Subscription About Us Contact Us


ਬ੍ਰਾਹਮਣਵਾਦ : ਭਾਰਤੀ ਸਮਾਜਕ ਵਿਵਸਥਾ ਲਈ ਇਕ ਸਰਾਪ

- ਸੁੰਦਰ ਲਾਲ ਸਾਗਰ -

ਇਹ ਇਕ ਤ੍ਰਾਸਦੀ ਹੈ ਕਿ ਇਕ ਤਰਫ਼ ਜਦ ਦੁਨੀਆ ਦੇ ਚੇਤੰਨ ਲੋਕ, ਅਵਾਮ ਨੂੰ ਵਿਵੇਕਸ਼ੀਲ ਅਤੇ ਬੁੱਧੀਮਾਨ ਬਣਨ ਲਈ ਵੱਧ ਤੋਂ ਵੱਧ ਚੰਗੀ ਸਿੱਖਿਆ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਇਸਾਈ ਮਿਸ਼ਨਰੀ ਮੂਲਵਾਸੀ ਇਲਾਕਿਆਂ ਵਿੱਚ ਜਾ ਕੇ ਨੰਗ-ਧੜੰਗੇ ਲੋਕਾਂ ਨੂੰ ਸਿੱਖਿਅਤ ਬਣਾਉਣ ਦੇ ਯਤਨ ਵਿੱਚ ਲੱਖਾਂ ਰੁਪਏ ਲਗਾ ਰਹੇ ਹਨ; ਉੱਥੇ ਦੂਜੀ ਤਰਫ਼ ਭਾਰਤ ਦੇ ਬ੍ਰਾਹਮਣਵਾਦੀ, ਸਿੱਖਿਆ ਦੇ ਪ੍ਰਸਾਰ ਦਾ ਵਿਰੋਧ ਕਰ ਰਹੇ ਹਨ। ਭਾਰਤ ਦੇ 80 ਫੀਸਦੀ ਖੇਤਾਂ ਜਾਂ ਕਾਰਖਾਨਿਆਂ ਵਿੱਚ ਮਿਹਨਤ ਕਰਨ ਵਾਲੇ ਮਜ਼ਦੂਰ, ਧੋਬੀ, ਲੁਹਾਰ, ਜੁਲਾਹੇ, ਕਿਸਾਨ ਆਦਿ ਅਖਵਾਉਣ ਵਾਲੇ ਕਾਰੀਗਰ ਉੱਚ ਸਿੱਖਿਆ ਤੋਂ ਵਾਂਝੇ ਹਨ। ਬ੍ਰਾਹਮਣਵਾਦੀ ਨਹੀਂ ਚਾਹੁੰਦੇ ਕਿ ਭਾਰਤ ਦਾ ਸ਼ੂਦਰ ਅਖਵਾਉਣ ਵਾਲਾ 80 ਫੀਸਦੀ ਸਮਾਜ ਵਿਵੇਕਸ਼ੀਲ ਬਣੇ, ਵਿਗਿਆਨਕ ਬਣੇ, ਤਕਨੀਸ਼ਿਅਨ ਬਣੇ ਤੇ ਕਾਬਿਲ ਬਣਕੇ ਖ਼ੁਦ ਤਰੱਕੀ ਕਰੇ ਤੇ ਦੇਸ਼ ਦੀ ਤਰੱਕੀ ਕਰਵਾਏ। ਬ੍ਰਾਹਮਣਵਾਦੀਆਂ ਨੂੰ ਕੋਈ ਫਿਕਰ ਨਹੀਂ ਕਿ ਅਗਿਆਨ ਦੇ ਕਾਰਨ ਦੇਸ਼ ਵਿੱਚ ਫਸਲਾਂ ਜਾਂ ਉਦਿਯੋਗਾਂ ਦਾ ਉਤਪਾਦਨ ਡਿਗ ਜਾਏ, ਪ੍ਰਗਤੀ ਰੁਕ ਜਾਏ ਅਤੇ ਦੇਸ਼ ਭਰ ਦਾ ਪਤਨ ਹੋ ਜਾਏ।

ਇਸ ਤਰ੍ਹਾਂ ਸਭ ਨੂੰ ਸਿੱਖਿਆ ਤੋਂ ਕੋਰੇ ਕਰਕੇ ਬ੍ਰਾਹਮਣ ਨੇ ਪੂਰੇ ਸਮਾਜ ਨੂੰ ਮੂਰਖ ਬਣਾਉਣ, ਆਪਣੀ ਉੱਚਤਾ ਦਰਸਾਉਣ ਅਤੇ ਰੁਤਬਾ ਕਾਇਮ ਕਰਨ ਲਈ ਸੰਸਕ੍ਰਿਤ ਦੇ ਚੰਦ ਸਲੋਕ ਰਟ ਲਏ। ਉਸਨੇ ਆਪਣੇ ਵਿਦਿਆ ਦੇ ਦੁਆਰ ਸਾਰਿਆਂ ਲਈ ਬੰਦ ਕਰ ਦਿੱਤੇ ਅਤੇ ਇਹ ਸਿਰਫ਼ ਬ੍ਰਾਹਮਣਾਂ ਨੂੰ ਸਿੱਖਿਆ ਦੇਣ ਵਾਲੇ ਅਦਾਰੇ ਬਣ ਗਏ। ਇਸਲਾਮ ਅਤੇ ਇਸਾਈਅਤ ਵਿੱਚ ਦੂਜਿਆਂ ਨੂੰ ਸਿੱਖਿਆ ਦੇਣ ’ਤੇ ਇਨਾਮ ਦਿੱਤੇ ਜਾਣ ਦਾ ਪ੍ਰਾਵਧਾਨ ਹੈ ਜਦਕਿ ਬ੍ਰਾਹਮਣਵਾਦ ਵਿੱਚ ਸ਼ੂਦਰਾਂ ਨੂੰ ਸਿੱਖਿਅਤ ਕਰਨ ਵਾਲੇ ਨੂੰ ਸਜ਼ਾ ਦੇਣ ਦਾ ਪ੍ਰਾਵਧਾਨ ਹੈ। ਬ੍ਰਾਹਮਣਵਾਦ ਹੀ ਇਕ-ਮਾਤਰ ਅਜਿਹਾ ਫਲਸਫਾ ਹੈ, ਜੋ ਸਿੱਖਿਆ ਦਾ ਵਿਰੋਧ ਕਰਦਾ ਹੈ। ਇਸ ਤਰ੍ਹਾਂ ਬ੍ਰਾਹਮਣਵਾਦ ਦਾ ਇਹ ਪ੍ਰਭਾਵ ਹੋਇਆ ਕਿ ਪੂਰਾ ਦੇਸ਼ ਬ੍ਰਾਹਮਣ ਦੇ ਪ੍ਰਭਾਵ ਵਿੱਚ ਅਨਪੜ੍ਹ ਹੋ ਗਿਆ ਅਤੇ ਇਹ ਦੇਸ਼ ਅਨਪੜ੍ਹਾਂ ਤੇ ਅਗਿਆਨੀਆਂ ਦਾ ਦੇਸ਼ ਬਣ ਗਿਆ। ਯਾਦ ਰਹੇ, ਜਦ ਭਾਰਤ ਅਜ਼ਾਦ ਹੋਇਆ ਸੀ ਤਾਂ ਦੇਸ਼ ਦੇ 97 ਫੀਸਦੀ ਲੋਕ ਅਨਪੜ੍ਹ ਸਨ।

ਕਿਰਤ ਦਾ ਨਿਰਾਦਰ :

ਕਿਰਤ ਕਰਨ ਵਾਲੇ ਨੂੰ ਦੁਨੀਆ ਵਿੱਚ ਸਨਮਾਨ ਦੀ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਹੈ ਅਤੇ ਇਨਾਮ ਦਿੱਤੇ ਜਾਂਦੇ ਹਨ। ਕਿਰਤ ਦਾ ਹਰ ਥਾਂ ਆਦਰ ਹੁੰਦਾ ਹੈ, ਭਾਵੇਂ ਉਹ ਪੂੰਜੀਵਾਦੀ ਦੇਸ਼ ਹੋਏ ਜਾਂ ਸਾਮਵਾਦੀ। ਪਰ ਭਾਰਤ ਇਕ ਅਜਿਹਾ ਦੇਸ਼ ਹੈ, ਜਿੱਥੇ ਕਿਰਤ ਦਾ ਸਨਮਾਨ ਨਹੀਂ ਕੀਤਾ ਜਾਂਦਾ। ਦੂਜੇ ਦੇਸ਼ਾਂ ਦੇ ਬਸ ਸਟੈਂਡ, ਰੇਲਵੇ ਸਟੇਸ਼ਨ, ਹਵਾਈ-ਅੱਡੇ ਆਦਿਕ ਥਾਵਾਂ ’ਤੇ ਕੁਲੀ ਨਹੀਂ ਮਿਲਦੇ - ਉੱਥੇ ਸਭ ਆਪਣਾ-ਆਪਣਾ ਸਮਾਨ ਖ਼ੁਦ ਚੁੱਕਦੇ ਅਤੇ ਢੋਂਦੇ ਹਨ। ਵਿਦੇਸ਼ਾਂ ਵਿੱਚ ਬੱਚਾ ਵੀ ਆਪਣਾ ਜੇਬ-ਖਰਚ ਚਲਾਉਣ ਲਈ ਕੋਈ ਮਜ਼ਦੂਰੀ ਕਰ ਲੈਂਦਾ ਹੈ।

ਬ੍ਰਾਹਮਣਵਾਦੀ ਵਿਵਸਥਾ ਇਕ ਅਜਿਹੀ ਵਿਵਸਥਾ ਹੈ, ਜਿਸ ਵਿੱਚ ਕਿਰਤ ਦਾ ਅਨਾਦਰ ਕੀਤਾ ਜਾਂਦਾ ਹੈ। ਬ੍ਰਾਹਮਣਵਾਦ ਵਿੱਚ ਜਾਤੀਆਂ ਦਾ ਬਟਵਾਰਾ ਕਿਰਤ ਦੇ ਅਧਾਰ ’ਤੇ ਕੀਤਾ ਜਾਂਦਾ ਹੈ। ਇੱਥੇ ਜੋ ਪਰਜੀਵੀ ਹੈ, ਯਾਨੀ ਕਿਰਤ ਨਾ ਕਰਕੇ ਮੰਗ ਕੇ ਖਾਂਦਾ ਹੈ, ਉਹ ਸਭ ਤੋਂ ਵੱਧ ਪੂਜਨੀਕ ਹੈ। ਜਿਹੜਾ ਛਿਨ-ਝਪਟ ਕੇ ਖਾਂਦਾ ਹੈ, ਉਹ ਦੂਜੇ ਦਰਜੇ ਦਾ ਪੂਜਨੀਕ ਹੈ। ਜਿਹੜਾ ਹੇਰਾ-ਫੇਰੀ ਨਾਲ ਖਾਂਦਾ ਹੈ, ਉਹ ਤੀਜੇ ਦਰਜੇ ਦਾ ਪੂਜਨੀਕ ਹੈ। ਅਤੇ ਜਿਹੜਾ ਖੂਨ ਪਸੀਨਾ ਵਗਾ ਕੇ ਸਖ਼ਤ ਮਿਹਨਤ ਨਾਲ ਕਮਾਉਂਦਾ ਹੈ, ਉਹ ਸਭ ਤੋਂ ਨੀਵੇਂ ਦਰਜੇ ਦਾ ਮੰਨਿਆ ਜਾਂਦਾ ਹੈ।

ਜਦ ਕਿਰਤ ਕਰਨ ਵਾਲਾ ਨੀਚ ਸਮਝਿਆ ਜਾਣ ਲੱਗਾ ਅਤੇ ਕਿਰਤ ਨਾ ਕਰਨ ਵਾਲਾ ਉੱਚਾ ਅਤੇ ਪੂਜਨੀਕ ਸਮਝਿਆ ਜਾਣ ਲੱਗਾ, ਤਾਂ ਉਪਰਲੇ ਤਿੰਨੋਂ ਵਰਣਾਂ ਨੇ ਅਜਿਹੀ ਵਿਵਸਥਾ ਬਣਾਈ, ਜਿਸ ਨਾਲ ਉਹ ਹਮੇਸ਼ਾ ਲਈ ਕਿਰਤ ਤੋਂ ਦੂਰ ਰਹਿਣ ਅਤੇ ਸ਼ੂਦਰ ਤੋਂ ਬਰਾਬਰ ਕੰਮ ਲਿਆ ਜਾਂਦਾ ਰਹੇ। ਇਕ ਕਾਨੂੰਨ ਬਣਾ ਦਿੱਤਾ ਗਿਆ, ਜਿਸਨੂੰ ਮਨੂੰ ਸਿੰਮ੍ਰਤੀ ਦਾ ਕਾਨੂੰਨ ਕਿਹਾ ਜਾਂਦਾ ਹੈ। ਇਸ ਕਾਨੂੰਨ ਦੇ ਤਹਿਤ ਸ਼ੂਦਰਾਂ ਦਾ ਕੰਮ ਕਰਨਾ ਲਾਜ਼ਮੀ ਸੀ। ਇਸ ਵਿੱਚ ਦੰਡ ਦੀ ਵੀ ਵਿਵਸਥਾ ਰੱਖੀ ਗਈ ਸੀ ਕਿ ਜਿਹੜਾ ਸ਼ੂਦਰ ਕੰਮ ਨਾ ਕਰੇ, ਉਸਨੂੰ ਸਖ਼ਤ ਸਜ਼ਾ ਦਿੱਤੀ ਜਾਏ। ਬ੍ਰਾਹਮਣ, ਖੱਤਰੀ, ਬਾਣੀਆ ਜੇਕਰ ਕੰਮ ਨਾ ਕਰਨ, ਤਾਂ ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਸੀ ਪਰ ਸ਼ੂਦਰ ਜੇਕਰ ਕੰਮ ਨਾ ਕਰੇ ਉਸਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ। ਕਰਮ-ਵਿਵਸਥਾ ਦਾ ਪ੍ਰਭਾਵ ਇਹ ਹੋਇਆ ਕਿ ਸ਼ੂਦਰਾਂ ਦੀਆਂ ਅਨੇਕਾਂ ਜਾਤੀਆਂ ਬਣ ਗਈਆਂ। ਕਿਰਤੀ ਜਾਤਾਂ ਵਿੱਚ ਜੋ ਜਿੰਨਾ ਵਧੇਰੇ ਜੋਖਿਮ ਭਰਿਆ ਅਤੇ ਗੰਦਾ ਕੰਮ ਕਰਦੀਆਂ ਸਨ, ਉਨ੍ਹਾਂ ਨੂੰ ਓਨਾ ਹੀ ਨੀਚ ਬਣਾ ਦਿੱਤਾ ਗਿਆ। ਕਿਉਂਕਿ ਕੰਮ ਅਨੇਕਾਂ ਤਰ੍ਹਾਂ ਦੇ ਸਨ ਅਤੇ ਜਿੰਨੀ ਤਰ੍ਹਾਂ ਦੇ ਕੰਮ ਸਨ, ਓਨੀਆਂ ਹੀ ਜਾਤਾਂ ਬਣ ਗਈਆਂ। ਇਸ ਤਰ੍ਹਾਂ ਕਿਰਤ ਦਾ ਘੋਰ ਅਨਾਦਰ ਕੀਤਾ ਗਿਆ।

ਬ੍ਰਾਹਮਣ ਨੇ ਆਪਣੇ 6 ਕੰਮ ਨਿਸ਼ਚਿਤ ਕੀਤੇ ਹਨ। ਇਹ ਹਨ - ਪੜ੍ਹਨਾ, ਪੜ੍ਹਾਉਣਾ, ਯੱਗ ਕਰਨਾ, ਯੱਗ ਕਰਾਉਣਾ, ਦਾਨ ਦੇਣਾ ਅਤੇ ਦਾਨ ਲੈਣਾ। ਪਰ ਬ੍ਰਾਹਮਣ ਇਨ੍ਹਾਂ ਵਿੱਚੋਂ ਸਿਰਫ਼ ਤਿੰਨ ਕੰਮ ਪੜ੍ਹਨਾ, ਦਾਨ ਲੈਣਾ ਅਤੇ ਯੱਗ ਕਰਨਾ ਹੀ ਕਰਦਾ ਰਿਹਾ। ਉਹ ਖ਼ੁਦ ਪੜ੍ਹਦਾ ਰਿਹਾ ਪਰ ਕਿਸੇ ਨੂੰ ਪੜ੍ਹਾਇਆ ਨਹੀਂ, ਖ਼ੁਦ ਦਾਨ ਲਿਆ ਪਰ ਕਿਸੇ ਨੂੰ ਦਿੱਤਾ ਨਹੀਂ, ਖ਼ੁਦ ਦੂਜਿਆਂ ਦੇ ਘਰਾਂ ਵਿੱਚ ਯੱਗ ਕਰਦਾ ਰਿਹਾ ਪਰ ਆਪ ਨਹੀਂ ਕਰਵਾਇਆ। ਬ੍ਰਾਹਮਣ ਦੇ ਇਹ ਤਿੰਨੋਂ ਕੰਮ ਉਸਦੇ ਸਵਾਰਥ, ਸਵੈ-ਲਾਭ ਅਤੇ ਆਮਦਨੀ ਦੇ ਸ੍ਰੋਤ ਹਨ। ਇਨ੍ਹਾਂ ਕਾਰਜਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਬ੍ਰਾਹਮਣ ਕੋਲ ਸਿਰਫ਼ ਅਧਿਕਾਰ ਹੀ ਅਧਿਕਾਰ ਹਨ, ਪੂਰੇ ਸਮਾਜ ਲਈ ਉਸਦਾ ਕੋਈ ਫਰਜ਼ ਨਹੀਂ ਹੈ।

ਬ੍ਰਾਹਮਣਵਾਦ ਨੇ ਪਿਤਾ-ਪੁਰਖੀ ਪੇਸ਼ੇ ਨਿਸ਼ਚਿਤ ਕਰਕੇ ਕਿਰਤ ਨੂੰ ਮਹੱਤਵਹੀਨ ਬਣਾਇਆ ਹੈ। ਖੇਤੀ ਅਤੇ ਕਾਰਖਾਨਿਆਂ ਵਿੱਚ ਤਰੱਕੀ, ਭਾਰਤ ਦੇ ਮਜ਼ਦੂਰ ਕਿਸਾਨਾਂ ਨੇ ਨਹੀਂ ਕੀਤੀ ਬਲਕਿ ਦੁਨੀਆ ਦੇ ਉਨ੍ਹਾਂ ਲੋਕਾਂ ਨੇ ਕੀਤੀ ਹੈ, ਜਿੱਥੇ ਜਾਤਿ ਨਹੀਂ ਹੁੰਦੀ। ‘ਫਲਸ਼’ ਦੀ ਕਾਢ ਕਿਸੇ ਭੰਗੀ ਨੇ ਨਹੀਂ ਕੀਤੀ ਬਲਕਿ ਉਨ੍ਹਾਂ ਨੇ ਕੀਤੀ ਹੈ, ਜਿੱਥੇ ਭੰਗੀ ਜਾਤਿ ਨਹੀਂ ਹੁੰਦੀ। ਮਜਬੂਤ ਜੁੱਤੇ ਭਾਰਤ ਦੀ ਚਮਾਰ ਜਾਤੀ ਨੇ ਨਹੀਂ ਬਲਕਿ ਉਨ੍ਹਾਂ ਲੋਕਾਂ ਨੇ ਬਣਾਏ ਹਨ, ਜਿਨ੍ਹਾਂ ਵਿੱਚ ‘ਜਾਤਿ’ ਨਹੀਂ ਹੁੰਦੀ। ਟ੍ਰੈਕਟਰ ਅਤੇ ਗੱਡੀਆ ਭਾਰਤ ਦੇ ਰਾਮਗੜ੍ਹੀਆਂ ਜਾਂ ਲੋਹਾਰ ਜਾਤਾਂ ਨੇ ਨਹੀਂ ਬਣਾਏ ਬਲਕਿ ਉਨ੍ਹਾਂ ਮੁਲਕਾਂ ਨੇ ਬਣਾਈਆਂ ਹਨ, ਜਿੱਥੇ ਇਹ ਜਾਤਾਂ ਹੁੰਦੀਆਂ ਹੀ ਨਹੀਂ। ਭਾਰਤ ਦਾ ਖੱਤਰੀ ਤਲਵਾਰ-ਭਾਲਾ ਲਈ ਘੁੰਮਦਾ ਰਿਹਾ ਪਰ ਜੰਗ ਦੇ ਆਧੁਨਿਮ ਬੰਮ, ਗੋਲਾ-ਬਾਰੂਦ ਅਤੇ ਐਟਮ ਬੰਮ ਉਨ੍ਹਾਂ ਲੋਕਾਂ ਨੇ ਬਣਾਏ, ਜਿੱਥੇ ਖੱਤਰੀ ਜਾਤਿ ਨਹੀਂ ਹੁੰਦੀ। ਬ੍ਰਾਹਮਣ ਵਿਦਿਆ ਦਾ ਠੇਕੇਦਾਰ ਸੀ ਪਰ ਉਸਨੇ ਕੋਈ ਈਜਾਦ ਨਾ ਕੀਤੀ ਅਤੇ ਆਪਣੀ ਕਾਬਿਲੀਅਤ ਦੇ ਜੋ ਤਜ਼ੁਰਬੇ ਕੀਤੇ ਅਤੇ ਕੰਮ ਨੂੰ ਜਾਤਾਂ ਵਿੱਚ ਵੰਡ ਦਿੱਤਾ, ਉਸ ਨਾਲ ਕਿਰਤ ਦਾ ਘੋਰ ਅਪਮਾਨ ਹੋਇਆ, ਤਰੱਕੀ ਰੁਕ ਗਈ ਅਤੇ ਅਸੀਂ ਦੁਨੀਆ ਭਰ ਵਿੱਚ ਜ਼ਾਹਿਲ ਅਖਵਾਏ। ਇਹ ਸਭ ਬ੍ਰਾਹਮਣਵਾਦ ਦੇ ਪ੍ਰਭਾਵ ਦੀ ਹੀ ਖੇਡ ਹੈ।

ਪੂੰਜੀਵਾਦ ਦਾ ਬੋਲਬਾਲਾ

ਬ੍ਰਾਹਮਣਵਾਦ ਦਾ ਪ੍ਰਭਾਵ ਪੂੰਜੀਵਾਦੀ ਵਿਵਸਥਾ ਦੀ ਸਥਾਪਨਾ ਹੈ। ਪੂੰਜੀਵਾਦੀ ਵਿਵਸਥਾ ਵਿੱਚ ਸਭ ਕੁਝ ਪੂੰਜੀ ਦੁਆਲੇ ਘੁੰਮਦਾ ਹੈ। ਪੂੰਜੀ ਨਾਲ ਧਰਮ, ਰਾਜਨੀਤੀ ਅਤੇ ਸ਼ੋਹਰਤ ਖਰੀਦੀ ਜਾਂਦੀ ਹੈ। ਬ੍ਰਾਹਮਣਵਾਦ ਵਿੱਚ ਪੁਨਰ-ਜਨਮ ਅਤੇ ਕਿਸਮਤਵਾਦ, ਪੂੰਜੀ ਦੇ ਅਧਾਰ ਹਨ। ਗਰੀਬੀ-ਅਮੀਰੀ ਨੂੰ ਪੂਰਬਲੇ ਜਨਮਾਂ ਦਾ ਲਾਜ਼ਮੀ ਫਲ ਦੱਸ ਕੇ ਪੂੰਜੀਪਤੀਆਂ ਦੀ ਰੱਖਿਆ ਕੀਤੀ ਗਈ ਹੈ। ਕਿਸਮਤਵਾਦ ਵਿੱਚ ਇਹ ਮੰਨ ਲਿਆ ਜਾਂਦਾ ਹੈ ਕਿ ਕਰੋੜਪਤੀ-ਅਰਬਪਤੀ ਵਿਅਕਤੀ ਨੇ ਪਿਛਲੇ ਜਨਮ ਵਿੱਚ ਕੁਝ ਚੰਗੇ ਕਰਮ ਕੀਤੇ ਸਨ; ਇਸਲਈ ਇਸ ਵਿੱਚ ਉਸਦੀ ਕਿਸਮਤ ਵਿੱਚ ਕਰੋੜਾਂ ਦੀ ਪੂੰਜੀ ਹੈ - ਪੂੰਜੀਵਾਦੀ ਸਨਅਤਕਾਰ ਦੀਆਂ ਮਜਦੂਰ-ਵਿਰੋਧੀ ਨੀਤੀਆਂ ਵਿਰੁੱਧ ਅਵਾਜ਼ ਚੁੱਕਣਾ ਵਿਅਰਥ ਹੈ। ਬ੍ਰਾਹਮਣਵਾਦੀ ਕਹਿੰਦੇ ਹਨ ਕਿ ਪੂੰਜੀਪਤੀ ਦੇ ਵਿਰੁੱਧ ਕੋਈ ਸੰਘਰਸ਼, ਰੱਬ ਦੇ ਵਿਧਾਨ ਵਿਰੁੱਧ ਮੰਨਿਆ ਜਾਏਗਾ। ਜੋ ਕੁਝ ਇਸ ਜਨਮ ਵਿੱਚ ਹੋ ਰਿਹਾ ਹੈ, ਉਸਨੂੰ ਖੁਸ਼ੀ ਨਾਲ ਝੇਲੋ ਅਤੇ ਬ੍ਰਾਹਮਣਾਂ ਦੀ ਸੇਵਾ ਕਰੋ - ਅਗਲੇ ਜਨਮ ਵਿੱਚ ਸਭ ਕੁਝ ਠੀਕ ਹੋ ਜਾਏਗਾ !! ਪੁਨਰਜਨਮ ਅਤੇ ਕਿਸਮਤਵਾਦ ਵਿੱਚ ਵਿਸ਼ਵਾਸ ਬ੍ਰਾਹਮਣਵਾਦ ਹੈ।

ਸਮਾਜ ਉਨ੍ਹਾਂ ਪ੍ਰਾਣੀਆਂ ਦੇ ਸਮੂਹ ਨੂੰ ਕਹਿੰਦੇ ਹਨ ਜਿਨ੍ਹਾਂ ਵਿੱਚ ਇਕੱਠੇ ਰਹਿਣ, ਇਕ-ਦੂਜੇ ਨੂੰ ਸਮਝਣ ਅਤੇ ਇਕ-ਦੂਜੇ ਲਈ ਲਗਾਵ ਰੱਖਣ ਦੀ ਭਾਵਨਾ ਹੋਵੇ। ਭਾਰਤ ਵਿੱਚ ਇਸ ਭਾਵਨਾ ਦੀ ਕਮੀ ਹੈ। ਇਸਲਈ ਇੱਥੇ ਕਦੀ ਸਮਾਜਵਾਦ ਆ ਹੀ ਨਹੀਂ ਸਕਦਾ। ਬ੍ਰਾਹਮਣਵਾਦ ਦੇ ਰਹਿੰਦਿਆਂ ਭਾਰਤ ਕਦੀ ਸਮਾਜਵਾਦੀ ਦੇਸ਼ ਨਹੀਂ ਬਣ ਸਕਦਾ। ਬ੍ਰਾਹਮਣਵਾਦ ਕਾਰਨ ਭਾਰਤ ਵਿੱਚ ਪੂੰਜੀਵਾਦ ਦਾ ਬੋਲਬਾਲਾ ਹੈ ਅਤੇ ਸਮਾਜਵਾਦ ਪਨਪਣ ਦਾ ਨਾਮ ਹੀ ਨਹੀਂ ਲੈਂਦਾ।

ਗੈਰ-ਵਿਗਿਆਨਕਤਾ ਨੂੰ ਹੱਲਾਸ਼ੇਰੀ

ਬ੍ਰਾਹਮਣਵਾਦ ਨੇ ਵਿਗਿਆਨ ਦਾ ਹਮੇਸ਼ਾ ਤਿਰਸਕਾਰ ਕੀਤਾ ਹੈ। ਵਿਗਿਆਨ ਦਾ ਨੇਮ ਹੈ ਕਿ ਪਾਣੀ ਗਰਮੀ ਨਾਲ ਪਿਘਲਦਾ ਹੈ ਅਤੇ ਠੰਡ ਪੈਣ ’ਤੇ ਜੰਮ ਜਾਂਦਾ ਹੈ। ਵਿਗਿਆਨ ਕਹਿੰਦਾ ਹੈ ਕਿ ਮਨੁੱਖੀ ਦੀ ਉਤਪਤੀ ਰਜ ਅਤੇ ਵੀਰਜ ਦੇ ਮਿਲਣ ਨਾਲ ਹੁੰਦੀ ਹੈ ਪਰ ਬ੍ਰਾਹਮਣ ਇਹ ਸਭ ਕੁਝ ਨਹੀਂ ਮੰਨਦਾ। ਉਹ ਤਾਂ ਇਹੀ ਪੜ੍ਹਾਉਂਦਾ ਹੈ ਕਿ ਸੰਸਾਰ ਵਿੱਚ ਜੋ ਕੁਝ ਹੋ ਰਿਹਾ ਹੈੲ, ਉਹ ਈਸ਼ਵਰ ਦਾ ਚਮਤਕਾਰ ਹੈ। ਇਸਨੂੰ ਮੰਨ ਲਓ - ਇਸ ’ਤੇ ਤਰਕ ਨਾ ਕਰੋ। ਬ੍ਰਾਹਮਣਵਾਦ ਦੀ ਸਾਰੀ ਸਭਿਅਤਾ ਚਮਤਕਾਰਾਂ, ਅੰਧ-ਵਿਸ਼ਵਾਸਾਂ ’ਤੇ ਟਿਕੀ ਹੋਈ ਹੈ। ਵਿਗਿਆਨ ਕਹਿੰਦਾ ਹੈ ਕਿ ਸ੍ਰਿਸ਼ਟੀ ਦੇ ਪਦਾਰਥ ਅਨੰਤ ਨੇਮਾਂ ਮੁਤਾਬਿਕ ਚਲਦੇ ਹਨ ਪਰ ਬ੍ਰਾਹਮਣਵਾਦ ਕਹਿੰਦਾ ਹੈ ਕਿ ਸਭ ਕੁਝ ਈਸ਼ਵਰ ਦੇ ਚਮਤਕਾਰ ਨਾਲ ਚੱਲਦਾ ਹੈ। ਬ੍ਰਾਹਮਣਵਾਦ ਕਹਿੰਦਾ ਹੈ ਕਿ ਜੋ ਕਿਹਾ ਜਾ ਰਿਹਾ ਹੈ, ਉਸ ’ਤੇ ਇੰਨ-ਬਿੰਨ ਵਿਸ਼ਵਾਸ ਕਰੋ। ਪਰ ਵਿਗਿਆਨ ਕਹਿੰਦਾ ਹੈ ਕਿ ਪਹਿਲਾਂ ਜਾਣੋ, ਤਾਂ ਮੰਨੋ। ਬ੍ਰਾਹਮਣਵਾਦ ਵਿਸ਼ਵਾਸ ਅਤੇ ਆਸਥਾ ’ਤੇ ਟਿਕਿਆ ਹੋਇਆ ਹੈ ਜਦਕਿ ਵਿਗਿਆਨ ਸੱਚ ’ਤੇ ਟਿਕਿਆ ਹੋਇਆ ਹੈ।

ਅਮਰੀਕਾ ਅਤੇ ਰੂਸ ਦੇ ਵਿਗਿਆਨਕ ਚਾਂਦ ਅਤੇ ਬ੍ਰਹਸਪਤੀ ਗ੍ਰਹਿ ’ਤੇ ਮਕਾਨ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ ਤਾਂ ਭਾਰਤ ਦੇ ਵਿਗਿਆਨਕ, ਵੇਦ ਮੰਤਰਾਂ ਨਾਲ ਖੋਜਸ਼ਾਲਾ ਦਾ ਨੀਂਹ-ਪੱਥਰ ਰਖਦੇ ਹਨ। ਇੱਥੇ ਬਿਨ੍ਹਾਂ ਪੂਜਾ ਨਹਿਰ, ਕਲੋਨੀ ਜਾਂ ਮਕਾਨ ਤੱਕ ਦੀ ਨੀਂਹ ਵੀ ਨਹੀਂ ਰੱਖੀ ਜਾਂਦੀ। ਨਰ ਬਲੀ ਦੇ ਕੇ ਡੈਮ ਦੀ ਨੀਂਹ ਭਾਰਤ ਦੇ ਵਿਗਿਆਨਕ ਹੀ ਰਖਵਾਉਂਦੇ ਹਨ। ਜਦ ਇਥੋਂ ਦਾ ਵਿਗਿਆਨ ਦਾ ਵਿਦਿਆਰਥੀ ਅਤੇ ਵਿਗਿਆਨਕ ਖੇਤਰ ਵਿੱਚ ਖੋਜ ਕਰ ਰਿਹਾ ਵਿਦਿਆਰਥੀ ਕਿਸੇ ਮੰਦਰ ਦੇ ਸਾਹਮਣਿਓਂ ਨਿਕਲਦਾ ਹੈ ਤਾਂ ਹਨੂੰਮਾਨ ਦੀ ਮੂਰਤੀ ਅਤੇ ਸ਼ਿਵਜੀ ਦੇ ਲਿੰਗ ਸਾਹਮਣੇ ਗਰਦਨ ਝੁਕਾ ਲੈਂਦਾ ਹੈ।

ਬ੍ਰਾਹਮਣਵਾਦ ਅੰਧ-ਵਿਸ਼ਵਾਸ ਦੀ ਜੜ੍ਹ ਹੈ। ਉਸਦੀ ਹਰ ਮਾਨਤਾ ਵਿਗਿਆਨ ਵਿਰੋਧੀ ਹੈ। ਗਣੇਸ਼, ਸ਼ੰਕਰ (ਸ਼ਿਵ) ਦਾ ਪੁੱਤਰ ਨਹੀਂ ਸੀ। ਉਸਨੂੰ ਪਾਰਬਤੀ ਨੇ ਵਿਆਹ ਤੋਂ ਪਹਿਲਾਂ ਜਾਂ ਬਾਅਦ ਕਿਸੇ ਹੋਰ ਪੁਰਸ਼ ਨਾਲ ਪੈਦਾ ਕੀਤਾ ਸੀ। ਸ਼ੰਕਰ ਜਦੋਂ ਬਾਹਰੋਂ ਆਏ ਤਾਂ ਉਨ੍ਹਾਂ ਉਸ ਬਾਲਕ ਨੂੰ ਨੰਗੀ ਨਹਾ ਰਹੀ ਮਾਂ ਦੀ ਚੌਕੀਦਾਰੀ ਕਰਦਿਆਂ ਪਾਇਆ। ਸ਼ੰਕਰ ਨੇ ਪੁੱਛਿਆ ਕਿ ਤੂੰ ਕੌਣ ਹੈਂ, ਤਾਂ ਉਸਨੇ ਪਾਰਬਤੀ ਦਾ ਪੁੱਤਰ ਦੱਸਿਆ। ਸ਼ੰਕਰ ਨੇ ਉਸਦਾ ਸਿਰ ਕੱਟ ਲਿਆ। ਇਸ ’ਤੇ ਪਾਰਬਤੀ ਨਰਾਜ਼ ਹੋਈ ਤਾਂ ਸ਼ੰਕਰ ਨੇ ਹਾਥੀ ਦਾ ਸਿਰ ਲਗਾ ਕੇ ਉਸਨੂੰ ਜ਼ਿੰਦਾ ਕਰ ਦਿੱਤਾ !! ਅੰਤਰਜਾਮੀ ਸ਼ੰਕਰ ਇਹ ਨਹੀਂ ਜਾਣ ਸਕੇ ਕਿ ਇਹ ਬਾਲਕ ਕੌਣ ਹੈ? ਸ਼ੰਕਰ ਨੇ ਸਿਰ ਕੱਟਿਆ, ਅੰਤਰਯਾਮੀ ਵੀ ਸਨ; ਫਿਰ ਵੀ ਕਟੇ ਹੋਏ ਸਿਰ ਦਾ ਪਤਾ ਨਹੀਂ ਲਗਾ ਸਕੇ ਕਿ ਉਹ ਸਿਰ ਕਿੱਥੇ ਚਲਾ ਗਿਆ ਹੈ। ਉਸ ਸਿਰ ਨੂੰ ਕਿਉਂ ਨਹੀਂ ਢੂੰਡ ਕੇ ਲਿਆਏ, ਜੋ ਹਾਥੀ ਦਾ ਸਿਰ ਕੱਟਣਾ ਪਿਆ। ਹਾਥੀ ਦਾ ਸਿਰ ਇਨਸਾਨ ਦੇ ਬਾਲਕ ’ਤੇ ਲਗਾਉਣਾ ਵੀ ਇਕ ਬੇਸਿਰ-ਪੈਰ ਦੀ ਗੱਲ ਹੈ। ਹਾਥੀ ਦਾ ਸਿਰ ਆਦਮੀ ਦੀ ਗਰਦਨ ’ਤੇ ਕਿਵੇਂ ਫਿੱਟ ਹੋ ਗਿਆ? ਇਹ ਵੀ ਸੋਚਣ ਦੀ ਗੱਲ ਹੈ ਕਿ ਹਾਥੀ ਇਕ ਜਾਨਵਰ ਹੈ - ਉਹ ਜੀਭ ਨਾਲ ਆਦਮੀ ਦੀ ਤਰ੍ਹਾਂ ਗੱਲਾਂ ਨਹੀਂ ਕਰਦਾ। ਫਿਰ ਗਣੇਸ਼ ਜੀ ਕਿਵੇਂ ਗੱਲਾਂ ਕਰਦੇ ਹੋਣਗੇ?

ਇਹ ਸਭ ਅੰਧ-ਵਿਸ਼ਵਾਸ ਬ੍ਰਾਹਮਣਵਾਦ ਦਾ ਚਮਤਕਾਰ ਹੈ। ਬ੍ਰਾਹਮਣਵਾਦ ਨੇ ਅਜਿਹੇ ਅਨੇਕਾਂ ਬੇਸਿਰ-ਪੈਰ ਅੰਧ-ਵਿਸ਼ਵਾਸ ਫੈਲਾਏ ਹਨ, ਜਿਨ੍ਹਾਂ ਦਾ ਵਿਗਿਆਨ ਨਾਲ ਕੋਈ ਵਾਸਤਾ ਨਹੀਂ ਹੈ, ਉਹ ਵਿਗਿਆਨ ਦੇ ਸਾਹਮਣੇ ਅਸੰਭਵ ਹੈ। ਜਿਵੇਂ ਗਣੇਸ਼ ਦੀ ਸਵਾਰੀ ਚੂਹਾ, ਦੇਵੀ ਦੀ ਸਵਾਰੀ ਕੁੱਤਾ, ਸਰਸਵਤੀ ਦੀ ਸਵਾਰੀ ਹੰਸ - ਇਹ ਸਭ ਅਸੰਭਵ ਅਤੇ ਝੂਠ ਹੈ। ਪਰ ਬਹਿਸ ਨਾ ਕਰੋ, ਮੰਨ ਲਓ - ਇਹੀ ਬ੍ਰਾਹਮਣਵਾਦ ਹੈ। ਬ੍ਰਾਹਮਣਵਾਦੀ ਗ੍ਰੰਥ ਇਸ ਤਰ੍ਹਾਂ ਅਨੇਕਾਂ ਝੂਠ ਅਤੇ ਅੰਧ-ਵਿਸ਼ਵਾਸਾਂ ਨਾਲ ਭਰੇ ਪਏ ਹਨ।

ਬ੍ਰਾਹਮਣਵਾਦ ਕਹਿੰਦਾ ਹੈ ਕਿ ਸੰਸਾਰ ਪੰਜ ਤੱਤਾਂ - ਅਗਨੀ, ਗਗਨ, ਜਲ, ਪ੍ਰਿਥਵੀ ਅਤੇ ਹਵਾ ਨਾਲ ਬਣਿਆ ਹੈ ਪਰ ਵਿਗਿਆਨ ਦੇ ਮੁਤਾਬਿਕ ਤੱਤ ਉਹ ਪਦਾਰਥ ਹੈ, ਜਿਸਦਾ ਸਭ ਤੋਂ ਛੋਟਾ ਭਾਗ ਐਟਮ ਕਹਿਲਾਉਂਦਾ ਹੈ। ਸੰਸਾਰ ਵਿੱਚ 100 ਤੋਂ ਵੱਧ ਤੱਤ ਹਨ ਅਤੇ ਹਰ ਤੱਤ ਵਿੱਚ ਐਟਮਾਂ ਦੀ ਗਿਣਤੀ ਦੂਜਿਆਂ ਨਾਲੋਂ ਵੱਖ ਹੁੰਦੀ ਹੈ। ਧਰਤੀ ਵਿੱਚ ਇਹ ਸਾਰੇ ਤੱਤ ਮੌਜੂਦ ਹਨ ਪਰ ਬ੍ਰਾਹਮਣਵਾਦ ਧਰਤੀ ਨੂੰ ਵੀ ਇਕ ਤੱਤ ਕਹਿੰਦਾ ਹੈ। ਬ੍ਰਾਹਮਣਵਾਦ ਵਿੱਚ ਦੱਸਿਆ ਗਿਆ ‘ਜਲ’ ਵੀ ਕੋਈ ਤੱਤ ਨਹੀਂ ਬਲਕਿ ਇਹ ਹਾਈਡ੍ਰੋਜਨ ਅਤੇ ਆਕਸੀਜਨ ਦਾ ਮਿਸ਼ਰਣ ਹੈ। ਹਵਾ ਵੀ ਕੋਈ ਤੱਤ ਨਹੀਂ ਬਲਕਿ ਵੱਖ-ਵੱਖ ਗੈਸਾਂ ਦਾ ਮਿਸ਼ਰਣ ਹੈ। ਧਰਤੀ ਤੋਂ ਉੱਪਰ ਖਾਲੀ ਥਾਂ ਨੂੰ ਅਸਮਾਨ ਕਿਹਾ ਜਾਂਦਾ ਹੈ, ਫਿਰ ਉਹ ਤੱਤ ਕਿਵੇਂ ਹੋ ਸਕਦੀ ਹੈ? ਇਸ ਤਰ੍ਹਾਂ ਬ੍ਰਾਹਮਣਵਾਦੀ ਪੰਜ ਤੱਤਾਂ ਦੀ ਗੱਲ ਬੇਸਿਰ-ਪੈਰ ਅਤੇ ਅੰਧ-ਵਿਸ਼ਵਾਸਪੂਰਨ ਹੈ ਪਰ ਬ੍ਰਾਹਮਣਵਾਦ ਨੇ ਇਸਨੂੰ ਧਰਮ ਦਾ ਰੂਪ ਦੇ ਕੇ ਭਾਰਤ ਦੇ ਵਿਗਿਆਨੀਆਂ ਨੂੰ ਵੀ ਮੰਨਣ ਲਈ ਮਜਬੂਰ ਕਰ ਦਿੱਤਾ।

ਬ੍ਰਾਹਮਣਵਾਦ ਕਾਰਨ ਭ੍ਰਿਸ਼ਟਾਚਾਰ

ਉਂਞ ਤਾਂ ਦੁਨੀਆ ਵਿੱਚ ਹਰ ਥਾਂ ਕਿਸੇ ਨਾ ਕਿਸੇ ਰੂਪ ਵਿੱਚ ਥੋੜਾ ਬਹੁਤ ਭ੍ਰਿਸ਼ਟਾਚਾਰ ਹੁੰਦਾ ਹੀ ਹੈ ਪਰ ਭਾਰਤ ਦੁਨੀਆ ਦੇ ਸਭ ਤੋਂ ਵੱਧ ਭ੍ਰਿਸ਼ਟ ਦੇਸ਼ਾਂ ਵਿੱਚੋਂ ਇਕ ਹੈ। ਭ੍ਰਿਸ਼ਟਾਚਾਰ ਦੇ ਕਾਰਨ ਇੱਥੋਂ ਦੀ ਆਮ ਜਨਤਾ ਗਰੀਬ ਹੈ ਅਤੇ ਇਸ ਗਰੀਬੀ ਦਾ ਕਾਰਨ ਬ੍ਰਾਹਮਣਵਾਦ ਹੈ। ਭਾਰਤ ਵਿੱਚ ਸੰਸਾਰ ਦਾ 15 ਫੀਸਦੀ ਪਾਣੀ ਹੈ, 25 ਫੀਸਦੀ ਲੋਹਾ ਹੈ, 30 ਫੀਸਦੀ ਯੂਰੇਨੀਅਮ ਹੈ। ਕੋਲਾ, ਲੋਹਾ, ਜਸਤਾ, ਤਾਂਬਾ - ਹਰ ਚੀਜ਼ ਸਾਡੇ ਦੇਸ਼ ਵਿੱਚ ਉਪਲਬਧ ਹੈ। ਸਾਡੇ ਦੇਸ਼ ਦੀ ਜਲਵਾਯੂ ਦੁਨੀਆ ਦੇ ਹਰ ਮੁਲਕ ਨਾਲੋਂ ਚੰਗੀ ਹੈ। ਇੱਥੇ 6 ਮੌਸਮ ਹਨ, ਹਰ ਤਰ੍ਹਾਂ ਦੀ ਫਸਲ ਪੈਦਾ ਹੁੰਦੀ ਹੈ। ਕਿਰਤੀ ਸ਼ਕਤੀ ਦੀ ਵੀ ਕਮੀ ਨਹੀਂ। ਫਿਰ ਕੀ ਕਾਰਨ ਹੈ ਕਿ ਦੇਸ਼ ਵਿੱਚ ਗਰੀਬੀ ਹੈ?

ਸੱਚ ਇਹ ਹੈ ਕਿ ਗਰੀਬੀ ਭ੍ਰਿਸ਼ਟਾਚਾਰ ਕਾਰਨ ਹੈ ਅਤੇ ਭ੍ਰਿਸ਼ਟਾਚਾਰ ਬ੍ਰਾਹਮਣਵਾਦ ਕਾਰਨ ਹੈ। ਬ੍ਰਾਹਮਣਵਾਦ ਦੀ ਇਹ ਖ਼ਾਸੀਅਤ ਹੈ ਕਿ ਜੋ ਜਿੰਨਾ ਜ਼ਿਆਦਾ ਨਿਠੱਲਾ ਹੈ, ਉਹ ਓਨਾ ਹੀ ਪੂਜਨੀਕ ਹੈ। ਗਰੀਬ ਮਜ਼ਦੂਰ ਇੱਥੇ ਸਨਮਾਨ ਦਾ ਪਾਤਰ ਨਹੀਂ ਹੈ। ਸੋਨੇ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨਾ; ਬੱਚਿਆਂ, ਇਸਤ੍ਰੀਆਂ ਤੇ ਦੇਸ਼ ਦੇ ਗੁਪਤ ਦਸਤਾਵੇਜਾਂ ਨੂੰ ਵਿਦੇਸ਼ੀਆਂ ਨੂੰ ਵੇਚਣਾ ਅਤੇ ਉਸ ਨਾਲ ਅਮੀਰ ਬਣ ਜਾਣਾ ਭ੍ਰਿਸ਼ਟਾਚਾਰ ਅਤੇ ਦੇਸ਼-ਧ੍ਰੋਹ ਹੈ ਪਰ ਬ੍ਰਾਹਮਣਵਾਦੀ ਕਿਸਮਤ ਦੀ ਧਾਰਨਾ, ਇਸ ਕੁਕਰਮ ਨੂੰ ਵੀ ਸਨਮਾਨਜਨਕ ਬਣਾ ਦਿੰਦੀ ਹੈ। ਇਹ ਮੰਨ ਲਿਆ ਜਾਂਦਾ ਹੈ ਕਿ ਇਹ ਰੱਬ ਦੀ ਕ੍ਰਿਪਾ ਹੈ ਅਤੇ ਇਸਲਈ ਰੱਬ ਨੇ ਉਸਨੂੰ ਛੱਪਰ ਫਾੜ ਕੇ ਦਿੱਤਾ ਹੈ। ਅੱਜ ਰਿਸ਼ਵਤ ਅਤੇ ਦਲਾਲੀ ਨਾਲ ਕਮਾਏ ਹੋਏ ਪੈਸੇ ਨੂੰ ਕਿਸਮਤ ਦੀ ਕਮਾਈ ਮੰਨ ਲਿਆ ਜਾਂਦਾ ਹੈ। ਇਸ ਪਾਪ ਦੀ ਕਮਾਈ ਦਾ ਆਉਂਦਾ ਹੋਇਆ ਪੈਸਾ, ਪਿਛਲੇ ਜਨਮ ਦਾ ਪੁੰਨ ਕਹਿ ਦਿੱਤਾ ਜਾਂਦਾ ਹੈ। ਇਹ ਬ੍ਰਾਹਮਣਵਾਦ ਦੀ ਹੀ ਦੇਣ ਹੈ ਕਿ ਕੁਕਰਮਾਂ ਨੂੰ ਵੀ ਪਿਛਲੇ ਜਨਮ ਦੇ ਪੁੰਨ ਦੇ ਰੂਪ ਵਿੱਚ ਮੰਨ ਲਿਆ ਜਾਂਦਾ ਹੈ।

ਧੋਖਾ ਦੇ ਕੇ, ਡਕੈਤੀ ਕਰਕੇ, ਔਰਤਾਂ ਦਾ ਵਪਾਰ ਕਰਕੇ ਅਤੇ ਝੂਠ-ਕਪਟ ਦੀ ਕਮਾਈ ਕਰਨ ਵਾਲੇ ਦੇ ਧਨ ਨੂੰ ਵੇਖ ਕੇ, ਉਸਦੇ ਪੂਰਬਲੇ ਜਨਮ ਦੇ ਕੰਮਾਂ ਨੂੰ ਸਰਾਹਿਆ ਜਾਂਦਾ ਹੈ। ਕੋਈ ਵੀ ਇਸ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦਾ, ਇਹ ਤਾਂ ਬ੍ਰਾਹਮਣਵਾਦ ਦੀ ਖੇਡ ਹੈ। ਜੇਕਰ ਕਿਸੇ ਦੇ ਦਿਮਾਗ ਵਿੱਚ ਇਨ੍ਹਾਂ ਕੁਕਰਮਾਂ ਅਤੇ ਭ੍ਰਿਸ਼ਟਾਚਾਰ ਬਾਰੇ ਸਮਝ ਆ ਵੀ ਜਾਏ, ਤਾਂ ਵੀ ਉਹ ਭ੍ਰਿਸ਼ਟਾਚਾਰੀ ਨੂੰ ਅਦਾਲਤ ਵਿੱਚ ਸਜ਼ਾ ਦਿਵਾਉਣ ਦੀ ਬਜਾਏ ਭਗਵਾਨ ’ਤੇ ਛੱਡ ਦਿੰਦਾ ਹੈ। ਲੋਕ ਸੋਚਦੇ ਹਨ ਕਿ ਭਗਵਾਨ ਦੀ ਇੱਛਾ ਬਿਨ੍ਹਾਂ ਕੁਝ ਨਹੀਂ ਹੋ ਸਕਦਾ। ਜਦ ਸਭ ਕੁਝ ਭਗਵਾਨ ਦੀ ਹੀ ਦੇਣ ਹੈ ਤਾਂ ਭਗਵਾਨ ਦੀ ਇੱਛਾ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ। ਇਨ੍ਹਾਂ ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਦੇਣੀ ਹੋਏਗੀ ਤਾਂ ਭਗਵਾਨ ਖ਼ੁਦ ਦੇਵੇਗਾ !! ਗੀਤਾ ਦਾ ਸਿਧਾਂਤ ‘‘ਯਦਾ ਯਦਾ ਹੀ ਧਰਮਸਯ...’’ ਇਸੇ ਧਾਰਨਾ ’ਤੇ ਅਧਾਰਿਤ ਹੈ। ਇਸ ਤਰ੍ਹਾਂ ਭ੍ਰਿਟਸ਼ਟਾਚਾਰ ਦੇ ਵੱਧਣ-ਫੁੱਲਣ ਦਾ ਕਾਰਨ ਬ੍ਰਾਹਮਣਵਾਦ ਹੀ ਹੈ।

ਅੱਜ ਭਾਰਤੀ ਪ੍ਰਸ਼ਾਸਨ ਵਿੱਚ ਭ੍ਰਿਸ਼ਟਾਚਾਰ ਇਸ ਵਾਸਤੇ ਹੈ ਕਿ 90 ਫੀਸਦੀ ਨੌਕਰਸ਼ਾਹ ਬ੍ਰਾਹਣਵਾਦੀ ਹਨ। ਅਦਵਿਜਾਂ (ਨੀਵੀਆਂ ਜਾਤਾਂ ਵਾਲਿਆਂ) ਨੂੰ ਪ੍ਰਸ਼ਾਸਨਿਕ ਵਿਵਸਥਾ ਵਿੱਚ ਨਾ ਘੁਸਣ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਬ੍ਰਾਹਮਣਵਾਦ ਮੁਤਾਬਿਕ ਅਦਵਿਜਾਂ ਨੂੰ ਦਵਿਜਾਂ ’ਤੇ ਸ਼ਾਸਨ ਕਰਨ ਦਾ ਅਧਿਕਾਰ ਨਹੀਂ।

ਬ੍ਰਾਹਮਣਵਾਦ ਵਿੱਚ ਜਾਤ ਦੇ ਨਾਮ ’ਤੇ ਸਨਮਾਨ ਮਿਲਦਾ ਹੈ, ਗੁਣਾਂ ਮੁਤਾਬਿਕ ਨਹੀਂ। ਜੇਕਰ ਸ਼ੂਦਕਰ ਸੱਚਾ, ਸਦਗੁਣੀ, ਸੰਜਮੀ ਅਤੇ ਚੰਗਾ ਹੈ, ਤਾਂ ਵੀ ਉਹ ਪਤਿਤ, ਔਗੁਣੀ, ਬਹਿਸੀ, ਦੁਸ਼ਟ ਬ੍ਰਾਹਮਣ ਤੋਂ ਘੱਟ ਸਨਮਾਨ ਹੀ ਪਾਏਗਾ। ਬ੍ਰਾਹਮਣਵਾਦ ਵਿੱਚ ਸ਼ੂਦਰ ਦਾ ਜਨਮ ਹੀ ਪਾਪ ਦੀ ਯੋਨਿ ਤੋਂ ਮੰਨਿਆ ਗਿਆ ਹੈ ਅਤੇ ਬ੍ਰਾਹਮਣ ਦਾ ਜਨਮ ਪੁੰਨਾਂ ਦਾ ਫਲ ਕਿਹਾ ਜਾਂਦਾ ਹੈ। ਬ੍ਰਾਹਮਣ ਭ੍ਰਿਸ਼ਟ, ਫਰਜ਼ਹੀਣ, ਰਿਸ਼ਵਤਖੋਰ, ਦੁਰਾਚਾਰੀ ਹੋਏ, ਤਾਂ ਵੀ ਉਸਨੂੰ ਛੇੜਿਆ ਨਹੀਂ ਜਾ ਸਕਦਾ - ਇਸਲਈ ਭ੍ਰਿਸ਼ਟਾਚਾਰ ਵੱਧ ਰਿਹਾ ਹੈ। ਫਰਜ਼ ਦਾ ਪਾਲਨਾ ਕਰਨ ਵਾਲਾ, ਨਿਸ਼ਠਾਵਾਨ ਅਤੇ ਸਦਾਚਾਰੀ ਸ਼ੂਦਰ ਤੋਂ ਪਾਪੀ, ਭ੍ਰਿਸ਼ਟਾਚਾਰੀ ਬ੍ਰਾਹਮਣ ਉੱਚ ਮੰਨਿਆ ਜਾਂਦਾ ਹੈ। ਮਨੂੰ ਅਤੇ ਤੁਲਸੀ ਨੇ ਇਹੀ ਗੀਤਾ ਗਾਇਆ ਹੈ ਕਿ ਬ੍ਰਾਹਮਣ ਸ਼ੀਲ ਗੁਣਾਂ ਤੋਂ ਹੀਨ ਹੋਏ ਅਤੇ ਕਾਮੀ, ਕ੍ਰੋਧੀ, ਕਪਟੀ ਕੁਚਾਲੀ ਵੀ ਹੋਏ - ਤਾਂ ਵੀ ਉਸਦੀ ਪੂਜਾ ਕਰੋ। ਇਹੀ ਕਾਰਨ ਹੈ ਕਿ ਜਦ ਬ੍ਰਾਹਮਣ ਸ਼ੂਦਰ ਦੀ ਲੜਕੀ ਨਾਲ ਬਲਾਤਕਾਰ ਕਰੇ ਤਾਂ ਵੀ ਉਸਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਪਰ ਜੇਕਰ ਸ਼ੂਦਰ ਬ੍ਰਾਹਮਣੀ ਨਾਲ ਭੋਗ ਕਰੇ ਤਾਂ ਉਸਦਾ ਲਿੰਗ ਕੱਟਕੇ, ਮੌਤ ਦੀ ਸਜ਼ਾ ਦੇਣ ਦਾ ਵਿਧਾਨ ਹੈ।

ਬ੍ਰਾਹਮਣਵਾਦ ਦਾ ਮੁੱਖ ਸੰਕਲਪ ‘ਕਿਸਮਤਵਾਦ’ ਇਹੀ ਸਿਖਾਉਂਦਾ ਹੈ ਕਿ ਤੁਸੀਂ ਆਪਣੇ ਆਪ ਵਿੱਚ ਜਿੰਨੇ ਮਰਜ਼ੀ ਗੁਣ ਪੈਦਾ ਕਰ ਲਵੋ, ਹੋਏਗਾ ਉਹੀ ਜੋ ਕਿਸਮਤ ਵਿੱਚ ਲਿਖਿਆ ਹੈ। ਇਹ ਧਾਰਨਾ ਗੁਣਾਂ ਦੇ ਪ੍ਰਤੀ ਆਸਥਾ ਪੈਦਾ ਨਹੀਂ ਹੋਣ ਦਿੰਦੀ - ਜੋ ਕੁਝ ਹੈ, ਕਿਸਮਤ ’ਤੇ ਨਿਰਭਰ ਹੈ। ਇਸੇ ਧਾਰਨਾ ਕਾਰਨ ਇਕ ਭ੍ਰਿਸ਼ਟਾਚਾਰੀ, ਭ੍ਰਿਸ਼ਟਾਚਾਰ ਨੂੰ ਵੀ ਕਿਸਮਤ ਦੀ ਖੇਡ ਮੰਨਦਾ ਹੈ। ਪਾਪ/ਭ੍ਰਿਸ਼ਟਾਚਾਰ ਕਰਨ ਵਾਲਾ ਇਹ ਮੰਨ ਲੈਂਦਾ ਹੈ ਕਿ ਮੈਂ ਜੋ ਭ੍ਰਿਸ਼ਟਾਚਾਰ ਵਿੱਚ ਲਿਪਤ ਹਾਂ, ਇਹ ਵੀ ਕਿਸਮਤ ਦੀ ਖੇਡ ਹੈ। ਇਹ ਸੋਚ ਭ੍ਰਿਸ਼ਟਾਚਾਰ ਨੂੰ ਬਲ ਪ੍ਰਦਾਨ ਕਰਦੀ ਹੈ।

ਪੁਨਰ-ਜਨਮ

ਇਨਸਾਨ ਦੇ ਪੁਨਰ-ਜਨਮ ਦੀ ਕਲਪਨਾ ਨੂੰ ਵੀ ਬ੍ਰਾਹਮਣਵਾਦ ਵਿੱਚ ਅਹਿਮ ਥਾਂ ਮਿਲਦੀ ਹੈ। ਇਕ ਝੂਠ ਨੂੰ ਛੁਪਾਉਣ ਵਾਸਤੇ ਮਿਥਕ ਪੁਨਰ-ਜਨਮ ਮੰਨਣ ’ਤੇ ਅਨੇਕਾਂ ਝੂਠ ਬੋਲਣੇ ਪੈਂਦੇ ਹਨ। ਵਰਣ-ਵਿਵਸਥਾ, ਜਾਤਿ-ਭੇਦ, ਊਚ-ਨੀਚ, ਗਰੀਬ-ਅਮੀਰ, ਛੂਆਛੂਤ ਤੱਕ ’ਤੇ ਪੁਨਰ-ਜਨਮ ਦਾ ਪ੍ਰਭਾਵ ਚਲਾ ਜਾਂਦਾ ਹੈ। ਪੁਨਰ-ਜਨਮ ਨਾਲ ਜੁੜੀ ਕਿਸਮਤ ਬਰਾਬਰ ਨਾ ਹੋਣਾ ਮਨਜ਼ੂਰ ਕਰ ਲਿਆ ਜਾਂਦਾ ਹੈ ਅਤੇ ਇਸੇ ਦੇ ਅਧਾਰ ’ਤੇ ਵਿਅਕਤੀ ਚੰਗਾ-ਬੁਰਾ ਭੋਗਣ ਲਈ ਮਜਬੂਰ ਬਣਿਆ ਰਹਿੰਦਾ ਹੈ। ਇਹ ਸੱਚ ਹੈ ਕਿ ਵਰਣ-ਵਿਵਸਥਾ, ਜਾਤਿ-ਭੇਦ, ਛੂਆਛੂਤ ਸਭ ਮਨੁੱਖ ਦੀਆਂ ਬਣਾਈਆਂ ਹੋਈਆਂ ਹਨ ਪਰ ਬ੍ਰਾਹਮਣਵਾਦੀ ਇਸਨੂੰ ਕਿਸਮਤ ਨਾਲ ਅਤੇ ਕਿਸਮਤ ਨੂੰ ਪਿਛਲੇ ਜਨਮਾਂ ਨਾਲ ਜੋੜਦੇ ਹਨ।

ਬ੍ਰਾਹਮਣਵਾਦੀਆਂ ਨੂੰ ਅਗਲੇ ਜਨਮ ਦੀ ਚਿੰਤਾ ਲੱਗੀ ਰਹਿੰਦੀ ਹੈ ਤਾਕਿ ਅਗਲੇ ਜਨਮ ਵਿੱਚ ਪੁੰਨ ਦੀ ਪੂੰਜੀ ਇਕੱਤਰ ਕਰ ਸਕਣ। ਉਹ ਨਾ ਕੋਈ ਮਿਹਨਤ ਕਰਕੇ ਖ਼ੁਦ ਖਾਣ ਵਾਲਾ ਕੰਮ ਕਰਦੇ ਹਨ, ਨਾ ਜਨਹਿੱਤ ਦਾ। ਅੱਜ ਦੇਸ਼ ਵਿੱਚ ਸਭ ਤੋਂ ਵੱਧ ਪਿਛੜਿਆਪਨ ਇਸੇ ਬ੍ਰਾਹਮਣਵਾਦ ਕਾਰਨ ਹੀ ਹੈ। ਹਰ ਹਿੰਦੂ ਸਰਕਾਰੀ ਅਧਿਕਾਰੀ, ਵਿਧਾਇਕ, ਸਾਂਸਦ, ਮੰਤਰੀ, ਮਜ਼ਦੂਰ ਸਰਕਾਰੀ ਕੰਮਕਾਜ ਛੱਡ ਕੇ ਪੂਜਾ-ਪਾਠ ਵਿੱਚ ਲੱਗੇ ਰਹਿੰਦੇ ਹਨ, ਭਾਵੇਂ ਸਮਾਜ ਅਤੇ ਦੇਸ਼ ਦਾ ਕਿੰਨਾ ਵੀ ਨੁਕਸਾਨ ਹੋ ਜਾਵੇ। ਦੁਖੀ ਅਤੇ ਪਰੇਸ਼ਾਨ ਲੋਕ ਇਨ੍ਹਾਂ ਦੇ ਚੱਕਰ ਕੱਟਦੇ ਰਹਿੰਦੇ ਹਨ। ਸਮਾਜ ਮਰ ਰਿਹਾ ਹੈ, ਡੁੱਬ ਰਿਹਾ ਹੈ - ਇਨ੍ਹਾਂ ਪੂਜਾ-ਪਾਠੀਆਂ ਨੂੰ ਕੋਈ ਫਿਕਰ ਨਹੀਂ। ਉਹ ਸਮਝਦੇ ਹਨ ਕਿ ਅਗਲੇ ਜਨਮ ਵਿੱਚ ਇਨ੍ਹਾਂ ਦਾ ਪੂਜਾ-ਪਾਠ ਕੰਮ ਆਏਗਾ। ਸਮਾਜਿਕ ਵਿਵਸਥਾ ਕਾਰਨ ਉਹ ਪੜ੍ਹ-ਲਿਖ ਕੇ ਅਧਿਕਾਰੀ ਬਣਿਆ ਜਾਂ ਲੋਕਾਂ ਨੇ ਵੋਟਾਂ ਦੇ ਕੇ ਵਿਧਾਇਕ/ਸਾਂਸਦ ਬਣਾਇਆ ਪਰ ਉਹ ਸਮਾਜ ਅਤੇ ਜਨਤਾ ਪ੍ਰਤੀ ਕੋਈ ਜ਼ਿੰਮੇਦਾਰੀ ਨਹੀਂ ਸਮਝਦਾ। ਉਹ ਪੂਜਾ-ਪਾਠ ਨੂੰ ਅਗਲੇ ਜਨਮ ਲਈ ਲਾਗਤ ਸਮਝਦਾ ਹੈ। ਸਮਾਜ ਨੇ ਉਸ ਨੂੰ ਜੋ ਕੁਝ ਦਿੱਤਾ, ਉਹ ਭੁੱਲ ਜਾਂਦਾ ਹੈ। ਇਸ ਤਰ੍ਹਾਂ, ਜਿਹੜਾ ਅਧਿਕਾਰੀ, ਮੁਲਾਜ਼ਮ ਜਾਂ ਨੇਤਾ ਬ੍ਰਾਹਮਣਵਾਦ ਵਿੱਚ ਆਸਥਾ ਰੱਖਦਾ ਹੈ, ਉਹ ਕਦੇ ਵੀ ਆਪਣੇ ਫਰਜ਼ ਦਾ ਪਾਲਨ ਕਰ ਹੀ ਨਹੀਂ ਸਕਦਾ ਕਿਉਂਕਿ ਸਮਾਜ ਵੱਲੋਂ ਪੜ੍ਹਾਉਣਾ, ਨੌਕਰੀ ਦੇਣਾ ਆਦਿ ਨੂੰ ਉਹ ਸਮਾਜ ਦਾ ਅਹਿਸਾਨ ਨਹੀਂ ਮੰਨਦਾ ਬਲਕਿ ਆਪਣੀ ਕਿਸਮਤ ਦਾ ਫਲ ਮੰਨਦਾ ਹੈ। ਆਪਣੇ ਅਗਲੇ ਜਨਮ ਦੀ ਕਿਸਮਤ ਬਣਾਉਣ ਲਈ ਉਹ ਪੂਜਾ-ਪਾਠ ਕਰਦਾ ਹੈ। ਇਸ ਜਨਮ ਦੀ ਕਿਸਮਤ ਬਣਾਉਣ ਲਈ ਅਧਿਕਾਰੀ ਰਿਸ਼ਵਤ ਲੈਂਦਾ ਹੈ, ਨੇਤਾ ਦਲਾਲੀ ਖਾਂਦਾ ਹੈ, ਡਕੈਤ ਡਕੈਤੀ ਪਾਉਂਦਾ ਹੈ ਅਤੇ ਇਸ ਤਰ੍ਹਾਂ ਨਾਲ ਕਮਾਏ ਗਏ ਧਨ ਨੂੰ ਉਹ ਹਵਨ, ਯੱਗ, ਪੂਜਾ, ਅਖੰਡ ਪਾਠ, ਬ੍ਰਾਹਮਣ ਦਾਨ, ਮੰਦਰ ’ਤੇ ਚੜ੍ਹਾਉਣ ਜਿਹੇ ਕੰਮ ਕਰਦਾ ਹੈ।

ਭ੍ਰਿਸ਼ਟਾਚਾਰ ਮਨੁੱਖ ਦੇ ਮਾੜੇ ਸੁਭਾਅ ਦਾ ਨਤੀਜਾ ਹੈ, ਜੋ ਨਿੱਜੀ ਲਾਲਸਾਵਾਂ ਅਤੇ ਵਿਲਾਸਤਾਵਾਂ ਦੇ ਰੂਪ ਵਿੱਚ ਵਿਦਮਾਨ ਹੈ। ਹਸਪਤਾਲ ਵਿੱਚ ਡਾਕਟਰ ਸਰਕਾਰੀ ਦਵਾਈਆਂ ਵੇਖਕੇ ਕਰੋੜਾਂ ਦਾ ਧਨ ਬਟੋਰਦਾ ਹੈ ਪਰ ਮਰੀਜ਼ਾਂ ਨੂੰ ਖਾਲੀ ਪਰਚੀਆਂ ਫੜਾ ਦਿੰਦਾ ਹੈ। (ਸੰਪਾਦਕੀ ਟਿੱਪਣੀ : ਹੁਣੇ ਜਿਹੇ ਇਕ ਬ੍ਰਾਹਮਣਾਦੀ ਡਾਕਟਰ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਲੋਕਾਂ ਦੀਆਂ ਕਿਡਨੀਆਂ ਵੇਚ ਕੇ ਕਰੋੜਾਂ ਰੁਪਏ ਕਮਾਉਣ ਦਾ ਮਾਮਲਾ ਵਿੱਚ ਬਹੁਤ ਚਰਚਾ ਵਿੱਚ ਰਿਹਾ ਸੀ)। ਨੇਤਾ ਸ਼ਰਾਬ ਅਤੇ ਸ਼ਬਾਬ ਬਦਲੇ ਵੋਟਾਂ ਬਟੋਰਦਾ ਅਤੇ ਜਨਤੰਤਰ ਦੀ ਦੁਹਾਈ ਦਿੰਦਾ ਹੈ। ਵਿਦਿਆਰਥੀ ਨਕਲ ਕਰਦਾ ਹੈ ਅਤੇ ਅਧਿਆਪਕ ਰਿਸ਼ਵਤ ਲੈ ਕੇ ਨਕਲ ਕਰਵਾਉਂਦਾ ਹੈ। ਬ੍ਰਾਮਹਣ ਝੂਠੇ ਸਵਰਗ ਦੀ ਚਿੱਠੀ ਦੇ ਕੇ ਜਜਮਾਨ ਨੂੰ ਠਗਦਾ ਹੈ। ਬਾਣੀਆ ਧਨੀਏ ’ਚ ਲਕੜੀ ਦਾ ਬੁਰਾਦਾ ਮਿਲਾਉਂਦਾ ਹੈ। ਇਸ ਤਰ੍ਹਾਂ ਅੱਜ ਵਕੀਲ, ਡਾਕਟਰ, ਇੰਜੀਨੀਅਰ, ਅਧਿਕਾਰੀ, ਵਪਾਰੀ, ਨੇਤਾ, ਮੰਤਰੀ - ਸਭ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ ਅਤੇ ਮਜ਼ਲੂਮ ਇਨਸਾਨ ਦਾ ਸ਼ੋਸ਼ਣ ਕਰਦੇ ਹਨ।

ਬ੍ਰਾਹਮਣਵਾਦ ਕਹਿੰਦਾ ਹੈ, ਜਿਵੇਂ ਗੀਤਾ ਵਿੱਚ ਕਿਹਾ ਗਿਆ ਹੈ, ਸਭ ਧਰਮਾਂ ਨੂੰ ਤਿਆਗ ਕੇ ਮੇਰੀ ਸ਼ਰਣ ਵਿੱਚ ਆ। ਇਸਦਾ ਅਰਥ ਹੈ ਕਿ ਅੱਤਿਆਚਾਰੀ ਹੋਵੇ, ਪਾਪੀ ਹੋਵੇ, ਅਧਰਮੀ ਹੋਵੇ, ਭ੍ਰਿਸ਼ਟਾਚਾਰੀ ਹੋਵੇ ਤਾਂ ਕੋਈ ਗੱਲ ਨਹੀਂ - ਸਿਰਫ਼ ਮਿਥਿਹਾਸਕ ਭਗਵਾਨ ਦੀ ਸ਼ਰਨ ਵਿੱਚ ਚਲਾ ਜਾ (ਕਰਮਕਾਂਡੀ ਪੂਜਾ ਕਰ), ਤੇਰੇ ਪਾਪ ਮੁਆਫ਼ ਹੋ ਜਾਣਗੇ। ਜੇਕਰ ਪਾਪੀ ਨੂੰ ਪਾਪ ਕਰਨ ਦੀ ਅਤੇ ਅਪਰਾਧੀ ਨੂੰ ਅਪਰਾਧ ਕਰਨ ਦੀ ਛੂਟ ਦੇ ਦਿੱਤੀ ਜਾਏ ਅਤੇ ਉਸਨੂੰ ਕਹਿ ਦਿੱਤਾ ਜਾਏ ਕਿ ਕੋਈ ਪਾਪ-ਅਪਰਾਧ ਕਰਕੇ ਮੇਰੀ ਸ਼ਰਨ ਵਿੱਚ ਆ ਜਾ, ਤੈਨੂੰ ਕੋਈ ਦੰਡ ਨਹੀਂ ਮਿਲੇਗਾ - ਤਾਂ ਕੋਈ ਅਪਰਾਧੀ ਅਪਰਾਧ ਕਰਨਾ ਕਿਉਂ ਛੱਡੇਗਾ? (ਕਹਿਣਾ ਤਾਂ ਇਹ ਚਾਹੀਦਾ ਹੈ ਕਿ ਮਾੜੇ ਕਰਮ ਛੱਡ ਕੇ, ਨਿਰਮਲ ਗੁਣਾਂ ਨੂੰ ਅਪਣਾ ਅਤੇ ਆਪਣਾ ਸਮਾਂ ਕਰਮ-ਕਾਂਡਾਂ ਵਿੱਚ ਵਿਅਰਥ ਕਰਨ ਦੀ ਬਜਾਏ ਮਨੁੱਖਤਾ ਦੀ ਭਲਾਈ ਵਿੱਚ ਲਗਾ ਪਰ ਉਕਤ ਕਿਸਮ ਦੇ ਬਿਆਨਾਂ ਰਾਹੀਂ ਮਨੁੱਖ ਨੂੰ ਅਪਰਾਧ ਅਤੇ ਭ੍ਰਿਸ਼ਟਾਚਾਰ ਜਾਰੀ ਰੱਖਣ ਲਈ ਅਸਿੱਧੇ ਢੰਗ ਨਾਲ ਹੱਲਾਸ਼ੇਰੀ ਦਿੱਤੀ ਜਾਂਦੀ ਹੈ)।

ਸਮਾਜਕ ਵਿਸ਼ਮਤਾ

ਸਮਾਜਕ ਬਰਾਬਰੀ ਦਾ ਅਰਥ ਹੈ ਵਿਵਹਾਰ ਦੀ ਸਮਾਨਤਾ। ਵਿਵਹਾਰ ਦੀ ਸਮਾਨਤਾ ਤਾਂ ਹੀ ਮੰਨੀ ਜਾਏਗੀ ਜਦੋਂ ਲੋਕਾਂ ਦੇ ਉਠਣ-ਬੈਠਣ, ਬੋਲ-ਚਾਲ ਅਤੇ ਖਾਣ-ਪੀਣ ਵਿੱਚ ਸਮਾਨਤਾ ਪਾਈ ਜਾਵੇ। ਜੇਕਰ ਕਿਸੇ ਮਨੁੱਖੀ ਸਮੂਹ ਵਿੱਚ ਇਹ 6 ਤਰ੍ਹਾਂ ਦੀ ਵਿਵਹਾਰਕ ਸਮਾਨਤਾ ਹੈ ਤਾਂ ਉਹ ਸਮਾਜ ਕਹਿਲਾਏਗਾ, ਨਹੀਂ ਤਾਂ ਨਹੀਂ। ਹਿੰਦੂ ਸਮਾਜ ਉਕਤ ਕਸਵੱਟੀ ’ਤੇ ਸਮਾਜ ਨਹੀਂ ਕਿਹਾ ਜਾ ਸਕਦਾ ਕਿਉਂਕਿ ਹਿੰਦੂਆਂ ਵਿੱਚ ਉਕਤ ਕਿਸਮ ਦੀ ਜ਼ਰਾ ਵੀ ਸਮਾਨਤਾ ਨਹੀਂ ਹੈ।

ਵਰਣ ਵਿਵਸਥਾ ਵਿੱਚ ਚਾਰੋਂ ਵਰਣ ਵੱਖ-ਵੱਖ ਹਨ, ਬਲਕਿ ਉਚੇਰੇ ਤਿੰਨ ਵਰਣਾਂ ਦਾ ਰੁਤਬਾ ਵੀ ਵੱਖੋ-ਵੱਖਰਾ ਹੈ। ਹਿੰਦੂ ਵਿਧਾਨ ਮੁਤਾਬਿਕ 5 ਸਾਲ ਦਾ ਦਵਿਜ (ਬ੍ਰਾਹਮਣ) ਸੱਠ ਸਾਲ ਦੇ ਖੱਤਰੀ ਤੋਂ ਉੱਚਾ ਹੈ। ਇਨ੍ਹਾਂ ਉੱਚ ਵਰਣਾਂ ਵਿੱਚ ਵੀ ਬੋਲਣ-ਚਾਲਣ ਦੀ ਗੈਰ-ਬਰਾਬਰੀ ਹੈ। ਸ਼ਾਸਤਰਾਂ ਦੀ ਵਿਵਸਥਾ ਕਹਿੰਦੀ ਹੈ ਕਿ ਖੱਤਰੀ ਅਤੇ ਬਾਣੀਆ, ਜੇਕਰ ਬ੍ਰਾਹਮਣ ਦੇ ਰਸਤੇ ਵਿੱਚ ਆ ਜਾਣ ਤਾਂ ਉਹ ਹੱਟ ਕੇ ਬ੍ਰਾਹਮਣ ਨੂੰ ਰਸਤਾ ਦੇਣ ਅਤੇ ਝੁਕ ਕੇ ਪੈਰ ਛੂਹਣ। ਖੱਤਰੀ-ਬਾਣੀਆ ਬ੍ਰਾਹਮਣ ਦੇ ਪੈਰ ਛੂਹਣਗੇ ਤਾਂ ਬ੍ਰਾਹਮਣ ਉਨ੍ਹਾਂ ਨੂੰ ਅਸ਼ੀਰਵਾਦ ਦੇਵੇਗਾ। ਇਹ ਬੋਲ-ਚਾਲ ਦੀ ਗੈਰ-ਬਰਾਬਰੀ ਹੈ। ਸ਼ਾਸਤਰਾਂ ਮੁਤਾਬਿਕ, ਜਦ ਬ੍ਰਾਹਮਣ ਕਿਸੇ ਸਭਾ ਵਿੱਚ ਜਾਂਦਾ ਹੈ ਤਾਂ ਸਭ ਖੜੇ ਹੋ ਜਾਂਦੇ ਹਨ। ਜਦ ਬ੍ਰਾਹਮਣ ਉੱਚੇ ਆਸਨ ’ਤੇ ਬੈਠ ਜਾਂਦਾ ਹੈ ਤਾਂ ਦੂਜੇ ਵਰਣ ਨੀਚੇ ਜ਼ਮੀਨ ਜਾਂ ਫਰਸ਼ ’ਤੇ ਬੈਠ ਜਾਂਦੇ ਹਨ। ਇਹ ਬੈਠਣ ਦੀ ਗੈਰ-ਬਰਾਬਰੀ ਹੈ।

ਬ੍ਰਾਹਮਣ ਨੂੰ ਕਿਸੇ ਵੀ ਦੂਸਰੇ ਵਰਣ ਦੇ ਘਰ ਕੱਚਾ ਭੋਜਨ ਖਾਣ ਦੀ ਮਨਾਹੀ ਹੈ। ਸ਼ੂਦਰ ਨੂੰ ਸਿਰਫ਼ ਜੂਠਾ ਅੰਨ ਦੇਣ ਦਾ ਵਿਧਾਨ ਹੈ। ਸ਼ਾਸਤਰਾਂ ਵਿੱਚ ਅਜਿਹੀ ਵੀ ਵਿਵਸਥਾ ਹੈ। ਇਸ ਤਰ੍ਹਾਂ ਅਸੀਂ ਪਾਉਂਦੇ ਹਾਂ ਕਿ ਬ੍ਰਾਹਮਣਵਾਦ ਵਿੱਚ ਗੈਰ-ਬਰਾਬਰੀ ਮੂਲ ਤੱਤ ਹੈ, ਜਿਸਦਾ ਨਤੀਜਾ ਹੈ ਊਚ-ਨੀਚ ਅਤੇ ਵਿਤਕਰਿਆਂ ਭਰਪੂਰ ਸਮਾਜ ਦਾ ਨਿਰਮਾਣ।

ਸਾਰ :

ਭਾਰਤ ਦੁਨੀਆ ਦੀਆਂ ਨਜ਼ਰਾਂ ਵਿੱਚ ਇਕ ਅਸਭਿਅਕ ਦੇਸ਼ ਹੈ। ਸਭਿਅਤਾ ਦਾ ਅਧਾਰ ‘ਬਰਾਬਰੀ’ ਹੈ। ਜਿਸ ਸਮਾਜ ਵਿੱਚ ਬਰਾਬਰੀ ਹੁੰਦੀ ਹੈ, ਉਸ ਵਿੱਚ ਸ਼ਾਂਤੀ ਹੁੰਦੀ ਹੈ ਅਤੇ ਸਮਾਜ ਦੀ ਤਰੱਕੀ ਲਈ ਸ਼ਾਂਤੀ ਜ਼ਰੂਰੀ ਹੈ। ਬਰਾਬਰੀ ਦਾ ਦੂਜਾ ਲੱਛਣ ਇਹ ਹੈ ਕਿ ਬਰਾਬਰੀ ਸੰਗਠਨ ਦੀ ਜਨਨੀ ਹੈ, ਵਿਤਕਰਾ ਏਕਤਾ ਨੂੰ ਖੰਡਿਤ ਕਰਦਾ ਹੈ। ਸੰਗਠਨ ਵਿੱਚ ਵਧੇਰੇ ਤਾਕਤ ਹੁੰਦੀ ਹੈ ਅਤੇ ਜਿੱਥੇ ਤਾਕਤ ਹੁੰਦੀ ਹੈ, ਉੱਥੇ ਗੁਲਾਮੀ ਨਹੀਂ ਫਟਕਦੀ। ਵਰਨ-ਵਿਵਸਥਾ ਦੇ ਸਮਾਜਕ ਵਿਤਕਰੇ ਕਾਰਨ ਆਪਸੀ ਫੁੱਟ, ਕਮਜ਼ੋਰੀ ਦੀ ਜੜ੍ਹ ਹੈ ਅਤੇ ਕਮਜ਼ੋਰ ਸਮਾਜ ਹਮੇਸ਼ਾ ਗੁਲਾਮ ਰਹਿੰਦਾ ਹੈ। ਬਰਾਬਰੀ ਅਣਖ ਨਾਲ ਜੁੜੀ ਹੁੰਦੀ ਹੈ ਅਤੇ ਅਣਖੀਲਾ ਸਮਾਜ ਕਦੀ ਗੁਲਾਮ ਨਹੀਂ ਬਣਦਾ। ਬ੍ਰਾਹਮਣਵਾਦ ਵਿਤਕਰੇ ਅਤੇ ਸ਼ੋਸ਼ਣ ਦਾ ਮੂਲ ਹੈ ਅਤੇ ਅਣਖ ਦਾ ਨਾਸ਼ਕ ਹੈ। ਇਸਲਈ ਦੇਸ਼ ਦੀ ਸਮਾਜਕ-ਮਾਨਸਿਕ ਗੁਲਾਮੀ ਅਤੇ ਪਿਛੜੇਪਨ ਲਈ ਬ੍ਰਾਹਮਣਵਾਦ ਹੀ ਜ਼ਿੰਮੇਵਾਰ ਹੈ।