣਾ ਆਦਿ) ਦਾ ਆਯੋਜਨ ਕੀਤੇ ਬਿਨ੍ਹਾਂ ਚੈਨ ਨਹੀਂ ਆਉਂਦਾ। ਇਨ੍ਹਾਂ ਰਸਮਾਂ ਦੌਰਾਨ ਹਰ ਤਰ੍ਹਾਂ ਦੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ, ਪਰ ਸਿੱਖਾਂ ਵਿੱਚ ਦਿਖਾਵੇ ਦੀ ਭਾਵਨਾ ਏਨੀ ਪ੍ਰਬਲ ਹੋ ਚੁੱਕੀ ਹੈ ਕਿ ਉਹ ‘ਦੁਨੀਆਦਾਰੀ’ ਦੇ ਨਾਂ ’ਤੇ ਹਰ ਮਨਮਤੀ ਹਰਕਤ ਨੂੰ ਜਾਇਜ਼ ਠਹਿਰਾ ਲੈਂਦੇ ਹਨ।

ਵਿਆਹ ਵਾਲੇ ਦਿਨ ਲਾੜੇ ਨੂੰ ਰਾਜਾ-ਮਹਾਰਾਜਾ ਦਰਸਾਉਣ ਲਈ ਘੋੜੀ ’ਤੇ ਚੜ੍ਹਾ ਦਿੱਤਾ ਜਾਂਦਾ ਹੈ ਅਤੇ ਕਿਰਾਏ ਦੇ ਬੈਂਡ ਵਾਲੇ ਉਸਦੇ ਅੱਗੇ ਫਿਲਮੀ ਗਾਣਿਆਂ ਦੀਆਂ ਧੁੰਨਾਂ ਵਜਾਉਂਦੇ ਤੁਰਦੇ ਹਨ। ਲਾੜੇ ਦੀਆਂ ਰਿਸ਼ਤੇਦਾਰ ਔਰਤਾਂ ਸੜਕਾਂ ’ਤੇ ਖਲੋ ਕੇ ਨੱਚਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੀਆਂ - ਨਾ ਹੀ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਇਸ ਵਿੱਚ ਕੁਝ ਇਤਰਾਜ਼ਯੋਗ ਜਾਪਦਾ ਹੈ। ਵਿਆਹ ਵਿੱਚ ਸ਼ਾਮਲ ਦੋਵੇਂ ਧਿਰਾਂ ਦੇ ਪਰਵਾਰਾਂ ਦੀਆਂ ਜਵਾਨ ਔਰਤਾਂ/ ਲੜਕੀਆਂ ਨੇ ਅਕਸਰ ਇਸ ਕਿਸਮ ਦੇ ਕਪੜੇ ਪਾਏ ਹੁੰਦੇ ਹਨ ਕਿ ਇਹ ਸਮਝਣਾ ਔਖਾ ਹੋ ਜਾਂਦਾ ਹੈ ਕਿ ਉਨ੍ਹਾਂ ਨੇ ਕਪੜੇ ਸਰੀਰ ਕੱਜਣ ਲਈ ਪਾਏ ਹਨ ਜਾਂ ਸਰੀਰ ਦੀ ਨੁਮਾਇਸ਼ ਕਰਨ ਲਈ।

ਲਾੜੀ ਦੇ ਪਰਵਾਰ ਵੱਲੋਂ ਵੀ ਆਪਣੇ ਪੈਸੇ ਦਾ ਦਿਖਾਵਾ ਕਰਨ ਲਈ ਵਿਆਹ ਸਮਾਗਮ ਉੱਤੇ ਵੱਧ ਤੋਂ ਵੱਧ ਖਰਚਾ ਕੀਤਾ ਜਾਂਦਾ ਹੈ। ਵਿਆਹ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਪਕਵਾਨਾਂ ਤੋਂ ਲੈ ਕੇ ਆਤਿਸ਼ਬਾਜ਼ੀ ਤੱਕ, ਹਰ ਸੰਭਵ ਢੰਗ ਨਾਲ ਵੱਧ ਤੋਂ ਵੱਧ ਖਰਚਾ ਕੀਤਾ ਜਾਂਦਾ ਹੈ। ਇਸੇ ਕੜੀ ਵਿੱਚ, ਲੜਕੇ ਦੇ ਪਰਵਾਰ ਨੂੰ ਮਹਿੰਗੇ ਕਪੜੇ, ਨਗਦ, ਸੋਨੇ ਦੇ ਗਹਿਣਿਆਂ ਤੋਂ ਲੈ ਕੇ ਮਹਿੰਗੀ ਕਾਰਾਂ ਤੱਕ ਭੇਟ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ।

ਲਾੜੇ ਦੇ ਪਰਵਾਰ ਵਾਲਿਆਂ ਦੇ ਪੱਲੇ ਭਾਵੇਂ ਕੁਝ ਹੋਵੇ ਜਾਂ ਨਾ, ਪਰ ਉਹ ਡੋਲੀ ਵਾਸਤੇ ‘ਲਿਮੂਜ਼ੀਨ’ ਵਰਗੀਆਂ ਕਾਰਾਂ ਕਿਰਾਏ ’ਤੇ ਲੈ ਕੇ ਆਪਣੀ ਸ਼ਾਨ ਬਘਾਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਆਪਣੇ ਆਪ ਨੂੰ ਲੜਕੀ ਵਾਲਿਆਂ ਤੋਂ ‘ਘੱਟ ਨਹੀਂ’ ਸਾਬਿਤ ਕਰਨ ਲਈ ਅਕਸਰ ਲਾੜੇ ਦੇ ਪਰਵਾਰ ਵੱਲੋਂ ਵੀ ਗੈਰ-ਜ਼ਰੂਰੀ ਪਾਰਟੀ ਦਾ ਆਯੋਜਨ ਕਰ ਦਿੱਤਾ ਜਾਂਦਾ ਹੈ, ਜਿਸ ਵਿੱਚ ਫਿਰ ਮੇਲੇ ਵਰਗਾ ਮਾਹੌਲ ਸਿਰਜਿਆ ਜਾਂਦਾ ਹੈ।

ਇਸ ਤਰ੍ਹਾਂ, ਸਿੱਖ ਪਰਵਾਰਾਂ ਵੱਲੋਂ ਵਿਆਹ ਸਮਾਗਮਾਂ ਦੌਰਾਨ ਕੁਝ ਘੰਟਿਆਂ ਦੇ ਦਿਖਾਵੇ ਲਈ ਲੱਖਾਂ ਰੁਪਏ ਖਰਚ ਦਿੱਤੇ ਜਾਂਦੇ ਹਨ। ਇਹ ਸਭ ਸਿਰਫ਼ ਇਸ ਵਾਸਤੇ ਕਿ ਉਹ ਲੋਕਾਂ ਦੀ ਵਾਹ-ਵਾਹੀ ਖੱਟ ਸਕਣ ਅਤੇ ਆਪਣੀ ਅਮੀਰੀ ਦਰਸਾ ਸਕਣ। ਦੂਜੇ ਪਾਸੇ, ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦੀ ਜ਼ਿੰਦਗੀ ਸਾਫ਼ ਦਰਸਾਉਂਦੀ ਹੈ ਕਿ ਜ਼ਿੰਦਗੀ ਵਿੱਚ ਦਿਖਾਵੇ ਤੋਂ ਦੂਰ ਰਹਿਣ ਨਾਲ ਇਨਸਾਨ ਨੂੰ ਕਿੰਨਾ ਆਤਮਿਕ ਸਕੂਨ ਮਿਲਦਾ ਹੈ।

ਸਿੱਖਾਂ ਨੂੰ ਵਾਰੇਨ ਬਫੇਟ ਤੋਂ ਸੇਧ ਲੈਣ ਦੀ ਲੋੜ

ਬ੍ਰਾਹਮਣਵਾਦ ਅਤੇ ਪਦਾਰਥਵਾਦ ਦੇ ਪ੍ਰਭਾਵ ਕਾਰਨ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਤੋਂ ਤਾਂ ਮੂੰਹ ਮੋੜ ਹੀ ਲਿਆ ਹੈ ਪਰ ਉਹ ਵਾਰੇਨ ਬਫੇਟ ਵਰਗੇ ਅਸੂਲ-ਪਸੰਦ ਵਿਅਕਤੀ ਦੀ ਜ਼ਿੰਦਗੀ ਤੋਂ ਵੀ ਬਹੁਤ ਕੁਝ ਸਿੱਖ ਸਕਦੇ ਹਨ। ਜਿਵੇਂ, ਵਾਰੇਨ ਬਫੇਟ ਨੇ ਸਖ਼ਤ ਮਿਹਨਤ ਕਰਦਿਆਂ ਸਿਰਫ਼ 11 ਸਾਲ ਦੀ ਉਮਰ ਵਿੱਚ ਵਪਾਰ ਸ਼ੁਰੂ ਕਰ ਦਿੱਤਾ ਪਰ ਮੌਜੂਦਾ ਸਮੇਂ ਵਿੱਚ ਸਿੱਖ ਮਿਹਨਤ ਕਰਨਾ ਪਸੰਦ ਨਹੀਂ ਕਰਦੇ। ਇਸੇਲਈ ਪੰਜਾਬ ਦੇ ਬਹੁਤੇ ਕਿਸਾਨ ਖੇਤਾਂ ਅਤੇ ਘਰ ਵਿੱਚ ਖ਼ੁਦ ਹੱਥੀਂ ਮਿਹਨਤ ਕਰਨ ਦੀ ਬਜਾਏ ਪਰਵਾਸੀ ਮਜ਼ਦੂਰਾਂ ਤੋਂ ਕੰਮ ਕਰਵਾਉਣ ਨੂੰ ਤਰਜ਼ੀਹ ਦਿੰਦੇ ਹਨ। ਸਿੱਖਾਂ ਦੀ ਇਸੇ ਮਾਨਸਿਕਤਾ ਕਾਰਨ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਬੇਰੋਜ਼ਗਾਰੀ ਵਧੀ ਹੈ ਅਤੇ ਪਰਵਾਸੀ ਮਜ਼ਦੂਰਾਂ ਦੀ ਆਮਦ ਵਧੀ ਹੈ ਪਰ ਸਿੱਖ ਹਾਲਾਂ ਤੱਕ ਇਸ ਸਬੰਧ ਵਿੱਚ ਚੇਤੰਨ ਨਹੀਂ ਹੋ ਸਕੇ।

ਵਾਰੇਨ ਬਫੇਟ ਇਕ ਸਧਾਰਨ ਜਿਹੇ ਘਰ ਵਿੱਚ ਰਹਿੰਦਾ ਹੈ ਅਤੇ ਆਪਣੀ ਕਾਰ ਖ਼ੁਦ ਚਲਾਉਂਦਾ ਹੈ ਜਦਕਿ ਸ਼ਹਿਰਾਂ ਵਿੱਚ ਰਹਿਣ ਵਾਲੇ ਸਿੱਖ, ਆਪਣੀ ਆਮਦਨੀ ਦਾ ਵੱਡਾ ਹਿੱਸਾ ਸ਼ਹਿਰਾਂ ਦੇ ‘ਪੌਸ਼’ ਅਖਵਾਉਂਦੇ ਖੇਤਰਾਂ ਵਿੱਚ ਮਹਿੰਗੀਆਂ ਕੋਠੀਆਂ-ਕਾਰਾਂ ਖਰੀਦਣ ’ਤੇ ਹੀ ਖਰਚ ਦਿੰਦੇ ਹਨ। ਵਾਰੇਨ ਬਫੇਟ ਮੋਬਾਈਲ ਫੋਨ ਜਾਂ ਕੰਪਿਊਟਰ ਆਦਿਕ ਵਸਤੂਆਂ ’ਤੇ ਵੀ ਪੈਸਾ ਖਰਚਣ ਤੋਂ ਸੰਕੋਚ ਕਰਦਾ ਹੈ ਜਦਕਿ ਬਹੁਤ ਸਾਰੇ ਸਿੱਖ ਮਹਿੰਗੀ ਆਧੁਨਿਕ ਇਲੈਕਟ੍ਰਾਨਿਕ ਵਸਤੂਆਂ (ਜਿਵੇਂ ਮਹਿੰਗੇ ਮੋਬਾਈਲ ਫੋਨ, ਲੈਪਟਾਪ ਕੰਪਿਊਟਰ ਆਦਿਕ), ਜਿਨ੍ਹਾਂ ਦੀ ਉਨ੍ਹਾਂ ਨੂੰ ਖ਼ਾਸ ਲੋੜ ਵੀ ਨਹੀਂ ਹੁੰਦੀ, ਨੂੰ ਸਿਰਫ਼ ਇਸ ਵਾਸਤੇ ਖਰੀਦ ਲੈਂਦੇ ਹਨ ਤਾਂਕਿ ਲੋਕਾਂ ਉੱਤੇ ਇਨ੍ਹਾਂ ਦਾ ਰੋਅਬ ਮਾਰਿਆ ਜਾ ਸਕੇ।

ਹਵਾਈ ਜਹਾਜ਼ ਕੰਪਨੀ ਦਾ ਮਾਲਕ ਹੋਣ ਦੇ ਬਾਵਜੂਦ, ਬਫੇਟ ਨਿਜੀ ਜਹਾਜ਼ ਵਿੱਚ ਯਾਤਰਾ ਕਰਨ ਦੀ ਬਜਾਏ, ਹੋਰਨਾਂ ਸਵਾਰੀਆਂ ਨਾਲ ਭਰੇ ਜਹਾਜ਼ ਵਿੱਚ ਯਾਤਰਾ ਕਰਨ ਦੀ ਨੀਤੀ ਅਪਣਾਉਂਦਾ ਹੈ। ਯਕੀਨਨ, ਉਸਦਾ ਸਿਧਾਂਤ ਹੈ ਕਿ ਕਿਸੇ ਵੀ ਕੰਮ ਨੂੰ ਕਰਨ ਲਈ ਓਹੀ ਢੰਗ ਸਭ ਤੋਂ ਵਧੀਆ ਹੈ, ਜਿਹੜਾ ਸਭ ਤੋਂ ਕਿਫਾਇਤੀ ਢੰਗ ਨਾਲ ਨਿਬੜ ਜਾਏ। ਪਰ ਸਿੱਖਾਂ ਦੀ ਮਾਨਸਿਕਤਾ ਆਮ ਤੌਰ ’ਤੇ ਇਸਦੇ ਐਨ ਉਲਟ ਹੁੰਦੀ ਹੈ ਅਤੇ ਉਹ ਹਰ ਕੰਮ ’ਤੇ ਵੱਧ ਤੋਂ ਵੱਧ ਪੈਸਾ ਖਰਚਣ ਦੀ ਕੋਸ਼ਿਸ਼ ਕਰਦੇ ਹਨ। ਇਸੇਲਈ ਬਹੁਤੇ ਸਿੱਖ ਪਰਵਾਰ ਆਵਾਜਾਈ ਦੇ ਮਹਿੰਗੇ ਤੋਂ ਮਹਿੰਗੇ ਸਾਧਨਾਂ ਦੀ ਵਰਤੋਂ ਦੀ ਕੋਸ਼ਿਸ਼ ਕਰਦੇ ਹਨ। ਸ਼ਹਿਰੀ ਸਿੱਖ ਵੀ ਟ੍ਰੇਨ ਦੀ ਬਜਾਏ ਹਵਾਈ ਜਹਾਜ਼ (ਜਾਂ ਟ੍ਰੇਨ ਵਿੱਚ ਮਹਿੰਗੀ ਸਤਰ ਦੇ ਕੋਚ) ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਹਨ।

ਵਾਰੇਨ ਬਫੇਟ ਨੇ ਅਖ਼ਬਾਰਾਂ ਵੇਚਣ ਜਿਹੇ ‘ਛੋਟੇ’ ਸਮਝੇ ਜਾਂਦੇ ਕੰਮ ਨੂੰ ਕਰਨ ਵਿੱਚ ਵੀ ਕੋਈ ਹਿਚਕਿਚਾਹਟ ਨਹੀਂ ਦਿਖਾਈ। ਬਲਕਿ ਇਸੇ ਕੰਮ ਨਾਲ ਹੋਈ ਬਚਤ ਨਾਲ ਇਕ ਛੋਟਾ ਜਿਹਾ ਖੇਤ ਵੀ ਖਰੀਦ ਲਿਆ। ਇਸ ਤਰ੍ਹਾਂ ਬਫੇਟ ਨੇ ਕਿਰਤ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਅਪਣਾਇਆ ਪਰ ਸਿੱਖ ਸਮਾਜ ਦੇ ਬਹੁਤੇ ਲੋਕ ਸਿਰਫ਼ ਅਜਿਹੇ ਕੰਮ ਕਰਨਾ ਪਸੰਦ ਕਰਦੇ ਹਨ, ਜਿਨ੍ਹਾਂ ਨਾਲ ਉਹ ਕੁਝ ਹੀ ਮਹੀਨਿਆਂ ਵਿੱਚ ਅਮੀਰ ਬਣ ਸਕਣ। ਇਸੇਲਈ ਸਿੱਖਾਂ ਵਿੱਚ ਹੁਣ ਹੱਥੀਂ ਕੰਮ ਕਰਨ ਵਾਲੇ ਬਹੁਤ ਸਾਰੇ ਪੇਸ਼ਿਆਂ ਨੂੰ ਨੀਵਾਂ ਸਮਝਣ ਜਾਣ ਲੱਗ ਪਿਆ ਹੈ। ਸਿੱਖਾਂ ਦੀ ਇਸ ਮਾਨਸਿਕਤਾ ਦਾ ਲਾਭ ਪਰਵਾਸੀ ਮਜ਼ਦੂਰਾਂ ਨੇ ਚੁੱਕਿਆ ਹੈ, ਜੋ ਛੋਟੇ-ਛੋਟੇ ਕੰਮਾਂ ਵਾਸਤੇ ਵੀ, ਨਾਢੂ ਖਾਂ ਬਣੇ ਫਿਰਦੇ ਸਿੱਖਾਂ ਤੋਂ ਮੋਟੀਆਂ ਰਕਮਾਂ ਪ੍ਰਾਪਤ ਕਰਕੇ ਆਪਣਾ ਗੁਜ਼ਾਰਾ ਚੰਗੀ ਤਰ੍ਹਾਂ ਚਲਾ ਲੈਂਦੇ ਹਨ।

ਵਾਰੇਨ ਬਫੇਟ ਨੇ ਆਪਣੇ ਲਈ ਡ੍ਰਾਈਵਰ ਜਾਂ ਸੁਰੱਖਿਆ ਗਾਰਡ ਨਹੀਂ ਰੱਖੇ ਹੋਏ - ਉਹ ਆਮ ਲੋਕਾਂ ਵਿੱਚ ਉਨ੍ਹਾਂ ਵਾਂਗ ਹੀ ਵਿਚਰਦਾ ਹੈ। ਪਰ ਸਿੱਖ ਸਮਾਜ ਵਿੱਚ ਦਿਖਾਵੇ ਦੀ ਮਾਨਸਿਕਤਾ ਏਨੀ ਭਾਰੀ ਹੋ ਗਈ ਹੈ ਕਿ ਇੱਥੇ ਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਆਪਣੀਆਂ ਕਾਰਾਂ ’ਤੇ ਲਾਲ ਬੱਤੀਆਂ ਲਗਾ ਕੇ, ਸਰਕਾਰੀ ਸੁਰੱਖਿਆ ਕਰਮੀਆਂ ਨਾਲ ਘਿਰੇ ਰਹਿ ਕੇ ਘੁੰਮਣ-ਫਿਰਨ ਵਿੱਚ ਆਪਣੀ ਸ਼ਾਨ ਸਮਝਦੇ ਹਨ। ਹੋਰ ਸੰਸਥਾਵਾਂ ਨਾਲ ਜੁੜੇ ‘ਆਗੂ’ ਅਖਵਾਉਣ ਵਾਲੇ ਸਿੱਖ ਵੀ, ਆਪਣੀ ਸਮਾਜਕ ਵਡਿਆਈ ਦਰਸਾਉਣ ਲਈ ਦਰਜਨਾਂ ਹਥਿਆਰਬੰਦ ਜਾਂ ਵਿਸ਼ੇਸ਼ ਪਹਿਰਾਵੇ ਵਾਲੇ ਚੇਲਿਆਂ ਨਾਲ ਕਾਰਾਂ ਦੇ ਕਾਫਲੇ ਵਿੱਚ ਘੁੰਮਣਾ-ਫਿਰਣਾ ਹੀ ਪਸੰਦ ਕਰਦੇ ਹਨ।

ਵਾਰੇਨ ਬਫੇਟ ਨੇ ਸਮਾਜਕ ਭਲਾਈ ਵਾਸਤੇ ਆਪਣੀ ਕਮਾਈ ਦਾ ਵੱਡਾ ਹਿੱਸਾ ਭੇਟ ਕਰ ਦਿੱਤਾ ਹੈ। ਸਿੱਖਾਂ ਵਿੱਚ ‘ਦਾਨ’ ਕਰਨ ਵਾਲੇ ਲੋਕਾਂ ਦੀ ਕਮੀ ਤਾਂ ਨਹੀਂ ਪਰ ਇਹ ਪੈਸਾ ਹਮੇਸ਼ਾ ਗਲਤ ਲੋਕਾਂ (ਗੁਰਦੁਆਰਾ ਕਮੇਟੀਆਂ ਦੇ ਭ੍ਰਿਸ਼ਟ ਪ੍ਰਬੰਧਕਾਂ, ਡੇਰਿਆਂ ਦੇ ਸਾਧ-ਬਾਬਿਆਂ ਜਾਂ ਸ਼ੱਕੀ ਢੰਗ ਨਾਲ ਯਤੀਮ/ਵਿਧਵਾ ਆਸ਼ਰਮ ਚਲਾਉਣ ਦਾ ਦਾਅਵਾ ਕਰਨ ਵਾਲਿਆਂ) ਨੂੰ, ਗਲਤ ਕਾਰਜਾਂ (ਸੋਨੇ ਦੀਆਂ ਪਾਲਕੀਆਂ, ਗੁਰਦੁਆਰਿਆਂ ’ਤੇ ਸੰਗਮਰਮਰ ਲਗਾਉਣ, ਲੰਗਰ, ਨਗਰ ਕੀਰਤਨਾਂ ਜਾਂ ਚੇਤਨਾ ਮਾਰਚਾਂ ਦੇ ਆਯੋਜਨ ਆਦਿਕ) ਲਈ ਸੌਂਪ ਦਿੰਦੇ ਹਨ। ਇਸ ਨਾਲ ਸਮਾਜ ਦੇ ਆਰਥਕ ਪੱਖੋਂ ਪਿਛੜੇ ਵਰਗਾਂ ਦੇ ਲੋਕਾਂ ਨੂੰ ਕੋਈ ਲਾਭ ਨਹੀਂ ਹੁੰਦਾ ਅਤੇ ਕਈ ਵਾਰ ਨਿਰਾਸ਼ਾ ਦੀ ਹਾਲਤ ਵਿੱਚ ਉਹ ਦੂਜੇ ਧਰਮਾਂ ਨੂੰ ਗ੍ਰਹਿਣ ਕਰ ਲੈਂਦੇ ਹਨ। ਸਿੱਖਾਂ ਦੇ ਧਾਰਮਕ ਸੰਗਠਨਾਂ ਜਿਵੇਂ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਸੁਤੰਤਰ ਜੱਥੇਬੰਦੀਆਂ ਦੇ ਇਲਾਵਾ ਹਰ ਸਿੱਖ ਨੂੰ ਨਿਜੀ ਤੌਰ ’ਤੇ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਦਸਵੰਧ ਦੇ ਇਕ-ਇਕ ਪੈਸੇ ਦਾ ਇਸਤੇਮਾਲ ਸਮਾਜ ਵਿੱਚ ਸੱਚ ਦਾ ਗਿਆਨ ਵੰਡਣ ਅਤੇ ਜ਼ਰੂਰਤਮੰਦਾਂ ਦੀ ਮਦਦ ਵਾਸਤੇ ਹੀ ਉਪਯੋਗ ਕੀਤਾ ਜਾਏ।

ਵਾਰੇਨ ਬਫੇਟ ਦੀ ਜ਼ਿੰਦਗੀ ਦੇ ਹੋਰ ਵੀ ਬਹੁਤ ਸਾਰੇ ਅਜਿਹੇ ਪਹਿਲੂ ਹਨ, ਜਿਨ੍ਹਾਂ ਤੋਂ ਪਾਠਕਾਂ, ਖ਼ਾਸਕਰ ਦਿਖਾਵੇ ਦੀ ਮਾਨਸਿਕਤਾ ਤੋਂ ਗ੍ਰਸਤ ਲੋਕ ਸੇਧ ਲੈ ਕੇ ਆਪਣੀ ਅਤੇ ਸਮਾਜ ਦੇ ਹੋਰਨਾਂ ਲੋਕਾਂ ਦੀ ਜ਼ਿੰਦਗੀ ਨੂੰ ਸੁਖਮਈ ਬਣਾ ਸਕਦੇ ਹਨ। ਲੋੜ ਸਿਰਫ਼ ਏਨੀ ਹੈ ਕਿ ਅਸੀਂ ਆਪਣੇ ਅੰਦਰ ਇਨ੍ਹਾਂ ਲੁਕਤਿਆਂ ’ਤੇ ਅਮਲ ਕਰਨ ਦੀ ਹਿੰਮਤ ਵਿਕਸਿਤ ਕਰ ਸਕੀਏ।