

ਸਿੱਖਾਂ ਦੇ ਧਾਰਮਕ ਸੰਸਥਾਨਾਂ ਦੀ ਦੁਰਵਰਤੋਂ ਕਰਨ ਦੇ ਬਾਵਜੂਦ ਇਕ ਫਲਾਪ-ਸ਼ੋਅ ਸਾਬਿਤ ਹੋਈ ਅਕਾਲੀ-ਬੀਜੇਪੀ ਗਠਜੋੜ ਦੀ ਦਿੱਲੀ ਰੈਲੀ
- ਸਵਰਣ ਸਿੰਘ -
ਪੰਜਾਬ ਦੇ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਵੱਲੋਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕਰਵਾਈ ਗਈ ਇਨਸਾਫ਼ ਰੈਲੀ ਬਾਰੇ ਗਠਜੋੜ ਦੇ ਆਗੂਆਂ ਵੱਲੋਂ ਜਿਸ ਤਰ੍ਹਾਂ ਦਾ ਹਊਆ ਖੜਾ ਕੀਤਾ ਗਿਆ ਸੀ, ਅਸਲ ਵਿੱਚ ਰੈਲੀ ਉਨ੍ਹਾਂ ਆਸਾਂ ’ਤੇ ਖਰੀ ਨਹੀਂ ਉਤਰ ਸਕੀ। ਰੈਲੀ ਦੌਰਾਨ, ਬੁੱਧੀਜੀਵੀਆਂ ਵੱਲੋਂ, ਨੀਤੀਗਤ ਅਤੇ ਪ੍ਰਬੰਧ, ਦੋਹਾਂ ਪੱਖਾਂ ਤੋਂ ਕਈ ਕਮੀਆਂ ਨੂੰ ਮਹਿਸੂਸ ਕੀਤਾ ਜਾ ਰਿਹਾ ਸੀ।
|
|
|
|
ਰੈਲੀ ਦੇ ਮਾੜੇ ਪ੍ਰਬੰਧ ਕਾਰਨ ਰਾਮਲੀਲਾ ਮੈਦਾਨ ਵਿੱਚ ਫੈਲੀ ਹੋਈ ਗੰਦਗੀ |
|
ਕਹਿਣ ਨੂੰ ਤਾਂ ਇਹ ਰੈਲੀ ਕਿਸਾਨਾਂ ਨੂੰ ਕਥਿਤ ‘ਇਨਸਾਫ਼’ ਦਿਵਾਉਣ ਲਈ ਆਯੋਜਿਤ ਕੀਤੀ ਗਈ ਸੀ ਪਰ ਰੈਲੀ ਦੇ ਸਾਰੇ ਬੁਲਾਰੇ ਬਾਦਲ ਪਰਵਾਰ ਦੀ ਚਾਪਲੂਸੀ ਅਤੇ ਕਾਂਗਰਸੀਆਂ ਦੀ ਭੰਡੀ ਕਰਦੇ ਰਹੇ। ਰੈਲੀ ਵਿੱਚ ਬੋਲਦਿਆਂ ਜਦ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਦਾਅਵਾ ਕੀਤਾ ਕਿ ‘‘ਅਕਾਲੀ ਮਰਿਆ ਹੋਇਆ ਸ਼ਿਕਾਰ ਨਹੀਂ ਖਾਂਦੇ, ਬਲਕਿ ਸ਼ਿਕਾਰ ਮਾਰ ਕੇ ਖਾਂਦੇ ਹਨ’’, ਤਾਂ ਬਹੁਤ ਸਾਰੇ ਲੋਕ ਉਨ੍ਹਾਂ ਦੀ ਗੱਲ ਦਾ ਭਾਵ-ਅਰਥ ਨਹੀਂ ਸਮਝ ਸਕੇ। ਪੰਜਾਬ ਦੇ ਕੈਬਿਨਟ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਨੇ ਰੈਲੀ ਵਿੱਚ ਆਪਣੇ ਲੈਕਚਰ ਦੌਰਾਨ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਤਾਂ ਨਾਂ-ਮਾਤਰ ਗੱਲਬਾਤ ਕੀਤੀ ਪਰ ਉਹ ਪੰਜਾਬ ਵਿੱਚ ਉਦਿਯੋਗਿਕ ਇਕਾਈਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਹੀ ਬੋਲਦੇ ਰਹੇ। ਕੈਪਟਨ ਕੰਵਲਜੀਤ ਸਿੰਘ ਦਾ ਲੈਕਚਰ ਉਸ ਸਮੇਂ ਬਹੁਤ ਦਿਲਚਸਪ ਬਣ ਗਿਆ ਜਦ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪਿੰਡਾਂ ਵਿੱਚ ਵਿਦਿਆ ਵਾਸਤੇ ਚੰਗੇ ਸਕੂਲ ਅਤੇ ਹੋਰ ਸਹੂਲਤਾਂ ਮੌਜੂਦ ਨਹੀਂ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਦੇਸ਼ ਵਿੱਚ ਮਹਿੰਗਾਈ ਏਨੀ ਹੋ ਗਈ ਹੈ ਕਿ ਲੋਕਾਂ ਨੂੰ ਆਟਾ-ਦਾਲ ਤੱਕ ਖਰੀਦਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਕੈਪਟਨ ਸਾਹਿਬ ਦੇ ਅਜਿਹੇ ਬਚਨਾਂ ਨੂੰ ਸੁਣ ਕੇ ਰੈਲੀ ਵਿੱਚ ਬੈਠੇ ਲੋਕਾਂ ਵਿੱਚ ਖੁਸਰ-ਪੁਸਰ ਸ਼ੁਰੂ ਹੋ ਗਈ ਕਿ ਜੇਕਰ ਵਿਦਿਅਕ ਸਹੂਲਤਾਂ ਮਾੜੀਆਂ ਹੋਣ ਲਈ ਤਾਂ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੈ ਅਤੇ ਜੇਕਰ ਅਕਾਲੀ ਸਰਕਾਰ ਚੋਣਾਂ ਤੋਂ ਪਹਿਲਾਂ ਦੇ ‘4 ਰੁਪਏ ਕਿਲੋ ਆਟਾ, 20 ਰੁਪਏ ਕਿਲੋ ਦਾਲ’ ਦਾ ਵਾਅਦਾ ਪੂਰਾ ਕਰ ਦੇਵੇ, ਤਾਂ ਲੋਕਾਂ ਨੂੰ ਖ਼ੁਦ-ਬ-ਖ਼ੁਦ ਵੱਡੀ ਰਾਹਤ ਮਿਲ ਜਾਏਗੀ।
|
|
|
|
ਰੈਲੀ ਦੌਰਾਨ ਬੁਲਾਰਿਆਂ ਦੇ ਲੈਕਚਰ ਸੁਣਨ ਦੀ ਬਜਾਏ |
ਰੈਲੀ ਦੌਰਾਨ ਰਾਮਲੀਲਾ ਮੈਦਾਨ ਦੇ ਇਕ ਕੋਨੇ ਵਿੱਚ ਅਰਾਮ ਫਰਮਾ ਰਹੇ ਲੋਕ |
ਬਜ਼ੁਰਗ ਆਗੂ ਗੁਰਦੇਵ ਸਿੰਘ ਬਾਦਲ ਦਾ ਵਖਿਆਨ ਦੌਰਾਨ ਤਾਂ ਨਿਰਾ-ਪੁਰਾ ਸ੍ਰ: ਸੁਖਬੀਰ ਸਿੰਘ ਬਾਦਲ ਦੀ ਉਸਤਤਿ ਤੱਕ ਹੀ ਸੀਮਤ ਰਿਹਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਚੰਡੀਗੜ੍ਹ ਅਤੇ ਮੋਗਾ ਦੀਆਂ ਰੈਲੀਆਂ ਵਿੱਚ ਭਾਰੀ ਇਕੱਠ ਕਰਨਾ ਕੋਈ ਔਖਾ ਕਾਰਜ ਨਹੀਂ ਸੀ ਪਰ ਦਿੱਲੀ ਵਿਖੇ ਕਥਿਤ ਵਿਸ਼ਾਲ ਗਿਣਤੀ ਵਿੱਚ ਲੋਕਾਂ ਦਾ ਸ਼ਾਮਲ ਹੋਣਾ ਸੁਖਬੀਰ ਦੀ ਕਾਬਿਲੀਅਤ ਦਾ ਪ੍ਰਤੀਕ ਸੀ। ਉਨ੍ਹਾਂ ਅਸਿੱਧੇ ਢੰਗ ਨਾਲ ਇਕਬਾਲ ਕੀਤਾ ਕਿ ਇਸ ਰੈਲੀ ਰਾਹੀਂ ਸੁਖਬੀਰ ਬਾਦਲ ਨੇ ਆਪਣੇ ਪਿਤਾ ਦੇ ਸਿਆਸੀ ਸਾਥੀਆਂ ਦੀ ਵਫ਼ਾਦਾਰੀ ਚੈੱਕ ਕੀਤੀ ਹੈ। ਬੀਜੇਪੀ ਦੇ ਚਰਚਿਤ ਆਗੂ ਅਤੇ ਟੀ.ਵੀ. ਕਲਾਕਾਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਸ਼ੇਰੋ-ਸ਼ਾਇਰੀ ਅਤੇ ਹਾਸੋਹੀਣੀਆਂ ਮਿਸਾਲਾਂ (ਉਂਗਲੀ ਟੇਢੀ ਕਰਕੇ ਘਿਉ ਕਢਾਂਗੇ, ਵਿਚੋਲੇ ਨੂੰ ਛਿੱਤਰ ਪੈਂਦੇ ਹੀ ਹੁੰਦੇ ਹਨ, ਵਗੈਰਾ) ਭਰਪੂਰ ਲੈਕਚਰ ਦਿੱਤਾ। ਪਰ ਉਨ੍ਹਾਂ ਬਿਜਲੀ ਦੇ ਕੇਂਦਰੀ ਪੂਲ ਵਿੱਚੋਂ ਪੰਜਾਬ ਨੂੰ ਵੀ ਬਣਦਾ ਹਿੱਸਾ ਦੇਣ ਦੀ ਮੰਗ ਵੀ ਕੀਤੀ।
|
|
|
|
ਰੈਲੀ ਵਿੱਚ ਲੋਕਾਂ ਨੂੰ ਢੋਅ ਕੇ ਲਿਆਉਣ ਲਈ ਵਰਤੀ ਗਈ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ |
|
ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਲੋਕ ਸਭਾ ਮੈਂਬਰ ਸ੍ਰ: ਸੁਖਦੇਵ ਸਿੰਘ ਢੀਂਢਸਾ ਦਾ ਵਖਿਆਨ ਵੀ ਬਾਦਲ ਪਰਵਾਰ ਦੇ ਆਲੇ-ਦੁਆਲੇ ਘੁੰਮਦਾ ਰਿਹਾ ਅਤੇ ਕਿਸਾਨੀ ਨੂੰ ਦਰਪੇਸ਼ ਸਮੱਸਿਆਵਾਂ ਦੇ ਸੰਭਾਵਿਤ ਹੱਲ ਬਾਰੇ ਉਹ ਕੋਈ ਪ੍ਰਭਾਵਸ਼ਾਲੀ ਨੁਕਤਾ ਪੇਸ਼ ਨਾ ਕਰ ਸਕੇ। ਬੀਜੇਪੀ ਦੇ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਸ੍ਰੀ ਰਜਿੰਦਰ ਭੰਡਾਰੀ ਨੇ ਕਾਂਗਰਸ ਨੂੰ ਰੱਜ ਕੇ ਕੋਸਿਆ ਅਤੇ ਦਾਅਵਾ ਕੀਤਾ ਕਿ ‘‘ਕਾਂਗਰਸ ਅਤੇ ਭ੍ਰਿਸ਼ਟਾਚਾਰ ਸਮਾਨ-ਅਰਥੀ ਲਫ਼ਜ਼ ਹਨ।’’ ਉਨ੍ਹਾਂ ਤੋਂ ਬਾਅਦ ਸਟੇਜ ’ਤੇ ਬੋਲਣ ਆਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਮੱਕੜ ਵੀ ਕਿਸਾਨਾਂ ਦੇ ਹੱਕ ਵਿੱਚ ਬੋਲਣ ਦੀ ਬਜਾਏ ਤਜਵੀਜ਼ਸ਼ੁਦਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਵਾ ਕੇ ਕਥਿਤ ਤੌਰ ’ਤੇ ਸਿੱਖ ਕੌਮ ਵਿੱਚ ਵੰਡੀਆਂ ਪਾਉਣ ਦੀਆਂ ਤਿਆਰੀਆਂ ਕਰ ਰਹੀ ਕਾਂਗਰਸ ਸਰਕਾਰ ਦੀ ਆਲੋਚਨਾ ਤੱਕ ਹੀ ਸੀਮਤ ਰਹੇ। ਜਦ ਉਨ੍ਹਾਂ ਕਿਹਾ ਕਿ ‘‘ਸਰਕਾਰ ਭਾਵੇਂ ਅਪਣੀ ਹੋਵੇ ਜਾਂ ਦੂਜੀਆਂ ਪਾਰਟੀਆਂ ਦੀ ਪਰ ਪ੍ਰਾਪਤੀਆ ਸੰਘਰਸ਼ ਨਾਲ ਹੀ ਹੁੰਦੀਆਂ ਹਨ’’ ਤਾਂ ਲੋਕਾਂ ਵਿੱਚ ਖੁਸਰ-ਪੁਸਰ ਸ਼ੁਰੂ ਹੋ ਗਈ ਕਿ ਸ਼ਾਇਦ ਤਾਂ ਹੀ ਬੇਰੋਜ਼ਗਾਰ ਬੀ.ਐਡ. ਅਧਿਆਪਕਾਂ ਅਤੇ ਹੋਰ ਵਰਗਾਂ ਨੂੰ ਪੰਜਾਬ ਸਰਕਾਰ ਵਿਰੁੱਧ ਬਾਰ-ਬਾਰ ਸੰਘਰਸ਼ ਵਿੱਢਣੇ ਪੈ ਰਹੇ ਹਨ।

ਰੈਲੀ ਸਥਲ ਦੇ ਐਨ ਸਾਹਮਣੇ ਬਿਲਕੁਲ ਖਾਲੀ ਪਈ ਸੜਕ
ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਨੇ ਆਪਣੇ ਵਖਿਆਨ ਦੌਰਾਨ ਦਾਅਵਾ ਕੀਤਾ ਕਿ ਪੰਜਾਬ ਤੋਂ ਕਿਸਾਨਾਂ ਦੀ ਲਗਾਤਾਰ ਆਮਦ ਕਾਰਨ ਰਾਮਲੀਲਾ ਮੈਦਾਨ ਤੋਂ ਲੈ ਕੇ ਕਰਨਾਲ ਤੱਕ ਟ੍ਰੈਫਿਕ ਜਾਮ ਹੋਇਆ ਪਿਆ ਹੈ। ਉਨ੍ਹਾਂ ਪਾਰਟੀ ਦੇ ਪ੍ਰਧਾਨਗੀ ਪਦ ਨਾਲ ਨਿਵਾਜਣ ਲਈ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਦਾ ਧੰਨਵਾਦ ਕੀਤਾ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭਰਪੂਰ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਸਾਡੇ ਸਾਂਸਦਾਂ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਵੱਧ ਭਾਅ ਦਿੱਤੇ ਜਾਣ ਦਾ ਦਬਾਅ ਪਾਉਣ ਕਾਰਨ ਹੀ ਕੇਂਦਰੀ ਸਰਕਾਰ ਨੇ ਪਿਛਲੇ ਸਾਲ ਕਣਕ ਦੇ ਭਾਅ ਵਿੱਚ ਵਾਧਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਸਾਲ ਇਹ ਭਾਅ ਵਧਾ ਕੇ 1500 ਰੁਪਏ ਪ੍ਰਤੀ ਕੁਇੰਟਲ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।
ਸ੍ਰੀ ਸੁਖਬੀਰ ਬਾਦਲ ਨੇ ਇਕਬਾਲ ਕੀਤਾ ਕਿ ਪੰਜਾਬ ਦਾ ਸਿੰਚਾਈ ਢਾਂਚਾ ਬਿਲਕੁਲ ਤਬਾਹ ਹੋ ਚੁੱਕਾ ਹੈ, ਜਿਸਦੀ ਸੁਰਜੀਤੀ ਵਾਸਤੇ ਕੇਂਦਰ ਨੂੰ ਪੰਜਾਬ ਸਰਕਾਰ ਨੂੰ 10 ਹਜ਼ਾਰ ਕਰੋੜ ਰੁਪਏ ਦੀ ਪੈਕੇਜ ਦੇਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਦੇ ਉਦਿਯੋਗਾਂ ਨੂੰ ਹਿਮਾਚਲ ਅਤੇ ਕਸ਼ਮੀਰ ਦੀ ਤਰਜ਼ ’ਤੇ ਟੈਕਸ ਵਿੱਚ ਛੋਟਾਂ ਦੇਣ ਦੀ ਮੰਗ ਵੀ ਕੀਤੀ। ਉਨ੍ਹਾਂ ਆਪਣੇ ਵਖਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਮੁੱਦੇ ਨੂੰ ਘਸੀਟਦਿਆਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਤੋੜਿਆ ਨਹੀਂ ਜਾਣਾ ਚਾਹੀਦਾ। ਪਿਛਲੇ ਇਕ ਸਾਲ ਵਿੱਚ ਆਪਣੇ ਪਿਤਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੀਤੀਆਂ ਨੂੰ ‘ਪ੍ਰਾਪਤੀਆਂ’ ਵਜੋਂ ਪੇਸ਼ ਕਰਦਿਆਂ ਜੂਨੀਅਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਨਹਿਰਾਂ ਵਾਸਤੇ 3300 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ, 10,000 ਮੈਗਾਵਾਟ ਦੇ ਤਿੰਨ ਥਰਮਲ ਪਲਾਂਟਾਂ ਦੀ ਮੰਜ਼ੂਰੀ ਦਿੱਤੀ ਗਈ ਹੈ, ਮੋਹਾਲੀ ਵਾਸਤੇ ਕੌਮਾਂਤਰੀ ਹਵਾਈ ਅੱਡੇ ਦੀ ਮੰਜ਼ੂਰੀ ਦਿੱਤੀ ਗਈ ਹੈ, ਸੜਕਾਂ ਵਾਸਤੇ 1200 ਕਰੋੜ ਅਤੇ ਪੀਣ ਵਾਲੇ ਪਾਣੀ ਵਾਸਤੇ 1300 ਕਰੋੜ ਰੁਪਏ ਦੀਆਂ ਮਨਜ਼ੂਰੀਆਂ ਦਿੱਤੀਆਂ ਗਈਆਂ ਹਨ।
ਸ੍ਰੀ ਸੁਖਬੀਰ ਬਾਦਲ ਦੇ ਵਖਿਆਨ ਦੇ ਤੁਰੰਤ ਬਾਅਦ ਦਰਸ਼ਕਾਂ ਦਾ ਇਕ ਵੱਡਾ ਹਿੱਸਾ ਰੈਲੀ ਵਿੱਚੋਂ ਉਠ ਕੇ ਬਾਹਰ ਵੱਲ ਤੁਰ ਪਿਆ ਤਾਂ ਸਟੇਜ ਸਕੱਤਰ ਨੇ ਕੂਟਨੀਤੀ ਅਪਣਾਉਂਦਿਆਂ ਦਰਸ਼ਕਾਂ ਨੂੰ ਕਿਹਾ ਕਿ ਪੰਜਾਬ ਜਾਣ ਵਾਲੀ ਕੋਈ ਬੱਸ 4 ਵਜੇ ਤੋਂ ਪਹਿਲਾਂ ਨਹੀਂ ਚੱਲੇਗੀ ਇਸਲਈ ਸਾਰੇ ਲੋਕ ਆਪੋ-ਆਪਣੀਆਂ ਥਾਵਾਂ ’ਤੇ ਬੈਠੇ ਰਹਿਣ ਕਿਉਂਕਿ ਹੁਣ ਸਿਰਫ਼ ਬੀਜੇਪੀ ਪ੍ਰਧਾਨ ਰਾਜਨਾਥ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੀ ਬੋਲਣਾ ਹੈ। ਪਰ ਲੋਕਾਂ ’ਤੇ ਇਸ ਗੱਲ ਦਾ ਜ਼ਿਆਦਾ ਅਸਰ ਨਹੀਂ ਹੋਇਆ।
ਪੰਜਾਬੀਆਂ ਦੀ ਰੈਲੀ ਵਿੱਚ ਹਿੰਦੀ ਵਿੱਚ ਲੈਕਚਰ ਦਿੰਦਿਆਂ ਬੀਜੇਪੀ ਆਗੂ ਸ੍ਰੀ ਰਾਜਨਾਥ ਸਿੰਘ ਨੇ ਕਿਸਾਨਾਂ ਦੀ ਮਾੜੀ ਹਾਲਤ ਲਈ ਮੌਜੂਦਾ ਕੇਂਦਰੀ ਸਰਕਾਰ ਨੂੰ ਦੋਸ਼ੀ ਠਹਿਰਾਇਆ ਅਤੇ ਕਾਂਗਰਸੀਆਂ ਵਿਰੁੱਧ ਰੱਜ ਕੇ ਕਿੜ ਕੱਢੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਆਪਣੇ ਲੈਕਚਰ ਦੌਰਾਨ ਕਾਂਗਰਸੀ ਸਰਕਾਰਾਂ ਦੀਆਂ ਕਥਿਤ ਪੰਜਾਬ ਅਤੇ ਸਿੱਖੀ-ਵਿਰੋਧੀ ਨੀਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਸਿਰ ਚੜ੍ਹੇ ਕਰਜ਼ਿਆਂ ਲਈ ਸਿਰਫ਼ ਕਾਂਗਰਸ ਹੀ ਜ਼ਿੰਮੇਵਾਰ ਹੈ, ਜੋ ਵਿਦੇਸ਼ੀ ਕਿਸਾਨਾਂ ਤੋਂ ਮਹਿੰਗੇ ਭਾਅ ਕਣਕ ਖਰੀਦਦੇ ਹਨ ਪਰ ਪੰਜਾਬ ਦੇ ਕਿਸਾਨਾਂ ਨੂੰ ਉਹੀ ਭਾਅ ਨਹੀਂ ਦਿੰਦੇ। ਸੀਨੀਅਰ ਬਾਦਲ ਇਸ ਨੁਕਤੇ ਨੂੰ ਸਫ਼ਾਈ ਨਾਲ ਛੁਪਾ ਗਏ ਕਿ ਉਨ੍ਹਾਂ ਦੀ ਪਾਰਟੀ ਦੀ ਭਾਈਵਾਲੀ ਵਾਲੀ ਕੇਂਦਰ ਦੀ ਐਨ.ਡੀ.ਏ. ਸਰਕਾਰ ਨੇ ਕਿਸਾਨਾਂ ਨੂੰ ਫਸਲਾਂ ਦਾ ਲਾਭਵੰਦ ਮੁੱਲ ਕਿਉਂ ਨਹੀਂ ਦਿੱਤਾ ਸੀ। ਇਸ ਤਰ੍ਹਾਂ, ਰੈਲੀ ਦੇ ਸਾਰੇ ਬੁਲਾਰੇ ਕਿਸਾਨਾਂ ਦੇ ਨਾਮ ’ਤੇ ਸਿਆਸੀ ਰੋਟੀਆਂ ਸੇਕਦੇ ਰਹੇ।
ਆਪਣੇ ਲੈਕਚਰਾਂ ਦੌਰਾਨ ਲਗਭਗ ਸਾਰੇ ਬੁਲਾਰੇ ‘ਲੱਖਾਂ ਦੀ ਗਿਣਤੀ ਵਿੱਚ’ ਪੰਜਾਬ ਦੇ ਕਿਸਾਨਾਂ ਦੇ ਲੱਖਾਂ ਦੀ ਗਿਣਤੀ ਵਿੱਚ ਰਾਮਲੀਲਾ ਮੈਦਾਨ ਵਿਖੇ ਇਕੱਠੇ ਹੋਣ ਦਾ ਦਾਅਵਾ ਕੀਤਾ ਜਦਕਿ ਮੈਦਾਨ ਦਾ ਇਕ-ਤਿਹਾਈ ਹਿੱਸਾ ਬਿਲਕੁਲ ਖਾਲੀ ਸੀ ਅਤੇ ਇਕ ਤਿਹਾਈ ਹਿੱਸੇ ਵਿੱਚ ਥੋੜੇ-ਥੋੜੇ ਲੋਕ ਮੌਜੂਦ ਸਨ, ਜੋ ਜਾਂ ਤਾਂ ਆਪਸ ਵਿੱਚ ਗਪਸ਼ਪ ਕਰ ਰਹੇ ਸਨ ਜਾਂ ਸੁੱਤੇ ਹੋਏ ਸਨ। ਰਾਮਲੀਲਾ ਮੈਦਾਨ ਦੇ ਬਿਲਕੁਲ ਆਸ-ਪਾਸ ਦੀਆਂ ਸੜਕਾਂ ’ਤੇ ਵੀ ਟ੍ਰੈਫਿਕ ਜਾਮ ਜਿਹੀ ਕੋਈ ਸਮੱਸਿਆ ਨਹੀਂ ਸੀ। ਇਸਦੇ ਉਲਟ, ਮੈਦਾਨ ਦੇ ਅੰਤ ਵਿੱਚ ਵੰਡੇ ਜਾ ਰਹੇ ਲੰਗਰ ਨੂੰ ਲੈਣ ਵਾਸਤੇ ਕਾਫ਼ੀ ਲੋਕ ਜੁਟੇ ਹੋਏ ਸਨ, ਜੋ ਜੂਠੀਆਂ ਥਾਲਾਂ ਦੀ ਸੰਭਾਲ ਵਾਸਤੇ ਕੋਈ ਅਗਾਊਂ ਇੰਤਜ਼ਾਮ ਨਾ ਹੋਣ ਕਾਰਨ ਮੈਦਾਨ ਵਿੱਚ ਹੀ ਗੰਦਗੀ ਪਾਈ ਜਾ ਰਹੇ ਸਨ।
ਰੈਲੀ ਦੌਰਾਨ ਸ੍ਰੋਤਿਆਂ ਵਜੋਂ ਪਹੁੰਚੇ ਸਾਰੇ ਲੋਕ ਅਕਾਲੀ ਦਲ ਬਾਦਲ ਨਾਲ ਸਬੰਧਿਤ ਸਨ ਅਤੇ ਇਸ ਪਾਰਟੀ ਦੀ ਭਾਈਵਾਲ ਬੀਜੇਪੀ ਦੇ ਵਰਕਰ ਖਾਨਾਪੂਰਤੀ ਲਈ ਵੀ ਵੇਖਣ ਨੂੰ ਨਾ ਮਿਲੇ। ਇਸਦੇ ਬਾਵਜੂਦ ਅਕਾਲੀ ਆਗੂਆਂ ਵੱਲੋਂ ‘ਰਾਜਨਾਥ ਸਿੰਘ ਜ਼ਿੰਦਾਬਾਦ’ ਅਤੇ ‘ਭਾਰਤੀ ਜਨਤਾ ਪਾਰਟੀ ਜ਼ਿੰਦਾਬਾਦ’ ਦੇ ਨਾਅਰੇ ਲਗਵਾਏ ਜਾਣ ਦੀ ਨੀਤੀ ਤੋਂ ਇਹ ਸਪਸ਼ਟ ਖਦਸ਼ਾ ਸਾਹਮਣੇ ਆਇਆ ਕਿ ਪੰਜਾਬ ਵਿੱਚ ਅਕਾਲੀ ਦਲ, ਪੂਰੀ ਤਰ੍ਹਾਂ ਬੀਜੇਪੀ ’ਤੇ ਨਿਰਭਰ ਹੋ ਚੁੱਕਾ ਹੈ। ਪੰਜਾਬ ਦੇ ਬੀਜੇਪੀ ਆਗੂਆਂ ਨੂੰ ਉਦਿਯੋਗਾਂ ਅਤੇ ਵਪਾਰ ਨਾਲ ਸਬੰਧਿਤ ਸ਼੍ਰੇਣੀ ਦੇ ਹਿੱਤਾਂ ਦੀ ਫਿਕਰ ਤਾਂ ਹੈ ਪਰ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਬਾਰੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿਲਚਸਪੀ ਨਹੀਂ ਹੈ। ਸੱਤਾਧਾਰੀ ਗਠਜੋੜ ਦੀ ਅਹਿਮ ਭਾਈਵਾਲ ਪਾਰਟੀ ਦੀ ਅਜਿਹੀ ਮਨੋਬਿਰਤੀ ਪੰਜਾਬ ਦੇ ਕਿਸਾਨਾਂ ਲਈ ਖਤਰੇ ਦੀ ਘੰਟੀ ਸਾਬਿਤ ਹੋ ਸਕਦੀ ਹੈ।
ਰੈਲੀ ਦੌਰਾਨ ਅਕਾਲੀ ਦਲ ਬਾਦਲ ਦੀ ਅੰਦਰੂਨੀ ਕਸ਼ਮਕਸ਼ ਵੀ ਉਭਰ ਕੇ ਸਾਹਮਣੇ ਆਈ। ਸਟੇਜ ਸਕੱਤਰ ਸ੍ਰੀ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸ੍ਰ: ਸੁਖਬੀਰ ਸਿੰਘ ਬਾਦਲ ਨੂੰ ਸਟੇਜ ’ਤੇ ਸੱਦਣ ਤੋਂ ਪਹਿਲਾਂ ਦਿੱਲੀ ਕਮੇਟੀ ਦੇ ਮੈਂਬਰਾਂ ਦੇ ਰੈਲੀ ਵਿੱਚ ਹਾਜ਼ਰ ਹੋਣ ਦਾ ਜ਼ਿਕਰ ਤਾਂ ਕੀਤਾ ਪਰ ਉਨ੍ਹਾਂ ਦੇ ਨਾਮ ਦੱਸਣ ਦੀ ਖੇਚਲ ਨਹੀਂ ਕੀਤੀ। ਉਨ੍ਹਾਂ ਨੇ ਦਿੱਲੀ ਦੇ ਸਿੱਖ ਆਗੂਆਂ ਦਾ ਧੰਨਵਾਦ ਤਾਂ ਕੀਤਾ ਪਰ ਸਿਰਫ਼ ਰੈਲੀ ਵਿੱਚ ਆਏ ਲੋਕਾਂ ਵਾਸਤੇ ਬ੍ਰੈਡ ਪਕੌੜਿਆਂ ਅਤੇ ਸਮੋਸਿਆਂ ਦਾ ਲੰਗਰ ਲਗਾਉਣ ਵਾਸਤੇ। ਰੈਲੀ ਦੌਰਾਨ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਹਿੱਤ ਨਜ਼ਰ ਨਹੀਂ ਆਏ ਅਤੇ ਸੁਖਬੀਰ ਸਿੰਘ ਬਾਦਲ ਦਾ ਲੈਕਚਰ ਅਰੰਭ ਹੋਣ ਤੋਂ ਐਨ ਪਹਿਲਾਂ ਹੀ ਉਨ੍ਹਾਂ ਸਟੇਜ ’ਤੇ ਆਕੇ ਸੁਖਬੀਰ ਨੂੰ ਸਿਰੋਪਾ ਤੇ ਕ੍ਰਿਪਾਨ ਭੇਟ ਕੀਤੀ।
ਰੈਲੀ ਦਾ ਸਭ ਤੋਂ ਮਾੜਾ ਪੱਖ ਇਹ ਰਿਹਾ ਕਿ ਇਸ ਵਿੱਚ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸੰਸਧਾਨਾਂ ਦੀ ਖੁੱਲੀ ਦੁਰਵਰਤੋਂ ਕੀਤੀ ਗਈ। ਰੈਲੀ ਦੇ ਪਾਰਕਿੰਗ ਸਥਲ ਵਿੱਚ ਸ਼੍ਰੋਮਣੀ ਕਮੇਟੀ ਅਤੇ ਤਖ਼ਤ ਸਾਹਿਬਾਨ ਨਾਲ ਸਬੰਧਿਤ ਗੱਡੀਆਂ ਆਮ ਵੇਖੀਆਂ ਜਾ ਸਕਦੀਆਂ ਸਨ, ਜਿਨ੍ਹਾਂ ਨੂੰ ਪੰਜਾਬ ਤੋਂ ਸ੍ਰੋਤੇ ਢੋਹ ਕੇ ਦਿੱਲੀ ਲਿਆਉਣ-ਲਿਜਾਉਣ ਵਾਸਤੇ ਵਰਤਿਆ ਗਿਆ ਸੀ। ਧਾਰਮਕ ਸੰਸਥਾਵਾਂ ਦੇ ਸੰਸਾਧਨਾਂ ਦੇ ਦੁਰਪਯੋਗ ਦੀਆਂ ਪੁਰਾਣੀਆਂ ਨੀਤੀਆਂ ਕਾਰਨ ਜਾਗਰੁਕ ਸਿੱਖਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਅਕਸ ਲਗਾਤਾਰ ਖ਼ਰਾਬ ਹੁੰਦਾ ਜਾ ਰਿਹਾ ਹੈ। ਸ਼ਾਇਦ ਇਹੀ ਕਾਰਨ ਸੀ ਕਿ ਦਿੱਲੀ ਦੇ ਸਿੱਖਾਂ ਵੱਲੋਂ ਇਸ ਰੈਲੀ ਵਿੱਚ ਕੋਈ ਦਿਲਚਸਪੀ ਨਾ ਲਈ ਗਈ। ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਜੇਕਰ ਅਕਾਲੀ ਦਲ ਬਾਦਲ ਦਿੱਲੀ ਵਿੱਚ ਆਪਣੀ ਪੈਠ ਬਣਾ ਸਕੇ ਤਾਂ ਉਸਨੂੰ ਟ੍ਰਾਂਸਪੋਰਟਰਾਂ ਦੀਆਂ ਬੱਸਾਂ ਜ਼ਬਰ ਕਰਕੇ, ਲੋਕਾਂ ਨੂੰ ਦਿਹਾੜੀ ਦਾ ਲਾਲਚ ਦੇ ਕੇ, ਦੂਰ-ਦੁਰਾਡੀਆਂ ਥਾਵਾਂ ਤੋਂ ਢੋਹ ਕੇ ਦਿੱਲੀ ਨਹੀਂ ਲਿਆਉਣਾ ਪਏਗਾ ਬਲਕਿ ਉਨ੍ਹਾਂ ਨੂੰ ਸਥਾਨਕ ਪੱਧਰ ’ਤੇ ਹੀ ਲੱਖਾਂ ਸ੍ਰੋਤੇ ਹਾਸਲ ਹੋ ਸਕਦੇ ਹਨ। ਵੇਖਣਾ ਹੁਣ ਇਹ ਹੈ ਕਿ ਪਾਰਟੀ ਦੇ ਨਵੇਂ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਇਸ ਤੱਥ ਨੂੰ ਕਿੰਨੀ ਕੁ ਅਹਿਮੀਅਤ ਦਿੰਦੇ ਹਨ।