

ਦਿੱਲੀ ਦੇ ਸਿੱਖ ਆਗੂਆਂ ਦੀ ਚੌਧਰ ਦੀ ਭੁੱਖ ਕਾਰਨ ਇਤਿਹਾਸਕ ਗੁਰੂ ਘਰਾਂ ਦੀ ਬੇਅਦਬੀ : ਸਥਾਨਕ ਸਿੱਖ ਮਜ਼ਾਕ ਦਾ ਪਾਤਰ ਬਣੇ
- ਸਵਰਣ ਸਿੰਘ -
ਦੇਸ਼-ਵਿਦੇਸ਼ ਵਿੱਚ ਵੱਖ-ਵੱਖ ਮੁੱਦਿਆਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਸਿੱਖ ਕੌਮ ਦੇ ਭਵਿੱਖ ਲਈ ਕੋਈ ਸਾਰਥਕ ਨੀਤੀ ਉਸਾਰਨ ਦੀ ਬਜਾਏ ਸਿੱਖ ਆਗੂ ਚੌਧਰ ਦੀ ਹਵਸ ਪੂਰੀ ਕਰਨ ਲਈ ਗੁਰਦੁਆਰਿਆਂ ਨੂੰ ਸਿਆਸਤ ਦਾ ਅਖਾੜਾ ਬਣਾਉਣ ਤੋਂ ਵੀ ਸੰਕੋਚ ਨਹੀਂ ਕਰ ਰਹੇ। ਇਸ ਤੱਥ ਦਾ ਪ੍ਰਗਟਾਵਾ ਉਸ ਸਮੇਂ ਇਕ ਵਾਰ ਫਿਰ ਹੋ ਗਿਆ ਜਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਥਿਤ ‘ਵਿਰੋਧੀ-ਧਿਰ’ ਨਾਲ ਸਬੰਧਿਤ ਕੁਝ ਮੈਂਬਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ‘ਸੱਤਾਧਾਰੀ’ ਗੁਟ ਤੋਂ ਚੌਧਰ ਦਾ ਹੱਕ ਖੋਹਣ ਲਈ ਗੁ: ਰਕਾਬ ਗੰਜ ਸਾਹਿਬ ਵਿਖੇ ਸਥਿਤ ਕਮੇਟੀ ਦੇ ਦਫ਼ਤਰ ਵਿੱਚ ਹੁੱਲੜਬਾਜ਼ੀ ਕੀਤੀ ਅਤੇ ਅਸਭਿਅਕ ਸ਼ਬਦਾਵਲੀ ਦਾ ਉਪਯੋਗ ਕੀਤਾ। ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਅਕਾਲੀ ਦਲ (ਪੰਥਕ) ਨਾਲ ਸਬੰਧਿਤ ਇਨ੍ਹਾਂ ਮੈਂਬਰਾਂ ਵੱਲੋਂ ਕਮੇਟੀ ਦੇ ਮੌਜੂਦਾ ਪ੍ਰਧਾਨ ਸ੍ਰ: ਪਰਮਜੀਤ ਸਿੰਘ ਸਰਨਾ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਉਹ ਕਮੇਟੀ ਦੇ ਅੰਤ੍ਰਿੰਗ ਬੋਰਡ, ਜਿਸਦੀ ਮਿਆਦ 9 ਫਰਵਰੀ ਨੂੰ ਹੀ ਖ਼ਤਮ ਹੋ ਚੁੱਕੀ ਹੈ, ਦੀਆਂ ਚੋਣਾਂ ਜਲਦ ਤੋਂ ਜਲਦ ਕਰਵਾਉਣ।
|
|
|
|
ਵਿਰੋਧੀ ਧਿਰ ਦੇ
ਪ੍ਰਦਸ਼ਨਰਕਾਰੀ ਆਗੂ ਦਿੱਲੀ ਕਮੇਟੀ ਦੇ ਦਫ਼ਤਰ |
ਵਿਰੋਧੀ ਆਗੂ ਦਿੱਲੀ
ਕਮੇਟੀ ਦੇ ਦਫ਼ਤਰ ਦੇ ਗੇਟ ਸਾਹਮਣੇ |
ਉੱਧਰ ਸ੍ਰ: ਪਰਮਜੀਤ ਸਿੰਘ ਸਰਨਾ ਵੀ ਏਨੀ ਅਸਾਨੀ ਨਾਲ ਕੁਰਸੀ ਦੀ ਤਾਕਤ ਨੂੰ ਆਪਣੇ ਹੱਥੋਂ ਨਿਕਲਣ ਨਹੀਂ ਦੇਣਾ ਚਾਹੁੰਦੇ। ਇਸ ਸਾਲ ਦੇ ਅੰਤ ਵਿੱਚ ਦਿੱਲੀ ਵਿਧਾਨ ਸਭਾ ਦੀਆਂ ਆਮ ਚੋਣਾਂ ਦੌਰਾਨ ਕਮੇਟੀ ਦੇ ਕਿਸੇ ਵੀ ਪ੍ਰਧਾਨ ਨੂੰ, ਸਿਆਸੀ ਪਾਰਟੀਆਂ ਨਾਲ ਗੰਢਤੁੱਪ ਕਰਨ ਬਦਲੇ, ਬਹੁਤ ਸਾਰੀਆਂ ਨਿਜੀ ਪ੍ਰਾਪਤੀਆਂ ਹੋ ਸਕਦੀਆਂ ਹਨ। ਦਿੱਲੀ ਦੇ ਤਿੰਨੋਂ ਅਕਾਲੀ ਦਲਾਂ ਦੇ ਆਗੂ ਪਰਮਜੀਤ ਸਿੰਘ ਸਰਨਾ, ਅਵਤਾਰ ਸਿੰਘ ਹਿੱਤ ਅਤੇ ਮਨਜੀਤ ਸਿੰਘ ਜੀ.ਕੇ., ਇਸ ਤੱਥ ਤੋਂ ਚੰਗੀ ਤਰ੍ਹਾਂ ਵਾਕਿਫ਼ ਹੋਣ ਕਾਰਨ, ਦਿੱਲੀ ਕਮੇਟੀ ਦੇ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਲੈਣ ਲਈ ਬੇਸਬਰੇ ਹਨ। ਬਾਦਲ ਦਲ ਅਤੇ ਪੰਥਕ ਦਲ ਦੇ ਮੈਂਬਰਾਂ ਦੀ ਕੁਲ ਗਿਣਤੀ 20 ਬਣਦੀ ਹੈ ਪਰ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਵੱਖ-ਵੱਖ ਕਾਰਨਾਂ ਕਾਰਨ ਪਰਮਜੀਤ ਸਿੰਘ ਸਰਨਾ ਤੋਂ ਨਰਾਜ਼, ਉਸ ਦੀ ਪਾਰਟੀ ਦੇ ਮੈਂਬਰਾਂ ਨੂੰ ਮਾਇਆ ਦੇ ਗੱਫੇ ਦੇ ਕੇ, ਅੰਤ੍ਰਿੰਗ ਬੋਰਡ ਦੀਆਂ ਚੋਣਾਂ ਦੌਰਾਨ ਆਪਣੀ ਮਰਜ਼ੀ ਦੇ ਅਹੁਦੇਦਾਰ ਚੁਣਨ ਲਈ, ਅਸਾਨੀ ਨਾਲ ਲੋੜੀਂਦੀਆਂ ਵੋਟਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
|
|
|
|
ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਗੁ: ਰਕਾਬ ਗੰਜ ਕੰਪਲੈਕਸ |
ਕਮੇਟੀ
ਮੈਂਬਰ ਸ੍ਰ: ਮਨਜੀਤ ਸਿੰਘ ਜੀ.ਕੇ. ਅਤੇ ਸ੍ਰ: ਅਮਰਜੀਤ ਸਿੰਘ ਪੱਪੂ |
ਇਸਲਈ ਉਹ ਪਰਮਜੀਤ ਸਿੰਘ ਸਰਨਾ ਨੂੰ ਕਮੇਟੀ ਦੇ ਅੰਤ੍ਰਿੰਗ ਬੋਰਡ ਦੀਆਂ ਚੋਣਾਂ ਕਰਵਾਉਣ ਲਈ ਕਹਿ ਰਹੇ ਹਨ। ਪਰ ਸਰਨਾ ਵੀ ਚੋਣਾਂ ਕਰਵਾਉਣ ਦਾ ‘ਖਤਰਾ’ ਮੁੱਲ ਨਹੀਂ ਲੈਣਾ ਚਾਹੁੰਦਾ। ਇਸਲਈ ਉਸਨੇ ਦਿੱਲੀ ਦੀ ਕਾਂਗਰਸ ਸਰਕਾਰ ਨੂੰ ਇਸ ਗੱਲ ਲਈ ਮਨਾ ਲਿਆ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਐਕਟ ਵਿੱਚ ਸੋਧ ਕਰਕੇ ਪ੍ਰਧਾਨ ਦੀ ਮਿਆਦ 2 ਸਾਲ ਕਰ ਦਿੱਤੀ ਜਾਏ। ਪਰ ਬਾਦਲ ਅਤੇ ਪੰਥਕ ਦਲ ਨਾਲ ਸਬੰਧਿਤ ਆਗੂ, ਐਕਟ ਵਿੱਚ ਸੋਧ ਹੋਣ ਤੋਂ ਪਹਿਲਾਂ ਹੀ ਕਮੇਟੀ ਦੇ ਅੰਤ੍ਰਿੰਗ ਬੋਰਡ ਦੀਆਂ ਚੋਣਾਂ ਕਰਵਾਉਣਾ ਚਾਹੁੰਦੇ ਹਨ। ਇਸਲਈ ਬੁੱਧਵਾਰ ਨੂੰ ਉਨ੍ਹਾਂ ਨੇ ਗੁ: ਰਕਾਬ ਗੰਜ ਸਾਹਿਬ ਵਿਖੇ ਦਿੱਲੀ ਕਮੇਟੀ ਦੇ ਦਫ਼ਤਰ ਸਾਹਮਣੇ ਸਥਿਤ ਪਾਰਕ ਵਿੱਚ ਇਕ ਧਰਨਾ ਦੇ ਕੇ ਪਰਮਜੀਤ ਸਿੰਘ ਸਰਨਾ ’ਤੇ ਦਬਾਅ ਪੈਦਾ ਕਰਨ ਦੀ ਨੀਤੀ ਅਪਣਾਈ ਸੀ। ਵਿਰੋਧੀ ਧਿਰ ਦੇ ਮੈਂਬਰਾਂ ਨਾਲ ਨਜਿੱਠਣ ਲਈ ਸਰਨਾ ਨੇ ਗੁਰਦੁਆਰਾ ਕੰਪਲੈਕਸ ਵਿੱਚ ਪੁਲੀਸ ਦੇ ਬੈਰੀਕੇਡ ਲਗਵਾ ਕੇ ਆਪਣੀ ‘ਸੁਰੱਖਿਆ’ ਦਾ ਇੰਤਜ਼ਾਮ ਕਰਵਾ ਲਿਆ ਸੀ।
ਬੁੱਧਵਾਰ ਦੁਪਹਿਰ ਲਗਭਗ 2 ਵਜੇ, ਜਦ ਦਿੱਲੀ ਕਮੇਟੀ ਦੀ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਉਕਤ ਪਾਰਕ ਵਿੱਚ ਵਿਰੋਧ-ਪ੍ਰਦਰਸ਼ਨ ਅਰੰਭ ਹੋਇਆ, ਤਾਂ ਇਸ ਮੌਕੇ ਹੋ ਰਹੀਆਂ ਤਕਰੀਰਾਂ ਦੌਰਾਨ ਮੈਂਬਰਾਂ ਵਿੱਚ ਏਨਾ ‘ਜੋਸ਼’ ਆ ਗਿਆ ਕਿ ਉਹ ਪੁਲੀਸ ਦੇ ਬੈਰੀਕੇਡਾਂ ਨੂੰ ਧਕੇਲ ਕੇ, ਜ਼ਬਰੀ ਕਮੇਟੀ ਦੇ ਦਫ਼ਤਰ ਅੰਦਰ ਵੜਨ ਲਈ ਦੌੜ ਪਏ। ਸਰਨਾ ਦੀ ਕਥਿਤ ‘ਟਾਸਕ ਫੋਰਸ’ ਵੱਲੋਂ ਕਮੇਟੀ ਦਫ਼ਤਰ ਦਾ ਗੇਟ ਬੰਦ ਕਰਦਿਆਂ-ਕਰਦਿਆਂ 2-3 ਮੈਂਬਰ ਅਤੇ ਸਮਰਥਕ, ਦਫ਼ਤਰ ਅੰਦਰ ਦਾਖ਼ਲ ਹੋ ਗਏ। ਟਾਸਕ ਫੋਰਸ ਦੇ ਹਥਿਆਰਬੰਦ ਲੋਕਾਂ ਨੇ ਕਮੇਟੀ ਮੈਂਬਰਾਂ ਨੂੰ ਤਾਂ ਕੋਈ ਨੁਕਸਾਨ ਨਾ ਪੁਚਾਇਆ ਪਰ ਉਨ੍ਹਾਂ ਦੇ ਸਮਰਥਕਾਂ ਦੀ ਕਾਫ਼ੀ ਪਿਟਾਈ ਕੀਤੀ ਗਈ। ਦੂਜੇ ਪਾਸੇ, ਦਫ਼ਤਰ ਅੰਦਰ ਵੜ ਨਾ ਸਕਣ ਵਾਲੇ ਮੈਂਬਰ ਅਤੇ ਉਨ੍ਹਾਂ ਦੇ ਸਮਰਥਕ ਬਾਹਰ ਹੀ ਰੌਲਾ-ਰੱਪਾ ਪਾਉਂਦੇ ਰਹੇ।
|
|
|
|
ਸੋਨੀਆ ਗਾਧੀ ਵਾਂਗ
ਆਪਣੇ ਸਮਰਥਕਾਂ ਨੂੰ ‘ਟਾਟਾ’ ਕਰਦਿਆਂ |
ਵਿਰੋਧੀਆਂ ਨੂੰ
‘ਸਬਕ’ ਸਿਖਾਉਣ ਉਪਰੰਤ ਮੁਸਕਰਾਉਂਦਿਆਂ |
ਇਸ ਮੌਕੇ, ਦਿੱਲੀ ਨਗਰ ਨਿਗਮ ਦਾ ਇਕ ਸਾਬਕਾ ਨਿਗਮ ਪਾਰਸ਼ਦ, ਜੋ ਅਜਿਹੇ ਮੌਕਿਆਂ ਨੂੰ ਸ਼ੋਹਰਤ ਖੱਟਣ ਵਾਸਤੇ ਵਰਤਣ ਵਿੱਚ ਅਤਿ ਮਾਹਿਰ ਸਮਝਿਆ ਜਾਂਦਾ ਹੈ, ਨੇ ਆਪਣੇ ਤਜ਼ਰਬੇ ਦੀ ਮੁੜ ਵਰਤੋਂ ਕੀਤੀ ਅਤੇ ਮੌਕੇ ’ਤੇ ਮੌਜੂਦ ਪੁਲੀਸ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਵਿਰੋਧ-ਪ੍ਰਦਰਸ਼ਨ ਕਰ ਰਹੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਦੀ ਬੱਸ ਮੰਗਵਾ ਲਈ ਜਾਏ। ਇਸ ਡ੍ਰਾਮੇ ਤੋਂ ਜਲਦੀ ਰਾਹਤ ਪਾਉਣ ਲਈ ਪੁਲੀਸ ਅਧਿਕਾਰੀ ਨੇ ਵੀ ਇਕ ਪੁਲੀਸ ਬੱਸ ਮੰਗਵਾ ਲਈ ਅਤੇ ਪ੍ਰਦਰਸ਼ਨ ਕਰ ਰਹੇ ਆਗੂ ਫਟਾਫਟ ਉਸ ਸਰਕਾਰੀ ਬੱਸ ’ਤੇ ਇਉਂ ਜਾ ਚੜ੍ਹੇ, ਜਿਵੇਂ ਉਹ ਪਿਕਨਿਕ ਮਨਾਉਣ ਲਈ ਜਾ ਰਹੇ ਹੋਣ। ਇਨ੍ਹਾਂ ਆਗੂਆਂ ਥਾਨਾ ਪਾਰਲੀਆਮੈਂਟ ਸਟ੍ਰੀਟ ਵਿਖੇ ਲਿਜਾਇਆ ਗਿਆ, ਜਿੱਥੇ ਕੁਝ ਸਰਕਾਰੀ ਖਾਨਾਪੂਰਤੀਆਂ ਉਪਰੰਤ ਉਨ੍ਹਾਂ ਨੂੰ ‘ਰਿਹਾਅ’ ਕਰ ਦਿੱਤਾ ਗਿਆ। ਇਸ ਤਰ੍ਹਾਂ, ਸਿੱਖ ਆਗੂਆਂ ਦੀ ਇਕ ਧਿਰ ਨੇ ਆਪਣੀ ਗੁੰਡਾਗਿਰੀ ਅਤੇ ਦੂਜੀ ਧਿਰ ਨੇ ਗ੍ਰਿਫ਼ਤਾਰ ਹੋਕੇ ਆਪਣੇ ਮਜ਼ਲੂਮਪੁਣੇ ਦਾ ਨਾਟਕ ਕਰ ਲਿਆ।
ਗੁਰਦੁਆਰਾ ਰਕਾਬ ਗੰਜ ਬਣਿਆ ਖਾਨਾਜ਼ੰਗੀ ਦਾ ਕੇਂਦਰ
ਸਿੱਖ ਆਗੂਆਂ ਵੱਲੋਂ ਚੌਧਰ ਜਮਾਉਣ ਅਤੇ ਸਿਆਸੀ ਲਾਭ ਪ੍ਰਾਪਤ ਕਰਨ ਖ਼ਾਤਰ ਗੁਰੂ ਘਰਾਂ ਦੀ ਬੇਅਦਬੀ ਕਰਨ ਦੀ ਕਾਰਵਾਈ ਇਥੋਂ ਤੱਕ ਹੀ ਸੀਮਤ ਨਹੀਂ ਰਹੀ। 11 ਮਾਰਚ ਨੂੰ ਦਿੱਲੀ ਦੇ ਇਤਿਹਾਸ ਗੁ: ਰਕਾਬ ਗੰਜ ਸਾਹਿਬ ਦਾ ਕੰਪਲੈਕਸ ਪੁਲੀਸ ਦੀ ਛਾਵਨੀ ਵਿੱਚ ਹੀ ਤਬਦੀਲ ਹੋ ਗਿਆ। ਇਸ ਦੀ ਵਜ੍ਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਪੰਥਕ ਦੇ ਆਗੂਆਂ ਨੇ ਦਿੱਲੀ ਕਮੇਟੀ ਦੇ ਅੰਤ੍ਰਿੰਗ ਬੋਰਡ ਦੀਆਂ ਚੋਣਾਂ ਨਾ ਕਰਵਾਏ ਜਾਣ ਕਾਰਨ, ਸਾਂਝੇ ਤੌਰ ’ਤੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਵਿਰੋਧੀ ਦਲਾਂ ਦੀ ਇਸ ਸਾਂਝੀ ਮੁਹਿੰਮ ਦੌਰਾਨ ਕੁਰਸੀ ’ਤੇ ਆਪਣੀ ਪਕੜ ਬਰਕਰਾਰ ਰੱਖਣ ਲਈ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਪੁਲੀਸ ਦੀ ਮਦਦ ਲਈ, ਜਿਸ ਦੇ ਮੁਲਾਜ਼ਮਾਂ ਨੇ ਗੁਰਦਆਰਾ ਸਾਹਿਬ ਵਿੱਚ ਥਾਂ-ਥਾਂ ’ਤੇ ਬੈਰੀਕੇਡ ਲਗਾ ਕੇ, ਕਮੇਟੀ ਦੇ ਦਫ਼ਤਰ ਅਤੇ ਅਹੁਦੇਦਾਰਾਂ ਦੀ ‘ਹਿਫਾਜ਼ਤ’ ਦਾ ਪ੍ਰਬੰਧ ਕੀਤਾ।
ਇਸ ਪ੍ਰਦਰਸ਼ਨ ਦੌਰਾਨ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਹਿੱਤ ਨੇ ਸਰਨਾ ਭਰਾਵਾਂ ਦੀ ਤੁਲਨਾ ‘ਮਸੰਦਾਂ’ ਨਾਲ ਕਰਦਿਆਂ ਕਿਹਾ ਕਿ ਅੱਜ ਨਨਕਾਣਾ ਸਾਹਿਬ ਦੇ ਸਾਕੇ ਵਾਲਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ ਕਿਉਂਕਿ ਸਿੱਖ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆਪਣੇ ਹੱਥ ਲੈਣਾ ਚਾਹੁੰਦੇ ਹਨ ਜਦਕਿ ਮਸੰਦ ਸਰਕਾਰੀ ਸ਼ਹਿ ਨਾਲ ਸਿੱਖਾਂ ’ਤੇ ਜ਼ੁਲਮ ਕਰਨ ਲਈ ਤਿਆਰ ਬੈਠੇ ਹਨ। ਸ਼੍ਰੋਮਣੀ ਅਕਾਲੀ ਦਲ ਪੰਥਕ ਦੇ ਪ੍ਰਧਾਨ ਸ੍ਰ: ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਸਰਨਾ ਭਰਾਵਾਂ ਨੇ ਕਮੇਟੀ ਵਿੱਚ ਕਥਿਤ ਤੌਰ ’ਤੇ ਏਨਾ ਭ੍ਰਿਸ਼ਟਾਚਾਰ ਫੈਲਾ ਦਿੱਤਾ ਹੈ ਕਿ ਕਮੇਟੀ ਦਾ ਬੈਂਕ ਬੈਲੇਂਸ ਖ਼ਤਮ ਹੋ ਗਿਆ ਹੈ ਅਤੇ ਹੁਣ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣੀਆਂ ਔਖੀਆਂ ਹੋ ਗਈਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕਮੇਟੀ ਦੇ ਸਕੂਲਾਂ ਵਿੱਚ ਮੋਟੀਆਂ ਰਕਮਾਂ ਵਸੂਲ ਕੇ ਅਜਿਹੀਆਂ ਬੀਬੀਆਂ ਨੂੰ ਅਧਿਆਪਕਾਵਾਂ ਵਜੋਂ ਮਨੋਨੀਤ ਕਰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਲਿਆਕਤ ਇਕ ਕਲਰਕ ਬਣਨ ਦੀ ਵੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਸਰਨਾ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵਾਅਦਾ ਕੀਤਾ ਕਿ ਸੀ ਕਿ ਉਹ ਅੰਤ੍ਰਿੰਗ ਬੋਰਡ ਦੀ ਚੋਣ ਲਈ, ਬੋਰਡ ਦੀ ਹੋਂਦ ਦੇ 365 ਤੋਂ ਇਕ ਦਿਨ ਵੀ ਵੱਧ ਨਹੀਂ ਹੋਣ ਦੇਣਗੇ; ਪਰ ਹੁਣ ਉਹ ਆਪਣੇ ਵਾਅਦੇ ਤੋਂ ਸਾਫ਼ ਮੁੱਕਰ ਗਏ ਹਨ।
ਬਾਦਲ ਅਤੇ ਪੰਥਕ ਦਲਾਂ ਦੇ ਆਗੂਆਂ ਨੇ ਗੁ: ਰਕਾਬ ਗੰਜ ਸਾਹਿਬ ਦੇ ਲਾਨ ਵਿੱਚ ਇਸ ਤਰ੍ਹਾਂ ਦੀ ਜਜ਼ਬਾਤੀ ਭਾਸ਼ਣਬਾਜ਼ੀ ਤਾਂ ਬਹੁਤ ਕੀਤੀ ਪਰ ਉਨ੍ਹਾਂ ਨੇ ਆਪਣੇ ਨਾਲ ਲਿਆਂਦੇ ‘‘ਗੋਲੀਆਂ ਖਾ ਕੇ ਗੁਰਦੁਆਰੇ ਅਜ਼ਾਦ ਕਰਵਾਵਾਂਗੇ’’ ਵਾਲੇ ਬੈਨਰਾਂ ’ਤੇ ਅਮਲ ਨਹੀਂ ਕੀਤਾ। ਹਾਂ, ਉਨ੍ਹਾਂ ਨਾਲ ਆਈਆਂ ਕੁਝ ਬੀਬੀਆਂ ਨੇ ਸਰਨਾ ਭਰਾਵਾਂ ਦਾ ਪਿੱਠ-ਸਿਆਪਾ ਜ਼ਰੂਰ ਕੀਤਾ। ਦੂਜੇ ਪਾਸੇ, ਪਰਮਜੀਤ ਸਿੰਘ ਸਰਨਾ ਨੇ ਗੁਰਦੁਆਰਾ ਕਮੇਟੀ ਦੇ ਦਫ਼ਤਰ ਨੂੰ ਤਾਲੇ ਲਗਵਾ ਦਿੱਤੇ ਅਤੇ ਵਿਰੋਧੀ ਧਿਰਾਂ ਦੇ ਕਾਰਕੁੰਨਾਂ ਦੀ ਪਿਟਾਈ ਕਰਨ ਵਾਸਤੇ ਟਾਸਕ-ਫੋਰਸ ਵੀ ਤੈਨਾਤ ਕਰਵਾ ਦਿੱਤੀ। (ਇਹ ਗੱਲ ਵੱਖਰੀ ਹੈ ਕਿ ਸਰਨਾ ਅਤੇ ਪੁਲੀਸ ਦੀ ਨੀਤੀ ਨੂੰ ਭਾਂਪਦਿਆਂ ਅਕਾਲੀ ਦਲ ਬਾਦਲ ਜਾਂ ਪੰਥਕ ਦੇ ਆਗੂਆਂ ਨੇ ਕੋਈ ਟਕਰਾਅਪੂਰਨ ਕਾਰਵਾਈ ਨਹੀਂ ਕੀਤੀ।) ਇਸਦੇ ਇਲਾਵਾ, ਸਰਨਾ ਨੇ ਅਗਲੇ ਦਿਨ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਕਰਕੇ, ਅੰਤ੍ਰਿੰਗ ਬੋਰਡ ਦੀਆਂ ਚੋਣਾਂ ਨਾ ਕਰਵਾਉਣ ਦੇ ਆਪਣੇ ਫੈਸਲੇ ਨੂੰ ਇਹ ਕਹਿਕੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਕਿ ਜਥੇ: ਅਵਤਾਰ ਸਿੰਘ ਹਿੱਤ ਨੇ ਵੀ, ਕਮੇਟੀ ਪ੍ਰਧਾਨ ਹੋਣ ਸਮੇਂ ਢਾਈ ਸਾਲਾਂ ਤੱਕ ਅੰਤ੍ਰਿੰਗ ਬੋਰਡ ਦੀਆਂ ਚੋਣਾਂ ਨਹੀਂ ਕਰਵਾਈਆਂ ਸਨ।
ਦਿੱਲੀ ਦੇ ਸਿੱਖ ਬੁੱਧੀਜੀਵੀਆਂ ਵੱਲੋਂ ਅਕਾਲੀਆਂ ਦੇ ਅਜਿਹੇ ਵਰਤਾਰੇ ਦੀ ਨਿੰਦਾ ਕੀਤੀ ਜਾ ਰਹੀ ਹੈ। ਪਰ ਦਿੱਲੀ ਦੇ ਚੇਤੰਨ ਸਿੱਖਾਂ ਵੱਲੋਂ ਇਸ ਸਾਰੇ ਘਟਨਾ-ਕ੍ਰਮ ਦੀ ਭਰਪੂਰ ਨਿੰਦਾ ਕੀਤੀ ਜਾ ਰਹੀ ਹੈ। ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖ ਆਗੂਆਂ ਵੱਲੋਂ ਚੌਧਰ ਖਾਤਿਰ ਜਨਤੱਕ ਤੌਰ ’ਤੇ ਆਪਸੀ ਲੜਾਈਆਂ ਕਰਨ, ਗੁਰਦੁਆਰਾ ਕਮੇਟੀ ਦੇ ਪ੍ਰਬੰਧ ਵਿੱਚ ਪੁਲੀਸੀਆ ਦਖ਼ਲਅੰਦਾਜ਼ੀ ਕਰਵਾਉਣ, ਟਾਸਕ ਫੋਰਸ ਦੇ ਨਾਮ ’ਤੇ ਲੱਠਮਾਰਾਂ ਦੀ ਫੌਜ ਰਾਹੀਂ ਗੁੰਡਾ-ਬਿਰਤੀ ਦਾ ਪ੍ਰਦਰਸ਼ਨ ਕਰਨ ਅਤੇ ਕੁਰਸੀ ਪ੍ਰਾਪਤੀ ਖਾਤਿਰ ਗ੍ਰਿਫ਼ਤਾਰੀਆਂ ਦੇਣ ਜਿਹੀਆਂ ਕਾਰਵਾਈਆਂ ਨਾਲ, ਗੈਰ-ਸਿੱਖਾਂ ਵਿੱਚ ਸਿੱਖ ਕੌਮ ਹਾਸੇ ਦਾ ਪਾਤਰ ਬਣਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਸਮਾਂ ਸੀ ਜਦ ਗੁਰਦੁਆਰਾ ਸਾਹਿਬ ਵਿੱਚ ਬਾ-ਵਰਦੀ ਪੁਲੀਸ ਕਰਮਚਾਰੀ ਦਾਖ਼ਲ ਹੋ ਜਾਣ ’ਤੇ ਸਾਰੀ ਕੌਮ ਵਿਰੋਧ ’ਚ ਖੜੀ ਹੋ ਜਾਂਦੀ ਸੀ, ਪਰ ਅਜੋਕੇ ਸਿੱਖ ਆਗੂ ਖ਼ੁਦ ਹੀ ਗੁਰਦੁਆਰਾ ਪ੍ਰਬੰਧ ਵਿੱਚ ਪੁਲੀਸੀਆ ਦਖ਼ਲਅੰਦਾਜ਼ੀ ਕਰਵਾ ਰਹੇ ਹਨ। ਕੁਝ ਪੰਥ-ਦਰਦੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦ ਨਵੰਬਰ 84 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਲੈ ਕੇ ਵਿਰੋਧ ਪ੍ਰਦਸ਼ਨਾਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਅਜਿਹੇ ਅਖੌਤੀ ਆਗੂ ਬਾ-ਮੁਸ਼ਕਿਲ 25-30 ਵਿਅਕਤੀ ਇਕੱਠੇ ਕਰਕੇ ਪ੍ਰਦਰਸ਼ਨ ਦੀ ਰਸਮ ਪੂਰੀ ਕਰ ਲੈਂਦੇ ਹਨ ਪਰ ਕੁਰਸੀ ’ਤੇ ਕਾਬਿਜ਼ ਹੋਣ ਲਈ ਇਹ ਲੋਕ ਖ਼ਾਸ ਤੌਰ ’ਤੇ ਬੱਸਾਂ ਭਰ-ਭਰ ਕੇ ਅਤੇ ਦਿਹਾੜੀ ਦੇ ਕੇ ਲੋਕਾਂ ਨੂੰ ਇਕੱਠਾ ਕਰ ਲੈਂਦੇ ਹਨ - ਜੋਕਿ ਅਤਿ ਸ਼ਰਮਨਾਕ ਰੁਝਾਨ ਹੈ। ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਕੁਰਸੀ ’ਤੇ ਕਾਬਿਜ਼ ਹੋਣ ਦੀ ਦੌੜ ਵਿੱਚ ਕੋਈ ਵੀ ਅਕਾਲੀ ਦਲ ਘੱਟ ਨਹੀਂ ਅਤੇ ਹਰ ਆਗੂ ਸਾਮ, ਦਾਮ, ਦੰਡ, ਭੇਦ ਵਰਤਣ ਵਿੱਚ ਕੋਈ ਹਰਜ਼ ਨਹੀਂ ਸਮਝਦਾ।