Subscription About Us Contact Us


ਦਿੱਲੀ ਕਮੇਟੀ ਵੱਲੋਂ ਕੀਰਤਨ ਦਰਬਾਰ ਦੇ ਨਾਂ ’ਤੇ ਬ੍ਰਾਹਮਣਵਾਦ ਦਾ ਪ੍ਰਚਾਰ ਅਤੇ ਰਹਿਤ-ਮਰਿਆਦਾ ਦਾ ਖੁੱਲਾ ਅਪਮਾਨ

- ਇੰਡੀਆ ਅਵੇਅਰਨੈੱਸ ਬਿਉਰੋ -

ਇੰਡੀਆ ਅਵੇਅਰਨੈੱਸ ਦੇ ਫਰਵਰੀ 2008 ਅੰਕ ਵਿੱਚ ਖਦਸ਼ਾ ਪ੍ਰਗਟਾਇਆ ਗਿਆ ਸੀ ਕਿ ਦਿੱਲੀ ਕਮੇਟੀ ਦੇ ਕਈ ਅਹਿਮ ਅੰਗਾਂ ਵਿੱਚ ਸਰਨਾ ਦੇ ਚਾਪਲੂਸਾਂ ਦਾ ਬੋਲਬਾਲਾ ਹੋਣ ਕਾਰਨ, ਕਮੇਟੀ ਵਿੱਚ ਆਰ.ਐਸ.ਐਸ. ਦੇ ਏਜੰਟਾਂ ਦੀ ਘੁਸਪੈਠ ਹੋ ਰਹੀ ਹੈ। ਇਸ ਸ਼ੰਕਾ ਨੂੰ ਸਹੀ ਸਾਬਿਤ ਕਰਦਿਆਂ ਦਿੱਲੀ ਕਮੇਟੀ ਅਤੇ ਇਸਦੀ ਅਖੌਤੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧਕਾਂ ਨੇ ਸਾਰੀ ਸ਼ਰਮ-ਹਯਾ ਛਿੱਕੇ ’ਤੇ ਟੰਗ ਕੇ 15 ਮਾਰਚ 2008 ਨੂੰ ਕੀਰਤਨ ਦਰਬਾਰ ਦੇ ਨਾਂ ’ਤੇ ਅਜਿਹੇ ਸ਼ਰਮਨਾਕ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਸਨੇ ਸਾਰੀ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ।

ਬਸੰਤ ਰਾਗ ਵਿੱਚ ਕੀਰਤਨ ਦੀ ਪੇਸ਼ਕਾਰੀ ਦੇ ਬਹਾਨੇ ਆਯੋਜਿਤ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਗਵਾਲੀਅਰ ਦੇ ਸ੍ਰੀ ਐਲ.ਕੇ. ਪੰਡਿਤ ਅਤੇ ਬਨਾਰਸ ਦੇ ਸ੍ਰੀ ਰਾਜਨ-ਸਾਜਨ ਮਿਸ਼ਰਾ ਜਿਹੇ ਬ੍ਰਾਹਮਣ ਸੰਗੀਤਕਾਰਾਂ ਨੂੰ ਮੁੱਖ ਰਾਗੀਆਂ ਵੱਜੋਂ ਸੰਗਤ ’ਤੇ ਥੋਪਿਆ ਗਿਆ। ਗੌਰਤਲਬ ਹੈ ਕਿ ਸਿੱਖ ਰਹਿਤ ਮਰਿਆਦਾ ਵਿੱਚ ਸਪਸ਼ਟ ਜ਼ਿਕਰ ਹੈ ਕਿ ‘‘ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ।’’ ਇਸ ਮਦ ਦਾ ਅਰਥ ਹੈ ਕਿ ਗੁਰਦੁਆਰੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੀ ਕੋਈ ਹੋਰ ਥਾਂ, ਜਿੱਥੇ ਸੰਗਤਾਂ ਦਾ ਇਕੱਠ ਗੁਰਬਾਣੀ ਸੁਣਨ ਵਾਸਤੇ ਇਕੱਤਰ ਹੋਇਆ ਹੋਵੇ, ਵਿੱਚ ਕੀਰਤਨ ਸਿਰਫ਼ ਸਿੱਖ ਹੀ ਕਰੇ। ਯਾਨੀ, ਜੇਕਰ ਕਿਸੇ ਗੈਰ-ਸਿੱਖ ਵਿਅਕਤੀ ਨੂੰ ਗੁਰਬਾਣੀ ਪੜ੍ਹਨ-ਗਾਉਣ ਦਾ ਸ਼ੌਕ ਹੈ ਤਾਂ ਉਹ ਆਪਣੇ ਨਿਜੀ ਸਥਾਨ ’ਤੇ ਜਾਂ ਜਿਸ ਵੇਲੇ ਗੁਰਦੁਆਰੇ ਵਿੱਚ ਦੀਵਾਨ ਨਾ ਸਜਿਆ ਹੋਵੇ, ਕੀਰਤਨ ਕਰ ਸਕਦਾ ਹੈ।

ਰਹਿਤ ਮਰਿਆਦਾ ਦੀ ਇਸ ਮਦ ਤੋਂ ਸਿੱਖੀ ਬਾਰੇ ਊੜਾ-ਐੜਾ ਜਿੰਨੀ ਵਾਫ਼ਫੀਅਤ ਰੱਖਣ ਵਾਲਾ ਵਿਅਕਤੀ ਵੀ ਜਾਣੂ ਹੁੰਦਾ ਹੈ। ਪਰ ਦਿ.ਸਿ.ਗੁ.ਪ੍ਰ. ਕਮੇਟੀ ਜਾਂ ਇਸਦੀ ਧਰਮ ਪ੍ਰਚਾਰ ਕਮੇਟੀ ਦੇ ਅਹਦੁੇਦਾਰ ਜਾਂ ਤਾਂ ਧਾਰਮਕ ਪੱਖੋਂ ਏਨੇ ਗਏ ਗੁਜ਼ਰੇ ਸਤਰ ਦੇ ਹਨ ਕਿ ਉਨ੍ਹਾਂ ਨੂੰ ਰਹਿਤ ਮਰਿਆਦਾ ਦੇ ਅਜਿਹੀਆਂ ਮੁਢਲੀਆਂ ਮਦਾਂ ਬਾਰੇ ਵੀ ਜਾਣਕਾਰੀ ਨਹੀਂ। ਜਾਂ ਫਿਰ ਉਹ ਖ਼ੁਦ ਨੂੰ ਧਾਰਮਕ ਪੱਖੋਂ ਏਨਾ ਉੱਚਾ ਸਮਝਦੇ ਹਨ ਕਿ ਰਹਿਤ ਮਰਿਆਦਾ ਵਿੱਚਲੀਆਂ ਗੁਰਮਤਿ ਅਨੁਕੂਲ ਮਦਾਂ ਦੀਆਂ ਧੱਜੀਆਂ ਉਡਾਉਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ। ਪਰ ਇਸ ਮਾਮਲੇ ਵਿੱਚ ਜ਼ਿਆਦਾ ਸੰਭਾਵਨਾ ਦੂਜੇ ਪੱਖ ਦੀ ਹੀ ਹੈ ਕਿਉਂਕਿ ਇਹ ਉਹੀ ਸਭ ਆਗੂ ਹਨ, ਜਿਨ੍ਹਾਂ ਨੇ ਦੋ ਸਾਲ ਪਹਿਲਾਂ ਗੁ: ਰਕਾਜ ਗੰਜ ਸਾਹਿਬ ਵਿਖੇ ਹੋਏ ਇਕ ਅਨੰਦ ਕਾਰਜ ਦੌਰਾਨ, ਦੋ ਲਾਵਾਂ ਵਿੱਚ ਲਾੜੀ ਵੱਲੋਂ ਲਾੜੇ ਦੇ ਅੱਗੇ ਤੁਰਨ ਦੇ ਮਾਮਲੇ ਵਿੱਚ, ‘‘ਰਹਿਤ ਮਰਿਆਦਾ ਨੂੰ ਬਦਲ ਦਿੱਤਾ’’ ਦਾ ਰੌਲਾ ਪਾ ਕੇ ਦਿੱਲੀ ਕੇ ਪ੍ਰਸਿੱਧ ਮਿਸ਼ਨਰੀ ਪ੍ਰਚਾਰਕਾਂ ਨੂੰ ਬਲੈਕ-ਲਿਸਟ ਕਰਾਰ ਦੇ ਕੇ ਉਨ੍ਹਾਂ ਤੋਂ ਗੁਰਦੁਆਰਾ ਸਟੇਜਾਂ ਖੋਹ ਲਈਆਂ ਸਨ।

ਧਰਮ ਪ੍ਰਚਾਰ ਦੇ ਅਖੌਤੀ ਠੇਕੇਦਾਰਾਂ ਨੇ ਇੱਥੇ ਹੀ ਬੱਸ ਨਹੀਂ ਕੀਤੀ। ਉਨ੍ਹਾਂ ਨੇ ਬ੍ਰਾਹਮਣ ‘ਰਾਗੀਆਂ’ ਨੂੰ ਆਮ ਇਨਸਾਨ ਵਾਂਗ ਗੁਰਦੁਆਰਾ ਸਾਹਿਬ ਦੇ ਹਾਲ ਅੰਦਰ ਲਿਆਉਣ ਦੀ ਬਜਾਏ ਅਖੌਤੀ ਵੀ.ਆਈ.ਪੀ. ਰਸਤੇ ਤੋਂ ਸਟੇਜ ਤੱਕ ਪੁਚਾ ਦਿੱਤਾ। ਜੇਕਰ ਇਹ ਗੈਰ-ਸਿੱਖ ਰਾਗੀ ਸਧਾਰਨ ਰਾਹ ਤੋਂ ਦੀਵਾਨ ਹਾਲ ਅੰਦਰ ਆਉਂਦੇ, ਤਾਂ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਪੈਣਾ ਸੀ। ਪਰ ਜਾਂ ਤਾਂ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਜਾਂ ਇਹ ਕਥਿਤ ਰਾਗੀ ਅਜਿਹਾ ਕਰਨਾ ਨਹੀਂ ਚਾਹੁੰਦੇ ਸਨ। ਇਸਲਈ ਇਨ੍ਹਾਂ ਅਖੌਤੀ ‘ਰਾਗ ਦੇ ਮਾਹਿਰਾਂ’ ਨੂੰ ਵੀ.ਆਈ.ਪੀ. ਰਸਤੇ ਤੋਂ ਦੀਵਾਨ ਹਾਲ ਅੰਦਰ ਭੇਜਣ ਦਾ ਹਥਕੰਡਾ ਅਪਣਾ ਲਿਆ ਗਿਆ।

ਇਨ੍ਹਾਂ ਅਨਮਤੀ ਰਾਗੀਆਂ ਦਾ ਪ੍ਰਭਾਵ ਵਧਾਉਣ ਲਈ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਂ ਦੇਣ ਦੀ ਨੀਤੀ ਅਪਣਾਈ ਗਈ ਜਦਕਿ ਸਿੱਖ ਰਾਗੀਆਂ ਨੂੰ ਸਿਰਫ਼ 15-15 ਮਿਨਟ ਦਾ ਟਾਈਮ ਦੇਣ ਦੀ ਚਾਲ ਚਲੀ ਗਈ। ਇਨ੍ਹਾਂ ਰਾਗੀਆਂ ਨੇ ਸਟੇਜ ’ਤੇ ਸਮਾਂ ਮਿਲਦਿਆਂ ਹੀ ਆਪਣੀ ਅਸਲ ਰੰਗਤ ਵੀ ਵਿਖਾਉਣੀ ਸ਼ੁਰੂ ਕਰ ਦਿੱਤੀ, ਜਦ ਰਾਜਨ-ਸਾਜਨ ਮਿਸ਼ਰਾ ਦੀ ਜੋੜੀ ਨੇ ਕੀਰਤਨ ਅਰੰਭ ਕਰਨ ਤੋਂ ਪਹਿਲਾਂ ਦਾਅਵਾ ਕੀਤਾ ਕਿ ਬਸੰਤ ਰਾਗ ਵਿੱਚ ਕੀਰਤਨ ‘ਸਤਿਗੁਰੂ’ ਜਗਜੀਤ ਸਿੰਘ ਦੀ ਦੇਣ ਹੈ। ਬ੍ਰਾਹਮਣ ਰਾਗੀ ਵੱਲੋਂ ਅਜਿਹੀ ਗਲਤ ਬਿਆਨੀ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਦੇਹਧਾਰੀ ਨੂੰ ‘ਸਤਿਗੁਰੂ’ ਕਹਿ ਕੇ ਸੰਬੋਧਿਤ ਕਰਨ ਦਾ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਸ੍ਰ: ਇੰਦਰਜੀਤ ਸਿੰਘ ਮੌਂਟੀ ਨੇ ਸਖ਼ਤ ਨੋਟਿਸ ਲਿਆ। ਉਨ੍ਹਾਂ ਇਸ ਰਾਗੀ ਦੇ ਸਹਾਇਕ ਨੂੰ ਇਸ ਬਾਬਤ ਟੋਕਿਆ। ਫਿਰ ਵੀ ਅਖੌਤੀ ਰਾਗੀ, ਨਾਮਧਾਰੀ ਮੁਖੀ ਦਾ ਬਾਰ-ਬਾਰ ਜ਼ਿਕਰ ਕਰਦਾ ਰਿਹਾ ਅਤੇ ਉਨ੍ਹਾਂ ਨੂੰ ‘ਜਗਜੀਤ ਸਿੰਘ ਜੀ ਮਹਾਰਾਜ’ ਕਹਿ ਕੇ ਸੰਬੋਧਿਤ ਕਰਦਾ ਰਿਹਾ।

ਰਾਜਨ-ਸਾਜਨ ਮਿਸ਼ਰਾ ਦੀ ਫਾਈਲ ਫੋਟੋ

ਇੱਥੇ ਹੀ ਬੱਸ ਨਹੀਂ, ਇਕ ਅਖੌਤੀ ਰਾਗੀ ਦੇ ਸਹਾਇਕ ਦੀ ਜੇਬ ਵਿੱਚ ਸਿਗਰਟਾਂ ਦਾ ਪੈਕੇਟ ਵੀ ਪਿਆ ਹੋਇਆ ਨਜ਼ਰ ਆ ਰਿਹਾ ਸੀ। ਦਿੱਲੀ ਕਮੇਟੀ ਦੇ ਇਕ ਮੈਂਬਰ ਨੇ ਇਸ ਗੱਲ ਨੂੰ ਨੋਟ ਕੀਤਾ ਅਤੇ ਇਹ ਤੱਥ ਹੋਰਨਾਂ ਅਹੁਦੇਦਾਰਾਂ ਦੇ ਨੋਟਿਸ ਵਿੱਚ ਲਿਆਂਦਾ। ਪਰ ਸਟੇਜ ’ਤੇ ਬੈਠੇ ਕਮੇਟੀ ਦੇ ਹੋਰਨਾਂ ਪ੍ਰਬੰਧਕਾਂ ਅਤੇ ਉੱਤਰੀ ਦਿੱਲੀ ਦੇ ਇਕ ਡੇਰੇਦਾਰ ਨੇ ਇਸ ਮਾਮਲੇ ’ਚ ਚੁੱਪ ਵਰਤਣ ਦੀ ਸਲਾਹ ਦਿੱਤੀ। ਪਰ ਸ੍ਰੀ ਮੌਂਟੀ ਵੱਲੋਂ ਲਗਾਤਾਰ ਇਤਰਾਜ਼ ਜਤਾਏ ਜਾਣ ’ਤੇ, ਇਕ ਰੁਮਾਲ ਦੀ ਸਹਾਇਤਾ ਨਾਲ ਰਾਗੀ ਦੇ ਸਹਾਇਕ ਦੀ ਜੇਬ ’ਚੋਂ ਸਿਗਰਟ ਦਾ ਪੈਕੇਟ ਕੱਢ ਲਿਆ ਗਿਆ।

ਏਨਾ ਕੁਝ ਹੋਣ ਦੇ ਬਾਵਜੂਦ, ਧਰਮ ਪ੍ਰਚਾਰ ਕਮੇਟੀ ਦੇ ਅਖੌਤੀ ਚੇਅਰਮੈਨ ਦਲਜੀਤ ਸਿੰਘ ਜਾਂ ਉਸਦੇ ਸਰਪ੍ਰਸਤਾਂ ਨੇ ਇਸ ਘਟਨਾ-ਕ੍ਰਮ ਵਿੱਚ ਆਪਣੀ ਨੈਤਿਕ ਅਤੇ ਪ੍ਰਬੰਧਕੀ ਜ਼ਿੰਮੇਵਾਰੀ ਦੇ ਮੱਦੇਨਜ਼ਰ ਸਿੱਖ ਸੰਗਤਾਂ ਤੋਂ ਮੁਆਫ਼ੀ ਮੰਗਣ ਦੀ ਖੇਚਲ ਨਹੀਂ ਕੀਤੀ। ਇਸਦੇ ਉਲਟ, ਇਨ੍ਹਾਂ ਲੋਕਾਂ ਨੇ ‘‘ਕੀ ਅਸੀਂ ਗੁਰਦੁਆਰੇ ਅੰਦਰ ਆਉਣ ਵਾਲੇ ਹਰ ਵਿਅਕਤੀ ਦੀ ਤਲਾਸ਼ੀ ਲੈਂਦੇ ਰਹੀਏ; ਟੀ.ਵੀ. ਵਿੱਚ ਤਾਂ ਮੋਨੇ ਕਲਾਕਾਰ ਸ਼ਬਦ ਪੜ੍ਹਦੇ ਰਹਿੰਦੇ ਹਨ’’ ਜਿਹੀਆਂ ਢੁੱਚਰਾਂ ਪੇਸ਼ ਕਰਕੇ ਆਪਣਾ ਪੱਲਾ ਝਾੜਨ ਦੀ ਗਲਤ ਨੀਤੀ ਅਪਣਾਈ।

ਇਹ ਗੱਲ ਵੀ ਗੌਰਤਲਬ ਹੈ ਕਿ ਸਰਨਾ ਦੇ ਸਿਆਸੀ ਵਿਰੋਧੀ ਯਾਨਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਪੰਥਕ ਦੇ ਆਗੂ, ਜਿਹੜੇ ਛੋਟੀਆਂ-ਮੋਟੀਆਂ ਗੱਲਾਂ ਬਦਲੇ ਸਰਨਾ ਖਿਲਾਫ਼ ਧਰਨੇ-ਪ੍ਰਦਰਸ਼ਨਾਂ ਦੀ ਝੜੀ ਲਗਾ ਦਿੰਦੇ ਹਨ, ਨੇ ਇਸ ਮਾਮਲੇ ’ਚ ਹੈਰਾਨੀਜਨਕ ਚੁੱਪੀ ਧਾਰ ਲਈ। ਸ਼ਾਇਦ ਆਰ.ਐਸ.ਐਸ. ਦੇ ਆਗੂਆਂ ਨੇ ਇਸ ਮਾਮਲੇ ’ਚ ਉਨ੍ਹਾਂ ਨੂੰ ਸਰਨਾ ਦਾ ਵਿਰੋਧ ਨਾ ਕਰਨ ਦਾ ਨਿਰਦੇਸ਼ ਦੇ ਦਿੱਤਾ ਸੀ ਕਿਉਂਕਿ ਅਜਿਹਾ ਹੋਣ ਨਾਲ ਸਿੱਖਾਂ ਦੇ ਗੁਰੂ ਘਰਾਂ ’ਚ ਬ੍ਰਾਹਮਣਵਾਦੀ ਰਾਗੀਆਂ-ਪ੍ਰਚਾਰਕਾਂ ਦੀ ਆਮਦ ਨੂੰ ਠੱਲ੍ਹ ਪੈਣ ਦੀ ਸੰਭਾਵਨਾ ਪੈਦਾ ਹੋ ਸਕਦੀ ਸੀ।

ਇਸ ਘਨਨਾ-ਕ੍ਰਮ ਤੋਂ ਜਾਣੂ ਸੰਗਤਾਂ ਵਿੱਚ ਧਰਮ ਪ੍ਰਚਾਰ ਕਮੇਟੀ ਅਤੇ ਦਿੱਲੀ ਕਮੇਟੀ ਦੇ ਇਸ ਆਪ-ਹੁਦਰੇਪਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੰਗਤਾਂ ਦਾ ਕਹਿਣਾ ਹੈ ਕਿ ਕੀ ਸਿੱਖ ਕੌਮ ਵਿੱਚ ਕੋਈ ਰਾਗੀ ਹੀ ਨਹੀਂ ਬਚਿਆ, ਜੋ ਕਮੇਟੀ ਪ੍ਰਬੰਧਕਾਂ ਵੱਲੋਂ ਅਨਮਤੀ ਰਾਗੀਆਂ ਦੇ ਕੀਰਤਨ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਸੰਗਤਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਵੇਂ ਗੁਰੂ ਘਰ ਆਉਣ ਵਾਲੇ ਵਿਅਕਤੀ ਦੀ ਤਲਾਸ਼ੀ ਲੈਣ ਦੀ ਰਵਾਇਤ ਨਹੀਂ ਪਰ ਕਿਸੇ ਅਨਮਤੀ ਰਾਗੀ ਨੂੰ ਵਿਸ਼ੇਸ਼ ਸੱਦਾ ਦੇ ਕੇ ਬੁਲਾਉਣ ਤੋਂ ਪਹਿਲਾਂ ਉਸਨੂੰ ਗੁਰੂ ਘਰ ਦੀ ਮਰਿਆਦਾ ਬਾਰੇ ਜਾਣਕਾਰੀ ਦੇਣਾ ਤਾਂ ਇਨ੍ਹਾਂ ਪ੍ਰਬੰਧਕਾਂ ਦਾ ਹੀ ਫਰਜ਼ ਹੈ (ਪ੍ਰਬੰਧਕਾਂ ਦੀ ਅਜਿਹੀ ਅਣਗਹਿਲੀ ਕਾਰਨ ਹੀ ਪਿਛਲੇ ਦਿਨੀਂ ਇਕ ਬ੍ਰਾਹਮਣਵਾਦੀ ਸਾਧ ਸ੍ਰੀ ਸ੍ਰੀ ਰਵੀ ਸ਼ੰਕਰ ਦੇ ਚੇਲਿਆਂ ਨੇ ਵੀ ਗੁ: ਬੰਗਲਾ ਸਾਹਿਬ ਵਿਖੇ ਗੁਰੂ ਘਰ ਦੀ ਮਰਿਆਦਾ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ)। ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਟੀ.ਵੀ. ਦੇ ਕਲਾਕਾਰਾਂ ਦੀ ਤੁਲਨਾ ਇਨ੍ਹਾਂ ਅਨਮਤੀਆਂ ਦੇ ਕੀਰਤਨ ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਟੀ.ਵੀ. ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ। ਇਸਦੇ ਇਲਾਵਾ, ਕਿਸੇ ਗਲਤ ਰੁਝਾਨ ਦੀ ਮਿਸਾਲ ਦੇ ਕੇ, ਆਪਣੀ ਗਲਤ ਕਾਰਵਾਈ ਨੂੰ ਜਾਇਜ਼ ਠਹਿਰਾਉਣਾ ਵੀ ਕੋਈ ਧਰਮ ਪ੍ਰਚਾਰ ਨਹੀਂ ਹੈ।