Subscription About Us Contact Us


ਭਗਤ ਰਵਿਦਾਸ ਜੀ ਬਾਰੇ ਸਪੋਕਸਮੈਨ ਦੇ ਲੇਖ ’ਤੇ ਵਿਵਾਦ ਕਿੰਨਾ ਕੁ ਜਾਇਜ਼?

- ਸਰਬਜੀਤ ਸਿੰਘ -

ਪੰਜਾਬੀ ਵਿੱਚ ਕਹਾਵਤ ਹੈ ਕਿ ‘‘ਨਾਲੇ ਚੋਰ, ਨਾਲੇ ਚਤਰ।’’ ਇਹ ਕਹਾਵਤ ਉਸ ਵਿਅਕਤੀ ਬਾਰੇ ਵਰਤੀ ਜਾਂਦੀ ਹੈ ਜਿਹੜਾ ਪਹਿਲਾਂ ਤਾਂ ਗਲਤੀ ਕਰੇ ਅਤੇ ਫਿਰ ਆਪਣੀ ਗਲਤੀ ’ਤੇ ਖੇਦ ਪ੍ਰਗਟ ਕਰਨ ਦੀ ਬਜਾਏ, ਇਸਨੂੰ ਜਾਇਜ਼ ਠਹਿਰਾਏ। ਕੁਝ ਖ਼ਾਸ ਹਾਲਾਤ ਵਿੱਚ, ਜਦ ਦੋਸ਼ੀ ਵਿਅਕਤੀ, ਗਲਤੀ ਸਾਹਮਣੇ ਲਿਆਉਣ ਵਾਲੇ ਨੂੰ ਹੀ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦੇਵੇ, ਤਾਂ ਅਜਿਹੀ ਸਥਿਤੀ ਲਈ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਦੀ ਕਹਾਵਤ ਵਰਤੀ ਜਾਂਦੀ ਹੈ। ਭਾਰਤੀ ਸਮਾਜ ’ਤੇ ਬ੍ਰਾਹਮਣਵਾਦ ਦਾ ਬੋਲਬਾਲਾ ਹੋਣ ਕਾਰਨ ਇਥੋਂ ਦੀਆਂ ਕਈ ਧਾਰਮਕ-ਸਮਾਜਕ ਸ਼੍ਰੇਣੀਆਂ ਇਸ ਗਲਤ ਮਾਨਸਿਕਤਾ ਦੀਆਂ ਸ਼ਿਕਾਰ ਹਨ, ਜਿਨ੍ਹਾਂ ਦਾ ਖਾਮੀਆਜ਼ਾ ਹਮੇਸ਼ਾ ਸਿੱਖਾਂ ਨੂੰ ਭੁਗਤਣਾ ਪੈਂਦਾ ਹੈ।

ਮਿਸਾਲ ਵਜੋਂ, ਹਰ ਕੋਈ ਜਾਣਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਡੋਗਰੇ ਮੰਤਰੀਆਂ-ਸੈਨਾਪਤੀਆਂ ਦਾ ਬੋਲਬਾਲਾ ਸੀ। ਇਨ੍ਹਾਂ ਡੋਗਰਿਆਂ ਨੇ ਹੀ ਮਰਾਰਾਜੇ ਨੂੰ ਉਕਸਾਇਆ ਕਿ ਉਹ ਆਪਣੇ ਪੁੱਤਰ ਨੂੰ ਖ਼ਾਲਸਾ ਰਾਜ ਦੇ ਵਾਰਿਸ ਐਲਾਨ ਦੇਵੇ। ਮਹਾਰਾਜੇ ਦੀ ਇਸ ਵਿਚਾਰ ਦੀ ਭਿਣਕ ਪੈਣ ’ਤੇ ਸਿੱਖ ਜਰਨੈਲਾਂ ਵਿੱਚ ਫੁੱਟ ਪੈ ਗਈ, ਜਿਸਦਾ ਲਾਭ ਚੁੱਕਦਿਆਂ ਡੋਗਰਿਆਂ ਨੇ ਕਈ ਅਹਿਮ ਸਿੱਖ ਸਰਦਾਰਾਂ ਨੂੰ ਕਤਲ ਕਰਵਾ ਦਿੱਤਾ। ਡੋਗਰਿਆਂ ਨੇ ਹੀ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਗੈਰ-ਲੋੜੀਂਦੀ ਤਲਖ਼ ਪੈਦਾ ਕਰਕੇ ਜੰਗ ਦਾ ਅਰੰਭ ਕਰਵਾ ਦਿੱਤਾ, ਹਾਲਾਂਕਿ ਅੰਗਰੇਜ਼ ਇਹ ਜੰਗ ਕਰਨ ਦੇ ਇੱਛੁਕ ਨਹੀਂ ਸਨ :

ਅਰਜ਼ੀ ਲਿਖੀ ਫਿਰੰਗੀਆਂ ਖ਼ਾਲਸੇ ਨੂੰ, ਤੁਸੀਂ ਕਾਸ ਨੂੰ ਜੰਗ ਮਚਾਂਵਦੇ ਹੋ।
ਮਹਾਰਾਜੇ ਨਾਲ ਸੀ ਨੇਮ ਸਾਡਾ, ਤੁਸੀਂ ਸੁੱਤੀਆਂ ਕਲਾਂ ਜਗਾਂਵਦੇ ਹੋ।
ਕਈ ਲੱਖ ਰੁਪਏ ਲੈ ਜਾਓ ਸਾਥੋਂ, ਦਈਏ ਹੋਰ ਜੇ ਤੁਸੀਂ ਫਰਮਾਂਵਦੇ ਹੋ।
ਸ਼ਾਹ ਮੁਹੰਮਦਾ ਅਸਾਂ ਨਾਲ ਮੂਲ ਲੜਨਾ, ਤੁਸੀਂ ਏਤਨਾ ਜ਼ੋਰ ਕਿਉਂ ਲਾਂਵਦੇ ਹੋ।64।

(ਜੰਗਨਾਮ ਸਿੰਘਾਂ ਤੇ ਫਿਰੰਗੀਆਂ)

ਪੰਜਾਬ ’ਤੇ ਹਮਲੇ ਵੇਲੇ ਅੰਗਰੇਜ਼ਾਂ ਦੀ ਫੌਜ ਵਿੱਚ ਸਾਰੇ ਭਾਰਤ ਦੇ ਗੈਰ-ਸਿੱਖਾਂ ਨੇ ਬੜੇ ਜੋਰ-ਸ਼ੋਰ ਨਾਲ ਸ਼ਮੂਲੀਅਤ ਕੀਤੀ। ਸਿੱਖਾਂ ਨੇ ਬੜੀ ਬਹਾਦਰੀ ਨਾਲ ਅੰਗਰੇਜ਼ਾਂ ਦਾ ਮੁਕਾਬਲਾ ਅਤੇ ਦੋ ਲੜਾਈਆਂ ਵਿੱਚ ਉਨ੍ਹਾਂ ਨੂੰ ਕਰਾਰੀ ਮਾਤ ਦਿੱਤੀ। ਪਰ ਤੀਜੀ ਜੰਗ ਦੌਰਾਨ ਡੋਗਰੇ ਸਿਪਾਹਸਲਾਰਾਂ ਨੇ ਸਿੱਖਾਂ ਦੇ ਬਰੂਦ ਵਿੱਚ ਮਿਲਾਵਟ ਕਰ ਦਿੱਤੀ, ਜਿਸ ਨਾਲ ਸਿੱਖ ਫੌਜ ਦੀਆਂ ਤੋਪਾਂ ਬੇਕਾਰ ਹੋ ਗਈਆਂ ਅਤੇ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣ ਪਿਆ। ਇਸ ਤਰ੍ਹਾਂ, ਸਿੱਖ ਰਾਜ ਦੇ ਅੰਗਰੇਜ਼ਾਂ ਦੇ ਹੱਥ ਚਲੇ ਜਾਣ ਲਈ ਡੋਗਰਿਆਂ ਅਤੇ ਹੋਰ ਗੈਰ-ਸਿੱਖਾਂ ਦੀਆਂ ਗੱਦਾਰੀਆਂ ਹੀ ਮੁੱਖ ਕਾਰਨ ਸੀ। ਪਰ ਇਸਦੇ ਬਾਵਜੂਦ, ਸਿੱਖਾਂ ਨਾਲ ਹਮਦਰਦੀ ਤਾਂ ਕੀ ਜਤਾਉਣੀ, ਜੰਗ ਹਾਰਨ ਤੋਂ ਬਾਅਦ ਸਿੱਖਾਂ ਨੂੰ ਹੀ ਵਿਅੰਗ ਕਸੇ ਗਏ ਕਿ ਉਨ੍ਹਾਂ ਨੇ ਪੰਜਾਬ ਨੂੰ ਅੰਗਰੇਜ਼ਾਂ ਦਾ ਗੁਲਾਮ ਬਣਾ ਦਿੱਤਾ ਹੈ :

ਖੁਸ਼ੀ ਵਸਦਾ ਸ਼ਹਿਰ ਲਾਹੌਰ ਸਾਰਾ, ਸਗੋਂ ਕੂੰਜੀਆਂ ਹੱਥ ਫੜਾਇ ਆਏ।
ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ, ਤੁਸੀਂ ਤਾਂ ਚੰਗੀਆਂ ਪੂਰੀਆਂ ਪਾਇ ਆਏ।79।

ਪਾਠਕ ਖ਼ੁਦ ਅੰਦਾਜ਼ਾ ਲਗਾ ਸਕਦੇ ਹਨ ਕਿ ਅਜਿਹੀ ਸਥਿਤ ਵਿੱਚ ਉਕਤ ਦੋਹਾਂ ਵਿੱਚੋਂ ਕਿਹੜੀ ਕਹਾਵਤ ਜਿਆਦਾ ਢੁਕਵੀਂ ਬੈਠਦੀ ਹੈ।

ਸਿੱਖਾਂ ਨਾਲ ਇਹ ਵਰਤਾਰਾ ਸਿਰਫ਼ ਇਕ ਵਾਰ ਨਹੀਂ ਵਾਪਰਿਆ ਬਲਕਿ ਸਾਰਾ ਸਿੱਖ ਇਤਿਹਾਸ ਅਜਿਹੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ। ਭਾਰਤ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਸੰਘਰਸ਼ ਸਿੱਖਾਂ ਨੇ ਕੀਤਾ ਅਤੇ 85 ਫੀਸਦੀ ਸ਼ਹੀਦੀਆਂ ਦਿੱਤੀਆਂ ਪਰ ਫਿਰ ਵੀ ਦੇਸ਼ ਅਜ਼ਾਦ ਹੁੰਦਿਆਂ ਹੀ ਸਿੱਖਾਂ ਨੂੰ ਕੋਈ ਵਿਸ਼ੇਸ਼ ਸਹੂਲੀਅਤ ਤਾਂ ਕੀ ਦੇਣੀ, ਉਲਟਾ ਉਨ੍ਹਾਂ ਨੂੰ ‘ਜ਼ਰਾਇਮ-ਪੇਸ਼ਾ’ ਕੌਮ ਦਾ ਦਰਜਾ ਦੇ ਦਿੱਤਾ ਗਿਆ। ਯਾਨਿ ਜਿਨ੍ਹਾਂ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਫੋਕੀ ਬਿਆਨਬਾਜ਼ੀ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ, ਉਹ ਦੇਸ਼ਭਗਤ ਬਣ ਗਏ ਅਤੇ ਬੇਅੰਤ ਸ਼ਹੀਦੀਆਂ ਦੇਣ ਵਾਲੀ ਕੌਮ ਨੂੰ ‘ਦੇਸ਼ ਲਈ ਖ਼ਤਰਾ’ ਦੱਸਿਆ ਗਿਆ। ਯਾਨਿ, ਨਾਲੇ ..., ਨਾਲੇ ਚਤਰ।

ਇਹੀ ਵਰਤਾਰਾ 1947 ਤੋਂ ਬਾਅਦ ਵੀ ਜਾਰੀ ਰਿਹਾ। ਭਾਰਤ ਵਿੱਚ ਹੋਰਨਾਂ ਭਾਸ਼ਾਵਾਂ ’ਤੇ ਅਧਾਰਿਤ ਸੂਬੇ ਤਾਂ ਬਣਾ ਦਿੱਤੇ ਗਏ ਪਰ ਪੰਜਾਬੀ ਭਾਸ਼ਾ ’ਤੇ ਅਧਾਰਿਤ ਸੂਬਾ ਨਹੀਂ ਬਣਾਇਆ ਗਿਆ। ਜਦ ਸਿੱਖਾਂ ਨੇ ਪੰਜਾਬੀ ਸੂਬਾ ਬਣਾਉਣ ਦੀ ਮੰਗ ਕੀਤੀ ਤਾਂ ਹਜ਼ਾਰਾਂ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਅਤੇ ਲੱਖਾਂ ਲੋਕਾਂ ’ਤੇ ਪੁਲੀਸੀਆ ਤਸ਼ੱਦਦ ਕੀਤਾ ਗਿਆ। ਇਸ ਘਟਨਾ-ਕ੍ਰਮ ਦੌਰਾਨ ਵੀ ਸਿੱਖਾਂ ਨੂੰ ਦੇਸ਼-ਵਿਰੋਧੀ ਕੌਮ ਵਜੋਂ ਪ੍ਰਚਾਰਿਆ ਗਿਆ। ਯਾਨਿ ਵਿਵਾਦ ਦੀ ਜੜ੍ਹ ਭਾਵੇਂ ਪ੍ਰਸ਼ਾਸਨਿਕ ਨੀਤੀ ਦੀ ਸੀ ਪਰ ਦੋਸ਼ੀ ਸਿੱਖਾਂ ਨੂੰ ਠਹਿਰਾਇਆ ਗਿਆ।

ਇਹੀ ਕੁਝ ਪੰਜਾਬ ਵਿੱਚ ਖਾੜਕੂਵਾਦ ਉਭਰਨ ਵੇਲੇ ਹੋਇਆ। ਸਿੱਖ ਗੁਰੂ ਸਾਹਿਬਾਨ ਦਾ ਖੁੱਲਮ-ਖੁੱਲਾ ਅਪਮਾਨ ਕਰਨ ਵਾਲੀ ਨਕਲੀ ‘ਨਿਰੰਕਾਰੀ’ ਸੰਪਦਾਅ ਦੇ ਲੋਕਾਂ ਨੇ ਜਦ ਅੰਮ੍ਰਿਤਸਰ ਵਿਖੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕਰਕੇ ਆਪਣੀਆਂ ਕੋਝੀਆਂ ਹਰਕਤਾਂ ਵਿੱਚ ਹੋਰ ਵਾਧਾ ਕਰਨਾ ਚਾਹਿਆ, ਤਾਂ ਸਿੱਖਾਂ ਨੇ ਉਨ੍ਹਾਂ ਨੂੰ ਸਮਝਾਉਣਾ ਚਾਹਿਆ ਕਿ ਉਹ ਅਜਿਹੀਆਂ ਹਰਕਤਾਂ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਹੋਰ ਨਾ ਰੌਂਦਣ। ਸਿੱਖਾਂ ਦਾ ਇਕ ਵਫ਼ਦ ਨਿਰੰਕਾਰੀਆਂ ਦੇ ਸਮਾਗਮ ਵਿੱਚ, ਉਨ੍ਹਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨ ਲਈ ਪੁੱਜਿਆ ਪਰ ਨਿਰੰਕਾਰੀਆਂ ਨੇ ਬਿਨ੍ਹਾਂ ਕਿਸੇ ਭੜਕਾਹਟ ਦੇ, 13 ਸਿੱਖਾਂ ਨੂੰ ਕਤਲ ਕਰ ਦਿੱਤਾ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਿਰੰਕਾਰੀਆਂ ਵਿਰੁੱਧ ਕੋਈ ਕਾਰਵਾਈ ਕਰਨ ਦੀ ਥਾਂ, ਨਿਰੰਕਾਰੀ ਮੁਖੀ ਨੂੰ ਸਰਕਾਰੀ ਸੁਰੱਖਿਆ ਪ੍ਰਦਾਨ ਕਰਕੇ ਪੰਜਾਬ ਤੋਂ ਬਾਹਰ ਕੱਢ ਦਿੱਤਾ। ਨਿਰੰਕਾਰੀਆਂ ਵੱਲੋਂ ਇਸ ਤਰ੍ਹਾਂ ਸਿੱਖਾਂ ਨੂੰ ਇਸ ਤਰ੍ਹਾਂ ਚੁਣੌਤੀ ਦੇਣ ਅਤੇ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਨਾ ਹੋਣ ਕਾਰਨ ਹੀ ਸਿੱਖਾਂ ਵਿੱਚ ਅਸੰਤੋਖ ਫੈਲਿਆ, ਜਿਸਨੇ ਪੰਜਾਬ ਦੇ ਪਾਣੀਆਂ ਦੀ ਲੁੱਟ ਅਤੇ ਏਸ਼ੀਆਈ ਖੇਡਾਂ ਦੌਰਾਨ ਹਰਿਆਣਾ ਸਰਕਾਰ ਵੱਲੋਂ ਸਿੱਖਾਂ ਦੇ ਅਪਮਾਨ ਕਾਰਨ ਉਗ੍ਰ ਰੂਪ ਧਾਰਨ ਕਰ ਲਿਆ। ਸਾਕਾ ਨੀਲਾ ਤਾਰਾ ਦੌਰਾਨ ਦਰਬਾਰ ਸਾਹਿਬ ਕੰਪਲੈਕਸ ’ਤੇ ਫੌਜੀ ਹਮਲੇ ਕਾਰਨ ਅਸੰਤੋਖ ਦੀ ਇਹ ਭਾਵਨਾ ਹਥਿਆਰਬੰਦ ਮੁਹਿੰਮ ਵਿੱਚ ਤਬਦੀਲ ਹੋ ਗਈ। ਇਸ ਤਰ੍ਹਾਂ ਪੰਜਾਬ ਦੇ ਮਾੜੇ ਹਾਲਾਤ ਲਈ ਦੋਸ਼ੀ ਤਾਂ ਨਿਰੰਕਾਰੀ ਸੰਪਰਦਾਅ ਅਤੇ ਉਸਦੀ ਪਿੱਠ ਪੂਰਨ ਵਾਲੀਆਂ ਅਕਾਲੀ ਤੇ ਕਾਂਗਰਸੀ ਸਰਕਾਰਾਂ ਸਨ ਪਰ ਇਸ ਸਭ ਦਾ ਦੋਸ਼ ਸਿੱਖਾਂ ਦੇ ਸਿਰ ’ਤੇ ਮੜ੍ਹ ਕੇ ਉਨ੍ਹਾਂ ਨੂੰ ਕੌਮਾਂਤਰੀ ਪੱਧਰ ਤੱਕ ਬਦਨਾਮ ਕੀਤਾ ਗਿਆ ਅਤੇ ਸਿੱਖ ਨੌਜੁਆਨਾਂ ਨੂੰ ਨਿੱਤ ਦਿਨ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਿਆ ਜਾਣ ਲੱਗਾ। ਇੱਥੇ ਵੀ ਬ੍ਰਾਹਮਣਵਾਦੀ ਪ੍ਰਸ਼ਾਸਨ ਨੇ ਸਿੱਖਾਂ ਨਾਲ ‘ਨਾਲੇ ਚੋਰ, ਨਾਲੇ ਚਤਰ’ ਵਾਲੀ ਨੀਤੀ ਅਪਣਾਈ।

ਪਿਛਲੇ ਸਾਲ ਸਿਰਸੇ ਦੇ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਕਾਰਨ ਸਿੱਖਾਂ ਵਿੱਚ ਸੌਦਾ ਸਾਧ ਪ੍ਰਤੀ ਭਾਰੀ ਰੋਹ ਪੈਦਾ ਹੋ ਗਿਆ। ਬਠਿੰਡੇ ਦੇ ਕੁਝ ਸਿੱਖਾਂ ਨੇ ਸੌਦਾ ਸਾਧ ਦੀ ਇਸ ਮਾੜੀ ਹਰਕਤ ਪ੍ਰਤੀ ਆਪਣਾ ਵਿਰੋਧ ਜਤਾਉਣ ਲਈ ਇਕ ਸ਼ਾਂਤਮਈ ਪ੍ਰਦਸ਼ਨ ਦਾ ਆਯੋਜਨ ਕੀਤਾ ਪਰ ਸੌਦਾ ਸਾਧ ਨੇ ਆਪਣੇ ਚੇਲਿਆਂ ਰਾਹੀਂ ਉਨ੍ਹਾਂ ਸਿੱਖਾਂ ਦੀ ਜੰਮ ਕੇ ਪਿਟਾਈ ਕਰਵਾਈ। ਇਸ ਨਾਲ ਸਿੱਖ ਕੌਮ ਵਿੱਚ ਹੋਰ ਰੋਹ ਪੈਦਾ ਹੋਇਆ ਅਤੇ ਸਾਰੇ ਭਾਰਤ ਦੇ ਸਿੱਖਾਂ ਨੇ ਇਕਮੁੱਠ ਹੋ ਕੇ ਸੌਦਾ ਸਾਧ ਵਿਰੁੱਧ ਜ਼ੋਰਦਾਰ ਮੁਜ਼ਾਹਰੇ ਅਰੰਭ ਕਰ ਦਿੱਤੇ (ਹਾਲਾਂਕਿ ਇਨ੍ਹਾਂ ਮੁਜ਼ਾਹਰਿਆਂ ਪਿੱਛੇ, ਬਾਦਲਕਿਆਂ ਵੱਲੋਂ ਇਸ ਮੁੱਦੇ ਰਾਹੀਂ ਰਾਧਾ ਸੁਆਮੀਆਂ, ਜਿਨ੍ਹਾਂ ਤੋਂ ਟੁੱਟ ਕੇ ਇਸ ਡੇਰੇ ਦੇ ਸੰਸਥਾਪਕ ਨੇ ਅਲੱਗ ਡੇਰਾ ਅਰੰਭ ਕੀਤਾ ਸੀ, ਨੂੰ ਖੁਸ਼ ਕਰਕੇ ਸਿਆਸੀ ਲਾਭ ਵਾਸਤੇ ਵਰਤਣ ਦੀ ਨੀਤੀ ਵੀ ਕੰਮ ਕਰ ਰਹੀ ਸੀ)। ਇਸ ਘਟਨਾ-ਕ੍ਰਮ ਦੌਰਾਨ ਵੀ ਸੌਦਾ ਸਾਧ ਅਤੇ ਬ੍ਰਾਹਮਣਵਾਦੀ ਮੀਡੀਆ ਨੇ ਸਿੱਖਾਂ ਨੂੰ ਹੀ ਦੋਸ਼ੀ ਠਹਿਰਾਇਆ। ਯਾਨੀ, ਨਾਲੇ ਚੋਰ ਨਾਲੇ ਚਤਰ।

ਸਿਰਸੇ ਵਾਲੇ ਸਾਧ ਨੇ ਤਾਂ ਇਕ ਦਿਨ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਸੀ ਪਰ ਨਾਮਧਾਰੀ ਸੰਪਰਦਾਅ ਦੇ ਆਗੂ ਤਾਂ ਸ਼ਰੇਆਮ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਵਜੋਂ ਪ੍ਰਚਾਰਦੇ ਹਨ। ਪਰ ਕਿਉਂਕਿ ਨਾਮਧਾਰੀਆਂ ਦੇ ਗੁਰੂ ਨੇ ਅਕਾਲੀਆਂ ਅਤੇ ਕਾਂਗਰਸ, ਦੋਵੇਂ ਧਿਰਾਂ ਨਾਲ ਬਣਾ ਕੇ ਰੱਖੀ ਹੋਈ ਹੈ, ਇਸਲਈ ਅਕਾਲੀਆਂ ਵੱਲੋਂ ਇਸ ਸੰਪਰਦਾਅ ਦੇ ਮੁਖੀਆਂ ਵੱਲੋਂ ਕੀਤੇ ਜਾਂਦੇ ਮਨਮਤੀ ਪ੍ਰਚਾਰ ਬਾਰੇ ਅੱਖਾਂ ਮੂੰਦ ਲਈਆਂ ਜਾਂਦੀਆਂ ਹਨ (ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਗੁਰੂ ਨਾਨਕ ਯੂਨੀਵਰਸਿਟੀ ਵਿੱਚ ‘ਸਤਿਗੁਰੂ ਜਗਜੀਤ ਸਿੰਘ ਚੇਅਰ’ ਵੀ ਸਥਾਪਿਤ ਕਰਵਾ ਦਿੱਤੀ ਹੈ) ਅਤੇ ਸਿੱਖਾਂ ਤੇ ਨਾਮਧਾਰੀਆਂ ਵਿਚਕਾਰ ਕਦੇ ਸੌਦਾ ਸਾਧ ਵਰਗਾ ਟਕਰਾਅ ਪੈਦਾ ਨਹੀਂ ਹੋਣ ਦਿੱਤਾ ਜਾਂਦਾ। ਇਸਦੇ ਬਾਵਜੂਦ, ਜਦ ਸਿੱਖ ਧਰਮ ਦਾ ਕੋਈ ਪ੍ਰਚਾਰਕ ਜਾਂ ਪੰਥ-ਦਰਦੀ ਦੇਹਧਾਰੀਆਂ ਗੁਰੂਆਂ ਵਿਰੁੱਧ ਪ੍ਰਚਾਰ ਕਰਦਾ ਹੈ, ਤਾਂ ਨਾਮਧਾਰੀ ਸੰਪਰਦਾਅ ਦੇ ਲੋਕ ਤਿਲਮਿਲਾ ਉਠਦੇ ਹਨ ਅਤੇ ਢਕਵੰਜ ਕਰਦੇ ਹਨ ਕਿ ਅਜਿਹੇ ਲੋਕ ਸਿੱਖਾਂ ਵਿੱਚ ਵੰਡੀਆਂ ਪਾ ਰਹੇ ਹਨ। ਇਸੇ ਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੌਰਾਨ ਦਿੱਲੀ ਦੇ ਵਿਸ਼ਨੂੰ ਗਾਰਡਨ ਇਲਾਕੇ ਵਿੱਚ ਨਾਮਧਾਰੀਆਂ ਨੇ ਸਿੱਖ ਨੌਜੁਆਨਾਂ ਨਾਲ ਸਿਰਫ਼ ਇਸ ਵਾਸਤੇ ਝਗੜਨਾ ਸ਼ੁਰੂ ਕਰ ਦਿੱਤਾ ਕਿਉਂਕਿ ਨੌਜੁਆਨਾਂ ਨੇ ਅਜਿਹਾ ਇਕ ਬੈਨਰ ਲਗਾਇਆ ਹੋਇਆ ਸੀ, ਜਿਸ ਵਿੱਚ ਇਕ ਦੇਹਧਾਰੀ ਸਾਧ ਦੇ ਕਾਪਲਨਿਕ ਚਿੱਤਰ ਹੇਠਾਂ ਲਿਖਿਆ ਸੀ - ਖ਼ੁਦ ਗੁਰੂ ਬਣ ਬੈਠੇ। ਇਸ ਤਰ੍ਹਾਂ, ਨਾਮਧਾਰੀ ਸੰਪਰਦਾਅ ਵੱਲੋਂ ਵੀ ਨਾਲੇ ਚੋਰ, ਨਾਲੇ ਚਤਰ ਵਾਲੀ ਨੀਤੀ ਅਪਣਾਈ ਜਾਂਦੀ ਹੈ।

ਦਸਮ ਗ੍ਰੰਥ ਦਾ ਪ੍ਰਚਾਰ ਕਰਨ ਵਾਲੇ ਹਿੰਦੂ ਵਿਚਾਰਧਾਰਾ ਪਰ ਸਿੱਖੀ ਵੇਸ ਵਾਲੇ ਲੋਕਾਂ ਦਾ ਕਿੱਸਾ ਵੀ ਕੁਝ ਅਜਿਹਾ ਹੀ ਹੈ। ਇਹ ਲੋਕ ਗੰਦੀਆਂ ਕਹਾਣੀਆਂ ਅਤੇ ਬ੍ਰਾਹਮਣਵਾਦੀ ਮਿਥਿਹਾਸ ਨਾਲ ਭਰੇ ਪਏ ਬਚਿੱਤਰ ਨਾਟਕ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਵਜੋਂ ਪ੍ਰਚਾਰਨ ’ਤੇ ਤੁਲੇ ਹੋਏ ਹਨ। ਇਨ੍ਹਾਂ ਦੀ ਨਸਲ ਦੇ ਪੁਜਾਰੀਆਂ ਨੇ ਕੁਝ ਤਖ਼ਤਾਂ ਅਤੇ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਇਸ ਗੰਦੀ ਕਿਤਾਬ ਦਾ ਵੀ ਅੰਧਕਾਰ (ਜਿਸਨੂੰ ਇਹ ਪ੍ਰਕਾਸ਼ ਕਹਿੰਦੇ ਹਨ) ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਅਜਿਹੇ ਲੋਕ ਆਪਣੀਆਂ ਕਰਤੂਤਾਂ ’ਤੇ ਸ਼ਰਮਿੰਦਾ ਹੋਣ ਦੀ ਬਜਾਏ, ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਾ ਮੰਨਣ ਵਾਲੇ ਸਿੱਖਾਂ ਵਿਰੁੱਧ ਕੁਝ ਇਸ ਤਰ੍ਹਾਂ ਦਾ ਭੰਡੀ ਪ੍ਰਚਾਰ ਕਰਦੇ ਹਨ ਮਾਨੋ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਕੋਈ ਅਪਰਾਧ ਹੋਵੇ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਅਨੇਕਾਂ ਹੋਰ ਵਿਦਵਾਨਾਂ ਨੂੰ ਬਦਨਾਮ ਕਰਨ ਉਪਰੰਤ ਅੱਜਕਲ ਇਨ੍ਹਾਂ ਲੋਕਾਂ ਨੇ ਪ੍ਰੋ: ਦਰਸ਼ਨ ਸਿੰਘ ਖਿਲਾਫ਼ ਕੂੜ ਪ੍ਰਚਾਰ ਦੀ ਮੁਹਿੰਮ ਚਲਾਈ ਹੋਈ ਹੈ। ਯਾਨੀ, ਇਹ ਲੋਕ ਵੀ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਵਾਲੀ ਕਹਾਵਤ ਨੂੰ ਹੀ ਸਿੱਧ ਕਰਦੇ ਹਨ।

ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੁੰਦੀ ਪੰਜਾਬੀ ਅਖ਼ਬਾਰ ‘ਰੋਜ਼ਾਨਾ ਸਪੋਕਸਮੈਨ’ ਨਾਲ ਸਬੰਧਿਤ ਵਿਵਾਦ ਵੀ ਕੁਝ ਇਸੇ ਤਰ੍ਹਾਂ ਦਾ ਹੀ ਹੈ। ਭਗਤ ਰਵਿਦਾਸ ਜੀ ਦੇ ਜਨਮ ਦਿਵਸ ਮੌਕੇ ਅਖ਼ਬਾਰ ਦੇ ‘ਅੱਜ ਦਾ ਦਿਨ ਇਤਿਹਾਸ ਵਿੱਚ’ ਕਾਲਮ ਵਿੱਚ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦਾ ਲੇਖ ਪ੍ਰਕਾਸ਼ਿਤ ਕੀਤਾ ਗਿਆ। ਲੇਖ ਵਿੱਚ, ਭਗਤ ਰਵਿਦਾਸ ਜੀ ਦੀ ਜ਼ਿੰਦਗੀ ਬਾਰੇ ਬ੍ਰਾਹਮਣਵਾਦੀਆਂ ਵੱਲੋਂ ਪ੍ਰਚਾਰੀਆਂ ਗਈਆਂ ਕੁਝ ਮਨਘੜਤ ਸਾਖੀਆਂ, ਜਿਵੇਂ ਬ੍ਰਾਹਮਣ ਦੇ ਸਰਾਪ ਕਾਰਨ ਰਵਿਦਾਸ ਜੀ ਦਾ ਜਨਮ ਚਮਾਰ ਦੇ ਘਰ ਹੋਣਾ, ਗੰਗਾ ਨਦੀ ਵੱਲੋਂ ਪਾਣੀ ’ਚੋਂ ਹੱਥ ਬਾਹਰ ਕੱਢ ਕੇ ਰਵਿਦਾਸ ਜੀ ਦੀ ਭੇਟਾ ਸਵੀਕਾਰ ਕਰਨੀ, ਰਵਿਦਾਸ ਜੀ ਦੇ ‘ਠਾਕੁਰ’ ਦਾ ਪਾਣੀ ਵਿੱਚ ਤੈਰਨ ਆਦਿ ਦਾ ਜ਼ਿਕਰ ਵੀ ਕੀਤਾ ਗਿਆ। ਲੇਖਕ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਕਤ ਸਾਖੀਆਂ ਗੁਰਮਤਿ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀਆਂ (ਕਿਉਂਕਿ ਇਹ ਮੱਕਾਰ ਬ੍ਰਾਹਮਣਵਾਦੀਆਂ ਵੱਲੋਂ ਸਿਰਜੀਆਂ ਪ੍ਰਤੀਤ ਹੁੰਦੀਆਂ ਹਨ)। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਰਵਿਦਾਸ ਜੀ ਦੀ ਬਾਣੀ ਵੀ ਇਨ੍ਹਾਂ ਮਨੌਤਾਂ ਦਾ ਖੰਡਨ ਕਰਦੀ ਹੈ।

ਪਰ ਲੇਖ ਦੇ ਅੰਤ ਵਿੱਚ ਲਿਖਾਰੀ ਸ੍ਰ: ਹਰਭਜਨ ਸਿੰਘ ਤੋਂ ਥੋੜੀ ਚੂਕ ਹੋ ਗਈ। ਉਨ੍ਹਾਂ ਨੇ ਲਿਖ ਦਿੱਤਾ ਕਿ ‘‘ਭਗਤ ਰਵਿਦਾਸ ਜੀ ਨਾਲ ਜੁੜੀਆਂ ਉਪਰੋਕਤ ਕਹਾਣੀਆਂ ਤੋਂ ਸਪਸ਼ਟ ਹੁੰਦਾ ਹੈ ਕਿ ਆਪ ਗੁਰਮਤਿ ਵਿਚਾਰਾਂ ਦੇ ਹਾਮੀ ਨਹੀਂ ਸਨ।’’ ਜਦਕਿ ਭਗਤ ਰਵਿਦਾਸ ਜੀ ਬਾਰੇ ਪ੍ਰਚਲਿਤ ਇਨ੍ਹਾਂ ਸਾਖੀਆਂ ਨੂੰ ਗਲਤ ਕਰਾਰ ਦੇਣ ਲਈ ਲੇਖਕ ਨੂੰ ਇਹ ਵਾਕ ਕੁਝ ਇਸ ਤਰ੍ਹਾਂ ਲਿਖਣਾ ਚਾਹੀਦਾ ਸੀ, ‘‘ਭਗਤ ਰਵਿਦਾਸ ਜੀ ਨਾਲ ਜੁੜੀਆਂ ਉਪਰੋਕਤ ਕਹਾਣੀਆਂ ਇਹ ਪ੍ਰਭਾਵ ਦੇਣ ਦੀਆਂ ਕੋਸ਼ਿਸ਼ ਕਰਦੀਆਂ ਹਨ ਕਿ ਆਪਦੇ ਵਿਚਾਰ ਗੁਰਮਤਿ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੇ ਸਨ, ਜੋ ਸਰਾਸਰ ਝੂਠ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਰਵਿਦਾਸ ਜੀ ਦੀ ਬਾਣੀ ਤੋਂ ਸਾਫ਼ ਸਾਬਿਤ ਹੁੰਦਾ ਹੈ ਕਿ ਭਗਤ ਰਵਿਦਾਸ ਜੀ ਨੇ ਬ੍ਰਾਹਮਣਵਾਦੀ ਸੰਕਲਪਾਂ ਦਾ ਖੰਡਨ ਕੀਤਾ ਹੈ। ਆਪ ਜੀ ਦੇ ਵਿਚਾਰ ਗੁਰਮਤਿ ਵਿਚਾਰਧਾਰਾ ਨਾਲ ਮੇਲ ਖਾਂਦੇ ਹੋਣ ਕਾਰਨ ਹੀ ਆਪਜੀ ਦੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤਾ ਗਿਆ। ਅਜਿਹੀਆਂ ਸਾਖੀਆਂ, ਬ੍ਰਾਹਮਣਵਾਦੀ ਲਿਖਾਰੀਆਂ ਵੱਲੋਂ ਅਨਜਾਣ ਸ਼ਰਧਾਲੂਆਂ ਨੂੰ ਗੁੰਮਰਾਹ ਕਰਨ ਦੇ ਮਕਸਦ ਨਾਲ ਪ੍ਰਚਾਰੀਆਂ ਗਈਆਂ ਹਨ।’’

ਲੇਖਕ ਦਾ ਇਕ ਹੋਰ ਵਾਕ ਵੀ ਕੁਝ ਭਰਮ ਪੈਦਾ ਕਰਦਾ ਹੈ, ‘‘ਇਹ ਵੇਖਣਾ ਬਾਕੀ ਹੈ ਕਿ ਭਗਤ ਰਵਿਦਾਸ ਜੀ ਦੀ ਬਾਣੀ ਵੀ ਗੁਰਮਤਿ ਸਿਧਾਂਤਾਂ ਦੀ ਪ੍ਰੋੜ੍ਹਤਾ ਕਰਦੀ ਹੈ ਕਿ ਨਹੀਂ।’’ ਇੱਥੇ ਲੇਖਕ ਨੂੰ ਲਿਖਣਾ ਚਾਹੀਦਾ ਸੀ ਕਿ ‘‘ਉਕਤ ਸਾਖੀਆਂ ਤਾਂ ਭਗਤ ਰਵਿਦਾਸ ਜੀ ਦਾ ਕਿਰਦਾਰ ਬ੍ਰਾਹਮਣਵਾਦੀ ਰੰਗਤ ਵਿੱਚ ਪੇਸ਼ ਕਰਦੀਆਂ ਹਨ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਜੀ ਦੀ ਆਪਣੀ ਬਾਣੀ, ਗੁਰਮਤਿ ਸਿਧਾਂਤਾਂ ਦਾ ਕਿਵੇਂ ਸਮਰਥਨ ਕਰਦੀ ਹੈ, ਇਹ ਵੇਖਣਾ ਬਾਕੀ ਹੈ। ਪਾਠਕਾਂ ਨੂੰ ਭਗਤ ਰਵਿਦਾਸ ਜੀ ਦੀ ਬਾਣੀ ਬਾਰੇ ਜਾਣਕਾਰੀ ਲੇਖ ਦੇ ਅਗਲੇ ਹਿੱਸੇ ਵਿੱਚ ਦਿੱਤੀ ਜਾਏਗੀ।’’

ਖੈਰ, ਹਰੇਕ ਲੇਖਕ ਇਨਸਾਨ ਹੀ ਹੁੰਦਾ ਹੈ ਅਤੇ ਉਸ ਤੋਂ ਕਿਸੇ ਕਿਸਮ ਦੀ ਗਲਤੀ ਹੋ ਜਾਣ ਵਿੱਚ ਕੁਝ ਵੀ ਅਸੁਭਾਵਿਕ ਨਹੀਂ ਹੈ। ਪਰ ਇਨ੍ਹਾਂ ਗਲਤੀਆਂ ਦਾ ਬਹਾਣਾ ਘੜ ਕੇ, ਬ੍ਰਾਹਮਣਵਾਦੀਆਂ ਦੀਆਂ ਕਰਤੂਤਾਂ ਦਾ ਚੰਗਾ ਪਾਜ ਉਘਾੜਨ ਵਾਲੇ ਕਿਸੇ ਅਖ਼ਬਾਰ ਦੀਆਂ ਕਾਪੀਆਂ ਸਾੜਨੀਆਂ ਜਾਂ ਅਖ਼ਬਾਰ ਦੇ ਸੰਪਾਦਕ ’ਤੇ ਮੁਕੱਦਮੇ ਦਰਜ ਕਰਵਾਉਣ ਦੀਆਂ ਕਾਰਵਾਈਆਂ, ਉਕਤ ਕਹਾਵਤਾਂ ਨੂੰ ਹੀ ਸਾਬਿਤ ਕਰਦੀਆਂ ਹਨ।

ਬ੍ਰਾਹਮਣਵਾਦੀਆਂ ਅਤੇ ਉਨ੍ਹਾਂ ਦੇ ਏਜੰਟਾਂ ਵੱਲੋਂ ਰੋਜ਼ਾਨਾ ਸਪੋਕਸਮੈਨ ਖਿਲਾਫ਼ ਕੋਝੇ ਹਥਕੰਡੇ ਅਪਣਾਉਣ ਤਾਂ ਕੁਦਰਤੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦਲਿਤ ਵਰਗ ਦੇ ਕਈ ਅਖੌਤੀ ਆਗੂਆਂ/ਬੁੱਧੀਜੀਵੀਆਂ ਨੇ ਵੀ ਅਖ਼ਬਾਰ ਵਿਰੁੱਧ ਸਿਆਸੀ ਤੇ ਵਪਾਰਕ ਭਾਵਨਾਵਾਂ ਤਹਿਤ ਕਰਵਾਈ ਗਈ ਕਾਰਵਾਈ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਰਵਿਦਾਸ ਜੀ ਨੂੰ ‘ਭਗਤ’ ਦੀ ਬਜਾਏ ‘ਗੁਰੂ’ ਲਿਖਿਆ ਜਾਣਾ ਚਾਹੀਦਾ ਸੀ ਕਿਉਂਕਿ ਗੁਰੂ ਅਰਜਨ ਸਾਹਿਬ ਨੇ ਉਨ੍ਹਾਂ ਨੂੰ ‘ਜੀ, ਜੀਓ ਅਤੇ ਸ੍ਰੀ’ ਵਿਸ਼ੇਸ਼ਣਾਂ ਨਾਲ ਸੰਬੋਧਿਤ ਕੀਤਾ ਹੈ। ਖ਼ੁਦ ਨੂੰ ਭਗਤ ਰਵਿਦਾਸ ਦੇ ਸ਼ਰਧਾਲੂਆਂ ਦਾ ਇਕ-ਮਾਤਰ ਵਰਗ ਸਮਝਣ ਵਾਲੇ ਇਨ੍ਹਾਂ ਲੋਕਾਂ ਨੂੰ ਪੁੱਛਿਆ ਜਾਏ ਕਿ ਜਦ ਗੁਰੂ ਗ੍ਰੰਥ ਸਾਹਿਬ ਵਿੱਚ ਰਵਿਦਾਸ ਜੀ ਨੂੰ ਭਗਤ ਲਿਖਿਆ ਗਿਆ ਹੈ, ਤਾਂ ਆਮ ਲਿਖਾਰੀਆਂ ਵੱਲੋਂ ਉਨ੍ਹਾਂ ਨੂੰ ‘ਗੁਰੂ’ ਕਿਉਂ ਲਿਖਿਆ ਜਾਏ। ਇਹ ਠੀਕ ਹੈ ਕਿ ਪੰਜਾਬੀ ਦੇ ਲਗਭਗ ਸਾਰੇ ਅਖ਼ਬਾਰ ਕਮਿਊਨਿਸਟ ਵਿਚਾਰਧਾਰਾ, ਜਿਹੜੇ ਧਰਮ ਦੇ ਸਿਧਾਂਤਾਂ ਨੂੰ ਪਸੰਦ ਨਹੀਂ ਕਰਦੇ, ਵਾਲੇ ਸੰਪਾਦਕਾਂ ਅਧੀਨ ਕਾਰਜਰਤ ਹੋਣ ਕਾਰਨ ਰਵਿਦਾਸ ਜੀ ਨੂੰ ‘ਗੁਰੂ’ ਵਿਸ਼ੇਸ਼ਣ ਨਾਲ ਸੰਬੋਧਿਤ ਕਰ ਦਿੰਦੇ ਹਨ ਪਰ ਇਸਦਾ ਅਰਥ ਇਹ ਨਹੀਂ ਕਿ ਸਿੱਖੀ ਵਿਚਾਰਧਾਰਾ ਨਾਲ ਜੁੜੇ ਪ੍ਰਕਾਸ਼ਨਾਂ ਨੂੰ ਵੀ ਅਜਿਹਾ ਕਰਨ ਲਈ ਮਜਬੂਰ ਕੀਤਾ ਜਾਏ।

ਸਪੋਕਸਮੈਨ ਦੇ ਵਿਚਾਰ-ਅਧੀਨ ਲੇਖ ਦੇ ਮਾਮਲੇ ਵਿੱਚ ਚਾਹੀਦਾ ਤਾਂ ਇਹ ਸੀ ਦਲਿਤ ਸਮਾਜ ਦੇ ਆਗੂ, ਭਗਤ ਰਵਿਦਾਸ ਜੀ ਦੇ ਜੀਵਨ-ਕਾਲ ਸਬੰਧੀ ਬ੍ਰਾਹਮਣਵਾਦੀਆਂ ਵੱਲੋਂ ਪ੍ਰਚਾਰੀਆਂ ਗਈਆਂ ਗਲਤ ਸਾਖੀਆਂ ਦਾ ਖੰਡਨ ਕਰਨ ਲਈ ਸੰਪਾਦਕੀ ਮੰਡਲ ਦਾ ਧੰਨਵਾਦ ਕਰਦੇ। ਪਰ ਪੰਜਾਬ ਦੇ ਸੱਤਾਧਾਰੀ ਗਠਜੋੜ (ਜਿਸ ਵਿੱਚ ਇਕ ਫਿਰਕੂ ਪਾਰਟੀ ਵੀ ਅਹਿਮ ਭਾਈਵਾਲ ਹੈ) ਦੇ ਆਗੂਆਂ ਨੇ, ਕੁਝ ਦਲਿਤ ਸਮੂਹਾਂ ਨੂੰ ਅੱਗੇ ਕਰਕੇ, ਦੋ ਛੋਟੇ ਜਿਹੇ ਵਾਕਾਂ ਅਤੇ ਭਗਤ ਰਵਿਦਾਸ ਜੀ ਨੂੰ ‘ਗੁਰੂ’ ਨਾ ਲਿਖਣ ਦੇ ਕਥਿਤ ਅਪਰਾਧ ਬਦਲੇ ਸਪੋਕਸਮੈਨ ਪ੍ਰਤੀ ਅਸਮਾਨ ਸਿਰ ’ਤੇ ਚੁੱਕ ਲਿਆ। ਸੱਤਾਧਾਰੀ ਗਠਜੋੜ ਦੇ ਇਸੇ ਅਹਿਮ ਭਾਈਵਾਲ ਸਿਆਸੀ ਸੰਗਠਨ ਦਾ ਮੁੱਖ ਮਕਸਦ ਦਲਿਤਾਂ ਦਾ ਸ਼ੋਸ਼ਣ ਕਰਨ ਵਾਲੀ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਪ੍ਰਫੁਲਿਤ ਕਰਦੇ ਰਹਿਣਾ ਹੈ। ਪਰ ‘ਨਾਲੇ ਚੋਰ, ਨਾਲੇ ਚਤਰ’ ਵਾਲੀ ਕਹਾਵਤ ਮੁਤਾਬਿਕ ਇਕ ਪਾਸੇ ਤਾਂ ਇਹ ਮੱਕਾਰ ਲੋਕ ਇਨਸਾਨੀਅਤ ਨੂੰ ਸਹੀ ਰਾਹ ਦਿਖਾਉਣ ਵਾਲੇ ਗੁਰੂਆਂ-ਭਗਤਾਂ-ਪੀਰਾਂ ਖਿਲਾਫ਼ ਮਨਘੜਤ ਸਾਖੀਆਂ ਪ੍ਰਚਾਰ ਦਿੰਦੇ ਹਨ (ਜਾਂ ਕੋਕ-ਸ਼ਾਸਤਰ ਵਰਗੀਆਂ ਲਿਖਤਾਂ ਨੂੰ ਉਨ੍ਹਾਂ ਦੇ ਨਾਮ ਨਾਲ ਜੋੜ ਦਿੰਦੇ ਹਨ) ਅਤੇ ਦੂਜੇ ਪਾਸੇ ਇਹੀ ਲੋਕ ਦਲਿਤਾਂ ਨਾਲ ਖਲੋ ਕੇ, ਬ੍ਰਾਹਮਣਵਾਦ ਦਾ ਖੰਡਨ ਕਰਨ ਵਾਲੇ ਮੀਡੀਆ ਦੇ ਪ੍ਰਬੰਧਕਾਂ ਖਿਲਾਫ਼ ਕੁਚਾਲਾਂ ਚੱਲਦੇ ਹਨ।

ਸਮੇਂ ਦੀ ਲੋੜ ਹੈ ਕਿ ਸਮੂਹ ਭਾਰਤਵਾਸੀ, ਬ੍ਰਾਹਮਣਵਾਦੀਆਂ ਦੇ ਇਨ੍ਹਾਂ ਕੋਝੇ ਹਥਕੰਡਿਆਂ ਨੂੰ ਸਮਝਣ ਅਤੇ ਬ੍ਰਾਹਮਣਵਾਦੀਆਂ ਦੇ ਮੋਹਰੇ ਬਣਨ ਦੀ ਬਜਾਏ ਸੱਚ ਦੇ ਮਾਰਗ ਨੂੰ ਅਪਣਾਉਣ। ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਹਮ-ਖ਼ਿਆਲੀ ਸਤਿਕਾਰਯੋਗ ਭਗਤਾਂ ਦੀ ਪਵਿੱਤਰ ਵਿਚਾਰਧਾਰਾ ਨੂੰ ਦੂਸ਼ਿਤ ਕਰਨ ਵਾਲੇ ਜਾਂ ਉਨ੍ਹਾਂ ਦੇ ਜੀਵਨ-ਕਾਲ ਬਾਰੇ ਗਲਤ ਪ੍ਰਚਾਰ ਕਰਨ ਵਾਲੇ ਮੱਕਾਰ ਲੋਕਾਂ ਨੂੰ ਕੋਈ ਹੱਕ ਨਹੀਂ ਕਿ ਉਹ ਸੱਚ ਦੇ ਪ੍ਰਚਾਰ ਦੀ ਕੋਸ਼ਿਸ਼ ਵਿੱਚ ਰੁੱਝੇ ਲੇਖਕਾਂ ਦੀ ਛੋਟੀ-ਮੋਟੀ ਗਲਤੀ ਨੂੰ ਰਾਈ ਦਾ ਪਹਾੜ ਬਣਾ ਕੇ ਖੌਰੂ ਪਾਉਣ।