

ਸਿੱਖੀ ਵੇਸ ਵਾਲੇ ਬੇਸ਼ਰਮ ਪ੍ਰਚਾਰਕਾਂ ਵੱਲੋਂ ਤ੍ਰਿਆ-ਚਰਿੱਤਰਾਂ ਦੀਆਂ ਗੰਦੀਆਂ ਕਹਾਣੀਆਂ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦਾ ਚਰਿੱਤਰ-ਹਨਨ
- ਸਰਵਜੀਤ ਸਿੰਘ, ਸੈਕਰਾਮੈਂਟੋ, ਯੂ.ਐਸ.ਏ. -
ਦਸਮ ਗ੍ਰੰਥ ਦੇ ਹਮਾਇਤੀ, ਝੂਠ ਬੋਲਦਿਆਂ ਕਿਸ ਹੱਦ ਤੱਕ ਨੀਵੇਂ ਗਿਰ ਸਕਦੇ ਹਨ, ਇਸਦੀ ਮਿਸਾਲ 23 ਫਰਵਰੀ 2008 ਨੂੰ ਸੈਕਰਾਮੈਂਟੋ ਸਿੱਖ ਸੋਸਾਇਟੀ, ਦਮਦਮੀ ਟਕਸਾਲ ਅਤੇ ਖ਼ਾਲਸਾ ਅਲਾਇੰਸ ਵੱਲੋਂ ਕਰਵਾਏ ਗਏ ‘ਸ੍ਰੀ ਦਸਮ ਗ੍ਰੰਥ ਸਾਹਿਬ ਬਾਰੇ ਅੰਤਰ-ਰਾਸ਼ਟਰੀ ਸੈਮੀਨਾਰ’ ਵਿੱਚ ਗਿ: ਸਵਿੰਦਰ ਸਿੰਘ ਦੀ ਤਕਰੀਰ ਤੋਂ ਹੋ ਗਈ। ਸੈਮੀਨਾਰ ਵਿੱਚ ਭਾਸ਼ਣ ਦਿੰਦਿਆਂ ਗਿ: ਸਵਿੰਦਰ ਸਿੰਘ ਨੇ ਸੰਗਤਾਂ ਨੂੰ ਕੁਝ ਇਸ ਕਿਸਮ ਦੀ ਜਾਣਕਾਰੀ ਦਿੱਤੀ :
‘‘ਸਾਧ ਸੰਗਤ ! ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੇ ਚਰਿੱਤਰ ਲਿਖੇ ਨੇ, ਉਨ੍ਹਾਂ ਵਿੱਚ ਮੇਰੇ ਗੁਰੂ ਗੋਬਿੰਦ ਸਿੰਘ ਨੇ ਆਪਣਾ ਚਰਿੱਤਰ ਵੀ ਲਿਖਿਆ। ਸਾਧ ਸੰਗਤ, ਜੇ ਕੋਈ ਕਹੇ ਕਵੀਆਂ ਨੇ ਲਿਖੇ ਨੇ, ਤਾਂ ਗੁਰੂ ਗੋਬਿੰਦ ਸਿੰਘ-ਅਨੂਪ ਕੌਰ ਦਾ ਚਰਿੱਤਰ ਕਿੱਦਾਂ ਆ ਗਿਆ ਉਹਦੇ ਵਿੱਚ? ਇਸ ਕਰਕੇ (ਗੁਰੂ ਸਾਹਿਬ ਨੇ) ਆਪ ਲਿਖੇ ਨੇ। ਅਨੂਪ ਕੌਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛਲਣ ਦੀ ਕੋਸ਼ਿਸ਼ ਕੀਤੀ। ਕਿ ਗੁਰੂ ਮਹਾਰਾਜ ਬੜਾ ਬਲੀ-ਯੋਧਾ ਹੈ, ਮੈਂ ਛਲ ਕੇ ਵਿਖਾਉਣੀ ਹਾਂ। ਔਰ ਉਹ ਇਕ ਬੰਦੇ ਦਾ ਰੂਪ ਧਾਰ ਕੇ, ਜੋਗੀ ਬਣ ਕੇ, ਆਪਣੇ ਨਾਲ ਚੇਲੇ-ਚਾਟੜੇ ਬਣਾ ਕੇ, ਇਕ ਆਪਣੇ ਆਪ ਵਿੱਚ ਜੋਗੀ ਮਹਾਤਮਾ ਬਣਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੁਨੇਹਾ ਭੇਜਿਆ ਕਿ ਮਹਾਰਾਜ ਸਾਡੇ ਗੁਰੂ ਨੇ ਤੁਹਾਡੇ ਨਾਲ ਬਚਨ-ਬਿਲਾਸ ਕਰਨੇ ਨੇ। ਗੁਰੂ ਜਾਣੀ ਜਾਣ ਸਨ। ਪਤਾ ਸੀ ਕਿ ਛਲ ਹੈ, ਧੋਖਾ ਹੈ। ਸਭ ਕੁਝ ਜਾਣਦੇ ਨੇ ਪਰ ਕਿਉਂਕਿ ਸਾਨੂੰ ਸਮਝਾਉਣ ਲਈ ਕੋਈ ਜਤਨ ਤਾਂ ਕਰਨਾ ਸੀ ਨਾ...।
ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਕਬੂਲ ਕੀਤਾ। ਗੁਰੂ ਸਾਹਿਬ ਜੀ ਦੇ ਨਾਲ ਉਸਨੇ ਇਕੱਲੀ ਨੇ। ਜੋਗੀ ਦੇ ਰੂਪ ਵਿੱਚ ਕਹਿਣ ਲੱਗੀ, ਜੀ ਤੁਹਾਡੇ ਇਕੱਲਿਆਂ ਦੇ ਨਾਲ ਮੈਂ ਬਚਨ ਕਰਨੇ। ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ। ਇਕੱਲਿਆਂ ਨਾਲ ਹੋਣ ਕਰਕੇ ਜਦੋਂ ਹਜ਼ੂਰ ਨਾਲ ਬਚਨ ਕੀਤੇ, ਉਸਨੇ ਆਪਣੇ ਛਲ ਗੁਰੂ ਸਾਹਿਬ ’ਤੇ ਬਰਤਾਉਣ ਦੀ ਕੋਸ਼ਿਸ਼ ਕੀਤੀ। ਜਿਹੜਾ ਗੁਰੂ ਹੋ ਕੇ ਸਿੱਖ ਦੀ ਪੈਜ ਨਾ ਰੱਖੇ, ਤੇ ਸਹੀ ਉਪਦੇਸ਼ ਨਾ ਦੇਵੇ, ਫਿਰ ਉਹ ਗੁਰੂ ਵੀ ਪੂਰਾ ਨਹੀਂ। ਇਸਲਈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਉਸਨੇ ਜਦੋਂ ਫੇਰ ਸਾਨੂੰ ਪ੍ਰੇਰਿਆ, ਅਸੀਂ ਉਸਨੂੰ ਮਨ੍ਹਾਂ ਕੀਤਾ, ਉਸਨੇ ਅਨੇਕ ਪ੍ਰਕਾਰ ਦੀਆਂ ਟਾਂਚਾਂ ਕੀਤੀਆਂ, ਤਾਨ੍ਹੇ ਮਾਰੇ ਕਿ ਵੱਡਾ ਸੂਰਮਾ ਅਖਵਾਉਨਾ ਜਾਂ ਮੇਰੀ ਲੱਤ ਥੱਲੋਂ ਲੰਘ ਜਾਹ, ਨਹੀਂ ਤੇ ਮੇਰੀ ਗੱਲ ਮੰਨ ਲੈ...।
ਸਾਧ-ਸੰਗਤ, ਜਿਨ੍ਹਾਂ ਦੇ ਮਨਾਂ ਦੇ ਵਿੱਚ ਕਚਿਆਈ ਹੁੰਦੀ ਆ ਨਾ, ਚਰਿੱਤਰ ਪੜ੍ਹ ਕੇ ਮਨ ਉਨ੍ਹਾਂ ਦੇ ਡੋਲਦੇ ਹਨ। ਆਹ ਸਾਡੇ ਭੈਣ ਜੀ ਬੈਠੇ ਨੇ। ਕਹਿੰਦੇ ਮੈਂ ਸਾਰਾ ਦਸਮ ਗ੍ਰੰਥ ਪੜ੍ਹਿਆ। ਕਹਿੰਦੇ ਕਿਹੜੈ ਜਿਹੜਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨਹੀਂ। ਸਾਧ ਸੰਗਤ, ਅੰਦਰੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਸ਼ ਹੋਵੇ, ਫਿਰ ਜਿੱਦਾਂ ਆਹ ਬਚਨ ਲਿਖੇ, ਪੜ੍ਹ ਲਉ। ਬਚਨ ਕੀਤੇ ਨਾ, ਕੈਰ ਬੁਜ਼ਦਿਲ ਜਿਹੜੇ ਉਹ ਨਹੀਂ ਬਾਣੀ ਪੜ੍ਹ ਸਕਦੇ, ਜਿਹੜੇ ਸੂਰਮੇ ਯੋਧੇ ਨੇ ਉਹੋ ਹੀ ਦਸਮ ਪਾਤਸ਼ਾਹ ਦੀ ਬਾਣੀ ਪੜ੍ਹ ਸਕਦੇ। ਇਸ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਸ ਵੇਲੇ ਅਨੂਪ ਕੌਰ ਨੇ ਚਰਿੱਤਰ ਵਰਤੇ; ਤਾਂ ਦਸਮ ਪਾਤਸ਼ਾਹ ਹਜ਼ੂਰ ਨੇ ਕੀ ਉਪਦੇਸ਼ ਦਿੱਤਾ। ਹੈ ਨਾ ਪੂਰਾ ਗੁਰੂ? ਇਕਾਂਤ ਹੋਵੇ, ਜਿੱਥੇ ਕੋਈ ਦੇਖਦਾ ਨਾ ਹੋਵੇ, ਕਿਸੇ ਦਾ ਕੋਈ ਡਰ ਨਾ ਹੋਵੇ, ਉਹਦੇ ਕੋਲ ਸਾਬਤ ਰਹਿਣਾ ਤੇ ਉਹਨੂੰ ਵੀ ਸਿੱਖਿਆ ਦੇਣੀ। ਉੱਥੇ ਦਸਮ ਪਾਤਸ਼ਾਹ ਜੀ ਨੇ ਕਿਹਾ :
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ।
ਪੂਤ ਇਹੈ ਪ੍ਰਾਨ ਤੋਹਿ ਜਬ ਲਗ ਗਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ।
ਪਰ ਨਾਰੀ ਕੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ।
ਜ਼ਰਾ ਖਿਆਲ ਕਰੋ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਅਨੂਪ ਕੌਰੇ, ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਆਹ ਗੱਲ ਕਹੀ ਹੋਈ ਐ। ਇਹਦਾ ਮਲਬਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਨੂੰ ਕਿਹਾ ਸੀ ਕਿ ਤੁਸੀਂ ਆਪਣੀ ਏਕਾ ਨਾਰੀ ਜਤੀ ਵਿੱਚ ਰਹਿਣਾ, ਪਰਾਈ ਨਾਰੀ ਨੂੰ ਸੁਫਨੇ ਵਿੱਚ ਵੀ ਨਹੀਂ ਦੇਖਣਾ। ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਮਝਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੰਥ ਵਾਸਤੇ (ਦਸਮ ਗ੍ਰੰਥ ਦੇ ਰੂਪ ਵਿੱਚ) ਲਿਖਤ ਕਰ ਦਿੱਤੀ, ਮੇਰਾ ਪੰਥ ਇਸ ਤੋਂ ਸਾਵਧਾਨ ਰਹੇ, ਧੋਖਾ ਨਾ ਖਾਵੇ।’’
ਸਤਿਕਾਰ ਯੋਗ ਪਾਠਕੋ ! ਇਹ ਹਨ ਉਹ ਕਹਾਣੀ ਜੋ ਸਾਬਕਾ ਜੱਥੇਦਾਰ ਸਿੰਘ ਸਾਹਿਬ ਗਿਆਨੀ ਸਵਿੰਦਰ ਸਿੰਘ ਜੀ ਨੇ ਅੰਤਰ-ਰਾਸ਼ਟਰੀ ਸੈਮੀਨਾਰ ਵਿੱਚ ਹਾਜ਼ਰ ਸੀਮਤ ਜਿਹੀ ਗਿਣਤੀ ਦੇ ਸਰੋਤਿਆਂ ਨਾਲ ਸਾਂਝੀ ਕੀਤੀ। ਪਰ ਧਿਆਨ ਦੇਣ ਯੋਗ ਤੱਥ ਇਹ ਹੈ ਕਿ ਇਹ ਕੋਈ ਇਕ ਕਹਾਣੀ/ਚਰਿੱਤਰ ਨਹੀਂ ਬਲਕਿ ਕਈ ਚਰਿੱਤਰਾਂ ਦਾ ਰਲਗੱਡ ਹੈ। ਅਨੂਪ ਕੌਰ ਦੀ ਕਹਾਣੀ ਤਿੰਨ ਚਰਿੱਤਰਾਂ (21, 22 ਅਤੇ 23) ਵਿੱਚ ਦਰਜ ਹੈ। ਇਨ੍ਹਾਂ ਚਰਿੱਤਰਾਂ ਵਿੱਚ ਔਰਤ ਵੱਲੋਂ ਜੋਗੀ ਦਾ ਭੇਖ ਧਾਰਨ ਕਰਨ ਵਾਲੀ ਕਹਾਣੀ ਦਰਜ ਨਹੀਂ ਹੈ। ਔਰਤ ਵੱਲੋਂ ਜੋਗੀ ਦਾ ਭੇਖ ਧਾਰਨ ਵਾਲੀ ਕਹਾਣੀ ਤਾਂ ਚਰਿੱਤਰ ਨੰ: 16 ਵਿੱਚ ਦਰਜ ਹੈ। ਚਰਿੱਤਰਾਂ ਵਿੱਚ ਦਰਜ ਕਹਾਣੀਆਂ ਮੁਤਾਬਿਕ ਵੀ, ਜੋਗੀ ਦਾ ਭੇਖ ਅਨੂਪ ਕੌਰ ਨੇ ਨਹੀਂ ਸੀ ਧਾਰਿਆ - ਇਹ ਤਾਂ ਚਰਿੱਤਰ ਨੰ: 16 ਦੀ ਛਜੀਆ ਉਰਫ਼ ਲਧੀਆਂ ਵੱਲੋਂ ਧਾਰਿਆ ਗਿਆ ਸੀ। ਪਰ ਗਿ: ਸਵਿੰਦਰ ਸਿੰਘ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸਰੋਤਿਆਂ ਨੇ ਦਸਮ ਗ੍ਰੰਥ ਨੂੰ ਪੜ੍ਹਿਆ ਨਹੀਂ ਹੋਇਆ। ਇਨ੍ਹਾਂ ਨੇ ਤਾਂ ਅੰਨ੍ਹੀ ਸ਼ਰਧਾ ਵੱਸ ਵਾਹਿਗੁਰੂ-ਵਾਹਿਗੁਰੂ ਹੀ ਕਰੀ ਜਾਣਾ ਹੈ - ਇਨ੍ਹਾਂ ਨੂੰ ਜੋ ਮਰਜ਼ੀ ਸੁਣਾ ਦਿਓ।
ਆਓ ਆਪਾਂ ਪਹਿਲਾਂ ਚਰਿੱਤਰ ਨੰ: 16 ਵਿੱਚ ਦਰਜ ਛਜੀਆ ਵੱਲੋਂ ਜੋਗੀ ਦਾ ਭੇਖ ਧਾਰਨ ਵਾਲੀ ਪੂਰੀ ਕਹਾਣੀ ’ਤੇ ਝਾਤ ਮਾਰੀਏ :
‘‘ਸਤਲੁਜ ਦੇ ਕੰਢੇ ਇਕ ਰਾਜਾ ਰਹਿੰਦਾ ਸੀ, ਉੱਥੇ ਇਕ ਛਜੀਆ ਉਰਫ਼ ਲਧੀਆ ਨਾਮ ਦੀ ਰਾਜਜਨੀ ਆਈ, ਜੋ ਰਾਜੇ ’ਤੇ ਮੋਹਿਤ ਹੋ ਗਈ ਅਤੇ ਉਸਨੂੰ ਮਿਲਣ ਬਾਰੇ ਸੋਚਣ ਲੱਗੀ। ਉਸਨੇ ਜੋਗੀ ਦਾ ਭੇਖ ਧਾਰਨ ਕੀਤਾ ਅਤੇ ਰਾਜੇ ਦੇ ਦਰਬਾਰ ਵਿੱਚ ਆ ਹਾਜ਼ਰ ਹੋਈ। ਜੋਗੀ ਨੂੰ ਦੇਖ ਕੇ ਰਾਜਾ ਬੜਾ ਪ੍ਰਸੰਨ ਹੋਇਆ ਅਤੇ ਉਸ ਤੋਂ ਮੰਤ੍ਰ ਸਿੱਖਣ ਬਾਰੇ ਸੋਚਣ ਲੱਗਾ। ਰਾਜੇ ਨੇ ਆਪਣੀ ਇਹ ਇੱਛਾ ਆਪਣੇ ਸੇਵਕ ਰਾਹੀਂ ਜੋਗੀ ਤਾਈਂ ਪੁਜਦੀ ਕੀਤੀ। ਜੋਗੀ ਨੇ ਕਿਹਾ ਜੇ ਰਾਜਾ ਅੱਧੀ ਰਾਤ ਨੂੰ ਮੇਰੇ ਘਰ ਆਵੇ ਤਾਂ ਗੋਰਖ ਦੀ ਕ੍ਰਿਪਾ ਨਾਲ ਨਿਰਾਸ਼ ਨਹੀਂ ਜਾਵੇਗਾ। ਜਦੋਂ ਰਾਜਾ ਜੋਗੀ ਦੇ ਕੋਲ ਆਇਆ ਤਾਂ ਜੋਗੀ ਨੇ ਕਿਹਾ ਕਿ ਆਪਣੇ ਸਾਰੇ ਬੰਦੇ ਭੇਜ ਦਿਉ ਅਤੇ ਧੂਫ, ਦੀਪ, ਚਾਵਲ ਤੇ ਚੰਗੀ ਸ਼ਰਾਬ ਮੰਗਾ ਲਉ; ਤਾਂ ਰਾਜੇ ਨੇ ਇਵੇਂ ਹੀ ਕੀਤਾ। ਹੁਣ ਰਾਜੇ ਨੂੰ ਇਕੱਲਾ ਵੇਖ ਕੇ ਜੋਗੀ ਨੇ ਕਿਹਾ ਕਿ ਮੈਂ ਤੈਨੂੰ ਇਕ ਚਮਤਕਾਰ ਵਿਖਾਉਂਦਾ ਹਾਂ। ਮੈਂ ਪੁਰਸ਼ ਤੋਂ ਇਸਤਰੀ ਅਤੇ ਇਸਤਰੀ ਤੋਂ ਪੁਰਸ਼ ਹੋ ਸਕਦਾ ਹਾਂ। ਪੁਰਸ਼ ਹੋ ਕੇ ਤੈਨੂੰ ਮੰਤਰ ਸਿਖਾਵਾਂਗਾ ਅਤੇ ਇਸਤਰੀ ਹੋ ਕੇ ਕਾਮ-ਕ੍ਰੀੜਾ ਕਰਾਂਗਾ। ਹੁਣ ਜਦੋਂ ਔਰਤ ਨੇ ਆਪਣਾ ਅਸਲ ਮੰਤਵ ਰਾਜੇ ਨੂੰ ਦੱਸਿਆ ਤਾਂ ਰਾਜੇ ਨੇ ਉਸਨੂੰ ਸਮਝਾਉਣ ਦਾ ਜਤਨ ਕੀਤਾ ਪਰ ਸਭ ਵਿਅਰਥ। ਔਰਤ ਰਾਜ ਨੂੰ ਚੋਰ-ਚੋਰ ਕਹਿਕੇ ਪਕੜਵਾ ਦੇਣ ਦਾ ਡਰਾਵਾ ਦਿੰਦੀ ਹੈ। ਚੋਰ-ਚੋਰ ਦਾ ਰੌਲਾ ਸੁਣ ਕੇ ਜਦੋਂ ਲੋਕੀਂ ਇਕੱਠੇ ਹੋ ਗਏ, ਤਾਂ ਉਸ ਔਰਤ ਨੇ ਹਿਕਾ ਕਿ ਮੈਨੂੰ ਤਾਂ ਸੁਫਨਾ ਆਇਆ ਸੀ। ਹੁਣ ਰਾਜਾ ਸੋਚੀਂ ਪੈ ਗਿਆ ਕਿ ਜੇ ਭੱਜਦਾ ਹਾਂ ਤਾਂ ਇੱਜ਼ਤ ਜਾਂਦੀ ਹੈ। ਜੇ ਇਸ ਦੀ ਗੱਲ ਮੰਨਦਾ ਹਾਂ, ਤਾਂ ਧਰਮ ਜਾਂਦਾ ਹੈ। ਜੇ ਇਸ ਤੋਂ ਪੁੱਤਰ ਪੈਦਾ ਹੋਇਆ, ਤਾਂ ਭੰਡ ਬਣੇਗਾ; ਜੇ ਪੁੱਤਰੀ ਹੋਈ ਤਾਂ ਵੇਸਵਾ ਬਣੇਗੀ।
ਹੁਣ ਰਾਜਾ ਉਸ ਔਰਤ ਨਾਲ ਚਰਿੱਤਰ ਖੇਡ ਕੇ ਉਥੋਂ ਨਿਕਲਣ ਦੀ ਸੋਚਦਾ ਹੈ। ਰਾਜੇ ਨੇ ਕਿਹਾ, ਮੇਰੀ ਗੱਲ ਸੁਣ। ਮੈਂ ਤਾਂ ਤੇਰੀ ਪਰਖ ਕਰ ਰਿਹਾ ਸੀ। ਜੋ ਤੇਰੇ ਵਰਗੀ ਸੁੰਦਰ ਇਸਤਰੀ ਨੂੰ ਛੱਡ ਦੇਵੇ, ਉਹ ਤਾਂ ਵੱਡਾ ਮੂਰਖ ਹੋਵੇਗਾ। ਉਸਦਾ ਤਾਂ ਜਨਮ ਲੈਣਾ ਹੀ ਵਿਅਰਥ ਹੈ। ਤੂੰ ਪੋਸਤ, ਭੰਗ, ਅਫੀਮ ਅਤੇ ਸ਼ਰਾਬ ਮੰਗਵਾ ਲੈ। ਔਰਤ ਨੇ ਇਹ ਸਭ ਨਸ਼ੇ ਮੰਗਵਾ ਲਏ। ਰਾਜੇ ਨੇ ਆਪ ਪਿਆਲੇ ਭਰ-ਭਰ ਕੇ ਉਸ ਔਰਤ ਨੂੰ ਸ਼ਰਾਬ ਪਿਆਈ ਅਤੇ ਉਸਨੂੰ ਸ਼ਰਾਬੀ ਕਰਕੇ ਮੰਜੇ ’ਤੇ ਪਾ ਦਿੱਤਾ। ਰਾਜੇ ਨੇ 60 ਮੋਹਰਾਂ ਉਸਦੇ ਸਿਰ੍ਹਾਣੇ ਰੱਖੀਆਂ ਅਤੇ ਆਪ ਉਥੋਂ ਭੱਜ ਪਿਆ। ਰਾਜੇ ਨੇ ਘਰ ਪਹੁੰਚ ਕੇ ਪ੍ਰਣ ਕੀਤਾ ਕਿ ਅੱਜ ਤਾਂ ਆਪਣਾ ਧਰਮ ਬਚਾ ਲਿਆ ਹੈ - ਅੱਗੋਂ ਤੋਂ ਕਿਸੇ ਪਰਾਈ ਇਸਤਰੀ ਨੂੰ ਨਹੀਂ ਵੇਖਾਂਗਾ।’’
ਇਹ ਹੈ ਉਸ ਕਹਾਣੀ ਦਾ ਸਾਰ ਅੰਸ਼, ਜਿਸਨੂੰ ਗਿ: ਸਵਿੰਦਰ ਸਿੰਘ ਨੇ ਅਨੂਪ ਕੌਰ ਵਾਲੀ ਕਹਾਣੀ ਨਾਲ ਜੋੜ ਕੇ ਸੁਣਾਇਆ ਸੀ ਅਤੇ ਇਸਨੂੰ ਗੁਰੂ ਜੀ ਦੀ ਆਪ ਬੀਤੀ ਦੱਸਿਆ ਸੀ। ਇਸ ਬਾਬਤ ਹੋਰ ਚਰਚਾ ਤੋਂ ਪਹਿਲਾਂ ਆਓ, ਅਨੂਪ ਕੌਰ ਵਾਲੀ ਕਹਾਣੀ ’ਤੇ ਵੀ ਨਿਗ੍ਹਾ ਮਾਰ ਲਈਏ :
ਸਤਲੁਜ ਦੇ ਕੰਢੇ ਅਨੰਦਪੁਰ ਨਾਂ ਦਾ ਇਕ ਪਿੰਡ ਸੀ, ਜੋ ਨੈਣਾ ਦੇਵੀ ਪਰਬਤ ਦੇ ਨੇੜੇ ਕਹਿਲੂਰ ਰਿਆਸਤ ਵਿੱਚ ਸੀ। ਉੱਥੇ ਸਿੱਖ ਫਿਰਕੇ ਦੇ ਲੋਕ ਆਉਂਦੇ ਤੇ ਮੂੰਹ-ਮੰਗੇ ਵਰ ਪ੍ਰਾਪਤ ਕਰਕੇ ਘਰਾਂ ਨੂੰ ਪਰਤਦੇ। ਇਕ ਧਨਵਾਨ ਇਸਤਰੀ ਉਥੋਂ ਦੇ ਰਾਜੇ ’ਤੇ ਮੋਹਿਤ ਹੋ ਗਈ। ਮਗਨ ਨਾਮ ਦਾ ਵਿਅਕਤੀ, ਜੋ ਰਾਜੇ ਦਾ ਦਾਸ ਸੀ, ਨੂੰ ਇਸਤਰੀ ਨੇ ਧਨ ਦਾ ਲਾਚ ਦੇ ਕੇ ਕਿਹਾ ਕਿ ਮੈਨੂੰ ਰਾਜੇ ਨਾਲ ਮਿਲਾ ਦੇ। ਮਗਨ ਨੇ ਲਾਲਚ ਵਿੱਚ ਆ ਕੇ ਰਾਜੇ ਨੂੰ ਬੇਨਤੀ ਕੀਤੀ ਕਿ ਜੋ ਮੰਤਰ ਆਪ ਸਿੱਖਣਾ ਚਾਹੁੰਦੇ ਹੋ, ਉਹ ਮੇਰੇ ਹੱਥ ਆ ਗਿਆ ਹੈ। ਜੋ ਮੈਂ ਕਰਨ ਨੂੰ ਕਹਾਂ, ਹੁਣ ਤੁਸੀਂ ਉਹੀ ਕਰੋ।
ਮਗਨ ਦੇ ਕਹਿਣ ’ਤੇ ਰਾਜਾ ਸਾਧ ਦਾ ਭੇਖ ਧਾਰ ਕੇ ਰਾਤ ਨੂੰ ਉਸ ਇਸਤਰੀ ਦੇ ਘਰ ਜਾ ਪੁੱਜਾ। ਇਸਤਰੀ ਨੇ ਫੁੱਲ, ਪਾਨ ਅਤੇ ਸ਼ਰਾਬ ਨਾਲ ਰਾਜੇ ਦਾ ਸਵਾਗਤ ਕੀਤਾ। ਜਦੋਂ ਇਤਸਰੀ ਨੇ ਆਪਣਾ ਅਸਲ ਮੰਤਵ ਰਾਜੇ ਨੂੰ ਦੱਸਿਆ, ਤਾਂ ਰਾਜਾ ਸੋਚੀਂ ਪੈ ਗਿਆ। ਉਸਨੇ ਕਿਹਾ ਕਿ ਮੈਂ ਅਜਿਹਾ ਕਰਕੇ ਨਰਕ ਵਿੱਚ ਪੈਣ ਤੋਂ ਡਰਦਾ ਹਾਂ। ਇਤਸਰੀ ਨੇ ਕਿਹਾ ਕਿ ਕ੍ਰਿਸ਼ਨ ਜੀ ਵੀ ਤਾਂ ਰਾਧਾ ਨਾਲ ਰਤੀ-ਕ੍ਰੀੜਾ ਕਰਦੇ ਸਨ, ਉਹ ਤਾਂ ਨਰਕ ਵਿੱਚ ਨਹੀਂ ਪਏ। ਅੱਜ ਮੇਰੇ ਨਾਲ ਰੁਚੀ ਪੂਰਬਰ ਰਤੀ-ਕ੍ਰੀੜਾ ਕਰੋ, ਨਹੀਂ ਤਾਂ ਮੇਰੀ ਟੰਗ ਹੇਠੋਂ ਲੰਘ ਕੇ ਚਲੇ ਜਾਓ। ਰਾਜੇ ਨੇ ਕਿਹਾ ਟੰਗ ਹੇਠੋਂ ਤਾਂ ਉਹ ਲੰਘੇ, ਜੋ ਨਿਪੁੰਸਕ ਹੋਵੇ - ਮੈਂ ਤਾਂ ਅਪਜਸ ਹੋਣ ਤੋਂ ਡਰਦਾ ਹਾਂ।
ਰਾਜੇ ਨੇ ਇਸਤਰੀ ਨੂੰ ਕਿਹਾ ਮੈਂ ਤਾਂ ਸਾਰੇ ਸੇਵਕਾਂ ਨੂੰ ਆਪਣੇ ਪੁੱਤਰ ਅਤੇ ਇਤਸਰੀਆਂ ਨੂੰ ਆਪਣੀਆਂ ਧੀਆਂ ਸਮਝਦਾ ਹਾਂ। ਇਹ ਸੁਣ ਕੇ ਉਹ ਇਸਤ੍ਰੀ ਕ੍ਰੋਧਿਤ ਹੋ ਗਈ ਅਤੇ ਚੋਰ-ਚੋਰ ਦਾ ਰੌਲਾ ਪਾ ਦਿੱਤਾ। ਇਹ ਸ਼ੋਰ ਸੁਣ ਕੇ ਡੌਰ-ਭੌਰ ਹੋਇਆ ਰਾਜਾ ਆਪਣੀ ਜੁੱਤੀ ਅਤੇ ਪਾਮਰੀ (ਰੇਸ਼ਮੀ ਚੱਦਰ) ਛੱਡ ਕੇ ਭੱਜ ਪਿਆ। ਚੋਰ-ਚੋਰ ਦਾ ਰੌਲਾ ਸੁਣ ਕੇ ਉਸ ਔਰਤ ਦੇ ਸੇਵਕਾਂ ਨੇ ਰਾਜੇ ਨੂੰ ਘੇਰ ਲਿਆ। ਪਰ ਰਾਜੇ ਨੇ ਵੀ ਸ਼ੈਤਾਨੀ ਵਰਤੀ ਅਤੇ ਉਸ ਔਰਤ ਦੇ ਭਰਾ ਨੂੰ ਹੀ ਫੜ ਕੇ ਚੋਰ-ਚੋਰ ਕਹਿ ਕੇ ਉਸਨੂੰ ਦਾੜ੍ਹੀਓਂ ਫੜ ਲਿਆ ਅਤੇ ਉਸਦੀ ਪੱਗ ਲਾਹ ਦਿੱਤੀ। ਬਾਕੀ ਸਾਰੇ ਲੋਕ ਵੀ ਅਨੂਪ ਕੌਰ ਦੇ ਭਰਾ ਨੂੰ ਕੁੱਟਣ ਲੱਗ ਪਏ।
ਰਾਜਾ ਇਹ ਛਲ ਕਰਕੇ ਉਥੋਂ ਭੱਜ ਪਿਆ। ਸਵੇਰ ਹੋਣ ’ਤੇ ਰਾਜੇ ਨੇ ਸਭਾ ਲਗਾਈ ਅਤੇ ਕਿਹਾ ਕਿ ਸਾਡੀ ਜੁੱਤੀ ਤੇ ਪਾਮਰੀ ਚੋਰੀ ਹੋ ਗਏ ਹਨ। ਇਹ ਬਚਨ ਸੁਣ ਕੇ ਸੇਵਕਾਂ ਨੇ ਉਸ ਔਰਤ ਬਾਰੇ ਦੱਸ ਦਿੱਤਾ। ਤਦ ਰਾਜੇ ਨੇ ਉਸ ਔਰਤ ਨੂੰ ਪਕੜ ਕੇ ਲੈ ਆਉਣ ਦਾ ਹੁਕਮ ਦਿੱਤਾ। ਰਾਜੇ ਨੇ ਔਰਤ ਨੂੰ ਡਾਂਟਿਆ ਕਿ ਤੂੰ ਮੇਰੇ ਬਸਤਰ ਕਿਉਂ ਚੁਰਾਏ ਹਨ। ਤੈਨੂੰ ਇਸਤਰੀ ਜਾਣ ਕੇ ਛੱਡਦਾ ਹਾਂ, ਨਹੀਂ ਤਾਂ ਤੈਨੂੰ ਜਾਨੋਂ ਮਾਰ ਦੇਣਾ ਸੀ। ਇਹ ਸੁਣ ਕੇ ਔਰਤ ਦਾ ਰੰਗ ਪੀਲਾ ਪੈ ਗਿਆ। ਉਸ ਦੇ ਮੂੰਹੋਂ ਕੋਈ ਵੀ ਗੱਲ ਨਾ ਨਿਕਲੀ। ਰਾਜੇ ਨੇ ਤਰੀਕ ਅੱਗੇ ਪਾ ਦਿੱਤੀ। ਸਵੇਰ ਹੋਣ ’ਤੇ ਰਾਜੇ ਨੇ ਇਸਤਰੀ ਨੂੰ ਫੇਰ ਬੁਲਾਇਆ ਤੇ ਇਕਾਂਤ ਵਿੱਚ ਸਾਰੀ ਗੱਲ ਕੀਤੀ ਅਤੇ ਰਾਜ਼ੀਨਾਮਾ ਕਰਕੇ ਔਰਤ ਦੀ ਵੀਹ ਹਜ਼ਾਰ ਟਕੇ ਛਿਮਾਹੀ ਬੰਨ੍ਹ ਦਿੱਤੀ।’’
ਗਿ: ਸਵਿੰਦਰ ਸਿੰਘ ਜੀ (ਅਤੇ ਉਨ੍ਹਾਂ ਦੀ ਨਸਲ ਦੇ ਦਸਮ ਗ੍ਰੰਥ ਦੇ ਹੋਰ ਹਮਾਇਤੀਓ) ! ਜੇ ਤੁਹਾਡੇ ਬਚਨਾਂ ਨੂੰ ਸੱਚ ਮੰਨ ਲਿਆ ਜਾਵੇ ਕਿ ‘‘ਉਹਦੇ ਵਿੱਚ ਮੇਰੇ ਗੁਰੂ ਗੋਬਿੰਦ ਸਿੰਘ ਨੇ ਆਪਣਾ ਚਰਿੱਤਰ ਲਿਖਿਆ ਸਾਧ ਸੰਗਤ’’ ਤਾਂ ਭਰ, ਪੋਸਤ, ਅਫੀਮ ਅਤੇ ਸੱਤ ਵਾਰੀ ਕਸ਼ੀਦੀ ਹੋਈ ਸ਼ਰਾਬ ਮੰਗਵਾਉਣ ਵਾਲਾ ਕੌਣ ਹੋਇਆ (ਤੁਹਾਡੀ ਇਸ ਕਹਾਣੀ ਮੁਤਾਬਿਕ, ਗੁਰੂ ਗੋਬਿੰਦ ਸਿੰਘ)। ਉਹ ਅਜਿਹਾ ਕਿਹੜਾ ‘ਮੰਤਰ’ ਸੀ, ਜਿਸਨੂੰ ਆਪਜੀ ਦੇ ਕਥਨ ਮੁਤਾਬਿਕ, ਦਸ਼ਮੇਸ਼ ਜੀ ਨੇ, ਸਿੱਖਣ ਲਈ ਪਰਾਈਆਂ ਔਰਤਾਂ ਦੇ ਘਰ ਬਾਰ-ਬਾਰ ਜਾਣਾ ਮਨਜ਼ੂਰ ਕੀਤਾ? ਕਿਸੇ ਔਰਤ ਨੂੰ ਧੋਖੇ ਨਾਲ ਸ਼ਰਾਬੀ ਕਰਨ ਅਤੇ ਮੂੰਹ ਬੰਦ ਰੱਖਣ ਲਈ 60 ਮੋਹਰਾਂ ਦੇਣ ਵਾਲਾ ਵਿਅਕਤੀ ਕੌਣ ਹੋਇਆ? ਚਰਿੱਤਰ ਨੰ: 16 ਵਿੱਚ ਇਸ ਵਿਅਕਤੀ ਵੱਲੋਂ ਕੀਤੀ ਗਈ ਪ੍ਰਤਿਗਿਆ ਕਿ ‘ਅੱਗੋਂ ਤੋਂ ਕਿਸੇ ਪਰਾਈ ਇਸਤਰੀ ਨੂੰ ਨਹੀਂ ਵੇਖਾਂਗਾ’ ਨੂੰ ਭੁੱਲ ਕੇ ਅਨੂਪ ਕੌਰ ਦੇ ਘਰ ਜਾਣ ਦੀ ਲੋੜ ਕਿਉਂ ਪਈ?
ਗੁਰੂ ਤੇਗ ਬਹਾਦਰ ਜੀ ਨੂੰ ਆਪਣੇ 9 ਸਾਲ ਦੇ ਸਪੁੱਤਰ ਨੂੰ ‘ਏਕਾ ਨਾਰੀ ਜਤੀ’ ਦੀ ਸਿੱਖਿਆ ਦੇਣ ਦੀ ਲੋੜ ਕਿਉਂ ਪਈ? ਕੀ ਕੋਈ ਪਿਤਾ ਆਪਣੇ 9 ਸਾਲ ਦੇ ਬੱਚੇ ਨੂੰ ਅਜਿਹੀ ਸਿੱਖਿਆ ਦਿੰਦਾ ਹੈ? ਜੇ ਇਹ ਮੰਨ ਲਿਆ ਜਾਵੇ ਕਿ ਇਹ ਪੰਗਤੀਆਂ ਗੁਰੂ ਜੀ ਦੀਆਂ ਹੀ ਲਿਖੀਆਂ ਹੋਈਆਂ ਹਨ, ਤਾਂ ਫਿਰ ਆਪਣੀ ਜੁੱਤੀ ਅਤੇ ਚੱਦਰ ਛੱਡ ਕੇ ਚੋਰਾਂ ਵਾਂਗੂੰ ਭੱਜਣ ਵਾਲਾ ਵਿਅਕਤੀ ਕੌਣ ਹੋਇਆ?
ਸਤਿਕਾਰਯੋਗ ਪਾਠਕੋ, ਇਹ ਹੈ ਅਖੌਤੀ ਦਸਮ ਗ੍ਰੰਥ ਅਤੇ ਇਸਦੇ ਹਮਾਇਤੀਆਂ ਦੀ ਅਸਲੀਅਤ, ਜੋ ਦੁਨੀਆ ਭਰ ਦੀ ਗੰਦਗੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਨਾਮ ਨਾਲ ਨੱਥੀ ਕਰਨ ਦਾ ਕੋਝ ਯਤਨ ਕਰ ਰਹੇ ਹਨ। ਜਿਵੇਂ ਆਰ.ਐਸ.ਐਸ. ਦੇ ਕਹਿਣ ’ਤੇ ਅੱਜ ਇਨ੍ਹਾਂ ਟੁਕੜਬੋਚਾਂ ਵੱਲੋਂ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਮੰਨਣ ਦਾ ਹੁਕਮ ਸਿੱਖਾਂ ’ਤੇ ਥੋਪਿਆ ਜਾ ਰਿਹਾ ਹੈ, ਇਵੇਂ ਹੀ ਉਹ ਦਿਨ ਵੀ ਦੂਰ ਨਹੀਂ, ਜਦੋਂ ਇਨ੍ਹਾਂ ਵੱਲੋਂ ਇਸ ਗ੍ਰੰਥ ਨੂੰ ‘ਗੁਰੂ’ ਵਜੋਂ ਮਾਨਤਾ ਕੇ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਹੀ ਮਲੀਆਮੇਟ ਕਰ ਦਿੱਤਾ ਜਾਏਗਾ। ਮੈਨੂੰ ਪੂਰਾ ਯਕੀਨ ਹੈ ਕਿ ਆਪਜੀ ਇਸ ਵਿਸ਼ੇ ਬਾਰੇ ਮੇਰੇ ਨਾਲੋਂ ਵੀ ਵੱਧ ਫਿਕਰਮੰਦ ਹੋਵੋਗੇ। ਅਜਿਹਾ ਅਨਰਥ ਹੁੰਦਾ ਵੇਖ ਕੇ ਚੁੱਪ ਰਹਿਣ ਨਾਲ, ਜ਼ਮੀਰ ਦੇ ਮਰ ਜਾਣ ਦਾ ਖ਼ਤਰਾ ਹੁੰਦਾ ਹੈ। ਇਸਲਈ ਸੁਹਿਰਦ ਪਾਠਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਪਰੋਕਤ ਵਾਰਤਾ ਨੂੰ ਪੜ੍ਹਨ ਪਿੱਛੋਂ ਆਪ ਜੀ ਜਿਸ ਵੀ ਨਤੀਜੇ (ਦਸਮ ਗ੍ਰੰਥ ਦੇ ਹੱਕ ਜਾਂ ਵਿਰੋਧ) ’ਤੇ ਪਹੁੰਚੋ, ਆਪਣੀ ਰਾਏ ਜ਼ਰੂਰ ਪ੍ਰਗਟ ਕਰਨੀ ਜੀ।