Subscription About Us Contact Us


ਗੁਰਤਾਗੱਦੀ ਸ਼ਤਾਬਦੀ ਮੌਕੇ ਗੱਦਾਰ ਸਿੱਖ ਆਗੂਆਂ ਦੇ ਸ਼ੋਸ਼ੇ

- ਜਸਪਾਲ ਸਿੰਘ, ਉੱਤਰਾਂਚਲ -

ਸਾਲ 2008 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਜਿਉਂ-ਜਿਉਂ ਨੇੜੇ ਆ ਰਿਹਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਕਥਿਤ ਧਾਰਮਕ ਸੰਸਥਾਵਾਂ ਅਤੇ ਅਖੌਤੀ ਪੰਥ-ਦਰਦੀਏ ਅਤੇ ਹਲੇਮੀ ਰਾਜ ਤੋਂ ਬਾਗੀ ਹੋ ਚੁੱਕੇ ਖ਼ਾਲਿਸਤਾਨੀਏ, ਕੌਮੀ ਏਜੰਡਿਆਂ ਦਾ ਮੁਕੰਮਲ ਬਾਈਕਾਟ ਕਰਕੇ ਬ੍ਰਾਹਮਣੀ ਧੱਕਾ-ਤੰਤਰ ਨੂੰ ਮਜ਼ਬੂਤੀ ਪ੍ਰਦਾਨ ਕਰਕੇ ਸਿੱਖ ਕੌਮ ਦਾ ਗੈਰਾਂ ਹੱਥੋਂ ਗਲਾ ਘੁਟਵਾ ਕੇ ਵਜ਼ੀਰੀਆਂ ਭਾਲਣ ਵਾਲੇ ‘ਪੰਥ-ਪ੍ਰਸਤ’ ਲੋਕ, ਸ਼ਤਾਬਦੀ ਸਬੰਧੀ ਬਿਆਨ ਦੇ ਕੇ ਹਰ ਪਾਸੋਂ ਵਾਹ-ਵਾਹ ਖੱਟਣ ਦੇ ਅਡੰਬਰ ਰਚ ਰਹੇ ਹਨ। ਸ਼ਤਾਬਦੀ ਨੂੰ ਮੁੱਖ ਰਖਦਿਆਂ ਤਿਆਰੀਆਂ ਜੋਰਾਂ-ਸ਼ੋਰਾਂ ਦੀਆਂ ਹਨ ਪਰ ਕਿਸੇ ਇਕ ਵੀ ਸ਼ਤਾਬਦੀ ’ਚ ਕੋਈ ਵੱਖਰਾਪਨ ਵੇਖਣ ਨੂੰ ਨਹੀਂ ਮਿਲਿਆ। ਇਨ੍ਹਾਂ ਸਮਾਗਮਾਂ ਦੌਰਾਨ ਮੁੰਡੇ-ਕੁੜੀਆਂ ਇਸ਼ਕ-ਮੁਸ਼ਕੀ ਦਾ ਗੰਦ ਪਾ ਜਾਂਦੇ ਹਨ, ਲੀਡਰ ਇਕ-ਦੂਜੇ ਉੱਤੇ ਟਕੋਰਾਂ ਮਾਰੀ ਜਾਂਦੇ ਹਨ, ਅਖੌਤੀ ਬੁਲਾਰੇ ਨੌਜੁਆਨਾਂ ਨੂੰ ਹੀ ਭੰਡੀ ਜਾਂਦੇ ਹਨ ਕਿ ਇਨ੍ਹਾਂ ਨੇ ਕੇਸਾਂ ਦੀ ਬੇਅਦਬੀ ਕਰਕੇ ਸਿੱਖੀ ਨੂੰ ਬੇਦਾਵਾ ਦੇ ਦਿੱਤਾ ਹੈ ਪਰ ਗੋਲਕਚੋਰ ਪ੍ਰਬੰਧਕਾਂ ਅਤੇ ਬਲਾਤਕਾਰੀ ਸੰਤ-ਬਾਬਿਆਂ ਵੱਲ ਕੋਈ ਧਿਆਨ ਨਹੀਂ ਦਿੰਦਾ। ਅਕਤੂਬਰ 2008 ਦੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਦੀ ਤੀਜੀ ਸ਼ਤਾਬਦੀ ਵੀ ਧੂੜ ’ਚ ਟੱਟੂ ਭਜਾ ਕੇ ਕੱਢ ਦਿੱਤੀ ਜਾਏਗੀ।

ਸ਼ਤਾਬਦੀ ਦਾ ਮਤਲਬ ਤਾਂ ਇਹ ਸੀ ਕਿ ਕੌਮ ਨੇ ਸਬੰਧਤ ਸ਼ਤਾਬਦੀ ਦੇ ਨਾਲ ਪਿਛਲੇ 100 ਸਾਲਾਂ ਵਿੱਚ ਕੀ ਖੱਟਿਆ ਤੇ ਕੀ ਗੁਆਇਆ ਅਤੇ ਆਉਣ ਵਾਲੇ 100 ਸਾਲਾਂ ਵਿੱਚ ਪ੍ਰਾਪਤੀਆਂ ਵੱਧ ਤੇ ਨੁਕਸਾਨ ਹੋਣ ਦੀਆਂ ਠੋਸ ਵਿਓਂਤਾਂ ਬਣਾ ਕੇ ਅਮਲ ’ਚ ਲਿਆਂਦੀਆਂ ਜਾਂਦੀਆਂ। ਪਰ ਸਾਡੇ ਅੰਨ੍ਹੇ, ਬੋਲੇ, ਲੰਗੜੇ, ਲੂਲੇ ਲੀਡਰਾਂ ਨੇ ਪ੍ਰਾਪਤੀਆਂ ਤਾਂ ਕੀ ਕਰਨੀਆਂ ਸਨ, ਸਗੋਂ ਕੌਮ ਨੂੰ ਖੇਰੂੰ-ਖੇਰੂੰ ਕਰਕੇ ਕੌਮ-ਵਿਰੋਧੀ ਤੱਤਾਂ ਦਾ ਭਰਪੂਰ ਸਾਥ ਦਿੱਤਾ ਹੈ। ਇਨ੍ਹਾਂ ਲੀਡਰਾਂ ਕਰਕੇ ਅੱਜ ਸਿੱਖ ਕੌਮ ਦੀ ਹਾਲਤ ਹਿੰਦੂਆਂ ਵਰਗੀ ਬਣ ਚੁੱਕੀ ਹੈ। ਆਰਿਯਾ ਸਮਾਜੀ ਪ੍ਰਚਾਰਕ ਲਾਲਾ ਦੌਲਤ ਰਾਏ ਨੇ ਲਿਖਿਆ ਸੀ, ‘‘ਏਕ (ਹਿੰਦੂ) ਗਣੇਸ਼ ਦਾ ਪੁਜਾਰੀ, ਦੂਸਰਾ ਸੂਰਜ ਕਾ, ਤੀਸਰਾ ਸ਼ਿਵ ਕਾ, ਚੌਥਾ ਵਿਸ਼ਨੂੰ ਕਾ, ਪਾਂਚਵਾਂ ਰਾਮ ਕਾ, ਛਠਾ ਕ੍ਰਿਸ਼ਨ ਕਾ, ਸਾਤਵਾਂ ਹਨੂੰਮਾਨ ਕਾ, ਆਠਵਾਂ ਬ੍ਰਹਮਾ ਕਾ, ਨੌਵਾਂ ਲੱਛਮਣ ਕਾ, ਦਸਵਾਂ ਸ਼ੰਕਰਾਚਾਰਿਆ ਕਾ, ਗਿਆਰ੍ਹਵਾਂ ਵੇਦਾਂਤੀ, ਬਾਰ੍ਹਵਾਂ ਕਰਮ-ਕਾਂਡੀ; ਔਰ ਉਸ ਪਰ ਆਪਸ ਮੇਂ ਵਿਰੋਧ ਔਰ ਕੀਨਾ। ਮੁਲਕ ਕੀ ਜ਼ੁਬਾਨ ਏਕ ਨਾ ਥੀ, ਧਰਮ ਪੁਸਤਕੇਂ ਏਕ ਨਾ ਥੀਂ ਜੋ ਤਮਾਮ ਹਿੰਦੂਓਂ ਪਰ ਹਾਵੀ ਹੋਂ, ਧਰਮ ਕਾ ਕੋਈ ਐਸਾ ਮਾਮਲਾ ਨਾ ਥਾ ਜਿਸ ਮੇਂ ਤਮਾਮ ਹਿੰਦੂ ਸ਼ਾਮਿਲ ਹੋਂ।’’

ਅੱਜ ਸਿੱਖ ਵੀ ਕੋਈ ਸਰਸੇ ਵਾਲੇ ਦਾ ਪੁਜਾਰੀ, ਕੋਈ ਨਰਕਧਾਰੀ, ਕੋਈ ਨਾਮਧਾਰੀ, ਕੋਈ ਰਾਧਾ ਸੁਆਮੀ, ਕੋਈ ਭਨਿਆਰੀ, ਕੋਈ ਨੂਰਮਹਿਲੀ, ਕੋਈ ਰਾਮਦੇਵ ਦਾ ਪੁਜਾਰੀ, ਕੋਈ ਆਸਾਰਾਮ ਬਾਪੂ ਦਾ, ਕੋਈ ਟਕਸਾਲੀ, ਕੋਈ ਨਾਨਕਸਰੀਆ, ਕੋਈ ਅਖੰਡ ਕੀਰਤਨੀਆ, ਕੋਈ ਮਿਸ਼ਨਰੀ, ਕੋਈ ਨੀਲੇ ਗਾਤਰੇ ਪਾ ਕੇ ਢਡਰੀਆਂ ਵਾਲੇ ਦਾ ਸਿੱਖ ਬਣ ਗਿਆ। ਕੋਈ ਰਾੜੇ ਵਾਲੇ ਦੇ ਟੱਟੀਖਾਨੇ ਨੂੰ ਮੱਥਾ ਟੇਕਣ ਤੁਰ ਪਿਆ, ਕੋਈ ਪਿਹੋਵੇ ਵਾਲੇ ਦੇ ਕਛਹਿਰੇ ਨਿਚੋੜ ਕੇ ਪਾਣੀ ਪੀਣ ਲੱਗਿਆਂ ਵੀ ਸ਼ਰਮ ਨਹੀਂ ਕਰਦਾ। ਕੋਈ ਜੱਟ ਸਿੱਖ, ਕੋਈ ਭਾਪਾ, ਕੋਈ ਮਜ਼ਹਬੀ, ਕੋਈ ਰਾਇ ਸਿੱਖ, ਕੋਈ ਰਾਮਗੜ੍ਹੀਆ, ਕੋਈ ਰਵਿਦਾਸੀਆ, ਕੋਈ ਕਬੀਰ-ਪੰਥੀ। ਕੋਈ ਖਾਣ-ਪੀਣ ਵਾਲਾ ਹੈ ਤਾਂ ਕੋਈ ਵੈਸ਼ਨੂੰ ਅਖਵਾਉਂਦਾ ਹੈ। ਕੋਈ ਅੰਮ੍ਰਿਤਧਾਰੀ ਹੈ ਤਾਂ ਕੋਈ ਸਹਿਜਧਾਰੀ ਹੈ। 33 ਕਰੋੜ ਦੇਵੀ-ਦੇਵਤੇ ਸਿੱਖਾਂ ਦੇ ਵੀ ਇਸ਼ਟ ਬਣ ਗਏ ਹਨ। ਇਕ ਖੰਡੇ ਦੀ ਪਾਹੁਲ ਨੂੰ ਵੀ ਬੇਅੰਤ ਡ੍ਰਾਮਿਆਂ ਰਾਹੀਂ ਅਨੇਕਾਂ ਕਿਸਮ ਦੀ ਪਾਹੁਲ ਵਿੱਚ ਬਦਲ ਦਿੱਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਨਵੇਂ ਸ਼ਰੀਕ ਦਸਮ ਗ੍ਰੰਥ ਦਾ ਵੰਝ ਖੜਾ ਕਰ ਦਿੱਤਾ ਗਿਆ। ਸੈਟੇਲਾਈਟ ਟੀ.ਵੀ. ਰਾਹੀਂ ਪੰਜਾਬੀ ਸਭਿਆਚਾਰ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਸਿੱਖਾਂ ਦਾ ਮਨੋਬਲ ਗਿਰਾਇਆ ਜਾ ਰਿਹਾ ਹੈ। ਗੁਲਾਮ ਮਾਨਸਿਕਤਾ ਦੇ ਸ਼ਿਕਾਰ ਹੋ ਕੇ ਪੰਜਾਬ ਦੇ ਸਕੂਲਾਂ ਵਿੱਚ ਹੀ ਪੰਜਾਬੀ ਬੋਲੀ ਬੋਲਣ ’ਤੇ ਪ੍ਰਤੀਬੰਧ ਲਗਾਇਆ ਜਾ ਰਿਹਾ ਹੈ। ਸਿੱਖਾਂ ਦੀ ਕੋਈ ਇਕ ਸਰਬ-ਪ੍ਰਵਾਣਿਤ ਰਹਿਤ ਮਰਿਆਦਾ ਵੀ ਅਮਲ ’ਚ ਨਹੀਂ ਆ ਰਹੀ। ਇਕ ਅਕਾਲੀ ਦਲ ਤੋਂ ਦਰਜਨਾਂ ਅਕਾਲੀ ਦਲ ਬਣਾ ਦਿੱਤੇ ਗਏ ਹਨ। ਸਭ ਤੋਂ ਵੱਡੇ ਅਕਾਲੀ ਦਲ ਨੇ ਖ਼ੁਦ ਨੂੰ ਸਿੱਖਾਂ ਦੀ ਬਜਾਏ ਪੰਜਾਬੀਆਂ ਦੀ ਪਾਰਟੀ ਐਲਾਨ ਦਿੱਤਾ ਹੈ। ਫੈਡਰੇਸ਼ਨ ਤੋਂ ਫੈਡਰੇਸ਼ਨਾਂ, ਟਕਸਾਲ ਤੋਂ ਟਕਸਾਲਾਂ, ਖ਼ਾਲਸਾ ਪੰਚਾਇਤ ਤੋਂ ਖਾਲਸਾ ਪੰਚਾਇਤਾਂ ਬਣ ਗਈਆਂ। ਇਹ ਸਾਰਾ ਕੁਝ ਪੈਸੇ ਦੇ ਭੁੱਖੇ ਮੂਰਖਾਂ ਦੇ ਟੋਲਿਆਂ ਦੀਆਂ ਕਰਤੂਤਾਂ ਕਰਕੇ ਕੌਮ ਦਾ ਲਗਾਤਾਰ ਜਲੂਸ ਨਿਕਲ ਰਿਹਾ ਹੈ।

ਕਦੇ ਸਮਾਂ ਸੀ ਕਿ ਗੁਰੂ ਸਾਹਿਬ ਦੇ ਇਕ ਇਸ਼ਾਰੇ ’ਤੇ ਸਿੱਖ ਆਪਣੇ ਘਰ ਨੂੰ ਅੱਗ ਲਾਉਣ ਤੱਕ ਨੂੰ ਤਿਆਰ ਰਹਿੰਦੇ ਸਨ। ਬੰਦ-ਬੰਦ ਕਟਾਏ, ਖੋਪਰ ਲੁਹਾਏ, ਪਰਵਾਰਾਂ ਦੇ ਪਰਵਾਰ ਲੇਖੇ ਲਾ ਦਿੱਤੇ ਗਏ, ਨਵਾਬੀਆਂ ਨੂੰ ਠੋਕਰਾਂ ਮਾਰੀਆਂ ਪਰ ਅੱਜ ਇਸ ਕੌਮ ਦੀ ਅਣਖ ਮਹਿਜ ਸਸਤੇ ਆਟੇ ਦਾਲ ਦੇ ਵਾਅਦੇ ਨਾਲ ਹੀ ਖਰੀਦ ਲਈ ਗਈ। ਅਤਿ ਦੇ ਸੰਕਟਮਈ ਸਮੇਂ ਅੰਦਰ ਵੀ ਸਿੱਖ ਬੀਆਬਾਨ ਜੰਗਲਾਂ ’ਚ ਬੈਠੇ ਲੰਗਰ ਤਿਆਰ ਕਰਕੇ ਅਵਾਜ਼ਾਂ ਮਾਰਦੇ ‘‘ਭਾਈ, ਗੁਰੂ ਕਾ ਲੰਗਰ ਤਿਆਰ ਹੈ। ਕੋਈ ਵੀ ਲੋੜਵੰਦ ਆ ਕੇ ਛੱਕ ਸਕਦਾ ਹੈ।’’ ਪਰ ਅੱਜ ਕਰੋੜਾਂ ਰੁਪਏ ਸਾਡੇ ਗੁਰਦੁਆਰਿਆਂ ਅੰਦਰ ਪਾਣੀ ਵਾਂਗ ਰੋਹੜ ਦਿੱਤੇ ਜਾਂਦੇ ਹਨ, ਪਰ 1984 ਦੇ ਕਤਲੇਆਮ ਪੀੜਤਾਂ ਦੇ ਸ਼ਹੀਦ ਪਰਵਾਰਾਂ ਨੂੰ ਮਾਲੀ ਮਦਦ ਲੈਣ ਵਾਸਤੇ ਬਾਬੂ ਡੰਮ ਅਤੇ ਫਿਰਕਾਪ੍ਰਸਤ ਪ੍ਰਸ਼ਾਸਨ ਕੋਲ ਜ਼ਲੀਲ ਹੋਣਾ ਪੈਂਦਾ ਹੈ। ਸਰਬਤ ਦੇ ਭਲੇ ਦੀਆਂ ਡੀਂਗਾਂ ਮਾਰਨ ਵਾਲੀ ਕੌਮ ਅੱਜ ਆਪਣੇ ਹੀ ਕੌਮੀ ਤੇ ਮਾਣਯੋਗ ਸ਼ਹੀਦ ਪਰਵਾਰ, ਲੋੜਵੰਦ ਸਿੱਖ ਤੇ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਸਾਂਭਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਲੱਖ ਲਾਹਨਤ ਹੈ ਸਿੱਖ ਲੀਡਰਾਂ ਨੂੰ ਤੇ ਸੰਤਾਂ-ਬਾਬਿਆਂ ਨੂੰ, ਜਿਨ੍ਹਾਂ ਨੇ ਕੌਮ ਦਾ ਧਾਨ ਖਾ ਕੇ ਆਲੀਸ਼ਾਨ ਕੋਠੀਆਂ ਬਣਾ ਲਈਆਂ, ਮਹਿੰਗੀਆਂ ਗੱਡੀਆਂ ਤੇ ਘੁੰਮਣ ਲੱਗਿਆਂ ਇਨ੍ਹਾਂ ਨੂੰ ਜ਼ਰਾ ਵੀ ਸ਼ਰਮ ਨਹੀਂ ਆਉਂਦੀ।

ਗੁਰੂ ਨਾਨਕ ਸਾਹਿਬ ਦੇ ਸਮੇਂ ਪਾਪ ਦੀ ਜੰਞ ਕਾਬੁਲ ਤੋਂ ਉਠੀ ਸੀ। ਪਰ ਅਜੋਕੇ ਸਮੇਂ ਵਿੱਚ ਇਹ ਪਾਪ ਦੀ ਜੰਞ ਤਖ਼ਤਾਂ ਦੇ ਪੁਜਾਰੀਆਂ ਦੀ ਅਗਵਾਈ ਵਿੱਚ ਉਠ ਰਹੀ ਹੈ। ਇਸ ਜੰਞ ਦਾ ਮੋਹਰੀ ਜਥੇਦਾਰ ਵੇਦਾਂਤੀ ਬਣਿਆ ਹੈ, ਜਿਸਦਾ ਰਿਮੋਟ ਕੰਟਰੋਲ ਬਾਦਲੈਭਾਜਪਾੈਆਰ.ਐਸ.ਐਸ. ਦੇ ਹੱਥ ਵਿੱਚ ਹੈ। ਦਿੱਲੀ ਦੀ ਸਰਨਾ ਬਹਾਦਰ ਐਂਡ ਕੰਪਨੀ, ਅਖੌਤੀ ਖ਼ਾਲਿਸਤਾਨੀਏ, ਫੈਡਰੇਸ਼ਨੀਏ, ਕਾਰ ਸੇਵੀਏ, ਸੰਪਰਦਾਈਏ, ਪੰਚਾਇਤੀਏ ਆਦਿਕ ਆਪੋ-ਆਪਣੇ ਢੰਗ ਨਾਲ ਕੌਮ ਨੂੰ ਬੇਖੌਫ ਲੁੱਟ ਰਹੇ ਹਨ। ਜੇ ਕੋਈ ਇਨ੍ਹਾਂ ਚੋਰਾਂ ਦੇ ਪਾਜ ਉਘਾੜਨ ਦੀ ਗੱਲ ਕਰਦਾ ਹੈ, ਤਾਂ ਇਨ੍ਹਾਂ ਦੇ ਏਜੰਟ ਜਾਂ ਗਿਆਨਹੀਣ ਸਿੱਖ ਕਹਿਣ ਲੱਗ ਪੈਂਦੇ ਹਨ, ‘‘ਭਾਈ, ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਅਸੀਂ ਅੰਦਰ ਦੀਆਂ ਗੱਲਾਂ ਨੂੰ ਬਾਹਰ ਕੱਢ ਕੇ ਆਪਣੀ ਕੌਮ ਦਾ ਜਲੂਸ ਕੱਢ ਰਹੇ ਹਾਂ।’’ ਇਨ੍ਹਾਂ ਚੋਰ-ਹਮਾਇਤੀਆਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਜਦੋਂ ਅਖੌਤੀ ਜੱਥੇਦਾਰ ਜਾਂ ਹੋਰ ਧਾਰਮਕ ਆਗੂ ਕੌਮ-ਵਿਰੋਧੀ ਹਰਕਤਾਂ ਕਰਕੇ ਕੌਮ ਦਾ ਜਲੂਸ ਕੱਢਦੇ ਹਨ, ਉਦੋਂ ਤੁਹਾਡੇ ਢਿੱਡ ’ਚ ਪੀੜ ਕਿਉਂ ਨਹੀਂ ਹੁੰਦੀ? ਜਦੋਂ ਇਨ੍ਹਾਂ ਕੌਮ-ਧ੍ਰੋਹੀਆਂ ਦੀ ਪੂਛ ’ਤੇ ਪੈਰ ਰੱਖਿਆ ਜਾਂਦਾ ਹੈ, ਉਦੋਂ ਇਹ ਕੌਮ-ਵਿਰੋਧੀ ਲਾਣਾ ਹੀ ਤੜਫਦਾ ਹੈ ਤੇ ਨਾਲ ਹੀ ਤੁਹਾਡੇ ਵੀ ਢਿੱਡ ’ਚ ਪੀੜ ਉੱਠ ਖਲੋਂਦੀ ਹੈ। ਜਦੋਂ ਖੋਤੇ ਲੀਡਰਾਂ ਦੀ ਪੂਛ ਨੂੰ ਅੱਗ ਲਗਦੀ ਹੈ, ਉਦੋਂ ਨਾਲ ਹੀ ਤੁਹਾਨੂੰ ਕੌਮ ਦੇ ਕਥਿਤ ਮਾਣ-ਸਤਿਕਾਰ ਦਾ ਫਿਕਰ ਪੈ ਜਾਂਦਾ ਹੈ।

ਸਿੱਖ ਕੌਮ ਨੂੰ ਸਭ ਤੋਂ ਪਹਿਲਾਂ ਇਹ ਗੱਲ ਸਮਝਣ ਦੀ ਲੋੜ ਹੈ ਕਿ ਇਹ ਜਿਹੜੇ ਵੀ ਨੀਲੀਆਂ, ਪੀਲੀਆਂ, ਗੋਲ ਪੱਗਾਂ ਤੇ ਨੰਗੀਆਂ ਲੱਤਾਂ ਵਾਲੇ ਤੁਰੇ ਫਿਰਦੇ ਹਨ - ਇਹ ਕੌਮ ਦੇ ਹਿਤੈਸ਼ੀ ਨਹੀਂ ਅਤੇ ਨਾ ਹੀ ਤਖ਼ਤਾਂ ਦੇ ਪੁਜਾਰੀਆਂ ਨੂੰ ਅਕਾਲ ਤਖ਼ਤ ਸਮਝਿਆ ਜਾ ਸਕਦਾ ਹੈ। (ਇਹ ਗੱਲ ਸ੍ਰ: ਸਿਮਰਨਜੀਤ ਸਿੰਘ ਮਾਨ ਸਾਹਿਬ ਵੀ ਨੋਟ ਕਰ ਲੈਣ ਕਿ ਵੇਦਾਂਤੀ, ਅਕਾਲ ਤਖ਼ਤ ਨਹੀਂ ਹੈ ਤੇ ਭਾਈ ਬਿੱਟੂ ਜੀ ਵੀ ਵਿਚਾਰ ਕਰ ਰਹੇ ਹਨ ਕਿ ਜਥੇ: ਵੇਦਾਂਤੀ ਦੇ ਮਗਰ ਲੱਗ ਕੇ ਚਲਣਾ ਕੋਈ ਸਿਆਣਪ ਦਾ ਕੰਮ ਨਹੀਂ ਹੈ। ਖ਼ਾਲਸਾ ਪੰਚਾਇਤ ਦੇ ਮੁਖੀ ਜੀ ਵੀ ਥੋੜਾ ਜਿਹਾ ਇਤਿਹਾਸ ਪੜ੍ਹ ਲੈਣ - ਆਪੇ ਸਾਫ਼ ਹੋ ਜਾਏਗਾ ਕਿ ਫਿਰਕਾਪ੍ਰਸਤ ਪਾਰਟੀਆਂ ਅੱਗੇ ਪੰਥਕ ਮੁੱਦਿਆਂ ਦੇ ਰੋਣੇ ਰੋਣਾ, ਮੱਝ ਅੱਗੇ ਬੀਨ ਵਜਾਉਣ ਦੇ ਤੁੱਲ ਹੈ।)

ਬਾਕੀ, ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਜੀ ਦੀ ਆ ਰਹੀ ਸ਼ਤਾਬਦੀ ਤੇ ਆਪਣੇ ਕੌਮ ਦੇ ਆਗੂਆਂ ਦਾ ਮੁਲਾਂਕਣ ਜ਼ਰੂਰ ਕਰੇ। ਜਿਹੜਾ ਵੀ ਲੀਡਰ/ਰਾਗੀ/ ਪ੍ਰਚਾਰਕ/ਸੰਤ-ਬਾਬਾ ਦਾਗੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਉਲਟ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰੇ, ਉਸਨੂੰ ਨੰਦੇੜ ਹੀ ਛੱਡ ਆਇਓ। ਇਨ੍ਹਾਂ ਨੂੰ ਵਾਪਸ ਪੰਜਾਬ ਲਿਆਉਣ ਦੀ ਕੋਈ ਲੋੜ ਨਹੀਂ ਕਿਉਂਕਿ ਪੰਜਾਬ ਆ ਕੇ ਫਿਰ ਇਹ ਗੰਦ ਪਾਉਣਗੇ ਅਤੇ ਜਿਵੇਂ ਪਹਿਲਾਂ ਕੌਮ ਨੂੰ ਦਿੱਖ ਪੱਖੋਂ ਪਤਿਤ ਕਰਵਾ ਦਿੱਤਾ ਹੈ, ਉਵੇਂ ਹੀ ਹੁਣ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਕਾਮ-ਕਲੋਲਾਂ ਦੀਆਂ ਗੰਦੀਆਂ ਕਹਾਣੀਆਂ ਨਾਲ ਭਰਪੂਰ ਕਿਤਾਬ ਦੇ ਪਿਛਲੱਗੂ ਬਣਾ ਦੇਣਗੇ। ਵੇਖਣਾ ਹੈ ਕਿ ਕੌਮ ਇਸ ਮੁੱਦੇ ’ਤੇ ਕਿੰਨਾ ਕੁ ਚੇਤੰਨ ਹੁੰਦੀ ਹੈ।