Subscription About Us Contact Us


ਦਿੱਲੀ ਕਮੇਟੀ ਪ੍ਰਧਾਨ ਦੇ ਚੋਣ ਹਲਕੇ ਦੇ ਸਿੱਖਾਂ ਵਿੱਚ ਭਾਰੀ ਨਿਰਾਸਤਾ

- ਇੰਡੀਆ ਅਵੇਅਰਨੈੱਸ ਬਿਉਰੋ -

ਸਿਆਸੀ ਆਗੂਆਂ ਵੱਲੋਂ ਝੂਠੇ ਵਾਅਦੇ ਕਰਕੇ ਲੋਕਾਂ ਦੀਆਂ ਵੋਟਾਂ ਪ੍ਰਾਪਤ ਕਰਨਾ ਅਤੇ ਫਿਰ ਉਨ੍ਹਾਂ ਵਾਅਦਿਆਂ ਨੂੰ ਬੇਸ਼ਰਮੀ ਨਾਲ ਵਿਸਾਰ ਦੇਣ ਦੀ ਨੀਤੀ ਬਾਰੇ ਹਰ ਜਾਗਰੁਕ ਵਿਅਕਤੀ ਜਾਣਦਾ ਹੈ। ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ‘4 ਰੁਪਏ ਕਿਲੋ ਆਟਾ, 20 ਰੁਪਏ ਕਿਲੋ ਦਾਲ’ ਦੇ ਵਾਅਦੇ ਨੂੰ ਕਿਸ ਤਰ੍ਹਾਂ ਖੁਰਦ-ਬੁਰਦ ਕੀਤਾ ਗਿਆ, ਇਹ ਕਿਸੇ ਤੋਂ ਛੁਪਿਆ ਨਹੀਂ। ਭਾਰਤੀ ਸਿਆਸੀ ਆਗੂ ਤੋਂ ਨੈਤਿਕ ਮਾਪ-ਦੰਡਾਂ ਨੂੰ ਅਪਣਾਉਣ ਦੀ ਜ਼ਿਆਦਾ ਆਸ ਨਹੀਂ ਕੀਤੀ ਜਾ ਸਕਦੀ ਪਰ ‘ਧਾਰਮਕ’ ਆਗੂ ਅਖਵਾਉਣ ਵਾਲੇ ਲੋਕਾਂ ਵਿੱਚ ਤਾਂ ਏਨਾ ਕੁ ਆਤਮ-ਸਨਮਾਨ ਹੋਣਾ ਹੀ ਚਾਹੀਦਾ ਹੈ ਕਿ ਉਹ ਸੰਗਤ ਨਾਲ ਕੀਤੇ ਗਏ ਵਾਅਦੇ ਨੂੰ ਆਪਣਾ ਫਰਜ਼ ਸਮਝ ਕੇ ਨਿਭਾਉਣ, ਉਨ੍ਹਾਂ ਨੂੰ ਵੱਖ-ਵੱਖ ਚੋਣਾਂ ਵਿੱਚ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਨਾ ਵਰਤਣ।

ਸਕੂਲ ਦੇ ਪਲਾਟ ਵਿੱਚ ਨੀਂਹ-ਪੱਥਰ ਦੀ ਸਥਾਪਨਾ ਵੇਲੇ ਲਗਾਇਆ ਗਿਆ ਉਦਘਾਟਨੀ ਪੱਥਰ

ਅਜਿਹੇ ਵਿਚਾਰ ਪੱਛਮੀ ਦਿੱਲੀ ਦੇ ਚੰਦਰ ਵਿਹਾਰ-ਨਿਹਾਲ ਵਿਹਾਰ ਖੇਤਰਾਂ ਦੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਪਾਏ ਜਾ ਰਹੇ ਹਨ। ਇਸਦਾ ਕਾਰਨ ਇਹ ਹੈ ਕਿ ਭਾਰੀ ਸਿੱਖ ਅਬਾਦੀ ਵਾਲੇ ਇਹ ਇਲਾਕੇ, ਦਿ.ਸਿ.ਗੁ.ਪ੍ਰ. ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਚੋਣ ਹਲਕੇ ਪੰਜਾਬੀ ਬਾਗ ਦਾ ਹੀ ਹਿੱਸਾ ਹਨ। ਸ੍ਰੀ ਸਰਨਾ ਪਿਛਲੇ ਲਗਭਗ ਡੇਢ ਦਹਾਕੇ ਤੋਂ ਇਸੀ ਖੇਤਰ ਤੋਂ ਚੋਣ ਜਿੱਤਦੇ ਆ ਰਹੇ ਹਨ। ਪਰ ਉਹ ਇਸ ਇਲਾਕੇ ਵਿੱਚ ਸਿੱਖਾਂ ਦੀ ਧਾਰਮਕ-ਸਮਾਜਕ ਭਲਾਈ ਵਾਸਤੇ ਕੋਈ ਵੱਡਾ ਕਦਮ ਚੁੱਕਣ ’ਚ ਅਸਫ਼ਲ ਰਹੇ ਹਨ। ਗੌਰਤਲਬ ਹੈ ਕਿ ਭਾਵੇਂ ਇਹ ਖੇਤਰ ਪੰਜਾਬੀ ਬਾਗ ਵਰਗੇ ਅਮੀਰ ਖੇਤਰ ਨਾਲ ਜੁੜਿਆ ਹੋਇਆ ਹੈ, ਪਰ ਇਨ੍ਹਾਂ ਕਲੋਨੀਆਂ ਦੇ ਲੋਕ ਕਾਫੀ ਗਰੀਬ ਜਾਂ ਮੱਧ ਵਰਗੀ ਸਤਰ ਦੇ ਹੀ ਹਨ। ਇਸੇਲਈ ਸਾਲ 2007 ਵਿੱਚ ਹੋਈਆਂ ਦਿੱਲੀ ਕਮੇਟੀ ਦੀਆਂ ਆਮ ਚੋਣਾਂ ਦੌਰਾਨ ਸ੍ਰੀ ਸਰਨਾ ਦੇ ਇਕ ਵਿਰੋਧੀ ਉਮੀਦਵਾਰ ਨੇ ਇਲਾਕੇ ਦੇ ਲੋਕਾਂ ਨੂੰ ਵਾਅਦਾ ਕੀਤਾ ਕਿ ਚੋਣਾਂ ਜਿੱਤਣ ਦੀ ਸੂਰਤ ਵਿੱਚ ਉਹ ਇਸ ਖੇਤਰ ਵਿੱਚ ਸਰਕਾਰੀ ਸਹਾਇਤਾ ਪ੍ਰਾਪਤ ਇਕ ਖ਼ਾਲਸਾ ਸਕੂਲ ਸਥਾਪਿਤ ਕਰਵਾਏਗਾ, ਜਿਸ ਦੀ ਫੀਸ ਨਾਂ-ਮਾਤਰ ਹੋਏਗੀ।

ਸਕੂਲ ਦਾ ਖ਼ਾਲੀ ਪਿਆ ਪਲਾਟ, ਜਿਸ ਵਿੱਚ ਕਿਸੇ ਤਰ੍ਹਾਂ ਦੀ
ਉਸਾਰੀ ਦੇ ਲੱਛਣ ਨਹੀਂ ਦਿਖਾਈ ਦੇ ਰਹੇ

ਪਲਾਟ ਦੇ ਬਾਹਰ ਸਕੂਲ ਦੇ ਨਾਮ ਦਾ ਆਰਜ਼ੀ ਢੰਗ ਨਾਲ
ਲਗਾਇਆ ਗਿਆ ਬੋਰਡ

ਚੰਦਰ ਵਿਹਾਰ ਖੇਤਰ ਦੇ ਗੁਰਦੁਆਰਿਆਂ ਦੀ ਜੱਥੇਬੰਦੀ ‘ਸ਼੍ਰੋਮਣੀ ਸਿੱਖ ਸੰਗਤ (ਰਜਿ:)’ ਦੇ ਚੇਅਰਮੈਨ ਸ੍ਰ: ਕੁਲਵੰਤ ਸਿੰਘ, ਪ੍ਰਧਾਨ ਸ੍ਰ: ਅਨੂਪ ਸਿੰਘ ਅਤੇ ਹੋਰਨਾਂ ਅਹੁਦੇਦਾਰਾਂ ਨੇ ਇੰਡੀਆ ਅਵੇਅਰਨੈੱਸ ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਇਸ ਵਾਅਦੇ ਦੇ ਪ੍ਰਭਾਵ ਕਾਰਨ ਸਰਨਾ ਦੇ ਵਿਰੋਧੀ ਉਮੀਦਵਾਰ ਦੇ ਹੱਕ ਵਿੱਚ ਲੋਕ-ਲਹਿਰ ਖੜੀ ਹੋਣ ਕਾਰਨ ਸ੍ਰੀ ਸਰਨਾ ਨੇ ਵੀ ਵਾਅਦਾ ਕਰ ਦਿੱਤਾ ਕਿ ਚੋਣਾਂ ਜਿੱਤਦਿਆਂ ਹੀ ਉਹ ਵੀ ਇਲਾਕੇ ਵਿੱਚ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਖੁਲ੍ਹਵਾ ਦੇਣਗੇ। ਚੋਣਾਂ ਜਿੱਤਣ ਉਪਰੰਤ, 8 ਮਾਰਚ 2007 ਨੂੰ ਸ੍ਰੀ ਸਰਨਾ ਨੇ ਦਿੱਲੀ ਸਰਕਾਰ ਦੇ ਸਿੱਖਿਆ ਮੰਰਤੀ ਸ੍ਰੀ ਅਰਵਿੰਦਰ ਸਿੰਘ ਲਵਲੀ ਰਾਹੀਂ 2200 ਗਜ਼ ਦੇ ਇਕ ਪਲਾਟ ਦਾ ਉਦਘਾਟਨ ਕਰਵਾ ਦਿੱਤਾ। ਇਸ ਮੌਕੇ ਹੋਏ ਸਮਾਗਮ ਵਿੱਚ ਭਾਸ਼ਣ ਦਿੰਦਿਆਂ ਸ੍ਰੀ ਸਰਨਾ ਨੇ ਕਿਹਾ ਸੀ ਕਿ ਉਕਤ ਪਲਾਟ ’ਤੇ ਤੁਰੰਤ ਆਰਜ਼ੀ ਉਸਾਰੀ ਕਰਕੇ, ਅਪ੍ਰੈਲ 2007 ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਵਿੱਚ ਪੜ੍ਹਾਈ ਅਰੰਭ ਕਰਵਾ ਦਿੱਤੀ ਜਾਏਗੀ। ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ, ਸਕੂਲ ਦੀ ਉਸਾਰੀ ਵਾਸਤੇ ਕੋਈ ਕਦਮ ਨਹੀਂ ਚੁੱਕਿਆ ਗਿਆ।

ਸ਼੍ਰੋਮਣੀ ਸਿੱਖ ਸੰਗਤ ਦੇ ਅਹੁਦੇਦਾਰਾਂ ਨੇ ਇੰਡੀਆ ਅਵੇਅਰਨੈੱਸ ਦੇ ਪ੍ਰਤੀਨਿਧੀ ਨੂੰ ਮੌਕੇ ’ਤੇ ਲਿਜਾ ਕੇ ਪ੍ਰਸਤਾਵਿਤ ਸਕੂਲ ਦੀ ਥਾਂ ਦਾ ਮੁਆਇਨਾ ਵੀ ਕਰਵਾਇਆ। ਇਸ ਥਾਂ ’ਤੇ ਲੱਗੇ ਚਮਕਦਾਰ ਪੱਥਰ ’ਤੇ ਸਪਸ਼ਟ ਲਿਖਿਆ ਸੀ ਕਿ ਇਥੇ ਦਿੱਲੀ ਸਰਕਾਰ ਦੇ ਸਿੱਖਿਆ ਮੰਤਰੀ ਵੱਲੋਂ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਮੌਜੂਦਗੀ ਵਿੱਚ ‘ਗੁਰੂ ਹਰਿਕ੍ਰਿਸ਼ਨ ਮਾਡਲ ਸਕੂਲ’ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਅਜਿਹੇ ਵਿੱਚ ਇਕ ਸਾਲ ਤੱਕ ਸਕੂਲ ਦੀ ਉਸਾਰੀ ਨਾ ਹੋਣਾ, ਕਈ ਤਰ੍ਹਾਂ ਦੀਆਂ ਸ਼ੰਕਾਵਾਂ ਖੜ੍ਹੀਆਂ ਕਰਦਾ ਹੈ।

ਸ਼੍ਰੋਮਣੀ ਸਿੱਖ ਸੰਗਤ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਸ੍ਰੀ ਸਰਨਾ ਕਦੇ ਵੀ ਇਹ ਸਕੂਲ ਖੋਲ੍ਹਣ ਪ੍ਰਤੀ ਸੰਜੀਦਾ ਨਹੀਂ ਸਨ। ਉਨ੍ਹਾਂ ਨੇ ਪਹਿਲਾਂ ਖ਼ੁਦ ਦਿੱਲੀ ਕਮੇਟੀ ਦੀਆਂ ਚੋਣਾਂ ਜਿੱਤਣ ਅਤੇ ਫਿਰ ਕਾਂਗਰਸੀ ਉਮੀਦਵਾਰਾਂ ਨੂੰ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਜਿਤਵਾਉਣ ਲਈ ਸਕੂਲ ਦਾ ਨੀਂਹ-ਪੱਥਰ ਰਖਵਾਉਣ ਦਾ ਕਥਿਤ ਪਬਲੀਸਿਟੀ ਸਟੰਟ ਰਚਿਆ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਏਸ ਸਕੂਲ ਦੀ ਉਸਾਰੀ ਹਾਲਾਂ ਵੀ ਨਹੀਂ ਕੀਤੀ ਜਾਏਗੀ ਬਲਕਿ ਇਸ ਸਾਲ ਦੇ ਅੰਤ ਵਿੱਚ ਦਿੱਲੀ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਆਮ ਚੋਣਾਂ ਦੌਰਾਨ ਇਸ ਥਾਂ ਦਾ ਮੁੜ ਤੋਂ ਉਦਘਾਟਨ ਕਰਵਾ ਕੇ, ਕਾਂਗਰਸੀ ਉਮੀਦਵਾਰਾਂ ਵਾਸਤੇ ਲੋਕਾਂ ਦੀਆਂ ਵੋਟਾਂ ਬਟੋਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਸੰਸਥਾ ਦੇ ਅਹੁਦੇਦਾਰਾਂ ਨੇ ਇਲਜ਼ਾਮ ਲਗਾਇਆ ਕਿ ਚੋਣਾਂ ਜਿੱਤਣ ਉਪਰੰਤ ਸ੍ਰੀ ਸਰਨਾ ਇਸ ਇਲਾਕੇ ਵਿੱਚ ਸਿਰਫ਼ ਸਿਆਸੀ ਚੋਣਾਂ ਵੇਲੇ ਕਾਂਗਰਸੀ ਉਮੀਦਵਾਰਾਂ ਦਾ ਪੱਖ ਪੂਰਨ ਜਾਂ ਡੇਰਿਆਂ ’ਤੇ ਹੋਣ ਵਾਲੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਹੀ ਆਉਂਦੇ ਹਨ - ਉਨ੍ਹਾਂ ਨੂੰ ਇਲਾਕੇ ਦੇ ਗਰੀਬ ਸਿੱਖ, ਜੋ ਆਪਣੇ ਬੱਚਿਆਂ ਨੂੰ ਮਹਿੰਗੇ ਪਬਲਿਕ ਸਕੂਲਾਂ ਵਿੱਚ ਨਹੀਂ ਪੜ੍ਹਾ ਸਕਦੇ, ਦੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਕੋਈ ਰੁਚੀ ਨਹੀਂ।

ਇਲਾਕੇ ਦੇ ਕੁਝ ਹੋਰ ਲੋਕਾਂ ਨੇ ਦੋਸ਼ ਲਗਾਇਆ ਕਿ ਉਕਤ ਪਲਾਟ, ਜੋ ਲਗਭਗ 1.5 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਸੀ, ਦੀ ਮੌਜੂਦਾ ਕੀਮਤ ਲਗਭਗ 3.5 ਕਰੋੜ ਰੁਪਏ ਹੋ ਚੁੱਕੀ ਹੈ। ਇਸਲਈ ਸ੍ਰੀ ਸਰਨਾ ਚਾਹੁੰਦੇ ਹਨ ਕਿ ਇਸ ਪਲਾਟ ਨੂੰ ਹੁਣ ਜਾਂ ਕੁਝ ਸਮੇਂ ਬਾਅਦ (ਕੀਮਤ ਹੋਰ ਵਧਣ ਤੋਂ ਬਾਅਦ) ਵੇਚ ਦਿੱਤਾ ਜਾਏ ਅਤੇ ਕਿਸੇ ਹੋਰ ਥਾਂ ’ਤੇ ਕੋਈ ਨਵਾਂ ਪਲਾਟ ਖਰੀਦ ਲਿਆ ਜਾਏ। ਇਸ ਨਾਲ ਉਹ ਕਥਿਤ ਮੁਨਾਫਾ ਵੀ ਕਮਾ ਸਕਣਗੇ ਅਤੇ ਚੋਣਾਂ ਦੌਰਾਨ ਲੋਕਾਂ ਨੂੰ ਹੋਰ ਵਰਗਲਾਇਆ ਵੀ ਜਾ ਸਕੇਗਾ। ਚੰਦਰ ਵਿਹਾਰ ਖੇਤਰ ਦੇ ਕੁਝ ਬੁੱਧੀਜੀਵੀਆਂ ਦਾ ਵਿਚਾਰ ਹੈ ਕਿ ਸ੍ਰੀ ਸਰਨਾ ਇਲਾਕੇ ਵਿੱਚ ਸਕੂਲ ਖੋਲ੍ਹਣਾ ਹੀ ਨਹੀਂ ਚਾਹੁੰਦੇ ਕਿਉਂਕਿ ਪੜ੍ਹਿਆ-ਲਿਖਿਆ ਇਨਸਾਨ, ਸਿਆਸੀ ਆਗੂਆਂ ਦੀ ਚਾਲਬਾਜ਼ੀ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ ਜਦਕਿ ਸਿੱਖਿਆ ਤੋਂ ਵਾਂਝਾ ਮਨੁੱਖ ਸਿਆਸੀ ਆਗੂਆਂ ਦੇ ਝੂਠੇ ਵਾਅਦਿਆਂ ਜਾਂ ਲੋਭ-ਲਾਲਚ ਵਿੱਚ ਆ ਕੇ ਆਪਣੀ ਵੋਟ ਦਾ ਗਲਤ ਇਸਤੇਮਾਲ ਕਰ ਬੈਠਦਾ ਹੈ।

ਸੱਚਾਈ ਜੋ ਵੀ ਹੋਵੇ, ਸ੍ਰੀ ਸਰਨਾ ਲਈ ਵੀ ਇਸ ਤੱਥ ਤੋਂ ਮੁਨਕਰ ਹੋਣਾ ਅਸਾਨ ਨਹੀਂ ਕਿ ਉਹ ਇਕ ਸਾਲ ਤੋਂ ਵੱਧ ਸਮੇਂ ਤੋਂ ਇਸ ਖੇਤਰ ਦੇ ਗਰੀਬ ਲੋਕਾਂ ਨੂੰ ਨਾਂ-ਮਾਤਰ ਫੀਸ ਵਾਲਾ ਖ਼ਾਲਸਾ ਸਕੂਲ ਮੁਹੱਈਆ ਕਰਵਾਉਣ ਦਾ ਵਾਅਦਾ ਕਰਦੇ ਰਹੇ ਹਨ। ਜੇਕਰ ਉਨ੍ਹਾਂ ਨੇ ਆਪਣੇ ਇਸ ਵਾਅਦੇ ਨੂੰ ਹੋਰ ਵਧੇਰੇ ਸਮੇਂ ਲਟਕਾਇਆ, ਤਾਂ ਸਿਆਸੀ ਚੋਣਾਂ ਦੌਰਾਨ ਕਾਂਗਰਸ ਨੂੰ ਲਾਭ ਪਹੁੰਚਾਉਣਾ ਤਾਂ ਦੂਰ ਦੀ ਗੱਲ, ਦਿੱਲੀ ਕਮੇਟੀ ਦੀਆਂ ਅਗਲੀਆਂ ਆਮ ਚੋਣਾਂ ਦੌਰਾਨ ਉਨ੍ਹਾਂ ਨੂੰ ਕਈ ਕਿਸਮ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।